ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਮਹੀਨਿਆਂ ਤੋਂ ਆਵਾਮ ਦੇ ਸਿੱਧੇ ਨਿਸ਼ਾਨੇ ਉਤੇ ਹੈ। ਸਰਕਾਰ ਦੀ ਨਾ-ਅਹਿਲੀਅਤ ਅਤੇ ਲੋਕਾਂ ਤੋਂ ਬੇਮੁਖਤਾ ਖਿਲਾਫ ਇੰਨੀ ਬੇਭਰੋਸਗੀ ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਹੀ ਕਦੀ ਸਾਹਮਣੇ ਆਈ ਹੋਵੇ! ਇਕ ਪਾਸੇ ਸਰਕਾਰੀ ਧਿਰ ਨੂੰ ਆਪਣੀ ਗੱਲ ਕਹਿਣ ਲਈ ਕੋਈ ਮੰਚ ਤੱਕ ਨਹੀਂ ਸੀ ਮਿਲ ਰਿਹਾ; ਦੂਜੇ ਬੰਨੇ ਆਵਾਮ ਦਾ ਰੋਹ ਤੇ ਰੋਸ ਸੀ ਜਿਹੜਾ ਹਰ ਰੋਕ ਪਾਰ ਕਰ ਕੇ ਹਾਕਮ ਦੇ ਬੋਲੇ ਕੰਨਾਂ ਤੱਕ ਪੁੱਜ ਰਿਹਾ ਸੀ।
ਸਾਡੇ ਕਾਲਮਨਵੀਸ ਦਲਜੀਤ ਅਮੀ ਨੇ ਇਸ ਹਾਲਾਤ ਉਤੇ ਤਬਸਰਾ ਕਰਦਿਆਂ ਹੁਕਮਰਾਨ ਧਿਰ ਦੇ ਨਾਲ-ਨਾਲ ਪੰਜਾਬ ਦੀਆਂ ਹੋਰ ਧਿਰਾਂ ਬਾਬਤ ਵੀ ਕੁਝ ਨੁਕਤੇ ਆਪਣੇ ਇਸ ਲੇਖ ਵਿਚ ਉਠਾਏ ਹਨ ਅਤੇ ਆਵਾਮ ਦੇ ਕੋਣ ਤੋਂ ਕੁਝ ਕੁ ਸਵਾਲਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਸਵਾਲ ਸੂਬੇ ਦੀ ਸਿਆਸਤ ਦੀ ਸੰਜੀਦਗੀ ਨਾਲ ਜੁੜੇ ਹੋਏ ਹਨ। -ਸੰਪਾਦਕ
ਦਲਜੀਤ ਅਮੀ
ਫੋਨ: +91-97811-21873
ਪੰਜਾਬ ਵਿਚ ਹਰ ਸਿਆਸਤਦਾਨ ਦੇ ਬਿਆਨ ਸੰਜੀਦਗੀ ਤੋਂ ਬਿਨਾਂ ਮੌਜੂਦਾ ਹਾਲਾਤ ਨਾਲ ਜੁੜੇ ਹਰ ਤੱਤ ਦੀ ਨੁਮਾਇੰਦਗੀ ਕਰਦੇ ਹਨ। ਸੂਬੇ ਦੇ ਇਤਿਹਾਸ ਵਿਚ ਸ਼ਾਇਦ ਕਿਸੇ ਸਰਕਾਰ ਨੇ ਮੌਜੂਦਾ ਦੌਰ ਜਿੰਨੀ ਬੇਭਰੋਸਗੀ ਨਹੀਂ ਹੰਢਾਈ। ਨਤੀਜੇ ਵਜੋਂ ਸਰਕਾਰੀ ਜ਼ੋਰ ਨਾਲ ਇਕੱਠ ਕਰ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਅਕਸ ਦੀ ਤਸਵੀਰ ਪੇਸ਼ ਕਰਨ ਲੱਗਿਆ ਹੋਇਆ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਇਸ ਦੀ ਕਿਸੇ ਫਾਂਟ ਨੇ ਵੀ ਭਰੋਸੇਯੋਗਤਾ ਦਾ ਮੌਜੂਦਾ ਸੰਕਟ ਨਹੀਂ ਹੰਢਾਇਆ। ਚੋਣਾਂ ਦੀ ਜਿੱਤ-ਹਾਰ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲੋਕ ਸੱਥ ਵਿਚ ਜਾਣ ਵੇਲੇ ਕਦੇ ਇੰਨੀਆਂ ਸੁਰੱਖਿਆ ਪੇਸ਼ਬੰਦੀਆਂ ਨਹੀਂ ਕਰਨੀਆਂ ਪਈਆਂ।
ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰ ਸੰਕਟ ਨੂੰ ਹਰਕਿਆਈ ਦੇ ਕੇ ਆਪਣਾ ਸਿਆਸੀ ਜੀਵਨ ਪਟੜੀ ਉਤੇ ਪਾਈ ਰੱਖਿਆ ਹੈ। ਜ਼ਿਆਦਾਤਰ ਸੰਕਟਾਂ ਮੌਕੇ (1978 ਦੇ ਨਿਰੰਕਾਰੀ ਕਾਂਡ ਤੋਂ ਬਿਨਾਂ) ਉਹ ਹੁਕਮਰਾਨ ਧਿਰ ਨਹੀਂ ਸਨ ਜਿਸ ਕਾਰਨ ਜੇਲ੍ਹ ਅਤੇ ਮੋਰਚੇ ਉਨ੍ਹਾਂ ਲਈ ਵਕਤੀ ਰਾਹਤ ਦਾ ਸਬੱਬ ਬਣਦੇ ਰਹੇ ਹਨ। ਉਹ ਆਪਣੇ ਮੋਰਚਿਆਂ ਦੀ ਕਾਣ ਨੂੰ ਧਰਮ ਦੇ ਪਰਦੇ ਵਿਚ ਕੱਜਦੇ ਰਹੇ ਹਨ। ਪਹਿਲੀ ਵਾਰ ਉਹ ਸਰਕਾਰ ਅਤੇ ਸਿਆਸੀ ਧਿਰ ਵਜੋਂ ਹਰ ਮੁਹਾਜ ਉਤੇ ਫਸੇ ਹੋਏ ਹਨ। ਕੁਨਬਾਪ੍ਰਸਤੀ, ਭ੍ਰਿਸ਼ਟਾਚਾਰ, ਗੁਰਦੁਆਰਾ ਪ੍ਰਬੰਧ ਵਿਚ ਸਿਆਸੀ ਦਖ਼ਲਅੰਦਾਜ਼ੀ, ਬੇਅਦਬੀ ਦੇ ਮਾਮਲਿਆਂ ਉਤੇ ਨਾਕਸ ਇੰਤਜਾਮੀਆ ਅਤੇ ਮੂੰਹਜ਼ੋਰ ਹੋਇਆ ਸਿਆਸੀ ਕਾਰਕੁਨ ਉਨ੍ਹਾਂ ਦੀ ਬੇਵਸੀ ਦਾ ਨਕਸ਼ਾ ਨਸ਼ਰ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਗੁਰਚਰਨ ਸਿੰਘ ਟੌਹੜਾ ਅਤੇ ਜਗਦੇਵ ਸਿੰਘ ਤਲਵੰਡੀ ਦੇ ਕਮਜ਼ੋਰ ਪੈਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਦਾਰੀ ਰਹੀ ਹੈ। ਹੁਣ ਕੋਈ ਕੱਦਾਵਰ ਵਿਰੋਧੀ ਨਾ ਹੋਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਦੀ ਪਕੜ ਢਿੱਲੀ ਜਾਪਦੀ ਹੈ।
ਪੰਜਾਬ ਸਰਕਾਰ ਦੇ ਸਭ ਤੋਂ ਮੂੰਹਜ਼ੋਰ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਹਮੀਰਗੜ੍ਹ ਵਿਚ ਪਸ਼ੇਮਾਨੀ ਦਾ ਸਾਹਮਣਾ ਕਰਨਾ ਪਿਆ। ਨਤੀਜੇ ਵਜੋਂ ਮਲੂਕਾ ਦੇ Ḕਯੂਥ ਬ੍ਰਿਗੇਡ’ ਨੇ ਬਜ਼ੁਰਗ ਜਰਨੈਲ ਸਿੰਘ ਨੂੰ ਬੇਕਿਰਕੀ ਨਾਲ ਕੁੱਟਿਆ ਅਤੇ ਪੁਲਿਸ ਨੇ ਪੀੜਤ ਧਿਰ ਨੂੰ ਹੀ ਮੁਲਜ਼ਮ ਬਣਾ ਲਿਆ ਹੈ। ਸਰਕਾਰੀ ਸਰਪ੍ਰਸਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ ਦੀ ਸ਼ੁਰੂਆਤ ਧੋਖਾਧੜੀ ਦੇ ਇਲਜ਼ਾਮ ਵਿਚ ਫਸੀ ਪਰਲਜ਼ ਕੰਪਨੀ ਦੀ ਗੋਨਿਆਣਾ ਰੋਡ ਉਤੇ ਬਣਾਈ ਪਰਲਜ਼ ਇਨਕਲੇਵ, ਬਠਿੰਡੇ ਤੋਂ ਹੋਈ ਹੈ। ਆਗੂਆਂ ਦੀ ਸੁਰੱਖਿਆ ਲਈ 1500 ਪੁਲਿਸ ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਦੇ 10,000 ਕਾਰਕੁਨ ਤਾਇਨਾਤ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਹਨ। ਕਿਸੇ ਨੂੰ ਜੁੱਤੀ ਮਾਰਨ, ਕਾਲੀ ਝੰਡੀ ਲਹਿਰਾਉਣ ਅਤੇ ਕਿਸੇ ਆਗੂ ਦੇ ਥੱਪੜ ਮਾਰਨ ਤੋਂ ਰੋਕਣ ਲਈ ਪੁਲਿਸ ਦੀ ਖਾਸ ਸਿੱਖਲਾਈ ਦੇ ਦਾਅਵੇ ਮੀਡੀਆ ਵਿਚ ਨਸ਼ਰ ਹੋਏ ਹਨ। ਰੈਲੀ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਤਸਵੀਰਾਂ ਅਤੇ ਵੀਡੀਓ ਨਸ਼ਰ ਹੋਏ ਹਨ ਜਿਨ੍ਹਾਂ ਵਿਚ ਰੈਲੀ ਵਿਚ ਸ਼ਿਰਕਤ ਕਰਨ ਵਾਲੇ ਗੱਤੇ ਦੀਆਂ ਪੇਟੀਆਂ ਚੁੱਕੀ ਜਾ ਰਹੇ ਹਨ। ਜੇ ਇਨ੍ਹਾਂ ਵਿਚ ਸ਼ਰਾਬ ਹੈ ਤਾਂ ਇਹ ਤਾਂ ਪੁੱਛਣਾ ਬਣਦਾ ਹੈ ਕਿ ਇਸ ਰੈਲੀ ਤੋਂ ਸਰਕਾਰ ਨੂੰ ਕਿੰਨਾ ਸਿੱਖਿਆ ਸੈਸ ਮਿਲਿਆ ਹੈ? ਇਹ ਰੈਲੀ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਸੰਜੀਦਗੀ ਦਾ ਨਮੂਨਾ ਤਾਂ ਹੋ ਹੀ ਸਕਦਾ ਹੈ!
ਇਸ ਵੇਲੇ ਸੁਆਲ ਇਹ ਹੈ ਕਿ ਕੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਹੀ ਬੇਭਰੋਸਗੀ ਦਾ ਸ਼ਿਕਾਰ ਹਨ ਜਾਂ ਸਮੁੱਚਾ ਪੰਜਾਬ ਇਸੇ ਆਲਮ ਵਿਚ ਡੁੱਬਿਆ ਹੋਇਆ ਹੈ? ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਨੇ ਸਦਭਾਵਨਾ ਰੈਲੀ ਵਿਚ ਡੇਢ ਤੋਂ ਦੋ ਲੱਖ ਤੱਕ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਦਾ ਦਾਅਵਾ ਸੀ ਕਿ 10 ਨਵੰਬਰ ਨੂੰ ਚੱਬੇ ਵਿਚ ਸੱਤ ਲੱਖ ਲੋਕ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਚੱਬੇ ਦਾ ਇੱਕਠ ਕਾਂਗਰਸ ਨੇ ਕੀਤਾ ਸੀ। ਸਿਮਰਨਜੀਤ ਸਿੰਘ ਮਾਨ ਨੇ ਵੀ ਇਹੋ ਕਿਹਾ ਹੈ ਕਿ Ḕਸਰਬੱਤ ਖ਼ਾਲਸਾ’ ਨੂੰ ਕਾਂਗਰਸ ਦੀ ਹਮਾਇਤ ਹਾਸਿਲ ਸੀ। ਉਂਜ ਜੇ ਕਾਂਗਰਸ ਚੱਬੇ ਜਿੰਨਾ ਇੱਕਠ ਕਰਨ ਦੀ ਹਾਲਤ ਵਿਚ ਹੁੰਦੀ ਤਾਂ ਰਾਹੁਲ ਗਾਂਧੀ ਰਾਸ਼ਟਰਪਤੀ ਕੋਲ ਨਿਆਂਇਕ ਜਾਂਚ ਲਈ ਮੰਗ ਪੱਤਰ ਲੈ ਕੇ ਨਾ ਜਾਂਦਾ ਸਗੋਂ ਪੰਜਾਬ ਵਿਚ ਤਾਕਤ ਦਾ ਮੁਜ਼ਾਹਰਾ ਕਰਦਾ। ਕਾਂਗਰਸ ਖ਼ਿਲਾਫ਼ ਮੰਗ ਪੱਤਰ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਫ਼ਦ ਰਾਸ਼ਟਰਪਤੀ ਨੂੰ ਮਿਲਿਆ ਹੈ ਕਿ ਕਾਂਗਰਸ Ḕਦੇਸ਼ ਵਿਰੋਧੀ’ ਪਾਰਟੀ ਹੈ ਅਤੇ ਇਸ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਰੱਦ ਹੋਣੀ ਚਾਹੀਦੀ ਹੈ। ਇਸ ਵਫ਼ਦ ਵਿਚ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀæਕੇæ ਸ਼ਾਮਿਲ ਸਨ। ਇਹ ਸੁਆਲ ਮੌਜੂਦਾ ਦੌਰ ਵਿਚ ਬੇਮਾਅਨਾ ਹੈ ਕਿ ਇਹ ਵਫ਼ਦ ਸਰਕਾਰੀ ਸੀ ਜਾਂ ਸਿਆਸੀ? ਇਹ ਸੁਆਲ ਦਿਲਚਸਪ ਹੋ ਸਕਦਾ ਹੈ ਕਿ ਇਸ ਵਫ਼ਦ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕਿਉਂ ਸ਼ਾਮਿਲ ਨਹੀਂ ਸਨ? ਇਹ ਪੱਖ ਵੀ ਘੱਟ ਦਿਲਚਸਪ ਨਹੀਂ ਹੈ ਕਿ ਇਸ ਵਾਰ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਪੰਥਕ ਬੋਲੀ ਦੀ ਮਾਰ ਵਿਚ ਆਇਆ ਹੈ ਅਤੇ ਕਾਂਗਰਸ ਦੀ ਰਵਾਇਤੀ ਬੋਲੀ ਬੋਲਣ ਲੱਗਿਆ ਹੈ।
Ḕਸਰਬੱਤ ਖ਼ਾਲਸਾ’ ਉਤੇ ਟਿੱਪਣੀ ਕਰਨ ਵਾਲੇ ਜ਼ਿਆਦਾਤਰ ਵਿਦਵਾਨਾਂ ਜਾਂ ਗਵਾਹਾਂ ਦਾ ਮੰਨਣਾ ਹੈ ਕਿ ਲੋਕਾਂ ਦੇ ਜਜ਼ਬੇ ਅਤੇ ਮੰਚ ਦੀ ਹਾਜ਼ਰੀ ਵਿਚ ਕੋਈ ਮੇਲ ਨਹੀਂ ਸੀ। ਲੋਕ ਆਪਮੁਹਾਰੇ ਪੁੱਜੇ ਸਨ ਪਰ ਆਗੂ ਕੋਈ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਸਰਕਾਰ ਦੀ ਸਦਭਾਵਨਾ ਰੈਲੀ ਵਿਚ ਹਾਜ਼ਰੀ ਵਧਾਉਣ ਲਈ ਕੀਤੀ ਗਈ ਸਰਕਾਰੀ ਮਸ਼ਕ ਦੀਆਂ ਖ਼ਬਰਾਂ ਕਈ ਦਿਨਾਂ ਤੋਂ ਛਪ ਰਹੀਆਂ ਸਨ। ਸਦਭਾਵਨਾ ਰੈਲੀ ਵਿਚ ਹੁਕਮਾਂ ਅਤੇ ਗਰਜ਼ਾਂ ਦੀ ਬੱਝੀ ਹਾਜ਼ਰੀ ਨੂੰ ਹੁਕਮਰਾਨ ਮੁਖ਼ਾਤਬ ਸਨ ਅਤੇ ਕੈਪਟਨ, ਬਾਜਵਾ, ਰਾਹੁਲ, ਗਾਂਧੀ ਪਰਿਵਾਰ ਅਤੇ Ḕਪੰਥ ਦੋਖੀਆਂ’ ਖ਼ਿਲਾਫ਼ Ḕਜੰਗ’ ਦਾ ਐਲਾਨ ਕਰ ਰਹੇ ਸਨ। ਇਸੇ ਦਿਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਸੱਤ ਲੱਖ ਦੇ Ḕਖਾਲਿਸਤਾਨੀ ਇੱਕਠ’ ਦਾ ਦਾਅਵਾ ਕਰਨ ਵਾਲਾ ਸਿਮਰਨਜੀਤ ਸਿੰਘ ਮਾਨ ਪੰਜਾਬ ਬੰਦ ਦਾ ਸੱਦਾ ਦੇਣ ਵੇਲੇ ਵੀ ਖ਼ਦਸ਼ਿਆਂ ਵਿਚ ਘਿਰਿਆ ਜਾਪਦਾ ਸੀ। ਉਹ ਦੁਕਾਨਾਂ ਖੁੱਲ੍ਹੀਆਂ ਰੱਖਣੀਆਂ ਚਾਹੁੰਦਾ ਸੀ, ਸਦਭਾਵਨਾ ਰੈਲੀ ਨੂੰ ਨਾਕਾਮਯਾਬ ਕਰਨ ਦੀ ਇੱਛਾ ਤੋਂ ਬਿਨਾਂ ਉਹ ਬੱਸਾਂ ਬੰਦ ਕਰਵਾਉਣੀਆਂ ਚਾਹੁੰਦਾ ਸੀ। ਇਸ ਸੱਦੇ ਦੀ ਦਲੀਲ ਸਮੇਤ ਵਿਆਖਿਆ ਸਿਮਰਨਜੀਤ ਸਿੰਘ ਮਾਨ ਹੀ ਕਰ ਸਕਦੇ ਹਨ।
ਇਸ ਮਾਹੌਲ ਵਿਚ ਕਾਂਗਰਸ ਦੀ ਹਾਜ਼ਰੀ ਆਗੂਆਂ ਦੇ ਬਿਆਨਾਂ ਅਤੇ ਦਿੱਲੀ ਜਾਂ ਹੋਰ ਥਾਈਂ ਫੇਰੀਆਂ ਤੋਂ ਜ਼ਿਆਦਾ ਨਹੀਂ ਹੈ। ਪੰਜਾਬ ਵਿਚ ਕਾਂਗਰਸ ਦੇ ਆਗੂ ਹਾਈ ਕਮਾਂਡ ਦੀ ਹਰੀ ਝੰਡੀ ਦੀ ਉਡੀਕ ਵਿਚ ਆਪਣਾ ਸਭ ਕੁਝ ਦਾਅ ਉਤੇ ਲਗਾਈ ਬੈਠੇ ਹਨ। ਕਾਂਗਰਸ ਦੀ ਸਮੁੱਚੀ ਜਮਹੂਰੀਅਤ ਹਾਈ ਕਮਾਂਡ ਰਾਹੀਂ ਸੂਬੇ ਦੇ ਆਗੂ ਨੂੰ ਸਰਪ੍ਰਸਤੀ ਦੇਣ ਉਤੇ ਟਿਕੀ ਹੋਈ ਹੈ। ਸੂਬੇ ਦੀਆਂ ਵੱਖ-ਵੱਖ ਕਾਂਗਰਸੀ ਫਾਂਟਾਂ ਨੂੰ ਇੱਕਜੁੱਟ ਕਰਨ ਲਈ ਕਿਸੇ ਆਗੂ ਨੂੰ ਪੂਰੀ ਜ਼ਿੰਮੇਵਾਰੀ ਦੇਣ ਦੀ ਦਲੀਲ ਦਿੱਤੀ ਜਾ ਰਹੀ ਹੈ। ਕਿਸੇ ਵੀ ਹਾਲਤ ਵਿਚ ਕਾਂਗਰਸ ਕਿਸੇ ਇੱਕ ਆਗੂ ਦੀ ਅਗਵਾਈ ਪ੍ਰਵਾਨ ਕਰਨ ਵਾਲੀ ਹਾਲਤ ਵਿਚ ਨਹੀਂ ਜਾਪਦੀ। ਕਾਂਗਰਸ ਦਾ ਕੋਈ ਆਗੂ ਜਨਤਕ ਲਾਮਬੰਦੀ ਨਾਲ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਹਾਲਤ ਵਿਚ ਨਹੀਂ ਹੈ। ਸਭ ਕੁਝ ਹਾਈ ਕਮਾਂਡ ਦੀ Ḕਸਵੱਲੀ ਨਜ਼ਰ’ ਉਤੇ ਟਿਕਿਆ ਜਾਪਦਾ ਹੈ। ਇਹ ਭਰੋਸੇਯੋਗਤਾ ਦਾ ਸੰਕਟ ਨਹੀਂ ਤਾਂ ਹੋਰ ਕੀ ਹੈ?
ਪੰਜਾਬ ਵਿਚ ਪਿਛਲੇ ਸਾਲਾਂ ਦੌਰਾਨ ਤਿੰਨ ਵਾਰ ਬਦਲਵੀਂ ਸਿਆਸਤ ਜਾਂ ਮੌਜੂਦਾ ਸਰਕਾਰ ਖ਼ਿਲਾਫ਼ ਰੋਹ ਦੀਆਂ ਲਹਿਰਾਂ ਆਈਆਂ ਹਨ। ਪੰਜਾਬ ਪੀਪਲਜ਼ ਪਾਰਟੀ ਅਤੇ ਆਮ ਆਦਮੀ ਪਾਰਟੀ ਦੀਆਂ ਲਹਿਰਾਂ ਤੋਂ ਬਾਅਦ ਬੇਅਦਬੀ ਖ਼ਿਲਾਫ਼ ਮੁਹਿੰਮ ਦਾ ਸਰਕਾਰ ਵਿਰੋਧੀ ਖ਼ਾਸਾ ਬਹੁਤ ਤਿੱਖਾ ਰਿਹਾ ਹੈ। ਇਹ ਸੁਆਲ ਪੁੱਛਣਾ ਸ਼ਾਇਦ ਕਾਹਲੀ ਹੋਵੇ ਕਿ ਕੀ ਇਨ੍ਹਾਂ ਤਿੰਨਾਂ ਲਹਿਰਾਂ ਦਾ ਹਸ਼ਰ ਇੱਕੋ ਜਿਹਾ ਹੋ ਸਕਦਾ ਹੈ? ਜਾਪਦਾ ਇਹ ਹੈ ਕਿ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿਚ ਨਿਕਲ ਰਹੇ ਹਨ, ਪਰ ਉਹ ਮੌਜੂਦਾ ਦੌਰ ਦੀ ਨੁਮਾਇੰਦਗੀ ਵੀ ਕਰਦੇ ਹਨ। ਦਰਅਸਲ ਇਸ ਵੇਲੇ ਪੰਜਾਬ ਸਿਆਸੀ ਬੇਭਰੋਸਗੀ ਦੇ ਦੌਰ ਵਿਚੋਂ ਨਿਕਲ ਰਿਹਾ ਹੈ। ਆਵਾਮ ਬੇਜ਼ਾਰ ਹੈ ਅਤੇ ਮੌਕੇ ਦੇ ਮੇਚ ਦਾ ਕੋਈ ਆਗੂ ਨਹੀਂ ਹੈ। ਸਹਿਮਤੀਆਂ ਸਿਰਫ਼ ਨਾਂਹਪੱਖੀ ਜਾਂ ਨਾਖ਼ੁਸ਼ਗਵਾਰ ਤੱਥਾਂ ਉਤੇ ਹੋ ਰਹੀਆਂ ਹਨ। ਸਹਿਮਤੀ ਭ੍ਰਿਸ਼ਟਾਚਾਰ ਖ਼ਿਲਾਫ਼ ਹੈ। ਸਹਿਮਤੀ ਕੁਨਬਾਪ੍ਰਸਤੀ ਖ਼ਿਲਾਫ਼ ਹੈ। ਸਹਿਮਤੀ ਗੁਰਦੁਆਰਾ ਪ੍ਰੰਬਧ ਵਿਚ ਸਿਆਸੀ ਦਖ਼ਲਅੰਦਾਜ਼ੀ ਖ਼ਿਲਾਫ਼ ਹੈ। ਸਹਿਮਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਹੈ। ਇੱਥੇ ਤੱਕ ਨਿਸ਼ਾਨੇ ਉਤੇ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਜਾਪਦਾ ਹੈ। ਦਰਅਸਲ ਸਹਿਮਤੀ ਭਰੋਸਾਹੀਣ ਆਗੂਆਂ ਖ਼ਿਲਾਫ਼ ਵੀ ਹੈ। ਇਹੋ ਸਹਿਮਤੀ ਕਿਸੇ ਮੰਚ ਤੋਂ ਬਿਆਨ ਨਹੀਂ ਹੋ ਸਕਦੀ, ਕਿਉਂਕਿ ਇਸ ਸੰਜੀਦਗੀ ਜਿੰਨੀ ਸਿਦਕਦਿਲੀ ਦਾ ਦਾਅਵਾ ਕੌਣ ਕਰੇਗਾ? ਆਪਮੁਹਾਰੇ ਰੋਹ ਨਾਲ ਹੁਕਮਰਾਨ ਦੀ ਘੇਰਾਬੰਦੀ ਤਾਂ ਹੋ ਸਕਦੀ ਹੈ ਪਰ ਇਸ ਆਪਮੁਹਾਰੇਪਣ ਨੂੰ ਆਪਹੁਦਰੇਪਣ ਵਿਚ ਤਬਦੀਲ ਹੋਣ ਤੋਂ ਰੋਕ ਕੇ ਸ਼ਾਹਅਸਵਾਰ ਹੋਣ ਵਾਲਾ ਬੰਦਾ ਜਾਂ ਬੀਬੀ ਜਾਂ ਧੜਾ ਪੰਜਾਬ ਕੋਲ ਨਹੀਂ ਹੈ। ਜੇ ਹੁਕਮਰਾਨ ਸੰਕਟ ਦਾ ਸ਼ਿਕਾਰ ਹਨ ਤਾਂ ਇਸ ਸੰਕਟ ਦੀ ਨਿਸ਼ਾਨਦੇਹੀ ਕਰਨ ਵਾਲੇ ਸਿਆਸਤਦਾਨ ਸੰਕਟ ਦੀਆਂ ਪੇਚੀਦਾ ਪਰਤਾਂ ਹਨ।