ਚੰਡੀਗੜ੍ਹ: ਦੁਨੀਆਂ ਵਿਚ ਅਤਿਵਾਦ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ। ਸਾਲ 2014 ਵਿਚ ਅਤਿਵਾਦੀ ਹਮਲਿਆਂ ਵਿਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ 80 ਫੀਸਦੀ ਵਧੀ ਹੈ। 2013 ਵਿਚ ਦਹਿਸ਼ਤੀ ਹਮਲਿਆਂ ਵਿਚ ਕੁੱਲ 18,111 ਮੌਤਾਂ ਹੋਈਆਂ ਸਨ ਜਿਨ੍ਹਾਂ ਦੀ ਗਿਣਤੀ 2014 ਵਿਚ 32, 685 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚ 78 ਫੀਸਦੀ ਮੌਤਾਂ ਪੰਜ ਦੇਸ਼ਾਂ- ਇਰਾਕ, ਅਫ਼ਗਾਨਿਸਤਾਨ ਨਾਇਜੀਰੀਆ, ਪਾਕਿਸਤਾਨ ਅਤੇ ਸੀਰੀਆ ਵਿਚ ਹੋਈਆਂ ਹਨ। ਅਤਿਵਾਦ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਭਾਰਤ ਛੇਵੇਂ ਨੰਬਰ ‘ਤੇ ਹੈ।
ਦੁਨੀਆਂ ਵਿਚ ਅਤਿਵਾਦੀ ਹਮਲਿਆਂ ਨਾਲ ਹੋਣ ਵਾਲੀਆਂ ਮੌਤਾਂ ਵਿਚੋਂ ਅੱਧੀ ਤੋਂ ਜ਼ਿਆਦਾ ਲਈ ਹੁਣ ਆਈæਐਸ਼ਆਈæਐਸ਼ ਤੇ ਬੋਕੋ ਹਰਮ ਸਾਂਝੇ ਤੌਰ ਉਤੇ ਜ਼ਿੰਮੇਵਾਰ ਹਨ। ਗਲੋਬਲ ਟੈਰਰਿਜ਼ਮ ਇੰਡੈਕਸ-2015 ਮੁਤਾਬਕ ਸਾਲ-2014 ਵਿਚ ਅਤਿਵਾਦੀ ਨਾਲ ਸਭ ਤੋਂ ਵੱਧ ਪ੍ਰਭਾਵਿਤ 162 ਦੇਸ਼ਾਂ ਵਿਚ ਭਾਰਤ ਦਾ ਸਥਾਨ ਛੇਵਾਂ ਹੈ। ਭਾਰਤ ਵਿਚ ਅਤਿਵਾਦ ਨਾਲ ਸਬੰਧਤ ਮੌਤਾਂ ਵਿਚ 1æ2 ਫੀਸਦੀ ਦਾ ਵਾਧਾ ਹੋਇਆ ਹੈ ਤੇ ਮਰਨ ਵਾਲਿਆਂ ਦੀ ਗਿਣਤੀ 416 ਰਹੀ। ਇਹ ਗਿਣਤੀ ਸਾਲ-2010 ਵਿਚ ਹੋਈਆਂ ਅਤਿਵਾਦੀ ਵਾਰਦਾਤਾਂ ਤੇ ਮੌਤਾਂ ਤੋਂ ਵੱਧ ਹੈ। ਵਾਸ਼ਿੰਗਟਨ ਸਥਿਤ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਦੀ ਰਿਪੋਰਟ ਮੁਤਾਬਕ ਇਥੇ 763 ਘਟਨਾਵਾਂ ਹੋਈਆਂ। ਇਹ ਅੰਕੜਾ ਸਾਲ-2013 ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹੈ। ਭਾਰਤ ਵਿਚ ਸਾਲ-2014 ਵਿਚ ਦੋ ਘਾਤਕ ਅਤਿਵਾਦੀ ਸਮੂਹਾਂ ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜਾਹਦੀਨ ਸਰਗਰਮ ਰਹੇ ਹਨ। ਪਾਕਿਸਤਾਨ ਅਧਾਰਤ ਲਸ਼ਕਰ ਵੱਲੋਂ ਸਾਲ-2014 ਵਿਚ ਕੀਤੇ ਹਮਲਿਆਂ ਵਿਚ 24 ਮੌਤਾਂ ਹੋਈਆਂ ਜਦ ਕਿ ਹਿਜ਼ਬਲ ਇਸ ਸਮੇਂ ਦੌਰਾਨ ਹੋਈਆਂ 11 ਮੌਤਾਂ ਲਈ ਜ਼ਿੰਮੇਵਾਰ ਹੈ। ਇਸ ਅੰਕੜਾ ਇਸ ਤੋਂ ਪਿਛਲੇ ਸਾਲ ਹੋਈਆਂ ਵਾਰਦਾਤਾਂ ਵਿਚ ਮਰਨ ਵਾਲੇ ਲੋਕਾਂ ਤੋਂ ਘੱਟ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ-2013 ਵਿੱਚ ਹਿਜ਼ਬੁਲ ਭਾਰਤ ਵਿੱਚ ਆਤਮਘਾਤੀ ਰਣਨੀਤੀ ‘ਤੇ ਚੱਲਣ ਵਾਲਾ ਇਕੋ ਇਕ ਸਮੂਹ ਸੀ ਪਰ ਸਾਲ-2014 ਵਿੱਚ ਭਾਰਤ ਵਿੱਚ ਕੋਈ ਆਤਮਘਾਤੀ ਹਮਲਾ ਨਹੀਂ ਹੋਇਆ। ਦੁਨੀਆਂ ਵਿੱਚ ਪਿਛਲੇ ਸਾਲ ਅਤਿਵਾਦੀ ਕਾਰਨ 32658 ਜਾਨਾਂ ਗਈਆਂ ਜਦ ਕਿ ਸਾਲ-2013 ਵਿੱਚ 18111 ਮੌਤਾਂ ਹੋਈਆਂ ਸਨ। ਅਤਿਵਾਦ ਪੀੜਤ ਮੁਲਕਾਂ ਵਿੱਚ ਪਾਕਿਸਤਾਨ ਦਾ ਸਥਾਨ ਚੌਥਾ ਹੈ ਜਦ ਕਿ ਅਮਰੀਕਾ ਦਾ ਨੰਬਰ 35ਵਾਂ ਹੈ। ਸਾਲ-2014 ਵਿੱਚ ਅਤਿਵਾਦ ਕਾਰਨ ਦੁਨੀਆਂ ਵਿੱਚ ਜਿੰਨੀਆਂ ਮੌਤਾਂ ਹੋਈਆਂ ਹਨ ਉਨ੍ਹਾਂ ਵਿੱਚੋਂ 78 ਫੀਸਦੀ ਮੌਤਾਂ ਅਫ਼ਗ਼ਾਨਿਸਤਾਨ, ਇਰਾਕ, ਨਾਇਜੀਰੀਆ, ਪਾਕਿਸਤਾਨ ਤੇ ਸੀਰੀਆ ਵਿੱਚ ਹੋਈਆਂ ਹਨ।
____________________________
ਕੌਣ ਹੈ ਇਸਲਾਮਿਕ ਸਟੇਟ ਦਾ ਮਦਦਗਾਰ?
ਪੈਰਿਸ: ਪੂਰੀ ਦੁਨੀਆਂ ਲਈ ਆਈæਐਸ਼ ਅਤਿਵਾਦੀ ਸੰਗਠਨ ਵੱਡਾ ਸਿਰਦਰਦ ਬਣ ਚੁੱਕਾ ਹੈ। ਸਵਾਲ ਇਹ ਹੈ ਕਿ ਇਹ ਸੰਗਠਨ ਇੰਨੇ ਘੱਟ ਸਮੇਂ ਵਿਚ ਕਿਵੇਂ ਮਜ਼ਬੂਤ ਹੋਇਆ। ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਆਈæਐਸ ਨੂੰ 40 ਦੇਸ਼ਾਂ ਦਾ ਸਮਰਥਨ ਹਾਸਲ ਹੈ। ਆਈæਐਸ਼ ਦੀ ਮਦਦ ਕਰਨ ਵਾਲੇ ਦੇਸ਼ਾਂ ਵਿਚ ਸਭ ਤੋਂ ਉੱਪਰ ਨਾਮ ਅਮਰੀਕਾ ਦਾ ਆਉਂਦਾ ਹੈ। ਅਮਰੀਕਾ ਨੇ ਆਪਣੇ ਨਿੱਜੀ ਲਾਭ ਲਈ ਆਈæਐਸ਼ ਨੂੰ ਹਥਿਆਰ ਤੇ ਪੈਸੇ ਦਿੱਤੇ। ਅਮਰੀਕਾ ਤੋਂ ਇਲਾਵਾ ਆਈæਐਸ਼ ਦੇ ਤਾਜ਼ੇ ਹਮਲੇ ਦਾ ਸ਼ਿਕਾਰ ਹੋਣ ਵਾਲਾ ਫਰਾਂਸ ਵੀ ਕਿਸੇ ਸਮੇਂ ਵਿਚ ਆਈæਐਸ਼ ਦਾ ਮਦਦਗਾਰ ਰਿਹਾ ਹੈ। ਇਸੇ ਤਰ੍ਹਾਂ ਬਰਤਾਨੀਆ, ਆਸਟਰੇਲੀਆ, ਮੈਕਸੀਕੋ, ਕੈਨੇਡਾ, ਇਸਰਾਈਲ, ਅਰਜਨਟੀਨਾ, ਤੁਰਕੀ, ਸਾਊਦੀ ਅਰਬ , ਕਤਰ, ਯੂਏਈ, ਕੁਵੈਤ, ਬਹਿਰੀਨ, ਟਿਊਨੇਸ਼ੀਆ, ਲਿਬੀਆ ਵਰਗੇ ਦੇਸ਼ਾਂ ਨੇ ਆਈæਐਸ਼ ਦੀ ਮਦਦ ਪੈਸਿਆਂ ਨਾਲ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਹੁਣ ਤੱਕ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ ਅਸਦ ਦਾ ਵਿਰੋਧ ਕਰਨ ਵਾਲੇ ਬਾਗੀਆਂ ਦੀ ਸਿੱਧੀ ਹਮਾਇਤ ਕਰਦਾ ਆਇਆ ਸੀ ਜਦੋਂ ਕਿ ਰੂਸ, ਅਸਦ ਦੀ ਪਿੱਠ ਠੋਕ ਰਿਹਾ ਸੀ। ਆਈæਐਸ਼ ਵੱਲੋਂ ਰੂਸੀ ਮੁਸਾਫਰ ਜਹਾਜ਼ ਬੰਬ ਧਮਾਕੇ ਰਾਹੀਂ ਤਬਾਹ ਕਰ ਦੇਣ, ਬੈਰੂਤ ਵਿਚ ਦੋ ਖਤਰਨਾਕ ਧਮਾਕਿਆਂ ਰਾਹੀਂ ਭਰਵਾਂ ਜਾਨੀ ਨੁਕਸਾਨ ਕਰਨ ਤੇ ਫਿਰ ਪੈਰਿਸ ਵਿਚ ਇਕੋ ਰਾਤ ਛੇ ਥਾਵਾਂ ‘ਤੇ ਦਹਿਸ਼ਤੀ ਕਹਿਰ ਢਾਹੇ ਜਾਣ ਦੀਆਂ ਘਟਨਾਵਾਂ ਨੇ ਅਮਰੀਕਾ ਤੇ ਰੂਸ ਨੂੰ ਇਕ ਸਾਂਝੇ ਦੁਸ਼ਮਣ ਖਿਲਾਫ ਇਕਜੁੱਟ ਹੋਣ ਦੇ ਰਾਹ ਪਾਇਆ।
________________________________
ਭਾਰਤੀ ਨੌਜਵਾਨਾਂ ਦਾ ਇਸਲਾਮਿਕ ਸਟੇਟ ਵੱਲ ਝੁਕਾਅ
ਨਵੀਂ ਦਿੱਲੀ: ਇਸਲਾਮਿਕ ਸਟੇਟ ਅਤਿਵਾਦੀ ਸੰਗਠਨ ਵੱਲ ਝੁਕਾਅ ਰੱਖਦੇ ਭਾਰਤ ਦੇ ਤਕਰੀਬਨ 150 ਨੌਜਵਾਨਾਂ ਉਪਰ ਸੁਰੱਖਿਆ ਏਜੰਸੀਆਂ ਨਿਗ੍ਹਾ ਰੱਖ ਰਹੀਆਂ ਹਨ। ਏਜੰਸੀਆਂ ਵੱਲੋਂ ਤਿਆਰ ਰਿਪੋਰਟ ਅਨੁਸਾਰ 150 ਵਿਅਕਤੀ ਆਈæਐਸ ਵੱਲ ਝੁਕਾਅ ਰੱਖਦੇ ਹਨ ਤੇ ਉਸ ਦੀਆਂ ਸਰਗਰਮੀਆਂ ਨੂੰ ਪਸੰਦ ਕਰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦਾ ਸਬੰਧ ਦੱਖਣੀ ਭਾਰਤ ਨਾਲ ਹੈ। ਇਨ੍ਹਾਂ ਵਿਚੋਂ ਵਧੇਰੇ ਕਾਰਕੁਨਾਂ ਨਾਲ ਆਨ ਲਾਈਨ ‘ਤੇ ਨਿਰੰਤਰ ਸੰਪਰਕ ਵਿਚ ਹਨ। ਹੁਣ ਤੱਕ 23 ਭਾਰਤੀ, ਇਸਲਾਮਿਕ ਸਟੇਟ ਅਤਿਵਾਦੀਆਂ ਦੇ ਕਬਜੇ ਵਾਲੇ ਇਰਾਕ-ਸੀਰੀਆ ਖੇਤਰਾਂ ਵਿਚ ਲੜਨ ਲਈ ਜਾ ਚੁੱਕੇ ਹਨ।