ਧਾਰਮਿਕ ਆਜ਼ਾਦੀ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਨੇ ਭਾਰਤੀ

ਵਾਸ਼ਿੰਗਟਨ: ਧਾਰਮਿਕ ਆਜ਼ਾਦੀ ਨੂੰ ਸਭ ਤੋਂ ਵੱਧ ਹਮਾਇਤ ਦੇਣ ਵਾਲੇ ਮੁਲਕਾਂ ਵਿਚ ਭਾਰਤ ਸਿਖਰ ਉਤੇ ਹੈ, ਜਿਥੇ ਹਰੇਕ 10 ਭਾਰਤੀਆਂ ਵਿਚੋਂ ਅੱਠ ਦਾ ਮੰਨਣਾ ਹੈ ਕਿ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਬੇਹੱਦ ਅਹਿਮ ਹੈ। ਅਮਰੀਕਾ ਸਥਿਤ ਪਿਊ ਰਿਸਰਚ ਨੇ 38 ਮੁਲਕਾਂ ਦੇ ਸਰਵੇਖਣ ਤੇ 40 ਹਜ਼ਾਰ 786 ਵਿਅਕਤੀਆਂ ਦੀ ਇੰਟਰਵਿਊ ਲੈਣ ਤੋਂ ਬਾਅਦ ਪਾਇਆ ਕਿ ਭਾਰਤ ਵਿਚ ਲਿੰਗ ਬਰਾਬਰੀ ਤੇ ਧਾਰਮਿਕ ਆਜ਼ਾਦੀ ਨੂੰ ਕਾਫੀ ਹਮਾਇਤ ਹਾਸਲ ਹੈ।

ਸਰਵੇਖਣ ਦਾ ਇਹ ਕੰਮ ਪੰਜ ਅਪਰੈਲ ਤੋਂ 21 ਮਈ ਦੌਰਾਨ ਕੀਤਾ ਗਿਆ, ਆਲਮੀ 74 ਫੀਸਦੀ ਦੇ ਮੁਕਾਬਲੇ 83 ਫੀਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਆਪਣੇ ਧਰਮ ਦਾ ਪਾਲਣ ਕਰਨ ਦੀ ਆਜ਼ਾਦੀ ਅਹਿਮ ਹੈ। ਕੁਲ ਮਿਲਾ ਕੇ ਦੁਨੀਆਂ ਭਰ ਦੀ ਆਬਾਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਨੂੰ ਛੱਡ ਕੇ ਮੀਡੀਆ ਉਤੇ ਸਰਕਾਰੀ ਸੈਂਸਰਸ਼ਿਪ ਖਿਲਾਫ ਹੈ, ਪਰ ਭਾਰਤ ਵਿਚ 72 ਫੀਸਦੀ ਵਿਅਕਤੀਆਂ ਦਾ ਕਹਿਣਾ ਹੈ ਕਿ ਮੀਡੀਆ ਜਥੇਬੰਦੀਆਂ ਨੂੰ ਦੇਸ਼ ਵਿਚ ਵੱਡੇ ਸਿਆਸੀ ਪ੍ਰਦਰਸ਼ਨਾਂ ਦੀ ਸੂਚਨਾ ਪ੍ਰਕਾਸ਼ਿਤ ਕਰਨ ਦੇ ਸਮਰੱਥ ਹੋਣਾ ਚਾਹੀਦਾ।
ਸਰਵੇਖਣ ਦੇ ਘੇਰੇ ਵਿਚ ਆਏ ਸਾਰੇ ਮੁਲਕਾਂ ਦੇ ਮੁਕਾਬਲੇ ‘ਚ ਭਾਰਤ ਵਿਚ ਇੰਟਰਨੈਟ ਆਜ਼ਾਦੀ ਬਾਰੇ ਹਮਾਇਤ ਸਭ ਤੋਂ ਘੱਟ- ਯਾਨੀ 38 ਫੀਸਦੀ ਹੈ। ਸਰਵੇਖਣ ਦੇ ਘੇਰੇ ਵਿਚ ਲੋਕਤੰਤਰਿਕ ਅਧਿਕਾਰਾਂ ਦੇ ਪੈਮਾਨਿਆਂ ਵਿਚ ਇੰਟਰਨੈੱਟ ਆਜ਼ਾਦੀ ਸਭ ਤੋਂ ਹੇਠਲੇ ਪੱਧਰ ਉਤੇ ਸੀ, ਪਰ 38 ਵਿਚੋਂ 32 ਦੇਸ਼ਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਕ ਅਜਿਹੇ ਦੇਸ਼ ਵਿਚ ਰਹਿਣਾ ਮਹੱਤਵਪੂਰਨ ਹੈ ਜਿਥੇ ਜਨਤਾ ਬਿਨਾ ਸਰਕਾਰੀ ਸੈਂਸਰਸ਼ਿਪ ਤੋਂ ਇੰਟਰਨੈੱਟ ਦਾ ਪ੍ਰਯੋਗ ਕਰ ਸਕੇ। ਕੌਮਾਂਤਰੀ ਪੱਧਰ ਉਤੇ 65 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਔਰਤਾਂ ਕੋਲ ਮਰਦਾਂ ਦੇ ਬਰਾਬਰ ਅਧਿਕਾਰ ਹੋਣਾ ਬਹੁਤ ਮਹੱਤਵਪੂਰਨ ਹੈ, ਪਰ ਭਾਰਤ ਵਿਚ ਅਜਿਹਾ ਮੰਨਣ ਵਾਲਿਆਂ ਦੀ ਗਿਣਤੀ 71 ਫੀਸਦੀ ਹੈ। ਔਰਤਾਂ ਲਈ ਬਰਾਬਰ ਹੱਕਾਂ ਦੇ ਮੁੱਦੇ ‘ਤੇ ਸਰਵੇਖਣ ਦੇ ਘੇਰੇ ਵਿਚ ਆਉਣ ਵਾਲੇ ਦੇਸ਼ਾਂ ਵਿਚ ਮਰਦਾਂ ਤੇ ਔਰਤਾਂ ਵਿਚਕਾਰ ਤਿੱਖੇ ਮਤਭੇਦ ਹਨ। 24 ਦੇਸ਼ਾਂ ਦੇ ਮਰਦਾਂ ਮੁਕਾਬਲੇ ਔਰਤਾਂ ਦਾ ਇਹ ਮੰਨਣਾ ਸੀ ਕਿ ਔਰਤਾਂ ਲਈ ਬਰਾਬਰ ਅਧਿਕਾਰ ਹੋਣੇ ਬਹੁਤ ਮਹੱਤਵਪੂਰਨ ਹਨ।
_______________________________
ਰਾਸ਼ਟਰਪਤੀ ਵੱਲੋਂ ਮੁੜ ਸਹਿਣਸ਼ੀਲਤਾ ਦਾ ਸੁਨੇਹਾ
ਨਵੀਂ ਦਿੱਲੀ: ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੁੜ ਅਸਹਿਣਸ਼ੀਲਤਾ ਦਾ ਮੁੱਦਾ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿਚ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਤੇ ਹੁਣ ਆਧੁਨਿਕ ਭਾਰਤ ਵਿਚ ਵਿਭਿੰਨਤਾ ਨੂੰ ਜੋੜਨ ਵਾਲੀਆਂ ਕਦਰਾਂ ਕੀਮਤਾਂ ਲਾਗੂ ਕਰਨ ਦਾ ਵੇਲਾ ਆ ਗਿਆ ਹੈ। ਉਨ੍ਹਾਂ ਇਨ੍ਹਾਂ ਕਦਰਾਂ ਨੂੰ ਆਲਮੀ ਪੱਧਰ ‘ਤੇ ਵੀ ਉਤਸ਼ਾਹਿਤ ਕਰਨ ਦਾ ਹੋਕਾ ਦਿੱਤਾ। ਭਾਰਤੀ ਵਿਰਾਸਤ ਨਾਲ ਸਬੰਧਤ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਉਨ੍ਹਾਂ ਸਵਾਮੀ ਵਿਵੇਕਾਨੰਦ ਦੇ ਸੁਨੇਹੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੁਨੀਆਂ ਨੇ ਅਜੇ ਭਾਰਤ ਤੋਂ ਬਹੁਤ ਕੁਝ ਸਿੱਖਣਾ ਹੈ ਤੇ ਹੁਣ ਅਸਹਿਣਸ਼ੀਲਤਾ ਦਾ ਨਹੀਂ ਸਗੋਂ ਹਮਦਰਦੀ ਦਾ ਸਮਾਂ ਹੈ।