ਕੁਲਦੀਪ ਕੌਰ
ਫਿਲਮਸਾਜ਼ ਸਈਦ ਅਖਤਰ ਮਿਰਜ਼ਾ ਦੀ ਫਿਲਮ ‘ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ’ 1978 ਵਿਚ ਰਿਲੀਜ਼ ਹੋਈ ਸੀ। ਇਹ ਫਿਲਮ ਆਪਣੇ ਸ਼ੁਰੂਆਤੀ ਦ੍ਰਿਸ਼ਾਂ ਨਾਲ ਹੀ ਫਿਲਮਸਾਜ਼ ਦੀ ਕਾਰੀਗਰੀ ਦੇ ਦਰਸ਼ਨ ਕਰਾ ਦਿੰਦੀ ਹੈ। ਗਰੀਬ ਤੇ ਪਛੜੇ ਪਿੰਡ ਵਿਚ ਮਹਿੰਗੇ ਕਾਰਪੈੱਟ ਬੁਣੇ ਜਾ ਰਹੇ ਹਨ। ਪਿੰਡ ਦੇ ਬੱਚਿਆਂ, ਔਰਤਾਂ ਅਤੇ ਮਰਦਾਂ ਲਈ ਇਹ ਜਿਉਂਦੇ ਰਹਿਣ ਦਾ ਵਸੀਲਾ ਹਨ ਅਤੇ ਉਨ੍ਹਾਂ ਅੰਦਰਲੀ ਕੁਦਰਤੀ ਕਲਾ ਦਾ ਨਮੂਨਾ ਵੀ। ਕਾਰਪੈੱਟ ਅਰਵਿੰਦ ਦੇਸਾਈ ਦੇ ਮਹਿੰਗੇ ਸ਼ੋਅਰੂਮ ਵਿਚ ਪਹੁੰਚਦੇ ਹਨ।
ਹੁਣ ਉਨ੍ਹਾਂ ਹੀ ਪਿੰਡ ਵਾਲਿਆਂ ਦੀ ਇਸ ਨੂੰ ਛੂਹਣ ਤੱਕ ਦੀ ‘ਔਕਾਤ’ ਨਹੀਂ। ਵਿਦੇਸ਼ੀ ਹੱਥਾਂ ਵਿਚ ਇਹ ਭੋਗਣ ਅਤੇ ਦਿਖਾਵੇ ਦੀ ਸ਼ੈਅ ਬਣਦੇ ਹਨ। ਇਨ੍ਹਾਂ ਦੀ ਬਾਜ਼ਾਰੀ ਕੀਮਤ ਪਿੰਡ ਵਾਲਿਆਂ ਦੀ ਕਲਪਨਾ ਤੋਂ ਵੀ ਬਾਹਰ ਹੈ। ਇਹ ਫਿਲਮ ਅਮੀਰ ਹੋਣ ਦੇ ਅਮਲ ਦਾ ਕੱਚ-ਸੱਚ ਦਰਸ਼ਕਾਂ ਅੱਗੇ ਰੱਖਦੀ ਹੈ ਅਤੇ ਉਸ ਧਾਰਨਾ ਦਾ ਖੰਡਨ ਕਰਦੀ ਹੈ ਕਿ ਅਮੀਰ ਹੋਣਾ ਬੰਦੇ ਦਾ ਨਿੱਜੀ ਤੇ ਕੁਦਰਤੀ ਹੱਕ ਹੈ ਜਾਂ ਕਿਸਮਤ ਦਾ ਖੇਲ ਹੈ ਜਾਂ ਅਮੀਰੀ ਬੰਦੇ ਦੇ ‘ਮਿਹਨਤੀ’ ਖਾਸੇ ਦਾ ਫਲ ਹੈ।
ਫਿਲਮ ਵਿਚਲਾ ਅਮੀਰ ਅਰਵਿੰਦ ਦੇਸਾਈ ਅਮੀਰੀ ਦੀਆਂ ਅਲਾਮਤਾਂ ਨਾਲ ਘਿਰਿਆ ਹੋਇਆ ਹੈ। ਉਹ ਸੋਹਣਾ ਹੈ, ਪਰ ਉਸ ਅੰਦਰਲਾ ਕੁਹਜ ਉਹਨੂੰ ਟਿਕਣ ਨਹੀਂ ਦਿੰਦਾ। ਪਹਿਲੀ ਨਜ਼ਰ ਵਿਚ ਉਹ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ, ਪਰ ਉਸ ਦੀ ਰੂਹ ਵਿਚ ਖੁੱਭੀਆਂ ਛਿੱਲਤਰਾਂ ਉਸ ਦੀ ਨਜ਼ਰ ਨੂੰ ਧੁੰਦਲਾ ਕਰ ਰਹੀਆਂ ਹਨ। ਕਾਰਪੈੱਟ ਦਾ ਸੌਦਾ ਬੰਨ੍ਹਦਿਆਂ ਉਹ ਦਲਾਲ ਨੂੰ ਪੁੱਛਦਾ ਹੈ ਕਿ ਕਿਉਂ ਇਸ ਨੂੰ ਬਣਾਉਣ ਵਾਲੇ ਮਜ਼ਦੂਰਾਂ ਨੂੰ ਇੰਨੇ ਘੱਟ ਪੈਸੇ ‘ਤੇ ਗੁਜ਼ਾਰਾ ਕਰਨਾ ਪੈਂਦਾ ਹੈ? ਭਾਰਤੀ ਫਿਲਮ ਇਤਿਹਾਸ ਵਿਚ ਸ਼ਾਇਦ ਉਹ ਪਹਿਲਾ ਨਾਇਕ (?) ਹੈ ਜੋ ਇਨ੍ਹਾਂ ਸਵਾਲਾਂ ਬਾਰੇ ਕਿਸੇ ਵੀ ਨਤੀਜੇ ‘ਤੇ ਨਹੀਂ ਪਹੁੰਚਦਾ ਜਾਂ ਫਿਰ ਪਹੁੰਚਣਾ ਹੀ ਨਹੀਂ ਚਾਹੁੰਦਾ। ਉਹ ਪੂਰੀ ਫਿਲਮ ਵਿਚ ਇੱਕ ਤੋਂ ਦੂਜੀ ਜਗ੍ਹਾ ਜਾਂਦਾ ਹੈ, ਇੱਕ ਤੋਂ ਬਾਅਦ ਦੂਜੇ ਬੰਦੇ ਨੂੰ ਮਿਲਦਾ ਹੈ, ਪਰ ਕੋਈ ਵੀ ਜਗ੍ਹਾ ਉਸ ਨੂੰ ਆਪਣੀ ਨਹੀਂ ਲੱਗਦੀ। ਕੋਈ ਵੀ ਬੰਦਾ ਉਸ ਨੂੰ ਪੂਰੀ ਤਰ੍ਹਾਂ ਮਿਲਦਾ ਨਹੀਂ ਲੱਗਦਾ। ਇੱਥੋਂ ਤੱਕ ਕਿ ਉਸ ਦਾ ਆਪਣੀ ਪ੍ਰੇਮਿਕਾ ਨਾਲ ਵੀ ਪ੍ਰੇਮਿਕਾ ਵਾਲਾ ਰਿਸ਼ਤਾ ਨਹੀਂ। ਉਸ ਵੇਸਵਾ ਕੋਲ ਵੀ ਜਾਂਦਾ ਹੈ, ਪਰ ਉਸ ਨਾਲ ਕਰਨ ਲਈ ਵੀ ਉਸ ਕੋਲ ਕੋਈ ਅਰਥ-ਭਰਪੂਰ ਗੱਲ ਨਹੀਂ। ਫਿਲਮ ਦੇ ਇੱਕ ਦ੍ਰਿਸ਼ ਵਿਚ ਉਹ ਕਿਤਾਬਾਂ ਦੀ ਦੁਕਾਨ ‘ਤੇ ਜਾਂਦਾ ਹੈ ਜਿੱਥੇ ਉਹ ਸਮਾਜਕ ਮੁੱਦਿਆਂ ਨਾਲ ਸਬੰਧਿਤ ਕਿਤਾਬਾਂ ਦੇਖ ਰਿਹਾ ਹੈ। ਉਸ ਨੂੰ ਵਧੀਆ ਕਿਤਾਬਾਂ ਦੀ ਪਛਾਣ ਹੈ, ਪਰ ਉਹ ਚਾਹੁੰਦੇ ਹੋਏ ਵੀ ਕੋਈ ਕਿਤਾਬ ਖਰੀਦਦਾ ਨਹੀਂ। ਇਸ ਤੋਂ ਉਸ ਦੀ ਅਜੀਬ ਹਾਲਤ ਸਮਝ ਆ ਸਕਦੀ ਹੈ। ਸ਼ਇਦ ਇਸ ਤੋਂ ਫਿਲਮ ਦੇ ਅਜੀਬ ਸਿਰਲੇਖ ਦੀ ਦੱਸ ਵੀ ਪੈਂਦੀ ਹੈ।
ਅਰਵਿੰਦ ਦਾ ਦੋਸਤ ਰਾਜਨ (ਉਮਪੁਰੀ) ਉਸ ਅੰਦਰਲੇ ਪੈ ਰਹੇ ਖੌਰੂ ਨੂੰ ਵਿਚਾਰਾਂ ਅਤੇ ਮੁੱਦਿਆਂ ਰਾਹੀਂ ਹੋਰ ਤਿੱਖਾ ਕਰਦਾ ਹੈ। ਅਰਵਿੰਦ ਉਸ ਨਾਲ ਸਹਿਮਤ ਤਾਂ ਹੈ, ਪਰ ਉਸ ਨੂੰ ਕਦੇ ਇਹ ਲੱਗਦਾ ਹੀ ਨਹੀਂ ਕਿ ਇਨ੍ਹਾਂ ਬਾਰੇ ਉਹ ਕੁਝ ਕਰਨ ਦੀ ਹਾਲਤ ਵਿਚ ਹੈ। ਉਹ ਮੇਲੇ ਵਿਚ ਗੁੰਮ ਹੋਏ ਅਜਿਹੇ ਨਿਆਣੇ ਵਾਂਗ ਹੈ ਜੋ ਮੇਲਾ ਵੀ ਨਹੀਂ ਛੱਡਣਾ ਚਾਹੁੰਦਾ, ਪਰ ਘਰ ਵੀ ਜਾਣਾ ਚਾਹੁੰਦਾ ਹੈ ਤੇ ਇਹ ਵੀ ਨਹੀਂ ਚਾਹੁੰਦਾ ਕਿ ਉਸ ਨੂੰ ਕੋਈ ਲੱਭ ਸਕੇ। ਫਿਲਮ ਵਿਚ ਇਹ ਭੂਮਿਕਾ ਦਲੀਪ ਧਵਨ ਨੇ ਅਦਾ ਕੀਤੀ ਸੀ ਅਤੇ ਇਹ ਉਸ ਦੀ ਪਹਿਲੀ ਫਿਲਮ ਸੀ। ਉਹ ਅਤੇ ਸਈਦ ਅਖਤਰ ਮਿਰਜ਼ਾ, ਦੋਵੇ ਨਵੇਂ-ਨਵੇਂ ਫਿਲਮ ਸੰਸਥਾ ਪੁਣੇ ਤੋਂ ਫਿਲਮਸਾਜ਼ੀ ਦੇ ਗੁਰ ਸਿੱਖ ਕੇ ਨਿਕਲੇ ਸਨ। ਦਲੀਪ ਧਵਨ ਦਾ ਨੌਸਿਖੀਆਪਣ ਹੀ ਫਿਲਮ ਦੇ ਮੁੱਖ ਕਿਰਦਾਰ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉਭਰਦਾ ਹੈ।
ਫਿਲਮ ਵਿਚ ਸ਼ੋਅਰੂਮ, ਪੂੰਜੀ ਦਾ ਅਜਿਹਾ ਬਾਜ਼ਾਰ ਹੈ ਜਿਥੇ ਹੋ ਰਹੀ ਗੱਲਬਾਤ ਦਾ ਬਹੁਤ ਘੱਟ ਹਿੱਸਾ ਦਰਸ਼ਕਾਂ ਤੱਕ ਪਹੁੰਚਦਾ ਹੈ। ਇਸ ਘੁਸਰ-ਮੁਸਰ ਵਿਚ ਮੁਨਾਫੇ ਦਾ ਡੰਗ ਹੈ ਜਿਸ ਦਾ ਡਸਿਆ ਅਰਵਿੰਦ ਦਿਨ-ਰਾਤ ਤੜਫਦਾ ਹੈ। ਭਾਰਤੀ ਸਿਨੇਮਾ ਵਿਚ ਗਰੀਬੀ ‘ਤੇ ਬਣੀਆਂ ਕਈ ਫਿਲਮਾਂ ਵਿਚ ਗਰੀਬੀ ਨਾਲ ਜੁੜੀ ਮਾਨਸਿਕਤਾ ਦੀ ਬਾਤ ਪਾਈ ਗਈ ਹੈ, ਅਮੀਰੀ ਦੀ ਜ਼ਿਹਨੀ ਗੁਰਬਤ ‘ਤੇ ਬਣੀ ਇਹ ਫਿਲਮ, ਮੁਨਾਫੇ ਦਾ ਮੱਕੜਜਾਲ ਨੰਗਾ ਕਰਦੀ ਹੈ।