ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਡੇਰਾ ਸਿਰਸਾ ਮੁਖੀ ਨੂੰ ਮੁਆਫੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿਛੋਂ ਸਿੱਖ ਰੋਹ ਦਾ ਸ਼ਿਕਾਰ ਹੋਈ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਫਿਲਹਾਲ ਕਿਤੋਂ ਢੋਈ ਨਹੀਂ ਮਿਲ ਰਹੀ। ਦਲ ਦੀ ਆਪਣੀ ਲੀਡਰਸ਼ਿਪ ਹੀ ਪਾਰਟੀ ਲਈ ਮੁਸੀਬਤ ਬਣੀ ਹੋਈ ਹੈ।
ਇਥੋਂ ਤੱਕ ਕਿ ਸੀਨੀਅਰ ਆਗੂ ਵੀ ਆਪੋ-ਆਪਣੀ ਡਫਲੀ ਵਜਾ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਪੰਜਾਬ ਵਿਚ ਮੌਜੂਦਾ ਹਾਲਾਤ ਦੀ ਜ਼ਿੰਮੇਵਾਰੀ ਲੈਂਦਿਆਂ ਸੂਬੇ ਦੇ ਲੋਕਾਂ ਤੋਂ ਮੁਆਫੀ ਮੰਗੀ ਹੈ, ਉਥੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਰਕਾਰ ਨੂੰ ਬੇਕਸੂਰ ਦੱਸਦਿਆਂ ਆਖ ਰਹੇ ਹਨ ਕਿ ਇਹ ਸਭ ਪਾਕਿਸਤਾਨ ਤੇ ਜਰਮਨੀ ਵਿਚ ਬੈਠੇ ਖਾੜਕੂਆਂ ਦਾ ਕੀਤਾ ਕਰਾਇਆ ਹੈ।
ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹਾਲਾਤ ਨਾਲ ਨਜਿੱਠਣ ਲਈ ਕੋਰ ਕਮੇਟੀ ਦੇ ਸੁਝਾਵਾਂ ਦੀ ਥਾਂ ਆਪਣੀ ਰਣਨੀਤੀ ‘ਤੇ ਚੱਲ ਰਹੇ ਹਨ। ਦੂਰੋਂ ਸਲਾਮ ਕਬੂਲਣ ਵਾਲੇ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਪਿੰਡਾਂ ਦੇ ਸਰਪੰਚਾਂ ਨਾਲ ਸਦਭਾਵਨਾ ਬਣਾਉਣ ਵਿਚ ਜੁਟੇ ਹੋਏ ਹਨ। ਇਸੇ ਰਣਨੀਤੀ ਤਹਿਤ ਉਹ ਪਿੰਡ ਬਹਿਬਲ ਕਲਾਂ ਵਿਚ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਘਰ ਇਕ ਮਹੀਨੇ ਪਿਛੋਂ ਹਮਦਰਦੀ ਜਤਾਉਣ ਵੀ ਪੁੱਜ ਗਏ। ਉਧਰ, ਸਰਬੱਤ ਖਾਲਸਾ ਦੇ ਪ੍ਰਬੰਧਕਾਂ ਤੇ ਹਮਾਇਤੀਆਂ ਨਾਲ ਸਿੱਝਣ ਬਾਰੇ ਸਰਕਾਰ ਤੇ ਅਕਾਲੀ ਲੀਡਰਸ਼ਿਪ ਵੀ ਇਕਸੁਰ ਨਹੀਂ ਜਾਪਦੀ। ਸਰਬੱਤ ਖਾਲਸਾ ਤੋਂ ਪਹਿਲਾਂ ਮੌਜੂਦਾ ਸੰਕਟ ਨੂੰ ਹੱਲ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਭਾਲੀ ਕਮਾਨ ਹੁਣ ਫਿਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਚਲੀ ਗਈ ਹੈ। ਸੁਖਬੀਰ ਦੀ ਨੀਤੀ ਦੀ ਸਮੁੱਚੀ ਸੁਰ ਸਰਬੱਤ ਖਾਲਸਾ ਵਾਲਿਆਂ ਨੂੰ ਦੇਸ਼ ਧ੍ਰੋਹੀ ਤੇ ਪੰਥ ਵਿਰੋਧੀ ਗਰਦਾਨ ਕੇ ਪੰਜਾਬ ਦੇ ਅਮਨ ਲਈ ਖਤਰੇ ਦਾ ਹਊਆ ਖੜ੍ਹਾ ਕਰਨ ਵੱਲ ਸੇਧਤ ਹੈ। ਸਰਬੱਤ ਖਾਲਸਾ ਵਿਚ ਠਾਠਾਂ ਮਾਰਦਾ ਇਕੱਠ ਵੀ ਅਕਾਲੀ ਦਲ ਨੂੰ ਰੜਕ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਇਕੱਠ ਨੂੰ ਅਸਫਲ ਕਰਨ ਲਈ ਸਿਰ ਧੜ ਦੀ ਬਾਜ਼ੀ ਲਾ ਦਿੱਤੀ ਸੀ। ਸੁਖਬੀਰ ਨੇ ਪੰਜਾਬ ਵਿਚ ਤਕਰੀਬਨ ਹਰ ਡੇਰੇ ਉਤੇ ਜਾ ਕੇ ਸਮਾਗਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ, ਪਰ ਇਸ ਦੇ ਬਾਵਜੂਦ ਵੱਡਾ ਇਕੱਠ ਹੋਇਆ ਜੋ ਅਕਾਲੀ ਦਲ ਨੂੰ ਹਜ਼ਮ ਨਹੀਂ ਹੋ ਰਿਹਾ।
ਸੀਨੀਅਰ ਅਕਾਲੀ ਆਗੂ ਭਾਵੇਂ ਖੁੱਲ੍ਹ ਕੇ ਗੱਲ ਕਰਨ ਤੋਂ ਗੁਰੇਜ਼ ਕਰ ਰਹੇ ਹਨ, ਪਰ ਉਹ ਲੀਡਰਸ਼ਿਪ ਵੱਲੋਂ ਲਏ ਜਾ ਰਹੇ ਪੈਂਤੜਿਆਂ ਤੋਂ ਖੁਸ਼ ਨਹੀਂ ਹਨ। ਕਈ ਆਗੂ ਇਹ ਆਖ ਰਹੇ ਹਨ ਕਿ ਸੰਕਟ ਦੀ ਇਸ ਘੜੀ ਵਿਚ ਅਗਵਾਈ ਪ੍ਰਕਾਸ਼ ਸਿੰਘ ਬਾਦਲ ਨੂੰ ਸੰਭਾਲਣੀ ਚਾਹੀਦੀ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਸ ਸੰਕਟ ਨਾਲ ਨਜਿੱਠ ਸਕਣਾ ਸੁਖਬੀਰ ਦੇ ਵੱਸ ਦਾ ਰੋਗ ਨਹੀਂ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਰਬੱਤ ਖਾਲਸਾ ਉਤੇ ਰੋਕ ਲਗਾਉਣ ਲਈ ਕਾਹਲੇ ਸਨ, ਪਰ ਸੀਨੀਅਰ ਅਕਾਲੀ ਆਗੂਆਂ ਤੇ ਕਈ ਪੁਲਿਸ ਅਧਿਕਾਰੀਆਂ ਦੀ ਸਹਿਮਤੀ ਨਾ ਹੋਣ ਕਾਰਨ ਰੋਕ ਨਹੀਂ ਲਾਈ ਗਈ। ਯਾਦ ਰਹੇ ਕਿ ਹਾਕਮ ਧਿਰ ਨੇ 23 ਨਵੰਬਰ ਤੋਂ ਸੂਬੇ ਵਿਚ ਸਦਭਾਵਨਾ ਰੈਲੀਆਂ ਦੇ ਨਾਂ ‘ਤੇ ਸ਼ਕਤੀ ਪ੍ਰਦਰਸ਼ਨ ਦੀ ਰਣਨੀਤੀ ਉਲੀਕੀ ਹੋਈ ਹੈ, ਪਰ ਸੀæਬੀæਆਈæ ਦੇ ਕੇਸਾਂ ਵਿਚ ਘਿਰੀ ਪਰਲਜ਼ ਕੰਪਨੀ ਤੋਂ 100 ਏਕੜ ਜ਼ਮੀਨ ਲੈਣ ਦੇ ਵਿਵਾਦ ਕਾਰਨ ਪਾਰਟੀ ਨੂੰ ਨਮੋਸ਼ੀ ਝੱਲਣੀ ਪਈ ਹੈ। ਸਰਬੱਤ ਖਾਲਸਾ ਪ੍ਰਬੰਧਕਾਂ ਨੇ ਆਪਣੇ ਆਗੂਆਂ ਦੀਆਂ ਗ੍ਰਿਫਤਾਰੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਮੰਤਰੀਆਂ ਤੇ ਅਕਾਲੀਆਂ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਜਾਣ ਸਮੇਂ ਕਾਲੀਆਂ ਝੰਡੀਆਂ ਦਿਖਾਉਣ ਤੇ ਘਿਰਾਓ ਕਰਨ ਦਾ ਸੱਦਾ ਦਿੱਤਾ ਹੋਇਆ ਹੈ।
__________________________________________
ਸਰਬੱਤ ਖਾਲਸਾ ਬਾਰੇ ਦਾਅਵੇ ਕਾਂਗਰਸ ਨੂੰ ਆਏ ਰਾਸ
ਪਟਿਆਲਾ: ਹਾਕਮ ਧਿਰ ਵੱਲੋਂ ਕੁਝ ਕਾਂਗਰਸੀ ਆਗੂਆਂ ਦੇ ਫੋਨ ਟੈਪ ਕਰ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਬੱਤ ਖਾਲਸਾ ਵਿਚ ਇੰਨਾ ਵੱਡਾ ਇਕੱਠ ਕਾਂਗਰਸ ਦੇ ਕਹਿਣ ‘ਤੇ ਹੋਇਆ ਹੈ। ਕਾਂਗਰਸ ਭਾਵੇਂ ਓਪਰੇ ਮਨ ਨਾਲ ਅਕਾਲੀਆਂ ਦੇ ਦਾਅਵੇ ਨੂੰ ਨਾਕਾਰ ਰਹੀ ਹੈ, ਪਰ ਅੰਦਰਖਾਤੇ ਅਗਾਮੀ ਚੋਣਾਂ ਸਿਰ ‘ਤੇ ਹੋਣ ਕਾਰਨ ਸਿੱਖਾਂ ਦੀਆਂ ਵੋਟਾਂ ਆਪਣੇ ਪਾਲੇ ਵਿਚ ਵੇਖਦਿਆਂ ਖੁਸ਼ੀ ਵਿਚ ਖੀਵੀ ਹੋ ਰਹੀ ਹੈ। ਕਾਂਗਰਸੀ ਆਗੂਆਂ ਦਾ ਦਾਅਵਾ ਹੈ ਕਿ ਇਹ ਇਕੱਠ ਸਿੱਖਾਂ ਦਾ ਅਕਾਲੀਆਂ ਤੋਂ ਰੋਸੇ ਦਾ ਤਰਜਮਾਨੀ ਸੀ, ਪਰ ਜੇ ਇਸ ਨੂੰ ਕਾਂਗਰਸ ਦੇ ਖਾਤੇ ਪਾਇਆ ਜਾਂਦਾ ਹੈ ਤਾਂ ਇਹ 2017 ਦੀਆਂ ਚੋਣਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ।