ਨਵੀਂ ਦਿੱਲੀ: ਪੰਜਾਬ ਵਿਚ ਤਲਖ ਮਾਹੌਲ ਨੂੰ ਲੈ ਕੇ ਕਾਂਗਰਸ ਤੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਆਹਮੋਂ ਸਾਹਮਣੇ ਆ ਗਈਆਂ ਹਨ। ਦੋਵੇਂ ਧਿਰਾਂ ਇਕ ਦੂਜੇ ਦੀ ਸ਼ਿਕਾਇਤ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਲ ਕਰ ਆਈਆਂ ਹਨ। ਅਕਾਲੀਆਂ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਫਿਰਕੂ ਮਾਹੌਲ ਵਿਗਾੜਨ ਲਈ ਦੇਸ਼ ਵਿਰੋਧੀ ਤਾਕਤਾਂ ਨਾਲ ਗੰਢਤੁੱਪ ਕਰਨ ਵਾਲੀ ਕਾਂਗਰਸ ਦੀ ਮਾਨਤਾ ਰੱਦ ਕੀਤੀ ਜਾਵੇ। ਪਾਰਟੀ ਨੇ ਕਾਂਗਰਸ ਵਿਰੁੱਧ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਵੀ ਮਿਲਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਕੋਲ ਵੀ ਅਰਜ਼ੀ ਦੇ ਕੇ ਸੂਬੇ ਵਿਚ ਕਾਂਗਰਸ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਲਈ ਕਿਹਾ ਗਿਆ ਹੈ। ਉਧਰ, ਪੰਜਾਬ ਕਾਂਗਰਸ ਦੇ 25 ਮੈਂਬਰੀ ਵਫਦ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਫਰੀਦਕੋਟ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਦੋ ਨੌਜਵਾਨਾਂ ਦੇ ਮਾਮਲੇ ਦੀ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸੀ ਵਫਦ ਵਿਚ ਸ਼ਾਮਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਵਿਰੋਧ ਗਰਮ ਖਿਆਲੀਆਂ ਵੱਲੋਂ 10 ਨਵੰਬਰ ਨੂੰ ਸੱਦੇ ਸਰਬੱਤ ਖਾਲਸਾ ਨਾਲ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੱਤ ਮੈਂਬਰੀ ਵਫਦ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ, ਜਿਸ ਵਿਚ ਕਾਂਗਰਸ ਦੀ ‘ਫਿਰਕੂ’ ਤੇ ‘ਦੇਸ਼ ਵਿਰੋਧੀ’ ਭੂਮਿਕਾ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਗਿਆ।
ਸਰਬੱਤ ਖਾਲਸਾ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ‘ਤੇ ਪਈਆਂ ਵੀਡੀਓ ਵਿਚ ਕਾਂਗਰਸੀ ਆਗੂਆਂ ਨੂੰ ਵੱਖਵਾਦੀਆਂ ਨੂੰ ਨਿਰਦੇਸ਼ ਦਿੰਦਿਆਂ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸੀਆਂ ਨੇ ਸਰਬੱਤ ਖਾਲਸਾ ਵਿਚ ਭੀੜ ਜੁਟਾਉਣ ਵਿਚ ਵੀ ਮਦਦ ਕੀਤੀ। ਸ੍ਰੀ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਗਰਮ ਖਿਆਲੀਆਂ ਨੂੰ ਉਤਸ਼ਾਹਤ ਕਰਨ ਲਈ ਅਜਿਹੇ ਸਮੇਂ ਪੰਜਾਬ ਦਾ ਦੌਰਾ ਕੀਤਾ, ਜਦੋਂ ਪਾਕਿਸਤਾਨ ਦੀ ਏਜੰਸੀ ਆਈæਐਸ਼ਆਈæ ਵੀ ਰਾਜ ਵਿਚ ਗੜਬੜੀ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ।
____________________________________
ਕਾਂਗਰਸ ਹੁਣ ਬੱਬਰ ਖਾਲਸਾ ਬਣਾਏ ਮਹਾਂਗੱਠਜੋੜ
ਹੁਸ਼ਿਆਰਪੁਰ: ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੱਬਰ ਖਾਲਸਾ ਨਾਲ ਮਿਲ ਕੇ ਮਹਾਂਗੱਠਜੋੜ ਬਣਾਏਗੀ। ਸਰਬੱਤ ਖਾਲਸਾ ਵਿਚ ਕਾਂਗਰਸ ਲੀਡਰਾਂ ਦੇ ਪਹੁੰਚਣ ਤੋਂ ਬਾਅਦ ਸੁਖਬੀਰ ਬਾਦਲ ਲਗਾਤਾਰ ਕਾਂਗਰਸ ‘ਤੇ ਹਮਲਾ ਬੋਲ ਰਹੇ ਹਨ। ਸੁਖਬੀਰ ਨੇ ਕਿਹਾ ਕਿ ਕਾਂਗਰਸ ਹੁਣ ਬੱਬਰ ਖਾਲਸਾ ਨਾਲ ਮਿਲ ਕੇ ਮਹਾਂਗੱਠਜੋੜ ਬਣਾਏਗੀ ਤੇ ਚੋਣ ਲੜੇਗੀ। ਇਸ ਵਿਚ, ਦਲ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਸਮੇਤ ਹੋਰ ਪੰਜਾਬ ਵਿਰੋਧੀ ਪਾਰਟੀਆਂ ਸ਼ਾਮਲ ਹੋਣਗੀਆਂ। ਪੰਜਾਬ ਦੀ ਅਕਾਲੀ ਸਰਕਾਰ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਤੇ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ਉਤੇ ਹੈ। ਅਜਿਹੇ ਵਿਚ ਉਪ ਮੁੱਖ ਮੰਤਰੀ ਆਪਣੇ ਬਚਾਅ ਵਿਚ ਲਗਾਤਾਰ ਅਜਿਹੇ ਬਿਆਨ ਦੇ ਰਹੇ ਹਨ।
______________________________________
ਬਾਦਲ ਨੇ ਖਾਲਿਸਤਾਨ ਦਾ ਕੀਤਾ ਸੀ ਸਮਰਥਨ
ਨਵੀਂ ਦਿੱਲੀ: ਕਾਂਗਰਸ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਹਮੇਸ਼ਾ ਦੇਸ਼ ਹਿੱਤ ਲਈ ਕੰਮ ਕਰਦੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਆਪਣੀ ਨਾਕਾਬਲੀਅਤ ਨੂੰ ਲੁਕਾਉਣ ਲਈ ਪੰਜਾਬ ਦੇ ਵਿਗੜੇ ਹਾਲਾਤ ਲਈ ਕਾਂਗਰਸ ‘ਤੇ ਇਲਜ਼ਾਮ ਲਗਾ ਰਹੇ ਹਨ। ਕਾਂਗਰਸ ਪਾਰਟੀ ਨੂੰ ਸੁਖਬੀਰ ਵਰਗੇ ਲੀਡਰ ਤੋਂ ਰਾਸ਼ਟਰਵਾਦ ਦਾ ਸਬਕ ਸਿੱਖਣ ਦੀ ਜ਼ਰੂਰਤ ਨਹੀਂ। ਉਨ੍ਹਾਂ ਇਲਜ਼ਾਮ ਲਾਇਆ ਕਿ ਜਦ ਪੰਜਾਬ ਵਿਚ ਖਾਲਿਸਤਾਨ ਦੀ ਲਹਿਰ ਚੱਲ ਰਹੀ ਸੀ ਤਾਂ ਸੁਖਬੀਰ ਦੇ ਪਿਤਾ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ। ਉਨ੍ਹਾਂ ਕਿਹਾ ਕਿ ਜਿਸ ਸਰਬੱਤ ਖਾਲਸਾ ਦੇ ਇਕੱਠ ਦੀ ਸੁਖਬੀਰ ਬਾਦਲ ਗੱਲ ਕਰ ਰਹੇ ਹਨ, ਉਸ ਵਿਚ ਖਾਲਿਸਤਾਨ ਦਾ ਕੋਈ ਮਤਾ ਨਹੀਂ ਪੜ੍ਹਿਆ ਗਿਆ।
__________________________________
ਬਾਦਲ ਨੇ ਵੀ ਮਿਲਾਈ ਪੁੱਤ ਦੀ ਹਾਂ ਵਿਚ ਹਾਂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਜਿਸ ਨਾਲ ਦੇਸ਼ ਦੇ ਹਿੱਤਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ। ਨਵੀਂ ਦਿੱਲੀ ਵਿਖੇ ਅਕਾਲੀ ਆਗੂਆਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦਾ ਸਮਰਥਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਵਿਹਾਰ ਨੇ ਹਮੇਸ਼ਾ ਹੀ ਪੰਜਾਬ ਵਿਚ ਰਾਸ਼ਟਰ ਵਿਰੋਧੀ ਤੱਤਾਂ ਨੂੰ ਸ਼ਹਿ ਤੇ ਸਮਰਥਨ ਦਿੱਤਾ ਹੈ।