ਚੰਡੀਗੜ੍ਹ: ਪੰਥਕ ਸੰਗਠਨਾਂ ਤੇ ਕਿਸਾਨ-ਮਜ਼ਦੂਰਾਂ ਦੇ ਸੰਘਰਸ਼ਾਂ ਵਿਚ ਘਿਰੀ ਪੰਜਾਬ ਸਰਕਾਰ ਨੇ ਸੂਬੇ ਦੇ ਗਰਮ ਮਾਹੌਲ ਦਾ ਰੁਖ਼ ਤਬਦੀਲ ਕਰਨ ਲਈ ਸਹੂਲਤਾਂ ਦੀ ਝੜੀ ਲਾ ਦਿੱਤੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਵਿਚ ਬੁਢਾਪਾ ਪੈਨਸ਼ਨਾਂ ਦੁੱਗਣੀਆਂ ਕਰ ਦਿੱਤੀਆਂ ਤੇ 41 ਵਿਭਾਗਾਂ ਵਿਚ ਇਕ ਲੱਖ 13 ਹਜ਼ਾਰ ਨੌਕਰੀਆਂ ਦਾ ਰਾਹ ਖੋਲ੍ਹ ਦਿੱਤਾ।
ਪਿਛਲੇ ਕਈ ਸਾਲਾਂ ਤੋਂ ਸਰਕਾਰ ਨੇ ਮੁਲਾਜ਼ਮਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ, ਕਿਸਾਨਾਂ ਤੇ ਸਮਾਜ ਦੇ ਹੋਰ ਵਰਗਾਂ ਨੂੰ ਨਾ ਸਿਰਫ ਅਣਗੌਲੇ ਕਰਕੇ ਰੱਖਿਆ ਹੋਇਆ ਸੀ ਬਲਕਿ ਇਨ੍ਹਾਂ ਦੇ ਹਿੱਤਾਂ ਵਿਰੋਧ ਫੈਸਲੇ ਲੈਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ। ਸਰਕਾਰ ਦੇ ਇਸ ਰਵੱਈਏ ਅਤੇ ਹਾਲ ਹੀ ਵਿਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਕਾਰਨ ਲੋਕਾਂ ਅਤੇ ਸਰਕਾਰ ਵਿੱਚ ਦੂਰੀ ਵਧਦੀ ਜਾ ਰਹੀ ਸੀ।
ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਦੀ ਸਜ਼ਾ ਸਖ਼ਤ ਕਰਨ ਲਈ ਆਈæਪੀæਸੀæ ਦੀ ਧਾਰਾ 295 (ਏਏ) ਵਿਚ ਸੋਧ ਕੀਤੀ ਜਾਵੇਗੀ, ਜਿਸ ਤਹਿਤ ਸਜ਼ਾ ਦੋ ਸਾਲ ਤੋਂ ਵਧਾ ਕੇ ਉਮਰ ਕੈਦ ਕਰਨ ਦੀ ਤਜਵੀਜ਼ ਹੈ। ਮੰਤਰੀ ਮੰਡਲ ਨੇ ਲੋਕਾਂ ਨੂੰ ਸਰਕਾਰੀ ਖਰਚੇ ਉਤੇ ਤੀਰਥ ਯਾਤਰਾ ਕਰਾਉਣ ਸਮੇਤ ਹੋਰ ਕਈ ਲੋਕ ਲੁਭਾਊ ਫੈਸਲੇ ਕੀਤੇ ਹਨ। ਇਨ੍ਹਾਂ ਵਿਚ ਨੰਬਰਦਾਰਾਂ ਦੇ ਭੱਤੇ ਵਿਚ ਵਾਧਾ ਸ਼ਾਮਲ ਹੈ। ਬੁਢਾਪਾ ਤੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਪੈਨਸ਼ਨਾਂ, ਨਵੀਆਂ ਨੌਕਰੀਆਂ ਅਤੇ ਹੋਰ ਸਹੂਲਤਾਂ ਨਾਲ ਸਰਕਾਰੀ ਖ਼ਜ਼ਾਨੇ ਉਤੇ ਸਾਲਾਨਾ 850 ਕਰੋੜ ਰੁਪਏ ਦਾ ਭਾਰ ਪਵੇਗਾ। ਮੰਤਰੀ ਮੰਡਲ ਨੇ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਔਰਤਾਂ, ਆਸ਼ਰਿਤ ਬੱਚਿਆਂ ਅਤੇ ਅਪੰਗਾਂ ਲਈ ਪੈਨਸ਼ਨ 250 ਰੁਪਏ ਤੋਂ ਵਧਾ ਕੇ 500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਇਸ ਨਾਲ ਤਕਰੀਬਨ 16æ50 ਲੱਖ ਲੋਕਾਂ ਨੂੰ ਲਾਭ ਮਿਲੇਗਾ। ਇਹ ਪੈਨਸ਼ਨ ਪੰਚਾਇਤਾਂ ਰਾਹੀਂ ਵੰਡੀ ਜਾਵੇਗੀ। ਪੈਨਸ਼ਨ ਦੀਆਂ ਨਵੀਆਂ ਦਰਾਂ ਇਕ ਜਨਵਰੀ 2016 ਤੋਂ ਲਾਗੂ ਹੋਣਗੀਆਂ।
ਮੰਤਰੀ ਮੰਡਲ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਤਹਿਤ ਧਾਰਮਿਕ ਸਥਾਨਾਂ ਨਾਂਦੇੜ ਸਾਹਿਬ, ਵਾਰਾਨਸੀ, ਕੱਟੜਾ (ਮਾਤਾ ਵੈਸ਼ਨੂੰ ਦੇਵੀ) ਅਤੇ ਅਜਮੇਰ ਸ਼ਰੀਫ਼ ਲਈ ਸ਼ਰਧਾਲੂਆਂ ਲਈ ਮੁਫਤ ਯਾਤਰਾ ਦਾ ਪ੍ਰਬੰਧ ਕੀਤਾ ਜਾਵੇਗਾ। ਸਰਕਾਰ ਇਨ੍ਹਾਂ ਸ਼ਹਿਰਾਂ ਲਈ ਪੰਜਾਬ ਤੋਂ ਜਾਣ ਵਾਲੇ ਲੋਕਾਂ ਲਈ ਮੁਫਤ ਰੇਲ ਗੱਡੀਆਂ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਕਰੇਗੀ। ਇਸ ਸਕੀਮ ਹੇਠ ਸੂਬੇ ਦੇ ਹਰੇਕ ਵਿਧਾਨ ਸਭਾ ਹਲਕੇ ਵਿਚੋਂ 1050 ਸ਼ਰਧਾਲੂਆਂ ਨੂੰ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਹ ਸਕੀਮ ਪਹਿਲੀ ਜਨਵਰੀ 2016 ਤੋਂ ਲਾਗੂ ਹੋਵੇਗੀ। ਇਸ ਸਕੀਮ ਉਤੇ 186æ82 ਕਰੋੜ ਰੁਪਏ ਖਰਚ ਆਉਣਗੇ।
ਮੰਤਰੀ ਮੰਡਲ ਨੇ ਤਕਰੀਬਨ 28æ50 ਲੱਖ ਨੀਲੇ ਕਾਰਡ ਧਾਰਕਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਮੁਫਤ ਇਲਾਜ ਦੀ ਮੌਜੂਦਾ ਹੱਦ 30,000 ਰੁਪਏ ਤੋਂ 50,000 ਰੁਪਏ ਸਾਲਾਨਾ ਕਰ ਦਿੱਤੀ ਹੈ। ਸਕੀਮ ਤਹਿਤ ਪਰਿਵਾਰ ਦੇ ਨੂੰ ਮੁਖੀ ਦੀ ਮੌਤ ਜਾਂ ਅਪੰਗ ਹੋਣ ‘ਤੇ ਪੰਜ ਲੱਖ ਰੁਪਏ ਤੱਕ ਦੇ ਬੀਮੇ ਦੀ ਸਹੂਲਤ ਹੋਵੇਗੀ। ਉਨ੍ਹਾਂ ਸਾਰੇ ਕਿਸਾਨਾਂ ਲਈ ਸਿਹਤ ਤੇ ਦੁਰਘਟਨਾ ਬੀਮਾ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜੋ ਆਪਣਾ ਉਤਪਾਦਨ ਪੰਜਾਬ ਮੰਡੀ ਬੋਰਡ ਵੱਲੋਂ ਸਥਾਪਤ ਖਰੀਦ ਕੇਂਦਰਾਂ ਉਤੇ ਵੇਚ ਕੇ ਜੇ-ਫਾਰਮ ਹਾਸਲ ਕਰਨਗੇ। ਇਨ੍ਹਾਂ ਕਿਸਾਨਾਂ ਨੂੰ 50,000 ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਦੁਰਘਟਨਾ ਵਿਚ ਮੌਤ ਹੋਣ ਜਾਂ ਨਕਾਰਾ ਹੋਣ ‘ਤੇ ਪੰਜ ਲੱਖ ਰੁਪਏ ਦੇ ਬੀਮੇ ਦੀ ਵਿਵਸਥਾ ਹੈ। ਮੰਤਰੀ ਮੰਡਲ ਨੇ ਨੰਬਰਦਾਰਾਂ ਦਾ ਮਾਸਿਕ ਮਾਣ-ਭੱਤਾ 1000 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਉਤੇ 19 ਕਰੋੜ ਰੁਪਏ ਦਾ ਬੋਝ ਪਵੇਗਾ। ਕਿਸਾਨਾਂ ਨੂੰ ਗੰਨੇ ਦੀ ਅਦਾਇਗੀ 295 ਰੁਪਏ ਪ੍ਰਤੀ ਕੁਇੰਟਲ (ਸਟੇਟ ਐਗਰੀਡ ਪ੍ਰਾਈਸ) ਦੇ ਹਿਸਾਬ ਨਾਲ ਯਕੀਨੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
__________________________________
ਬਹਿਬਲ ਕਲਾਂ ‘ਚ ਮਾਰੇ ਨੌਜਵਾਨਾਂ ਦੇ ਵਾਰਸਾਂ ਨੂੰ ਨੌਕਰੀ
ਚੰਡੀਗੜ੍ਹ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਪਿੰਡ ਵਿਚ ਪੁਲਿਸ ਗੋਲੀ ਕਾਰਨ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਪ੍ਰਭਦੀਪ ਸਿੰਘ ਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਦੇ ਭਰਾ ਜਗਦੀਪ ਸਿੰਘ ਨੂੰ ਤਰਸ ਦੇ ਅਧਾਰ ਉਤੇ ਸਿੱਖਿਆ ਵਿਭਾਗ ਵਿਚ ਸੀਨੀਅਰ ਲੈਬ ਅਟੈਡੈਂਟਾਂ ਦੀਆਂ ਨੌਕਰੀਆਂ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਹੈ।
________________________________
ਸੰਘਰਸ਼ੀ ਯੋਧਿਆਂ ਲਈ ਵੀ ਸਹੂਲਤਾਂ ਦਾ ਫੈਸਲਾ
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਐਮਰਜੈਂਸੀ ਵਿਰੁੱਧ ਮੋਰਚੇ ਤੇ ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲੈਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਹੂਲਤਾਂ ਵਿਚ ਸੰਘਰਸ਼ੀ ਯੋਧਾ/ਉਸ ਦੇ ਪਰਿਵਾਰ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੋਂ ਇਲਾਵਾ ਸਨਮਾਨ ਪੱਤਰ, ਸੰਘਰਸ਼ੀ ਯੋਧਿਆਂ ਨੂੰ ਸਰਕਾਰੀ ਦਫਤਰਾਂ ਪਹਿਲ ਦੇਣ ਲਈ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਕਰਨ ਤੇ ਜ਼ਿਲ੍ਹਾ ਪੱਧਰ ਦੇ ਸਮਾਗਮਾਂ (ਆਜ਼ਾਦੀ ਤੇ ਸੁਤੰਰਤਾ ਦਿਵਸ) ਲਈ ਰਸਮੀ ਸੱਦਾ ਪੱਤਰ ਭੇਜਣਾ ਸ਼ਾਮਲ ਹੈ।
_____________________________
ਸਰਕਾਰ ਨੂੰ ਆਖਰੀ ਸਾਲ ਯਾਦ ਆਏ ਲੋਕ?
ਚੰਡੀਗੜ੍ਹ: ਕਾਂਗਰਸ ਦੇ ਲੋਕ ਸਭਾ ਵਿਚ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਪੰਜਾਬ ਵਜ਼ਾਰਤ ਵੱਲੋਂ ਕੀਤੇ ਫੈਸਲਿਆਂ ਬਾਰੇ ਕਿਹਾ ਹੈ ਕਿ ਇਹ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਸਿਆਸੀ ਖੇਡ ਖੇਡਣ ਦਾ ਯਤਨ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਅਕਾਲੀ ਭਾਜਪਾ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੇ ਸ਼ੋਸ਼ੇ ਛੱਡੇ ਜਾ ਰਹੇ ਹਨ। ਆਪਣੀ ਹਕੂਮਤ ਦੇ ਆਖਰੀ ਸਾਲ ਹੁਣ ਸਰਕਾਰ ਨੂੰ ਲੋਕ ਯਾਦ ਆ ਗਏ ਹਨ।