ਲੋਕਾਂ ਦੇ ਰੋਹ ਅਤੇ ਰੋਸ ਕਾਰਨ ਪਿਛਲੇ ਕੁਝ ਸਮੇਂ ਤੋਂ ਘਰਾਂ ਅੰਦਰ ਕੈਦ ਸੱਤਾਧਾਰੀ ਅਕਾਲੀ ਆਗੂਆਂ ਨੇ ਆਖਰਕਾਰ ਬਠਿੰਡਾ ਵਿਚ ‘ਸਦਭਾਵਨਾ ਰੈਲੀ’ ਦੇ ਨਾਂ ਹੇਠ ਵੱਡਾ ਇਕੱਠ ਕਰ ਲਿਆ। ਪੰਜਾਬ ਦੇ ਹਾਲਾਤ ਬਾਰੇ ਪਿਛਲੇ ਸਮੇਂ ਦੌਰਾਨ ਮੀਡੀਆ ਅਤੇ ਆਵਾਮ ਵਿਚ ਜਿੰਨੀ ਚਰਚਾ ਚੱਲੀ ਹੈ, ਉਸ ਦਾ ਕੇਂਦਰੀ ਨੁਕਤਾ ਇਹੀ ਬਣਦਾ ਰਿਹਾ ਹੈ ਕਿ ਅੱਜ ਪੰਜਾਬ ਦੀ ਸਿਆਸਤ ਵਿਚ ਖਲਨਾਇਕ ਵਾਲੀ ਭੂਮਿਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੀ ਨਿਭਾਈ ਹੈ।
ਪਹਿਲਾਂ ਵੀ ਵੱਖ-ਵੱਖ ਮੌਕਿਆਂ ਉਤੇ ਸੁਖਬੀਰ ਸਿੰਘ ਬਾਦਲ ਇਸੇ ਤਰ੍ਹਾਂ ਆਪਣੀ ‘ਲਿਆਕਤ’ ਦਾ ਮੁਜ਼ਾਹਰਾ ਕਰ ਚੁੱਕੇ ਹਨ। ਇਹ ਹਾਲਾਤ ਦੀ ਸਿਤਮਜ਼ਰੀਫੀ ਹੀ ਮੰਨੀ ਜਾਵੇਗੀ ਕਿ ਇਸ ਸ਼ਖਸ ਦੇ ਹੱਥ ਉਸ ਜਥੇਬੰਦੀ ਦੀ ਕਮਾਨ ਹੈ, ਜਿਹੜੀ ਬਹੁਤ ਔਖੇ ਹਾਲਾਤ ਵਿਚ, ਨਾਇਕ ਦਾ ਰੁਤਬਾ ਹਾਸਲ ਕਰਦੀ ਰਹੀ ਹੈ ਅਤੇ ਪੰਥ ਤੇ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਦਾ ਜ਼ਰੀਆ ਬਣਦੀ ਰਹੀ ਹੈ। ਬਠਿੰਡਾ ਵਾਲੀ ਰੈਲੀ ਵਿਚ ਭਾਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਸਮੇਂ ਦੌਰਾਨ ਸੂਬੇ ਵਿਚ ਹੋਈ ਹਲਚਲ ਲਈ ਕਾਂਗਰਸ ਅਤੇ ਖਾਲਿਸਤਾਨ ਪੱਖੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂਆਂ ਨੂੰ ਅਮਨ-ਅਮਾਨ ਰੱਖਣ ਦੀ ਅਪੀਲ ਕੀਤੀ, ਪਰ ਉਨ੍ਹਾਂ ਦੇ ਪੁੱਤਰ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਵਾਂਗ ਹੀ ਇਹ ਬਿਆਨ ਦਿੱਤਾ ਕਿ ਕਾਂਗਰਸ ਸਮੇਤ ਹੋਰ ਸਿਆਸੀ ਧਿਰਾਂ ਇਨਾ ਵੱਡਾ ਇਕੱਠ ਕਰ ਕੇ ਦਿਖਾਉਣ! ਸਿਆਸੀ ਮਾਹਿਰਾਂ ਅਤੇ ਹੋਰ ਸੰਜੀਦਾ ਸ਼ਖਸੀਅਤਾਂ ਨੇ ਭਾਵੇਂ ਸੁਖਬੀਰ ਦੇ ਇਸ ਬਿਆਨ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ, ਪਰ ਆਪਣੀ ਪਾਰਟੀ ਦੀ ਸਿਆਸਤ ਅੰਦਰ ਆਪਣੀ ਹੋਂਦ ਲਈ ਲੜ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੰਗਾਰ ਤੁਰੰਤ ਸਵੀਕਾਰ ਕਰ ਲਈ। ਹੁਕਮਰਾਨ ਧਿਰ ਦੀ ਇਸ ਰੈਲੀ ਬਾਰੇ ਮੀਡੀਆ ਵਿਚ ਵੀ ਇਹ ਚਰਚਾ ਰਤਾ ਕੁ ਉਭਾਰ ਕੇ ਕੀਤੀ ਗਈ ਕਿ ਇਹ ਰੈਲੀ ਚੋਣ ਰੈਲੀ ਵਿਚ ਵਟ ਗਈ। ਅਸਲ ਵਿਚ ਸੋਚਣ ਅਤੇ ਵਿਚਾਰਨ ਵਾਲਾ ਨੁਕਤਾ ਇਹੀ ਹੈ। ਅੱਜ ਸਿਆਸਤ ਦੇ ਪਿੜ ਦੀ ਹਰ ਚਰਚਾ ਚੋਣਾਂ ਦੇ ਆਧਾਰ ‘ਤੇ ਹੀ ਕੀਤੀ ਜਾਂਦੀ ਹੈ। ਇਹ ਵੀ ਤੱਥ ਹੈ ਕਿ ਹੁਕਮਰਾਨ ਧਿਰ ਦਾ ਜਿਹੜਾ ਇੰਨਾ ਮਾੜਾ ਹਾਲ ਹੁਣ ਹੋਇਆ ਹੈ, ਉਹ 2017 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਦਾ ਬੰਨ੍ਹ-ਸੁਬ੍ਹ ਕਰਦਿਆਂ ਹੀ ਹੋਇਆ ਹੈ। ਵੋਟਾਂ ਹਾਸਲ ਕਰਨ ਖਾਤਰ ਹੀ ਤਾਂ ਅਕਾਲੀ ਦਲ ਨੇ ਡੇਰਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦਿਵਾਉਣ ਵਾਲਾ ਫੈਸਲਾ ਕੀਤਾ ਸੀ ਅਤੇ ਬਾਦਲਾਂ ਦੇ ਰਾਜ ਵਿਚ ਵਾਲ-ਵਾਲ ਵਿੰਨ੍ਹੇ ਹੋਏ ਲੋਕਾਂ ਨੇ ਇਸ ਫੈਸਲੇ ਦੇ ਖਿਲਾਫ ਫਤਵਾ ਦਿੱਤਾ। ਇਸ ਤੋਂ ਬਾਅਦ ਸੁਖਬੀਰ ਐਂਡ ਪਾਰਟੀ ਨੇ ਜਿਹੜੇ ਫੈਸਲੇ ਕੀਤੇ, ਉਹ ਇਸ ਦੀਆਂ ਜੜ੍ਹਾਂ ਵਿਚ ਬੈਠ ਗਏ ਅਤੇ ਇਨ੍ਹਾਂ ਫੈਸਲਿਆਂ ਕਾਰਨ ਮਿੱਟੀ ਹੋਈ ‘ਸ਼ਾਨ’ ਦੀ ਬਹਾਲੀ ਲਈ ਹੁਣ ਇਨ੍ਹਾਂ ਨੂੰ ਸਦਭਾਵਨਾ ਰੈਲੀਆਂ ਕਰਨੀਆਂ ਪੈ ਰਹੀਆਂ ਹਨ।
ਪੰਜਾਬ ਦੇ ਅੱਜ ਦੇ ਹਾਲਾਤ ਬਾਰੇ ਵੱਖ-ਵੱਖ ਸਿਆਸੀ ਧਿਰਾਂ ਅਤੇ ਮੀਡੀਆ ਨੇ ਆਪੋ-ਆਪਣੇ ਢੰਗ ਨਾਲ ਟਿੱਪਣੀਆਂ ਕੀਤੀਆਂ ਹਨ। ਸਿਆਸੀ ਪਾਰਟੀਆਂ ਦਾ ਮੁੱਖ ਨਿਸ਼ਾਨਾ ਕਿਉਂਕਿ ਵਿਧਾਨ ਸਭਾ ਚੋਣਾਂ ਹਨ, ਇਸ ਲਈ ਸਿਆਸੀ ਆਗੂਆਂ ਦੇ ਬਿਆਨ ਅਤੇ ਸਰਗਰਮੀ ਇਸ ਮੁਤਾਬਕ ਹੀ ਹੋ ਰਹੀ ਹੈ। ਇਸ ਵਿਚ ਹੁਣ ਕੋਈ ਦੋ ਰਾਵਾਂ ਨਹੀਂ ਹਨ ਕਿ ਅੱਜ ਪੰਜਾਬ ਅਤੇ ਪੰਜਾਬ ਦਾ ਆਵਾਮ ਚੌਰਾਹੇ ‘ਤੇ ਖੜ੍ਹਾ ਹੈ। ਵੱਖ-ਵੱਖ ਸਿਆਸੀ ਧਿਰਾਂ ਨੇ ਪੰਜਾਬ ਨੂੰ ਬੇਵਜ੍ਹਾ ਵੰਗਾਰਾਂ ਪਾਈਆਂ ਹੋਈਆਂ ਹਨ ਜੋ ਸੂਬੇ ਦੇ ਆਮ ਬੰਦੇ ਲਈ ਹੁਣ ਵਗਾਰਾਂ ਹੋ ਨਿਬੜੀਆਂ ਹਨ। ਪੰਜਾਬ ਵਿਚ ਜਦੋਂ-ਜਦੋਂ ਵੀ ਸਿਆਸੀ ਚੌਧਰੀਆਂ ਨੇ ਚੰਮ ਦੀਆਂ ਚਲਾਉਣ ਦੀ ਕੋਸ਼ਿਸ਼ ਕੀਤੀ, ਪੰਜਾਬ ਤੇ ਪੰਜਾਬ ਦਾ ਆਵਾਮ ਉਠ ਖਲੋਂਦਾ ਰਿਹਾ ਹੈ। ਪਿਛਾਂਹ ਝਾਤੀ ਮਾਰੀ ਜਾਵੇ ਤਾਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਅਤੇ ਫਿਰ ਆਮ ਆਦਮੀ ਪਾਰਟੀ (ਆਪ) ਉਤੇ ਟੇਕ ਲਾਈ। ਪੀæਪੀæਪੀæ ਨੇ ਤਾਂ ਬਹੁਤ ਛੇਤੀ ਇਤਿਹਾਸ ਵਿਚ ਆਪਣਾ ਨਾਂ ਆਪੇ ਹੀ ਦਰਜ ਕਰਵਾ ਲਿਆ। ਹੁਣ ਇਸ ਪਾਰਟੀ ਦੀ ਹੋਂਦ ਤਾਂ ਹੈ, ਪਰ ਨਾ ਹੋਇਆਂ ਵਰਗੀ। ਅਸਲ ਵਿਚ ਇਸ ਜਥੇਬੰਦੀ ਨੂੰ ਕਾਇਮ ਕਰਨ/ਕਰਵਾਉਣ ਵਾਲਾ ਆਗੂ ਮਨਪ੍ਰੀਤ ਸਿੰਘ ਬਾਦਲ ਵਕਤ ਸਿਰ ਲੋਕਾਂ ਦੀ ਨਬਜ਼ ਨਹੀਂ ਫੜ ਸਕਿਆ। ਆਮ ਆਦਮੀ ਪਾਰਟੀ ਨੂੰ ਜਿਹੜਾ ਹੁੰਗਾਰਾ ਲੋਕਾਂ ਨੇ ਭਰਿਆ ਸੀ, ਉਸ ਨੂੰ ਇਸ ਪਾਰਟੀ ਦੀ ਅੰਦਰੂਨੀ ਸਿਆਸਤ ਨੇ ਵੱਡਾ ਝਟਕਾ ਦੇ ਦਿੱਤਾ। ਇਹ ਪਾਰਟੀ ਸਿਆਸੀ ਪਿੜ ਵਿਚ ਪਿਆ ਗੰਦ ਸਾਫ ਕਰਨ ਦੇ ਹੋਕੇ ਨਾਲ ਪਿੜ ਵਿਚ ਕੁੱਦੀ ਸੀ, ਪਰ ਪਾਰਟੀ ਅੰਦਰਲੀ ਜਮਹੂਰੀਅਤ ਦੇ ਮੋਛੇ ਜਿੰਨੀ ਬੇਕਿਰਕੀ ਨਾਲ ਇਸ ਪਾਰਟੀ ਦੇ ਆਗੂਆਂ ਨੇ ਲਾਹੇ, ਉਸ ਨੇ ਰਵਾਇਤੀ ਪਾਰਟੀਆਂ ਨੂੰ ਵੀ ਪਿਛੇ ਛੱਡ ਦਿੱਤਾ। ਜ਼ਾਹਿਰ ਹੈ ਕਿ ਇਨ੍ਹਾਂ ਦੋਹਾਂ ਮੌਕਿਆਂ ਉਤੇ ਲੋਕਾਂ ਦੇ ਉਭਾਰ ਨੂੰ ਇਹ ਸਿਆਸੀ ਪਾਰਟੀਆਂ ਸੰਭਾਲ ਨਹੀਂ ਸਕੀਆਂ। ਇਸੇ ਕਰ ਕੇ ਹੀ ਹੁਣ ਬਾਦਲਾਂ ਦੀ ਸਿਆਸਤ ਖਿਲਾਫ ਜਦੋਂ ਲੋਕਾਂ ਦੇ ਰੋਹ ਦਾ ਹੜ੍ਹ ਆਇਆ ਹੈ ਤਾਂ ਲੀਡਰ ਦੀ ਅਣਹੋਂਦ ਕਰ ਕੇ ਇਹ ਰੋਹ ਵੀ ਮੱਠਾ ਪੈਂਦਾ ਜਾਪ ਰਿਹਾ ਹੈ। ਪਿਛਲੇ ਸਮੇਂ ਦੀਆਂ ਸਰਗਰਮੀਆਂ ਦੌਰਾਨ ਲੈ-ਦੇ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੀ ਕੁਝ ਕੁ ਰੜਕੇ ਹਨ, ਪਰ ਤੱਥ ਇਹ ਵੀ ਹੈ ਕਿ ਹੁਣ ਤੱਕ ਉਹ ਵੀ ਲੋਕ ਰੋਹ ਨੂੰ ਕੋਈ ਦਿਸ਼ਾ ਦੇਣ ਵਿਚ ਢਿੱਲੇ ਹੀ ਸਾਬਤ ਹੋਏ ਹਨ। ਸਿਆਸਤ ਦੇ ਪਿੜ ਵਿਚ ਉਨ੍ਹਾਂ ਨੂੰ ਹੁਣ ਵਾਂਗ ਪਹਿਲਾਂ ਵੀ ਮੌਕਾ ਮਿਲਿਆ ਸੀ, ਪਰ ਉਹ ਲੋਕ ਰੋਹ ਨੂੰ ਬੁਲੰਦੀ ਤੱਕ ਅਪੜਾਉਣ ਵਿਚ ਬਹੁਤੀਆਂ ਮੱਲਾਂ ਨਹੀਂ ਮਾਰ ਸਕੇ। ਜ਼ਾਹਿਰ ਹੈ ਕਿ ਪੰਜਾਬ ਇਕ ਵਾਰ ਫਿਰ ਕਿਸੇ ਲੋਕ ਲੀਡਰ ਦੀ ਤਲਾਸ਼ ਕਰ ਰਿਹਾ ਹੈ। ਇਕ ਵਾਰ ਫਿਰ ਇਹ ਖਤਰਾ ਮੰਡਰਾ ਰਿਹਾ ਹੈ ਕਿ ਕੱਲ੍ਹ ਨੂੰ ਚੋਣਾਂ ਤੋਂ ਬਾਅਦ ਫਿਰ ਉਹੀ ਕੋਹਲੂ ਗਿੜਨ ਲੱਗ ਪੈਣਾ ਹੈ ਜਿਸ ਤੋਂ ਪਾਰ ਜਾਣ ਲਈ ਪੰਜਾਬ ਦਾ ਲੋਕ ਉਠਿਆ ਸੀ।