ਬਠਿੰਡਾ: ਪੰਜਾਬ ਵਿਚ ਸਰਕਾਰੀ ਮੁਲਾਜ਼ਮ ਭਾਵੇਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਧਰਨੇ ਮਾਰ ਰਹੇ ਹਨ ਪਰ ਸੂਬੇ ਦੇ ਵਜ਼ੀਰਾਂ ਦਾ ਚਾਹ ਪਾਣੀ ਪਿਛਲੇ ਸਵਾ ਤਿੰਨ ਸਾਲ ਵਿਚ ਸਰਕਾਰੀ ਖਜ਼ਾਨੇ ਨੂੰ ਤਕਰੀਬਨ 75 ਲੱਖ ਵਿਚ ਪਿਆ ਹੈ ਅਤੇ ਇਹ ਮੰਤਰੀ ਹਰ ਸਾਲ ਔਸਤਨ ਤਕਰੀਬਨ 25 ਲੱਖ ਦਾ ਖਰਚਾ ਇਕੱਲੇ ਚਾਹ ਪਾਣੀ ਉਤੇ ਕਰਦੇ ਹਨ।
ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਹੁਣ ਚਾਹ ਪਾਣੀ ਦੇ ਮਾਮਲੇ ਵਿਚ ਵੀ ਝੰਡੀ ਲੈ ਗਏ ਹਨ ਜਦਕਿ ਪਹਿਲਾਂ ਉਨ੍ਹਾਂ ਨੇ ਗੱਡੀ ਦੇ ਤੇਲ ਖਰਚ ਵਿਚ ਮੱਲ ਮਾਰੀ ਸੀ। ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦੇ ਚਾਹ ਪਾਣੀ ਦੇ ਖਰਚੇ ‘ਤੇ ਕੋਈ ਬੰਦਿਸ਼ ਨਹੀਂ ਲਾਈ ਗਈ ਹੈ। ਵਜ਼ੀਰਾਂ ਦੇ ਦਫਤਰਾਂ ਵਿਚ ਵਰਤਾਏ ਜਾਂਦੇ ਚਾਹ ਪਾਣੀ ਦਾ ਖਰਚਾ ਪ੍ਰਾਹੁਣਚਾਰੀ ਵਿਭਾਗ ਵੱਲੋਂ ਚੁੱਕਿਆ ਜਾਂਦਾ ਹੈ। ਪੂਰੀ ਵਜ਼ਾਰਤ ਤੇ ਮੁੱਖ ਸੰਸਦੀ ਸਕੱਤਰਾਂ ਦਾ ਚਾਹ ਪਾਣੀ ‘ਤੇ ਖਰਚ ਵੇਖੀਏ ਤਾਂ ਹਰ ਸਾਲ ਔਸਤਨ 50 ਲੱਖ ਰੁਪਏ ਦਾ ਖਰਚਾ ਬਣ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਮਾਲੀ ਸੰਕਟ ਕਰ ਕੇ ਕਿਫਾਇਤੀ ਮੁਹਿੰਮ ਵਿੱਢੀ ਗਈ ਸੀ, ਜਿਸ ਤਹਿਤ ਡਿਪਟੀ ਕਮਿਸ਼ਨਰਾਂ ਤੇ ਹੋਰਨਾਂ ਅਫਸਰਾਂ ਦੇ ਖਰਚਿਆਂ ਉਤੇ ਤਾਂ ਕੱਟ ਲਾ ਦਿੱਤਾ ਗਿਆ, ਪਰ ਵਜ਼ਾਰਤ ਖ਼ੁਦ ਇਸ ਪਾਸੇ ਧਿਆਨ ਨਹੀਂ ਦੇ ਰਹੀ।
ਪ੍ਰਾਹੁਣਚਾਰੀ ਵਿਭਾਗ ਪੰਜਾਬ ਤੋਂ ਆਰæਟੀæਆਈæ ਤਹਿਤ ਪ੍ਰਾਪਤ ਵੇਰਵਿਆਂ ਮੁਤਾਬਕ ਅਕਾਲੀ ਹਕੂਮਤ ਦੇ ਪਹਿਲੇ ਦੋ ਵਰ੍ਹਿਆਂ (2007 ਤੇ 2008) ਦੌਰਾਨ ਪੂਰੀ ਵਜ਼ਾਰਤ ਅਤੇ ਮੁੱਖ ਸੰਸਦੀ ਸਕੱਤਰਾਂ ਦਾ ਚਾਹ ਪਾਣੀ ਖਜ਼ਾਨੇ ਨੂੰ 1æ12 ਕਰੋੜ ਰੁਪਏ ਵਿਚ ਪਿਆ ਸੀ। ਮੁੱਖ ਮੰਤਰੀ ਪੰਜਾਬ ਦਾ ਸਾਲ 2009 ਤੋਂ ਅਪਰੈਲ 2015 ਤੱਕ (ਤਕਰੀਬਨ ਸਵਾ ਛੇ ਵਰ੍ਹਿਆਂ) ਦਾ ਸਿਰਫ ਦਫਤਰੀ ਚਾਹ ਖਰਚ 17æ99 ਲੱਖ ਰੁਪਏ ਰਿਹਾ ਜਦਕਿ ਉਪ ਮੁੱਖ ਮੰਤਰੀ ਦਾ ਇਸ ਸਮੇਂ ਦੌਰਾਨ ਚਾਹ ਪਾਣੀ ‘ਤੇ ਖਰਚਾ 20æ37 ਲੱਖ ਰੁਪਏ ਆਇਆ। ਵੇਰਵਿਆਂ ਮੁਤਾਬਕ ਪੰਜਾਬ ਦੇ ਵਜ਼ੀਰਾਂ ਦੇ ਚਾਹ ਪਾਣੀ ‘ਤੇ 2012 ਤੋਂ ਅਪਰੈਲ 2015 (ਸਵਾ ਤਿੰਨ ਵਰ੍ਹਿਆਂ) ਤੱਕ 73æ03 ਲੱਖ ਰੁਪਏ ਖਰਚ ਆਇਆ ਹੈ।
ਸੂਤਰ ਦੱਸਦੇ ਹਨ ਕਿ ਵਜ਼ੀਰਾਂ ਦੇ ਦਫਤਰੀ ਸਟਾਫ ਦਾ ਵੀ ਇਸ ਖਰਚੇ ਵਿਚ ਵੱਡਾ ਹੱਥ ਹੁੰਦਾ ਹੈ, ਜੋ ਮੰਤਰੀ ਦੀ ਗੈਰਹਾਜ਼ਰੀ ਵਿਚ ਖੁੱਲ੍ਹਾ ਛਕਦੇ ਹਨ। ਪ੍ਰਾਹੁਣਚਾਰੀ ਵਿਭਾਗ ਵੱਲੋਂ ਸਿਵਲ ਸਕੱਤਰੇਤ ਵਿਚਲੇ ਵਜ਼ੀਰਾਂ ਦੇ ਦਫਤਰਾਂ ਵਿਚ ਵਰਤਾਏ ਜਾਂਦੇ ਚਾਹ ਪਾਣੀ ਦੇ ਖਰਚੇ ਦਾ ਪੂਰਾ ਹਿਸਾਬ-ਕਿਤਾਬ ਰੱਖਿਆ ਜਾਂਦਾ ਹੈ। ਮੁੱਖ ਸੰਸਦੀ ਸਕੱਤਰਾਂ ਦੇ ਚਾਹ ਪਾਣੀ ਦਾ ਖਰਚਾ ਹਜ਼ਾਰਾਂ ਵਿਚ ਹੀ ਰਹਿੰਦਾ ਹੈ ਕਿਉਂਕਿ ਕੰਮ ਨਾ ਹੋਣ ਕਰ ਕੇ ਉਨ੍ਹਾਂ ਦੀ ਦਫਤਰੀ ਹਾਜ਼ਰੀ ਘੱਟ ਹੁੰਦੀ ਹੈ। ਵੇਰਵਿਆਂ ਮੁਤਾਬਕ ਸ੍ਰੀ ਕੋਹਾੜ ਦਾ ਸਾਲ 2013 ਵਿਚ ਤਾਂ ਚਾਹ ਪਾਣੀ ਦਾ ਖਰਚਾ 3æ15 ਲੱਖ ਰੁਪਏ ਰਿਹਾ। ਖਜ਼ਾਨਾ ਮੰਤਰੀ ਪਰਮਿੰਦਰ ਢੀਂਡਸਾ ਦਾ ਸਵਾ ਤਿੰਨ ਵਰ੍ਹਿਆਂ ਦਾ ਚਾਹ ਪਾਣੀ ‘ਤੇ ਖਰਚਾ 5æ73 ਲੱਖ ਰੁਪਏ ਆਇਆ ਹੈ।
___________________________________
ਕੋਹਾੜ ਤੇ ਜਿਆਣੀ ਸਭ ਤੋਂ ਵੱਧ ਖਰਚਖੋਰੇ
ਚੰਡੀਗੜ੍ਹ: ਵਜ਼ੀਰਾਂ ਵਿਚੋਂ ਇਸ ਮਾਮਲੇ ਵਿਚ ਝੰਡੀ ਟਰਾਂਸਪੋਰਟ ਮੰਤਰੀ ਦੀ ਹੈ ਜਿਨ੍ਹਾਂ ਦਾ ਸਵਾ ਤਿੰਨ ਵਰ੍ਹਿਆਂ ਦੇ ਚਾਹ ਪਾਣੀ ਦਾ ਖਰਚ 8æ62 ਲੱਖ ਰੁਪਏ ਰਿਹਾ। ਸ੍ਰੀ ਕੋਹਾੜ ਦਾ ਰੋਜ਼ਾਨਾ ਦਾ ਤਕਰੀਬਨ 700 ਰੁਪਏ ਔਸਤਨ ਚਾਹ ਪਾਣੀ ਦਾ ਖਰਚਾ ਹੈ। ਦੂਜਾ ਨੰਬਰ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਹੈ ਜਿਨ੍ਹਾਂ ਦਾ ਖਰਚ 7æ64 ਲੱਖ ਰੁਪਏ ਹੈ। ਤੀਜਾ ਨੰਬਰ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦਾ ਹੈ ਜਿਨ੍ਹਾਂ ਦਾ ਚਾਹ ਪਾਣੀ ਦਾ ਖਰਚਾ 7æ34 ਲੱਖ ਰੁਪਏ ਰਿਹਾ।