ਬਲਜੀਤ ਬਾਸੀ
ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਢਾਹਾਂ ਦੇ ਪਰਵਾਸੀ, ਵੈਨਕੂਵਰ ਦੇ ਜਾਣੇ ਪਛਾਣੇ ਕਾਰੋਬਾਰੀ ਬਰਜ ਢਾਹਾਂ ਦੇ ਉਦਮ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸਹਿਯੋਗ ਨਾਲ ਢਾਹਾਂ ਇੰਟਰਨੈਸ਼ਨਲ ਇਨਾਮ ਸਥਾਪਤ ਕੀਤਾ ਗਿਆ ਹੈ। ਵਿਵਸਥਾ ਅਨੁਸਾਰ ਹਰ ਸਾਲ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਰਚੀ ਗਈ ਪੰਜਾਬੀ ਦੀ ਸ੍ਰੇਸ਼ਟ ਗਲਪ ਰਚਨਾ ਦੇ ਲੇਖਕ ਨੂੰ 25000 ਡਾਲਰ ਤੇ ਦੂਜੇ ਨੰਬਰ ‘ਤੇ ਆਏ ਦੋ ਲੇਖਕਾਂ ਨੂੰ ਪੰਜ-ਪੰਜ ਹਜ਼ਾਰ ਡਾਲਰ ਇਨਾਮ ਦਿੱਤਾ ਜਾਣ ਲੱਗਾ ਹੈ। ਯਕੀਨੀ ਬਣਾਇਆ ਗਿਆ ਹੈ ਕਿ ਦੋਨੋਂ ਲਿਪੀਆਂ, ਗੁਰਮੁਖੀ ਅਤੇ ਸ਼ਾਹਮੁਖੀ ਦੇ ਹਿੱਸੇ ਇੱਕ-ਇਕ ਇਨਾਮ ਜ਼ਰੂਰ ਆਵੇ।
ਪਹਿਲੇ ਇਨਾਮ ਦੀ ਘਣੀ ਰਾਸ਼ੀ ਮੂੰਹ ਵਿਚ ਲਾਲ਼ਾਂ ਵਗਾਉਂਦੀ ਹੈ ਪਰ ਹਮਾਤੜ ਦੀ ਕਲਮ ਨਾਵਲ ਲਿਖਣ ਲਈ ਟੱਸ ਤੋਂ ਮੱਸ ਨਹੀਂ ਹੁੰਦੀ। ਧੰਨ ਹਨ ਉਹ ਲੇਖਕ ਜੋ ਆਪਣੀ ਲੇਖਣੀ ਦੇ ਬਲਬੂਤੇ ਏਨੇ ਧਨ ਦੀ ਲੁਟਕੀ ਹਥਿਆ ਲੈਂਦੇ ਹਨ। ਪਿਛਲੇ ਸਾਲ ਪਹਿਲੀ ਵਾਰ ਇਹ ਇਨਾਮ ਲੁਧਿਆਣਾ, ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਢਾਹਾ ਦੇ ਵਸਨੀਕ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੂੰ ਦਿੱਤਾ ਗਿਆ ਸੀ ਤਾਂ ਮੇਰਾ ‘ਢਾਹਾ’ ਨਾਂ ਅਤੇ ਸ਼ਬਦ ‘ਤੇ ਲਿਖਣ ਦਾ ਵਿਚਾਰ ਬਣਿਆ ਸੀ ਪਰ ਰਹਿ ਗਿਆ। ਇਸ ਵਾਰ ਦਾ ਸਰਬ-ਸ੍ਰੇਸ਼ਟ ਇਨਾਮ ਬੁਢ-ਵਰੇਸ ਵਿਚ ਗਲਪ ਲਿਖਣ ਲੱਗੇ ਲੇਖਕ ਦਰਸ਼ਨ ਸਿੰਘ ਦੇ ਨਾਵਲ ‘ਲੋਟਾ’ ਨੂੰ ਦਿੱਤਾ ਗਿਆ ਹੈ।
ਚਲੰਤ ਰਾਜਸੀ ਤੇ ਸਾਹਿਤਕ ਮੁੱਦਿਆਂ ਉਤੇ ਦਰਸ਼ਨ ਸਿੰਘ ਦੀ ਪਕੜ ਬਹੁਤ ਮਜ਼ਬੂਤ ਹੈ। ਉਸ ਵਿਚ ਨਿੱਕੇ ਵੱਡੇ ਵੇਰਵਿਆਂ ਨੂੰ ਸਮੋਣ ਦੀ ਮੁਹਾਰਤ ਹੈ, ਉਸ ਦੀ ਗਲਪ ਵਿਚ ਰੌਚਿਕਤਾ ਅਤੇ ਵਿਅੰਗ ਦੀ ਪੁੱਠ ਚੜ੍ਹੀ ਹੁੰਦੀ ਹੈ। ਉਘੀਆਂ ਰਾਜਸੀ ਅਤੇ ਸਾਹਿਤਕ ਸ਼ਖਸੀਅਤਾਂ ਉਤੇ ਉਸ ਨੇ ਕੋਈ ਦਰਜਨ ਭਰ ਰਾਂਗਲੇ ਨਾਵਲ ਰਚ ਦਿੱਤੇ ਹਨ।
ਲੋਟਾ ਇਕ ਅਜਿਹਾ ਗੜਵੀ ਜਿਹਾ ਪਾਣੀ ਵਾਲਾ ਭਾਂਡਾ ਹੁੰਦਾ ਹੈ ਜਿਸ ਨੂੰ ਰਮਤਾ ਕਿਸਮ ਦੇ ਲੋਕ ਹਮੇਸ਼ਾ ਪਾਸ ਰਖਦੇ ਹਨ ਤਾਂ ਜੋ ਲੋੜ ਪੈਣ ‘ਤੇ ਕੰਮ ਆ ਸਕੇ। ਇਸ ਦੀ ਵਰਤੋਂ ਹੱਥ-ਪਾਣੀ ਲਈ ਵੀ ਕੀਤੀ ਜਾਂਦੀ ਹੈ, ਪੂਜਾ ਦੌਰਾਨ ਇਸ ਨਾਲ ਅਰਘ ਚੜ੍ਹਾਇਆ ਜਾਂਦਾ ਹੈ, ਯੋਗ ਸਮੇਂ ਇਹ ਨੇਤੀ ਕਿਰਿਆ ਲਈ ਵਰਤਿਆ ਜਾਂਦਾ ਹੈ। ਮੁਸਲਮਾਨ ਇਸ ਵਿਚ ਪਾਣੀ ਪਾ ਕੇ ਵੂਜ਼ੂ ਕਰਦੇ ਹਨ। ਇੰਜ ਇਹ ਆਮ ਭਾਂਡੇ ਤੋਂ ਉਪਰ ਉਠ ਕੇ ਧਾਰਮਕ ਮਹੱਤਤਾ ਅਖਤਿਆਰ ਕਰ ਲੈਂਦਾ ਹੈ। ਲੋਟਾ ਆਮ ਤੌਰ ‘ਤੇ ਥੱਲਿਓਂ ਗੋਲ ਜਿਹਾ ਹੁੰਦਾ ਹੈ ਇਸ ਲਈ ਛੇਤੀ ਹੀ ਏਧਰ ਉਧਰ ਹਿੱਲ ਜਾਂ ਘੁੰਮ ਜਾਂਦਾ ਹੈ। ‘ਬੇਪੇਂਦੀ ਦਾ ਲੋਟਾ’ ਮੁਹਾਵਰਾ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜੋ ਵਿਹਾਰ ਵਿਚ ਕਿਸੇ ਦ੍ਰਿੜ ਵਿਚਾਰ ਜਾਂ ਵਿਚਾਰਧਾਰਾ ਨਾਲ ਪ੍ਰਤਿਬਧਤਾ ਨਹੀਂ ਦਰਸਾਉਂਦਾ ਸਗੋਂ ਮੌਕੇ ਅਨੁਸਾਰ ਵਫਾਦਾਰੀਆਂ ਮਹਾਂ ਸਵਾਰਥੀ ਹਿਤਾਂ ਕਾਰਨ ਬਦਲਦਾ ਰਹਿੰਦਾ ਹੈ। ਅੱਜ ਕਲ੍ਹ ਰਾਜਨੀਤੀ ਵਿਚ ਅਜਿਹੇ ਸ਼ਖਸ ਨੂੰ ਦਲ-ਬਦਲੂ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਅਤੇ ਰਾਜਨੀਤੀ ਵਿਚ ਅਜਿਹੇ ਲੋਕਾਂ ਨੂੰ ਚੁਫੇਰਗੜ੍ਹੀਆ ਦਾ ਲਕਬ ਮਿਲਿਆ ਸੀ। ਪਿਛਲੀ ਸਦੀ ਦੇ ਸੱਠਵਿਆਂ ਦੇ ਅਖੀਰ ਜਿਹੇ ਵਿਚ ਭਾਰਤ ਵਿਚ ਕਾਂਗਰਸ ਦੀ ਇਜਾਰੇਦਾਰੀ ਖਤਮ ਹੋਣ ਲੱਗੀ ਤਾਂ ਕਈ ਰਾਜਾਂ ਵਿਚ ਰਲੀਆਂ ਮਿਲੀਆਂ ਸਰਕਾਰਾਂ ਬਣਨ ਲੱਗੀਆਂ। ਇਹ ਸਿਆਸੀ ਅਸਥਿਰਤਾ ਦਾ ਦੌਰ ਵੀ ਸੀ। ਉਸ ਸਮੇਂ ਹਰਿਆਣਾ ਦਾ ਇਕ ਵਿਧਾਇਕ ਸੀ, ਗਇਆ ਰਾਮ। ਉਸ ਨੇ ਦੋ ਹਫਤਿਆਂ ਵਿਚ ਤਿੰਨ ਵਾਰੀ ਦਲ ਬਦਲੇ। ਅਖੀਰ ਅੱਠਾਂ ਘੰਟਿਆਂ ਪਿਛੋਂ ਜਦ ਉਹ ਮੁੜ ਕਾਂਗਰਸ ਵਿਚ ਆ ਗਿਆ ਤਾਂ ਕਾਂਗਰਸੀ ਨੇਤਾ ਰਾਉ ਬਰਿੰਦਰ ਸਿੰਘ ਨੇ ਪ੍ਰੈਸ ਨੂੰ ਦੱਸਿਆ, “ਗਇਆ ਰਾਮ ਹੁਣ ਆਇਆ ਰਾਮ ਬਣ ਗਿਆ ਹੈ।” ਉਦੋਂ ਦੇ ਕਾਂਗਰਸੀ ਲੀਡਰ ਜਗਜੀਵਨ ਰਾਮ ਨੇ ਇਸ ਦਲਬਦਲੀ ਦੀ ਪਰਵਿਰਤੀ ਨੂੰ ਹੀ ‘ਆਇਆ ਰਾਮ ਗਇਆ ਰਾਮ’ ਕਹਿ ਦਿੱਤਾ ਤਾਂ ਦਲਬਦਲੂਆਂ ਨਾਲ ਜੋੜ ਕੇ ਇਹ ਮੁਹਾਵਰਾ ਕਾਫੀ ਦੇਰ ਚਲਦਾ ਰਿਹਾ।
ਹੱਥ ਲਗਦੇ ਦੱਸ ਦੇਈਏ ਕਿ ਕਿਸੇ ਵੇਲੇ ਪਟਿਆਲਵੀ ਭਾਸ਼ਾ ਵਿਗਿਆਨੀਆਂ ਨੇ ਗੁਰਮੁਖੀ ਵਿਚ ‘ਗਿਆ’ ਨੂੰ ਦੇਵਨਾਗਰੀ ਦੀ ਤਰ੍ਹਾਂ ‘ਗਇਆ’ ਲਿਖਣ ਦਾ ਆਦੇਸ਼ ਜਾਰੀ ਕਰ ਦਿੱਤਾ ਸੀ। ਦਲਬਦਲੂਆਂ ਨੂੰ ਪੌਣ-ਕੁੱਕੜ ਵੀ ਕਿਹਾ ਜਾਂਦਾ ਹੈ। ਬਿਹਾਰ ਦਾ ਰਾਮ ਵਿਲਾਸ ਪਾਸਵਾਨ ਸਿਆਸੀ ਮੌਸਮ ਪ੍ਰਤੀ ਅਤਿ ਦਾ ਸੰਵੇਦਨਸ਼ੀਲ ਹੋਣ ਕਾਰਨ ਵੱਡਾ ਪੌਣ ਕੁੱਕੜ ਕਹਾਉਂਦਾ ਹੈ। ਪਿੰਡਾਂ ਵਿਚ ਅਜਿਹੀ ਤਬੀਅਤ ਦੇ ਬੰਦੇ ਨੂੰ ਗੋਲ ਲੱਕੜੀ ਜਾਂ ਚੱਕਵਾਂ ਚੁੱਲ੍ਹਾ ਕਿਹਾ ਜਾਂਦਾ ਹੈ। ਇਸੇ ਪ੍ਰਸੰਗ ਵਿਚ ‘ਧੋਬੀ ਪਟੜਾ ਮਾਰਨਾ’ ਮੁਹਾਵਰਾ ਵੀ ਆਮ ਹੀ ਵਰਤਿਆ ਜਾਂਦਾ ਹੈ।
‘ਲੋਟਾ’ ਨਾਵਲ ਦੇ ਲੇਖਕ ਅਨੁਸਾਰ ਆਜ਼ਾਦੀ ਤੋਂ ਪਹਿਲਾਂ ਲੋਟਾ ਸ਼ਬਦ ਦਲਬਦਲੂ ਲਈ ਵੀ ਵਰਤਿਆ ਜਾਂਦਾ ਸੀ। ਲੇਖਕ ਦਾ ਪਿਛੋਕੜ ਪੱਛਮੀ ਪੰਜਾਬ ਦਾ ਹੈ ਤੇ ਮੇਰੀ ਜਾਣਕਾਰੀ ਅਨੁਸਾਰ ਉਥੇ ਯਾਨਿ ਅਜੋਕੇ ਪਾਕਿਸਤਾਨ ਵਿਚ ਇਹ ਸ਼ਬਦ ਅਜੇ ਵੀ ਚਲਦਾ ਹੈ। ਵੰਡ ਤੋਂ ਕੁਝ ਅਰਸਾ ਪਹਿਲਾਂ ਲਾਹੌਰ ਵਿਚ ਮੁਹੰਮਦ ਆਲਮ ਨਾਂ ਦਾ ਇਕ ਸਿਆਸਤੀਆ ਸੀ ਜਿਸ ਦੇ ਸਿਰ ਲੋਟਾ ਸ਼ਬਦ ਨੂੰ ਅਜਿਹੇ ਅਰਥਾਂ ਵਿਚ ਵਰਤੇ ਜਾਣ ਦਾ ਸਿਹਰਾ ਬੰਨ੍ਹਿਆ ਜਾ ਸਕਦਾ ਹੈ। ਉਹ ਇਕ ਦਿਨ ਕਾਂਗਰਸ ਜਾਂ ਯੂਨੀਅਨਿਸਟ ਪਾਰਟੀ ਨਾਲ ਹੁੰਦਾ ਤਾਂ ਦੂਜੇ ਦਿਨ ਮੁਸਲਿਮ ਲੀਗ ਨਾਲ। ਸਾਰੇ ਪੰਜਾਬ ਵਿਚ ਉਸ ਨੂੰ ‘ਡਾਕਟਰ ਲੋਟਾ’ ਕਿਹਾ ਜਾਣ ਲੱਗਾ। ਕੁਝ ਜਾਣਕਾਰ ਲੋਕ ਦੱਸਦੇ ਹਨ ਕਿ ਉਹ ਖੁਦ ਆਪਣੀ ਪਛਾਣ ਦ੍ਰਿੜਾਉਣ ਲਈ ਆਪਣਾ ਪਰਿਚੈ ਡਾਕਟਰ ਆਲਮ ਲੋਟਾ ਵਜੋਂ ਦਿਆ ਕਰਦਾ ਸੀ ਜਿਵੇਂ ਫੋਨ ‘ਤੇ, “ਮੀਆਂ ਆਲਮ ਬੋਲ ਰਹਾ ਹੂੰ ਭਾਈ, ਆਲਮ ਲੋਟਾ।” ਇਥੋਂ ਤੱਕ ਕਿ ਪਾਕਿਸਤਾਨ ਵਿਚ ਦਲਬਦਲਣ ਦੀ ਨਿੱਤ ਵਧਦੀ ਪਰਵਿਰਤੀ ਲਈ ਲੋਟਾਕਰੇਸੀ ਸ਼ਬਦ ਵੀ ਚੱਲ ਪਿਆ ਹੈ।
‘ਲੋਟਾ’ ਨਾਵਲ ਵਿਚ ਮੁਖ ਤੌਰ ‘ਤੇ ਦੋ ਪਾਤਰਾਂ ਨੇ ਲੋਟਾ ਦਾ ਕਿਰਦਾਰ ਨਿਭਾਇਆ ਹੈ ਭਾਵੇਂ ਦੋਨੋਂ ਪਾਤਰ ਚਲੰਤ ਭਾਰਤੀ ਅਫਸਰਸ਼ਾਹੀ ਜਾਂ ਰਾਜਨੀਤੀ ਵਿਚ ਪਛਾਣੇ ਵੀ ਜਾ ਸਕਦੇ ਹਨ। ਗੁਰਦਿਆਲ ਸਿੰਘ ਨਾਂ ਦੇ ਵਿਅਕਤੀ ਦੀ ਬਤੌਰ ‘ਦਲਿਤ ਵਿਦਿਅਕ ਬੋਰਡ’ ਦੇ ਉਚੇ ਅਹੁਦੇ ਦੀ ਮਿਆਦ ਮੁੱਕ ਜਾਣ ਪਿਛੋਂ ਉਸ ਨੂੰ ਦਿੱਲੀ ਵਿਚ ਮਿਲੀ ਕੋਠੀ ਦੇ ਖੁਸਣ ਦਾ ਖਦਸ਼ਾ ਪੈਦਾ ਹੋ ਗਿਆ। ਇਸ ਕੋਠੀ ‘ਤੇ ਕਬਜ਼ਾ ਰੱਖੀ ਰੱਖਣ ਲਈ ਉਹ ਸੌ ਪਾਪੜ ਵੇਲਦਾ ਹੈ। ਪੱਲੇ ਕੁਝ ਨਾ ਪੈਂਦਾ ਦੇਖ ਉਹ ਰਾਜ ਸਭਾ ਦੀ ਮੈਂਬਰੀ ਲਈ ਹੱਥ ਪੈਰ ਮਾਰਨ ਲਗਦਾ ਹੈ। ਇਸ ਖਾਤਰ ਉਹ ਪੰਜਾਬ, ਹਰਿਆਣਾ ਅਤੇ ਯੂæਪੀæ ਦੇ ਇਕ ਦੂਜੇ ਦੇ ਵਿਰੋਧੀ ਸਿਆਸਤਦਾਨਾਂ ਦੇ ਗੇੜੇ ਕੱਢਣ ਲਗਦਾ ਹੈ। ਉਹ ਹਰਿਆਣੇ ਦੇ ਮੁਖ ਮੰਤਰੀ ਦੀ ਬੁੱਤੀ ਕਰਨ ਤੋਂ ਇਲਾਵਾ ਪੰਜਾਬ ਦੀਆਂ ਚੋਣਾਂ ਵਿਚ ਇਕ ਉਮੀਦਵਾਰ ਦਾ ਇੰਚਾਰਜ ਬਣ ਜਾਂਦਾ ਹੈ। ਉਹ ਪਹਿਲਾਂ ਛੱਡੀ ਰਾਸ਼ਟਰੀ ਪਾਰਟੀ ਵੱਲ ਕੂਹਣੀ ਮੋੜ ਲੈਣ ਪਿਛੋਂ ਆਪਣੇ ਮੁਖ ਮੰਤਰੀ ਦੀ ਪਾਰਟੀ ਦੇ ਖਿਲਾਫ ਚੋਣ ਪ੍ਰਚਾਰ ਵਿਢ ਦਿੰਦਾ ਹੈ। ਰਾਜ ਸਭਾ ਦੀ ਮੈਂਬਰੀ ਹੁਣ ਵੀ ਹਾਸਿਲ ਨਹੀਂ ਹੁੰਦੀ ਪਰ ਬੇਵਫਾਈ ਦੇ ਇਵਜ਼ ਵਿਚ ਉਸ ਨੂੰ ਇਕ ਛੋਟੇ ਜਿਹੇ ਦੇਸ਼ ਦਾ ਰਾਜਦੂਤ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਿੱਤ ਗਿਰਗਿਟ ਵਾਂਗ ਰੰਗ ਬਦਲਣ ਨੇ ਰੰਗ ਲਿਆਂਦਾ: ਕੋਠੀ ‘ਤੇ ਉਸ ਦਾ ਜੱਫਾ ਕਾਇਮ ਰਿਹਾ।
ਨਾਵਲ ਦਾ ਇਕ ਹੋਰ ਪਾਤਰ ਹਜ਼ੂਰ ਸਿੰਘ ਅਸਲੀ ਰਾਜਸੀ ਲੋਟਾ ਹੈ ਜਿਸ ਨੇ ਕਿਸੇ ਵੇਲੇ ਆਪਣੀ ‘ਸਰਬਤ ਪਾਰਟੀ’ ਬਣਾਈ ਹੋਈ ਸੀ ਪਰ ਫਿਰ ਪੰਜਾਬ ਦੀ ਪਾਰਸ ਪਾਰਟੀ ਵਿਚ ਸ਼ਾਮਿਲ ਹੋ ਗਿਆ। ਇਥੇ ਪੰਜਾਬ ਦੀ ਅਜੋਕੀ ਰਾਜ ਕਰਦੀ ਪਾਰਟੀ ਵੱਲ ਸੰਕੇਤ ਹੈ ਤੇ ਲੋਟਾ ਦਾ ਰੋਲ ਨਿਭਾਉਂਦਾ ਪਾਤਰ ਬਲਵੰਤ ਸਿੰਘ ਰਾਮੂਵਾਲੀਆ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ? ਮਜ਼ੇਦਾਰ ਗੱਲ ਹੈ ਕਿ ਨਾਵਲ ਰਚੇ ਜਾਣ ਪਿਛੋਂ ਹਾਲ ਹੀ ਵਿਚ ਇਸ ਲੋਟੇ ਨੇ ਲੋਟਾਗੀਰੀ ਨੂੰ ਸਿਖਰ ‘ਤੇ ਪਹੁੰਚਾਉਂਦਿਆਂ ਤੇ ‘ਪਾਰਸ ਪਾਰਟੀ’ ਦੀ ਪਰਵਾਹ ਨਾ ਕਰਦਿਆਂ ਯੂæਪੀæ ਦੀ ਹੁਕਮਰਾਨ ਪਾਰਟੀ ਵਿਚ ਜਾ ਛੜੱਪਾ ਲਾਇਆ ਹੈ। ਕਿਉਂ? ਕਿਉਂਕਿ ਇਥੇ ਵਜ਼ੀਰੀ ਮਿਲ ਗਈ ਹੈ। ਨਾਲੇ ਉਸ ਦਾ ਦਾਅਵਾ ਹੈ ਕਿ ਉਸ ਦਾ ਅਸਲੀ ਨਿਵਾਸ ਤਾਂ ਹੈ ਹੀ ਯੂæਪੀæ ਵਿਚ। ਅੱਜ ਲੋਟਾਕਰੇਸੀ ਭਾਰਤੀ ਉਪਮਹਾਂਦੀਪ ਦੇ ਤਰੱਕੀ ਰਾਮਾਂ ਦਾ ਆਜੀਵਨ ਉਦੇਸ਼ ਅਤੇ ਆਦਰਸ਼ ਹੀ ਬਣ ਗਿਆ ਹੈ। ਇਸ ਨਾਵਲ ਦੇ ਕਈ ਜਨਤਕ ਆਗੂ ਜਿਵੇਂ ਸੁੰਦਰ ਦਾਸ, ਚੌਧਰੀ ਚੰਦਰ ਮੱਲ, ਪਾਰਸ ਸਾਹਿਬ, ਵੱਡੇ ਭਾਈ ਸਾਹਿਬ, ਛਾਇਆ ਦੇਵੀ, ਹਜ਼ੂਰਾ ਸਿੰਘ, ਰਤਨ ਲਾਲ ਬੱਤਰਾ, ਭੂਪਤ ਰਾਓ, ਆਂਗਰੇ ਇਸ ਪਰਵਿਰਤੀ ਦੇ ਚਾਨਣ ਮੁਨਾਰੇ ਬਣ ਕੇ ਉਭਰਦੇ ਹਨ।
ਦੇਸ਼ ਵਿਚ ਚੱਲ ਰਹੇ ਅਸਹਿਣਸ਼ੀਲਤਾ ਦੇ ਨਾਂ ਨਾਲ ਜਾਣੇ ਜਾਂਦੇ ਚਲੰਤ ਦੌਰ ਪ੍ਰਤੀ ਤਿੱਖੇ ਰੋਸ ਵਜੋਂ ਕਈ ਲੇਖਕਾਂ ਨੇ ਸਾਹਿਤ ਅਕਾਦਮੀ ਇਨਾਮ ‘ਲੌਟਾ’ ਦਿੱਤੇ ਹਨ। ਹੋਰ ਖੇਤਰਾਂ ਦੇ ਬੁਧੀਜੀਵੀਆਂ, ਕਲਾਕਾਰਾਂ ਆਦਿ ਨੇ ਵੀ ਇਸੇ ਤਰ੍ਹਾਂ ਦਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਸੇਵਾਮੁਕਤ ਹੋਏ ਫੌਜੀਆਂ ਨੇ ਆਪਣੀਆਂ ਮੰਗਾ ਖਾਤਰ ਸਰਕਾਰ ਨੂੰ ਆਪਣੇ ਮੈਡਲ ‘ਲੌਟਾਣੇ’ ਸ਼ੁਰੂ ਕਰ ਦਿੱਤੇ ਹਨ। ਬੁਧੀਜੀਵੀਆਂ ਵਲੋਂ ਰੋਸ ਦਾ ਇਹ ਇੱਕ ਨਵਾਂ ਤਰੀਕਾ ਹੈ ਜਿਸ ਨੂੰ ‘ਲੋਟਾਕਰੇਸੀ’ ਦੀ ਤਰਜ਼ ‘ਤੇ ‘ਲੌਟਾਕਰੇਸੀ’ ਕਹਿਣਾ ਸ਼ਾਇਦ ਸਹੀ ਹੋਵੇਗਾ ਅਰਥਾਤ ਰੋਸ ਵਜੋਂ ਇਨਾਮ-ਸਨਮਾਨ ‘ਲੌਟਾਉਣ’ ਦਾ ਪ੍ਰਪੰਚ! ਪਰ ਪੰਜਾਬੀ ਗਲਪ ਸਾਹਿਤ ਸੇਵਾ ਦੇ ਆਦਰਸ਼ ਨੂੰ ਲੈ ਕੇ ਤੁਰੀ ਢਾਹਾਂ ਇੰਟਰਨੈਸ਼ਨਲ ਇਨਾਮ ਸੰਸਥਾ ਨੂੰ ਦੇਸ਼ ਭਰ ਵਿਚ ਚੱਲੇ ਇਸ ਰੁਝਾਨ ਦਾ ਬੇਵਜ੍ਹਾ ਸ਼ਿਕਾਰ ਹੋਣਾ ਪਿਆ ਹੈ।
ਯੂæਕੇæ ਦਾ ਗਲਪਕਾਰ ਹਰਜੀਤ ਅਟਵਾਲ ਮੇਰੀ ਜਾਚੇ ਇਕ ਬੇਹੱਦ ਪ੍ਰਤਿਭਾਵਾਨ ਗਲਪਕਾਰ ਹੈ ਪਰ ਇਸ ਵਰ੍ਹੇ ਢਾਹਾਂ ਪੁਰਸਕਾਰ ਸੰਸਥਾ ਵਲੋਂ ਉਸ ਦੇ ਨਾਵਲ ਨੂੰ ਪਹਿਲਾ ਇਨਾਮ ਨਾ ਦੇ ਕੇ ਦੂਜਾ ਹੀ ਦਿੱਤਾ ਗਿਆ ਤਾਂ ਉਸ ਵਿਚ ‘ਲੌਟਾਕਰੇਸੀ’ ਦੇ ਵਲਵਲੇ ਜਾਗ ਪਏ। ਉਸ ਨੇ ਮਿਲਿਆ ਦੂਜਾ ਇਨਾਮ ਰੋਸ ਵਜੋਂ ਇਹ ਕਹਿ ਕੇ ‘ਲੌਟਾ’ ਦਿੱਤਾ ਕਿ ਮੁਕਾਬਲੇ ਦਾ ਨਾਵਲ ਅਖਬਾਰਾਂ ਦੀਆਂ ਕਾਤਰਾਂ ‘ਤੇ ਆਧਾਰਤ ਹੋਣ ਕਾਰਨ ਕਮਜ਼ੋਰ ਰਚਨਾ ਹੈ।æææ ‘ਲੋਟਾਕਰੇਸੀ’ ਅਤੇ ‘ਲੌਟਾਕਰੇਸੀ’ ਦੋ ਵਿਰੋਧੀ ਰੁਝਾਨ ਹਨ: ਇਕ ਵਿਚ ਲੋਭ ਦਾ ਆਦਰਸ਼ ਹੈ ਤੇ ਦੂਜੇ ਵਿਚ ਤਿਆਗ ਦਾ; ਇਕ ਸੱਤਾ ਹੜੱਪਣ ਵੱਲ ਰੁਚਿਤ ਹੈ ਤੇ ਦੂਜਾ ਇਸ ਨੂੰ ਹਿਲਾਉਣ ਵੱਲ।
ਲੋਟਾਕਰੇਸੀ ਦੀ ਇਸ ਚਰਚਾ ਵਿਚ ਵਿਚਾਰਾ ਲੋਟਾ ਸ਼ਬਦ ਤਾਂ ਰਹਿ ਹੀ ਗਿਆ। ਚਲੋ ਫਿਰ ਸਹੀ।