ਨਵੀਂ ਦਿੱਲੀ: ਸੀਨੀਅਰ ਐਡਵੋਕੇਟ ਐਚæਐਸ਼ ਫੂਲਕਾ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਆਰæਪੀæ ਸਿੰਘ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ 1984 ਸਿੱਖ ਕਤਲੇਆਮ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਖਿਲਾਫ ਨਵਾਂ ਮੋਰਚਾ ਖੋਲ੍ਹਦੇ ਹੋਏ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ Ḕਭਾਰਤ ਰਤਨ ਸਨਮਾਨ’ ਵਾਪਸ ਲੈਣ ਦੀ ਮੰਗ ਕੀਤੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਰਾਜੀਵ ਗਾਂਧੀ ਦਾ 31 ਸਾਲ ਪਹਿਲਾਂ ਦਾ ਉਹ ਵੀਡੀਓ ਵੀ ਪਹਿਲੀ ਵਾਰ ਜਨਤਕ ਕੀਤਾ ਗਿਆ ਜਿਸ ਵਿਚ ਉਹ ਬੋਟ ਕਲੱਬ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕਿ Ḕਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ’। ਫੂਲਕਾ ਤੇ ਆਰæਪੀæ ਸਿੰਘ ਨੇ ਸਵਾਲ ਉਠਾਇਆ ਕਿ ਉਸ ਵਿਅਕਤੀ (ਰਾਜੀਵ ਗਾਂਧੀ) ਨੂੰ ਭਾਰਤ ਰਤਨ ਸਨਮਾਨ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ, ਜਿਹੜਾ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਕਰਨ ਦੀ ਕਾਰਵਾਈ ਨੂੰ ਸਹੀ ਠਹਿਰਾ ਰਿਹਾ ਹੋਵੇ। ਇਹੀ ਨਹੀਂ ਜਿਹੜੇ ਕਾਂਗਰਸੀ ਆਗੂਆਂ (ਟਾਈਟਲਰ ਤੇ ਸੱਜਣ ਕੁਮਾਰ) ਨੂੰ ਸਿੱਖ ਕਤਲੇਆਮ ਲਈ ਪ੍ਰਮੁੱਖ ਤੌਰ ਉਤੇ ਦੋਸ਼ੀ ਮੰਨਿਆ ਗਿਆ, ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਵਜ਼ੀਰੀਆਂ ਤੇ ਅਹੁਦੇਦਾਰੀਆਂ ਦੇ ਕੇ ਸਨਮਾਨਤ ਕੀਤਾ।
ਉਕਤ ਆਗੂਆਂ ਨੇ ਕਿਹਾ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਬਾਵਜੂਦ ਤਤਕਾਲੀ ਰਾਜੀਵ ਸਰਕਾਰ ਨੂੰ ਕੋਈ ਅਫਸੋਸ ਨਹੀਂ ਸੀ। ਇਸੇ ਕਾਰਨ ਹੀ ਸਰਕਾਰ ਨੇ ਕਤਲ ਹੋਏ ਸਿੱਖਾਂ ਦੀ ਗਿਣਤੀ ਕਰਨ ਬਾਰੇ ਵੀ ਕੋਈ ਚਿੰਤਾ ਨਹੀਂ ਕੀਤੀ ਬਲਕਿ ਗ੍ਰਹਿ ਮੰਤਰੀ ਨੇ 14 ਨਵੰਬਰ 1984 ਨੂੰ ਸੰਸਦ ਵਿਚ ਬਿਆਨ ਦਿੱਤਾ ਕਿ ਦੇਸ਼ ਭਰ ਵਿਚ ਸਿਰਫ 650 ਸਿੱਖਾਂ ਦਾ ਕਤਲ ਹੋਇਆ ਹੈ। ਇਸ ਤੋਂ ਬਾਅਦ ਜਦੋਂ 17 ਨਵੰਬਰ ਨੂੰ ਅਟਲ ਬਿਹਾਰੀ ਵਾਜਪਈ ਨੇ ਸਿਰਫ ਦਿੱਲੀ ਵਿਚ ਹੀ ਮਾਰੇ ਗਏ 2800 ਸਿੱਖਾਂ ਦੀ ਸੂਚੀ ਜਾਰੀ ਕੀਤੀ ਤਾਂ ਕਾਂਗਰਸ ਨੇ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਦੱਸਿਆ। ਉਕਤ ਆਗੂਆਂ ਨੇ ਕਿਹਾ ਕਿ ਰਾਜੀਵ ਸਰਕਾਰ ਨੂੰ ਦਿੱਲੀ ਵਿਚ ਮਾਰੇ ਗਏ ਸਿੱਖਾਂ ਦੀ ਗਿਣਤੀ 2736 ਦੱਸਣ ਵਿਚ ਤਿੰਨ ਵਰ੍ਹੇ ਲੱਗ ਗਏ।
_______________________________
ਕਤਲੇਆਮ ਬਾਰੇ ਗਲਤ ਤੱਥ ਪੇਸ਼ ਕਰ ਰਿਹੈ ਕੈਪਟਨ: ਫੂਲਕਾ
ਚੰਡੀਗੜ੍ਹ: ਐਡਵੋਕੇਟ ਐਚæਐਸ਼ ਫੂਲਕਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਉਤੇ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਪੂਰਨ ਤੇ ਦੰਗਿਆਂ ਬਾਰੇ ਗਲਤ ਤੱਥ ਪੇਸ਼ ਕਰਨ ਦੇ ਦੋਸ਼ ਲਾਏ ਹਨ। ਸ਼ ਫੂਲਕਾ ਨੇ ਕਿਹਾ ਕਿ ਕੈਪਟਨ ਨੇ ਸਾਕਾ ਨੀਲਾ ਤਾਰਾ ਤੋਂ ਬਾਅਦ ਸੰਸਦ ਦੀ ਮੈਂਬਰੀ ਤੇ ਕਾਂਗਰਸ ਤੋਂ ਅਸਤੀਫਾ ਦੇ ਕੇ ਸ਼ਲਾਘਾਯੋਗ ਕਦਮ ਉਠਾਏ ਸਨ। ਇਨ੍ਹਾਂ ਚੰਗੇ ਕਦਮਾਂ ਕਾਰਨ ਹੀ ਸਿੱਖਾਂ ਤੇ ਪੰਜਾਬੀਆਂ ਨੇ ਉਨ੍ਹਾਂ ਨੂੰ ਰਾਜ ਦਾ ਮੁੱਖ ਮੰਤਰੀ ਬਣਾਇਆ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਸਾਬਕਾ ਮੁੱਖ ਮੰਤਰੀ ਕਤਲੇਆਮ ਬਾਰੇ ਜਗਦੀਸ਼ ਟਾਈਟਲਰ ਤੇ ਕਮਲ ਨਾਥ ਨੂੰ ਬਚਾਉਣ ਲਈ ਗੁਮਰਾਹਕੁੰਨ ਤੱਥ ਪੇਸ਼ ਕਰ ਰਹੇ ਹਨ।