ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਨਾ ਤਕਰੀਬਨ ਤੈਅ ਹੈ ਤੇ ਪੰਜਾਬ ਕਾਂਗਰਸ ਵਿਚ ਫੇਰਬਦਲ ਬਾਰੇ ਐਲਾਨ ਛੇਤੀ ਹੋਣ ਦੀ ਉਮੀਦ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਤਕਰੀਬਨ 20 ਮਿੰਟ ਮੀਟਿੰਗ ਹੋਈ ਤੇ ਇਹ ਮੀਟਿੰਗ ਕੈਪਟਨ ਦੇ ਹੱਕ ਵਿਚ ਸੰਕੇਤ ਦੇ ਰਹੀ ਹੈ।
ਉਂਜ ਰਾਹੁਲ ਗਾਂਧੀ ਦਾ ਮੰਨਣਾ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਮਜ਼ਬੂਤ ਹੈ ਤੇ ‘ਆਪ’ ਕਾਂਗਰਸ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸ ਲਈ ਸ਼ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਸੂਤਰਾਂ ਅਨੁਸਾਰ ਆਗੂਆਂ ਦੀ ਟੀਮ ਸਾਂਝੇ ਤੌਰ ‘ਤੇ ਸਭ ਨੂੰ ਢੁਕਵੀਂ ਜ਼ਿੰਮੇਵਾਰੀ ਦੇਵੇਗੀ। ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੂੰ ਪ੍ਰਚਾਰ ਕਮੇਟੀ ਦੀ ਕਮਾਨ ਮਿਲ ਸਕਦੀ ਹੈ। ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਪ੍ਰਚਾਰ ਕਮੇਟੀ ਦੇ ਕਨਵੀਨਰ ਬਣਾਏ ਜਾ ਸਕਦੇ ਹਨ। ਸੂਤਰਾਂ ਅਨੁਸਾਰ ਜੇ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਦੀ ਜਗ੍ਹਾ ਲੈਂਦੇ ਹਨ ਤਾਂ ਸ਼ ਬਾਜਵਾ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ, ਕਿਉਂਕਿ ਰਾਹੁਲ ਗਾਂਧੀ ਸ਼ ਬਾਜਵਾ ਲਈ ਵੱਕਾਰੀ ਅਹੁਦੇ ਬਾਰੇ ਸੋਚ ਰਹੇ ਹਨ।