ਡਾæ ਗੁਰਸ਼ਰਨਜੀਤ ਸਿੰਘ
ਪਦਾਰਥਕ ਅਤੇ ਬੌਧਿਕ ਵਿਕਾਸ ਨਿਰੰਤਰ ਜਾਰੀ ਰਹਿਣ ਵਾਲੀ ਪ੍ਰਕ੍ਰਿਆ ਹੈ। ਆਧੁਨਿਕ ਯੁਗ ਨੂੰ ਵਿਗਿਆਨਕ ਲਭਤਾ ਤੋਂ ਇਲਾਵਾ ਕਾਰਲ ਮਾਰਕਸ, ਫਰਾਇਡ, ਆਇਨ-ਸਟਾਇਨ, ਥਾਮਸ ਮੋਰ, ਮਾਰਟਿਨ ਲੂਥਰ ਆਦਿ ਵਲੋਂ ਬੌਧਿਕ ਵਿਕਾਸ ਦੇ ਖੇਤਰ ਵਿਚ ਪਾਏ ਪੂਰਨਿਆਂ ਬਾਰੇ ਭਾਵੇਂ ਕੌਮਾਂਤਰੀ ਪੱਧਰ ਉਤੇ ਚਰਚਾ ਹੋਈ ਹੈ ਪਰ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦਾ ਜਨਮ ਮਧ ਯੁਗ ਦੇ ਅੰਤਲੇ ਸਾਲਾਂ ਵਿਚ ਮੰਨਿਆ ਜਾ ਸਕਦਾ ਹੈ, ਵਲੋਂ ਆਧੁਨਿਕ ਯੁਗ ਦੀ ਸਿਰਜਣਾ ਲਈ ਪਾਏ ਯੋਗਦਾਨ ਤੋਂ ਅਜੇ ਦੁਨੀਆਂ ਜਾਣੂੰ ਨਹੀਂ। ਇਹ ਲੇਖ ਇਸ ਪਾਸੇ ਧਿਆਨ ਦਿਵਾਉਣ ਦਾ ਇਕ ਨਿਮਾਣਾ ਜਿਹਾ ਯਤਨ ਹੈ।
ਆਧੁਨਿਕਤਾ ਵਿਚੋਂ ਆਧੁਨਿਕ ਬੋਧ ਜਨਮ ਲੈਂਦਾ ਹੈ। ਮੁਲਾਂ ਦੇ ਟਕਰਾਅ ਵਿਚੋਂ ਨਵੀਂਆਂ ਕੀਮਤਾਂ ਨੂੰ ਲਭਣ ਅਤੇ ਪੁਰਾਣੀਆਂ ਰੂੜ੍ਹੀਆਂ ਨੂੰ ਤਿਆਗਣ ਦੀ ਪ੍ਰਕ੍ਰਿਆ ਆਧੁਨਿਕ ਬੋਧ ਨੂੰ ਜਨਮ ਦਿੰਦੀ ਹੈ। ਗੁਰੂ ਨਾਨਕ ਸਾਹਿਬ ਨੇ ਭਾਰਤ ਵਿਚ ਸਥਾਪਤ ਕਦਰਾਂ-ਕੀਮਤਾਂ ਵਿਚੋਂ ਬਹੁਤ ਸਾਰੀਆਂ ਨੂੰ ਰਦ ਕੀਤਾ। ਬਹੁ-ਦੇਵਵਾਦ, ਮੂਰਤੀ ਪੂਜਾ, ਜਾਤ-ਪਾਤ, ਮਾਇਆਵਾਦ ਦੀ ਥਾਂ ਇਕ ਈਸ਼ਵਰਵਾਦ ਤੇ ਭਰਾਤਰੀਵਾਦ ਦੀ ਸਥਾਪਨਾ ਕੀਤੀ। ਗੁਰੂ ਨਾਨਕ ਸਾਹਿਬ ਭਾਰਤੀ ਧਾਰਮਿਕ ਮਤਾਂ ਵਲੋਂ ਸਥਾਪਿਤ ਕੀਮਤਾਂ ਦੇ ਉਸ ਤਰ੍ਹਾਂ ਪ੍ਰਸੰæਸਕ ਨਹੀਂ, ਜਿਵੇਂ 19ਵੀਂ ਤੇ 20ਵੀਂ ਸਦੀ ਦੇ ਕੁਝ ਪ੍ਰਸਿਧ ਚਿੰਤਕ ਵਿਵੇਕਾਨੰਦ, ਅਰਬਿੰਦ ਤੇ ਡਾæ ਰਾਧਾ ਕ੍ਰਿਸ਼ਨਨ ਹਨ। ਗੁਰੂ ਜੀ ਨੇ ਭਾਰਤੀ ਸਭਿਆਚਾਰ ਵਿਚੋਂ, ਜੋ ਠੀਕ ਸੀ ਅਪਨਾ ਲਿਆ, ਜੋ ਤਿਆਗਣਯੋਗ ਸੀ, ਉਹ ਤਿਆਗ ਦਿਤਾ। ਉਨ੍ਹਾਂ ਨੇ ਕੌਮੀ ਹਊਮੈ, ਜਿਸ ਨੂੰ Ḕਦੇਸ਼ ਭਗਤੀ ਜਾਂ ਇਲਾਕਾਪ੍ਰਸਤੀ’ ਕਿਹਾ ਜਾਂਦਾ ਹੈ, ਨੂੰ ਕੋਈ ਮਹਤੱਵ ਨਹੀਂ ਦਿਤਾ। ਗੁਰੂ ਜੀ ਦੀ ਵਿਸ਼ਾਲ ਦ੍ਰਿਸ਼ਟੀ ਬ੍ਰਹਿਮੰਡ ਦੇ ਕਿਨਾਰਿਆਂ ਨੂੰ ਛੂਹਣ ਵਾਲੀ ਹੈ। ਉਨ੍ਹਾਂ ਅਨੁਸਾਰ ਸਾਰਾ ਬ੍ਰਹਿਮੰਡ ਮਨੁਖ ਦਾ ਹੈ। ਇਹ ਉਹ ਨੁਕਤਾ ਹੈ, ਜਿਹੜਾ ਕੌਮਾਂਤਰੀਵਾਦ ਨੂੰ ਵਧਾਉਣ ਵਾਲਾ ਹੈ ਪਰ ਗੁਰੂ ਨਾਨਕ ਸਾਹਿਬ ਦਾ ਕੌਮਾਂਤਰੀਵਾਦ ਕੌਮਪ੍ਰਸਤੀ ਦਾ ਵਿਰੋਧੀ ਵੀ ਨਹੀਂ ਹੈ। ਹਿਤਾਂ ਦੀ ਵਿਸ਼ਾਲਤਾ ਦਾ ਇਹ ਭਾਵ ਨਹੀਂ ਕਿ ਆਪਣੀ ਕੌਮ ਦੇ ਹਿਤ ਵਿਸਾਰ ਦਿਤੇ ਜਾਣ।
ਗੁਰੂ ਨਾਨਕ ਸਾਹਿਬ ਨੇ ਵਹਿਮਾਂ-ਭਰਮਾਂ ਤੇ ਰੂੜ੍ਹੀਆਂ ਤੋ ਇਲਾਵਾ ਕਰਮ-ਕਾਂਡਾਂ ਤੇ ਭੇਖਾ ਦਾ ਖੰਡਨ ਕੀਤਾ। ਇਹ ਸਭ ਕਦਰਾਂ-ਕੀਮਤਾਂ ਸਿੱਖਾਂ ਨੇ ਅਪਨਾ ਲਈਆਂ ਹਨ। ਸੰਗਤ ਤੇ ਪੰਗਤ ਦੀ ਪਰੰਪਰਾ ਨੇ ਮਨੁਖੀ ਬਰਾਬਰੀ, ਭਾਈਚਾਰਾ ਤੇ ਮਾਨਵਵਾਦੀ ਕੀਮਤਾਂ ਦੀ ਸਥਾਪਨਾ ਕੀਤੀ ਹੈ। ਇਸ ਪਰੰਪਰਾ ਦੀ ਨੀਂਹ ਵੀ ਗੁਰੂ ਨਾਨਕ ਸਾਹਿਬ ਨੇ ਹੀ ਰਖੀ ਸੀ। ਸੰਗਤ ਤੇ ਪੰਗਤ ਵਿਚ ਹਰ ਵਿਅਕਤੀ ਬਿਨਾ ਕਿਸੇ ਵਿਤਕਰੇ ਤੋਂ ਸ਼ਾਮਿਲ ਹੋ ਸਕਦਾ ਹੈ। ਇਉਂ ਇਸ ਪਰੰਪਰਾ ਨੇ ਜ਼ਾਤੀ ਹਊਮੈ ਨੂੰ ਸਟ ਮਾਰੀ ਤੇ ਮਨੁਖੀ ਏਕਤਾ ਨੂੰ ਬੜ੍ਹਾਵਾ ਦਿਤਾ।
ਇਕ ਹੋਰ ਮੁਲ, ਜੋ ਭਾਰਤਵਾਸੀਆਂ ਨੂੰ ਗੁਰਮਤਿ ਨੇ ਦਿਤਾ, ਉਹ ਸੀ ਨਿਰਭੈਤਾ ਦਾ। ਜ਼ੁਲਮ ਅਤੇ ਦਬਾਅ ਵਿਰੁਧ ਸੰਘਰਸ਼ ਕਰਨਾ ਸਿੱਖ ਧਰਮ ਤੇ ਸਿੱਖ ਲਹਿਰ ਦਾ ਇਕ ਉਦੇਸ਼ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਨਿਰਭੈਤਾ ਦੇ ਸਦਗੁਣ ਨੂੰ ਧਾਰਨ ਕਰਨ ਲਈ ਤੇ ਜ਼ਾਲਮ ਰਾਜਿਆਂ ਵਿਰੁਧ ਸੰਘਰਸ਼ ਦੀ ਪ੍ਰੇਰਨਾ ਦਿੰਦਿਆਂ ਕੁਰਬਾਨੀ ਤੇ ਤਿਆਗ ਉਪਰ ਬਲ ਦਿਤਾ ਗਿਆ ਹੈ। ਸਿੱਖੀ ਨੇ ਅਹਿੰਸਾ ਨੂੰ ਆਦਰਸ਼ ਨਾ ਮੰਨਦਿਆਂ ਰਣ-ਤਤੇ ਵਿਚ ਜੂਝ ਮਰਨ ਦੀ ਜਾਚ ਸਿੱਖਾਈ। Ḕਅਹਿੰਸਾ ਪਰਮੋ ਧਰਮਾ’ ਦੇ ਸਿਧਾਂਤ ਨੇ ਭਾਰਤੀਆਂ ਨੂੰ ਨਿਰਜਿੰਦ ਕਰ ਦਿਤਾ ਸੀ। ਇਸੇ ਨਿਰਭੈਤਾ ਦੀ ਸਪਿਰਟ ਕਾਰਨ ਸਿੱਖਾਂ ਨੇ 18ਵੀਂ ਸਦੀ ਅਤੇ ਭਾਰਤੀ ਸੁਤੰਤਰਤਾ ਦੇ ਅੰਦੋਲਨ ਵਿਚ ਬੇਮਿਸਾਲ ਤੇ ਅਣਗਿਣਤ ਕੁਰਬਾਨੀਆਂ ਦਿਤੀਆਂ।
ਕਿਰਤ ਦਾ ਸਤਿਕਾਰ ਤੇ ਵਿਹਲੜਾਂ ਦਾ ਤ੍ਰਿਸਕਾਰ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਬੜੀ ਮਹਤੱਤਾ ਰਖਦਾ ਹੈ। ਗੁਰੂ ਜੀ ਨੇ ਗ੍ਰਹਿਸਥ ਅਤੇ ਕਿਰਤ ਧਾਰਨ ਕਰਨ ਦੀ ਸਿੱਖਿਆ ਦਿਤੀ ਅਤੇ ਦੂਜਿਆਂ ਦੀ ਕਮਾਈ ਨੂੰ ਲੁਟ-ਖਸੁਟ ਜਾਂ ਭੀਖ ਮੰਗ ਕੇ ਪ੍ਰਾਪਤ ਕਰਨ ਨੂੰ ਨਿੰਦਿਆਂ। ਗੁਰੂ ਜੀ ਦੀਆਂ ਨਜ਼ਰਾਂ ਵਿਚ ਵਿਹਲੜ ਬੰਦੇ ਲਈ ਕੋਈ ਸਤਿਕਾਰ ਨਹੀਂ। ਗੁਰੂ ਘਰ ਵਿਚ ਕਿਰਤੀ ਸਿਖਾਂ ਦਾ ਹਮੇਸ਼ਾ ਸਤਿਕਾਰ ਹੋਇਆ ਹੈ। ਸ੍ਰੀ ਅਰਬਿੰਦੂ ਨੇ ਲਿਖਿਆ ਹੈ ਕਿ ਭਾਰਤ ਵਿਚ ਦਰਸ਼ਨ ਦਾ ਵਧੇਰੇ ਵਿਕਾਸ ਹੋਣ ਕਾਰਨ ਇਥੇ 13ਵੀਂ ਸਦੀ ਤੋਂ ਬਾਅਦ ਭੋਤਿਕ ਕੀਮਤਾਂ ਦਾ ਪਤਨ ਹੋਣਾ ਸ਼ੁਰੂ ਹੋਇਆ। ਨਤੀਜ਼ਨ ਲੋਕਾਂ ਨੇ ਖੁਸ਼ਹਾਲੀ ਵਲੋਂ ਮੂੰਹ ਮੋੜ ਕੇ ਸੰਨਿਆਸ ਧਾਰਨ ਕਰਕੇ, ਘਰ-ਬਾਰ ਤਿਆਗ ਕੇ ਜੰਗਲਾਂ-ਪਹਾੜਾਂ ਵਲ ਚਾਲੇ ਪਾ ਦਿਤੇ। ਇਸ ਸੋਚ ਵਿਚ ਸ਼ੰਕਰ ਦੇ ਅਦਵੈਤਵਾਦ ਤੇ ਬੁਧ ਦੇ ਸ਼ੁੰਨਵਾਦ ਦਾ ਬਹੁਤ ਯੋਗਦਾਨ ਸੀ। ਇਸ ਸੋਚ ਬਾਰੇ ਮੈਲਕਾਮ ਡਾਰਲਿੰਗ ਲਿਖਦਾ ਹੈ :
“ਭਾਰਤੀ ਧਰਮ ਮਨੁਖ ਨੂੰ ਮੋਹ ਮਾਇਆ ਦੇ ਤਿਆਗ ਦੀ ਤੇ ਹਿੰਦੂ ਧਰਮ ਤਾਂ ਸਾਰੇ ਸੰਸਾਰ ਨੂੰ ਹੀ ਮਾਇਆ ਸਮਝਣ ਦੀ ਸਿੱਖਿਆ ਦਿੰਦੇ ਰਹੇ ਹਨ। ਸ੍ਰੀ ਰਾਬਿੰਦਰ ਨਾਥ ਟੈਗੋਰ ਅਨੁਸਾਰ ਭਾਰਤੀ ਸਭਿਅਤਾ ਅਸੀਮ ਦੇ ਸੰਕਲਪ ਨਾਲ ਬਝੀ ਰਹੀ, ਜਦ ਕਿ ਪ੍ਰਗਤੀ ਦਾ ਸੰਕਲਪ ਮਨੁਖ ਨੂੰ ਪਦਾਰਥਕ ਵਸਤਾਂ ਦਾ ਵਧ ਤੋਂ ਵਧ ਉਤਪਾਦਨ ਕਰਨ ਦੀ ਪ੍ਰੇਰਨਾ ਦਿੰਦਾ ਹੈ, ਤਾਂ ਜੋ ਉਹ ਆਪਣੀਆਂ ਸੁਖ ਸੁਵਿਧਾਵਾਂ ਵਿਚ ਵਾਧਾ ਕਰ ਸਕੇ।”
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦੇ ਨਤੀਜੇ ਵਜੋਂ ਸੰਨਿਆਸਵਾਦ ਨੂੰ ਠਲ੍ਹ ਪਈ ਤੇ ਲੋਕ ਕਿਰਤ ਵਲ ਵਿਸ਼ੇਸ਼ ਤਵਜੋ ਦੇਣ ਲਗੇ। ਇਸ ਦਾ ਪ੍ਰਤਖ ਸਿਟਾ ਇਹ ਸੀ ਕਿ ਸ਼ਹਿਰੀ-ਕਰਣ ਕੀਤਾ ਗਿਆ ਤੇ ਸਿੱਖ ਗੁਰੂਆਂ ਨੇ ਕਈ ਨਵੇਂ ਸ਼ਹਿਰ ਵਸਾ ਕੇ ਉਦਯੋਗ ਆਦਿ ਨੂੰ ਵਧਾਉਣ ਲਈ ਉਪਰਾਲੇ ਕੀਤੇ। ਅਜ ਦੇਸ਼ ਭਰ ਵਿਚੋਂ ਪੰਜਾਬੀ ਸਭ ਤੋਂ ਵਧੇਰੇ ਖੁਸ਼ਹਾਲ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਨੇ ਪੰਜਾਬ ਵਿਚ ਹਰਾ ਇਨਕਲਾਬ ਲਿਆਉਣ ਪਿਛੋਂ ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ਦੀਆਂ ਨਾ-ਵਾਹੁਣਯੋਗ ਜ਼ਮੀਨਾਂ ਨੂੰ ਆਪਣੀ ਮਿਹਨਤ ਸਦਕਾ ਹਰਾ-ਭਰਾ ਕਰਕੇ ਦੇਸ਼ ਦੇ ਖਜ਼ਾਨੇ ਵਿਚ ਵਾਧਾ ਵੀ ਕੀਤਾ ਹੈ ਤੇ ਦੇਸ਼ ਨੂੰ ਆਤਮ-ਨਿਰਭਰ ਕਰਨ ਦੀ ਲਹਿਰ ਵਿਚ ਸਭ ਤੋਂ ਵਧ ਹਿਸਾ ਪਾਇਆ ਹੈ।
ਇਕ ਹੋਰ ਅਹਿਮ ਤਬਦੀਲੀ, ਜੋ ਸਿੱਖ ਸਮਾਜ ਨੇ ਲਿਆਂਦੀ, ਉਹ ਸੀ-ਇਸਤਰੀ ਦਾ ਮਾਣ ਤੇ ਸਨਮਾਨ। ਗੁਰੂ ਨਾਨਕ ਸਾਹਿਬ ਦੀ ਬਾਣੀ ਸਿੱਖਾਂ ਨੂੰ ਇਸਤਰੀ ਦਾ ਸਤਿਕਾਰ ਕਰਨ ਦਾ ਆਦੇਸ਼ ਦਿੰਦੀ ਹੈ। ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਮਾਈ ਭਾਗੋ, ਰਾਣੀ ਜਿੰਦਾ ਨੇ ਆਪਣਾ ਵਿਸ਼ੇਸ਼ ਸਥਾਨ ਬਣਾ ਰਖਿਆ ਹੈ। 18ਵੀਂ ਸਦੀ ਵਿਚ ਸਿੱਖ ਬੀਬੀਆਂ ਨੇ ਜਿਸ ਦ੍ਰਿੜ੍ਹਤਾ, ਸੂਰਬੀਰਤਾ ਤੇ ਕੁਰਬਾਨੀ ਦੀਆਂ ਮਿਸਾਲਾਂ ਪੇਸ਼ ਕੀਤੀਆਂ, ਉਹ ਸੰਸਾਰ ਵਿਚ ਕਿਧਰੇ ਨਹੀਂ ਮਿਲਦੀਆਂ। ਇਨ੍ਹਾਂ ਬੀਬੀਆਂ ਨੇ ਇਸਤਰੀਤਵ ਦੇ ਜਿਸ ਸਿਖਰ ਨੂੰ ਪ੍ਰਾਪਤ ਕੀਤਾ, ਉਸ ਉਪਰ ਇਸਤਰੀ ਸਮਾਜ ਮਾਣ ਕਰ ਸਕਦਾ ਹੈ। ਪਰਦਾ ਪ੍ਰਥਾ ਤੇ ਸਤੀ ਪ੍ਰਥਾ ਨੂੰ ਸਿੱਖਾਂ ਵਿਚੋਂ ਪੂਰੀ ਤਰ੍ਹਾਂ ਵਖ ਕਰ ਦਿਤਾ ਗਿਆ ਹੈ। ਅੰਤਰਜਾਤੀ ਤੇ ਵਿਧਵਾ ਵਿਆਹ ਨੂੰ ਧਾਰਮਿਕ ਪ੍ਰਵਾਨਗੀ ਹਾਸਲ ਹੈ। ਗੁਰੂ ਨਾਨਕ ਸਾਹਿਬ ਦੀ ਕਲਿਆਣਕਾਰੀ ਸਿੱਖਿਆ ਕਾਰਨ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜ਼ੀਰਾਂ ਵਿਚ ਜਕੜੀ ਇਸਤਰੀ ਵਿਚ ਸਵੈ-ਵਿਸ਼ਵਾਸ ਤੇ ਉਸਾਰੂ ਕੰਮ ਕਰਨ ਦੀ ਚਾਹ ਪੈਦਾ ਹੋ ਗਈ। ਸਿੱਖ ਬੀਬੀਆਂ ਨੇ ਧਾਰਮਿਕ ਤੇ ਰਾਜਨੀਤਕ ਜ਼ਿੰਮੇਵਾਰੀ ਨੂੰ ਪੂਰੀ ਯੋਗਤਾ ਅਤੇ ਸਮਰਥਾ ਨਾਲ ਨਿਭਾਇਆ।
ਸ੍ਰੀ ਅਰਬਿੰਦੂ ਦਾ ਕਥਨ ਹੈ, “ਸਿਖਾਂ ਦਾ ਖਾਲਸਾ ਸੰਪਰਦਾਇ ਇਕ ਅਜਿਹੀ ਰਚਨਾ ਸੀ ਜੋ ਹੈਰਾਨੀਜਨਕ ਰੂਪ ਵਿਚ ਮੌਲਿਕ ਅਤੇ ਅਨੂਠੀ ਸੀ ਅਤੇ ਉਸ ਦੀ ਦ੍ਰਿਸ਼ਟੀ ਭੂਤ ਨਹੀਂ, ਭਵਿਖ ਉਪਰ ਲਗੀ ਹੋਈ ਸੀ।” ਭਾਰਤੀ ਸਭਿਆਚਾਰ ਅਤੀਤਮੁਖੀ ਹੈ। ਭਾਰਤੀ ਲੋਕ ਆਪਣੇ ਬੀਤੇ ਉਪਰ ਮਾਣ ਕਰਨ ਵਾਲੇ ਹਨ। ਸਦੀਆਂ ਪਹਿਲਾਂ ਗੁਜ਼ਰ ਚੁਕੇ ਸਮੇਂ ਦੀ ਪ੍ਰਸੰæਸਾ ਕਰਦੇ ਭਾਰਤੀ ਬਹੁਤ ਖੁਸ਼ ਹੁੰਦੇ ਹਨ। ਭਾਰਤੀ ਲੋਕ ਆਪਣੇ ਵਰਤਮਾਨ ਤੇ ਭਵਿਖ ਬਾਰੇ ਘਟ ਸੋਚਦੇ ਹਨ। ਇਸ ਤੋਂ ਉਲਟ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਿਕਾਸਮੁਖੀ ਹੋਣ ਦੇ ਨਾਲ ਇਨਕਲਾਬੀ ਵੀ ਸੀ।
ਗੁਰੂ ਨਾਨਕ ਸਾਹਿਬ ਦੀ ਸਮੁਚੀ ਬਾਣੀ ਵਿਚ ਕਿਧਰੇ ਵੀ ਭੂਤ ਦੀ ਪ੍ਰਸੰæਸਾ ਪ੍ਰਾਪਤ ਨਹੀਂ ਹੁੰਦੀ; ਸਗੋਂ ਸਮਾਜ ਨੂੰ ਸੁਖੀ ਤੇ ਖੁਸਹਾਲ ਬਣਾਉਣ ਦੀ ਚਾਹ ਨਜ਼ਰ ਆਉਂਦੀ ਹੈ। ਮਨੁਖ ਦੇ ਸਦਾਚਾਰ ਤੇ ਨੈਤਿਕਤਾ ਉਪਰ ਬਲ ਦਿਤਾ ਹੈ, ਤਾਂ ਜੋ ਚੰਗਾ ਸਮਾਜ ਬਣ ਸਕੇ। ਉਹ ਗੁਰਮੁਖਾਂ ਦੀ ਜਥੇਬੰਦੀ Ḕਸੰਗਤ’ ਬਣਾਉਣ ਦੇ ਮੁਦਈ ਸਨ। ਉਨ੍ਹਾਂ ਦੀ ਵਿਚਾਰਧਾਰਾ ਪ੍ਰਗਤੀਵਾਦੀ ਹੈ। ਗੁਰੂ ਜੀ ਨੇ ਸਮਾਜ ਅਤੇ ਸਭਿਆਚਾਰ ਵਿਚ ਮਨੁਖੀ ਕਦਰਾਂ-ਕੀਮਤਾਂ ਦਾ ਨਹੀਂ, ਚੇਤਨਾ ਦਾ ਸੰਚਾਰ ਕੀਤਾ। ਗੁਰੂ ਨਾਨਕ ਸਾਹਿਬ ਨੇ ਆਪਣੇ ਤੋਂ ਪਹਿਲਾਂ ਦੇ ਅਤੇ ਸਮਕਾਲੀ ਭਗਤਾਂ ਜਾਂ ਸੰਤਾਂ ਨਾਲੋਂ ਵਧੇਰੇ ਚੇਤੱਨ ਰੂਪ ਵਿਚ ਸਭਿਆਚਾਰਕ ਕ੍ਰਾਂਤੀ ਲਿਆਉਣ ਦਾ ਯਤਨ ਕੀਤਾ।
ਭਾਰਤੀ ਲੋਕਾਂ ਵਿਚ ਭਾਵਨਾਤਮਕ ਏਕਤਾ ਨੂੰ ਪਕਿਆਂ ਕਰਨ ਲਈ ਗੁਰੂ ਜੀ ਨੇ ਆਪਣੀ ਬਾਣੀ ਦੇ ਸੰਚਾਰ ਲਈ ਸੰਗੀਤ ਨੂੰ ਮਾਧਿਅਮ ਬਣਾ ਕੇ ਭਾਰਤ ਦੇ ਵਖ-ਵਖ ਸੰਗੀਤ ਪ੍ਰਬੰਧਾਂ ਦੀ ਵਰਤੋਂ ਕੀਤੀ। ਇਸ ਬਾਰੇ ਸਿਰਦਾਰ ਕਪੂਰ ਸਿੰਘ ਲਿਖਦੇ ਹਨ:
“ਇਹ ਸਪਸ਼ਟ ਹੈ ਕਿ ਆਪਣੀ ਦਖਣ ਦੀ ਉਦਾਸੀ ਸਮੇਂ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਦਖਣੀ ਭਾਰਤ ਦੇ ਸੰਗੀਤ ਤੇ ਉਥੋਂ ਦੇ ਮੰਦਰਾਂ ਦੀ ਭਵਨ ਨਿਰਮਾਣ ਕਲਾ ਨੇ ਪ੍ਰਭਾਵਿਤ ਕੀਤਾ ਸੀ ਅਤੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਰਾਹੀਂ ਬਾਣੀ ਵਿਚ ਵਰਤੇ ਗਏ ਕਈ ਰਾਗ ਅਤੇ ਰਾਗਣੀਆਂ ਪਹਿਲੀ ਵੇਰ ਉਤਰੀ ਭਾਰਤ ਵਿਚ ਦਿਖਾਈ ਦਿਤੇ।”
ਗੁਰੂ ਜੀ ਨੇ ਸੰਗੀਤ ਤੇ ਸਾਹਿਤ ਨੂੰ ਸਮਾਜਿਕ ਕਾਰਜ ਲਈ ਵਰਤਿਆ। ਉਨ੍ਹਾਂ ਨੇ ਇਸ ਮਾਧਿਅਮ ਰਾਹੀਂ ਸਮੇਂ ਦੀ ਬੇਅਸਰ ਰਾਜ-ਵਿਵਸਥਾ ਨੂੰ ਭੰਡਿਆ, ਜ਼ਾਲਮਾਂ ਦੀ ਨਿਖੇਧੀ ਕੀਤੀ ਤੇ ਗਰੀਬਾਂ, ਮਜ਼ਲੂਮਾਂ ਦਾ ਪਖ ਪੂਰਿਆ। ਗੁਰੂ ਨਾਨਕ ਸਾਹਿਬ ਨੇ ਪ੍ਰਚਲਿਤ ਹਰਮਨ ਪਿਆਰੇ ਕਾਵਿ-ਰੂਪ ਦੇ ਮਾਧਿਅਮ ਰਾਹੀਂ ਆਪਣਾ ਉਪਦੇਸ਼ ਦੇ ਕੇ ਪਰੰਪਰਾਵਾਦੀ ਕਾਵਿ ਪ੍ਰਤੀ ਆਪਣੀ ਚੇਤਨਤਾ ਦਾ ਪ੍ਰਗਟਾਵਾ ਕੀਤਾ।
ਗੁਰਮਤਿ ਨੇ ਹਿੰਦੂ ਮਤ ਦੇ ਸਮਾਜਿਕ ਆਧਾਰ Ḕਜਾਤ-ਪਾਤ’ ਉਪਰ ਕਰਾਰੀ ਸਟ ਮਾਰੀ। ਗੁਰੂ ਨਾਨਕ ਸਾਹਿਬ ਦੀ ਬਾਣੀ ਮਨੁਖ ਦੀ ਨਵੀਂ ਘਾੜਤ ਘੜਨ ਲਈ ਯਤਨਸ਼ੀਲ ਹੈ। ਮਨੁਖੀ ਅਧਿਕਾਰਾਂ ਦੇ ਮੁਦੇ ਨੂੰ ਪਹਿਲੀ ਵੇਰ ਗੁਰੂ ਨਾਨਕ ਸਾਹਿਬ ਨੇ ਧਾਰਮਿਕ ਪ੍ਰਵਾਨਗੀ ਦਿਤੀ। ਗੁਰਮਤਿ ਸਭ ਮਨੁਖਾਂ ਨੂੰ ਬਰਾਬਰੀ ਤੇ ਸੁਤੰਤਰਤਾ ਦਾ ਮੈਨੀਫੈਸਟੋ ਹੈ। ਜਾਤ-ਪਾਤ, ਲਿੰਗ, ਨਸਲ, ਦੇਸ਼, ਧਰਮ ਆਦਿ ਕਾਰਨਾਂ ਕਰਕੇ ਹੁੰਦੇ ਵਿਤਕਰੇ ਦੂਰ ਕਰਨ ਦਾ ਸੰਦੇਸ਼ ਦਿੰਦੀ ਹੈ, ਗੁਰੂ ਨਾਨਕ ਸਾਹਿਬ ਦੀ ਬਾਣੀ। ਗੁਰੂ ਜੀ ਦੇ ਇਨ੍ਹਾਂ ਵਿਚਾਰਾਂ ਕਾਰਨ ਉਸ ਸਮੇਂ ਨੀਵੀਆਂ ਜਾਤਾਂ ਦੇ ਲੋਕ, ਕਿਰਤੀ ਲੋਕ ਅਤੇ ਸ਼ੋਸ਼ਿਤ ਵਰਗ ਬੜੀ ਤੇਜ਼ੀ ਨਾਲ ਸਿੱਖ ਸਜੇ। ਡਾæ ਰਾਧਾ ਕ੍ਰਿਸ਼ਨਨ ਲਿਖਦੇ ਹਨ :
“ਨਾਨਕ ਨੇ ਸਵੈ-ਅਭਿਮਾਨੀ ਨਰ-ਨਾਰੀਆਂ, ਜਿਨ੍ਹਾਂ ਵਿਚ ਆਪਣੇ ਨੇਤਾਵਾਂ ਪ੍ਰਤੀ ਸ਼ਰਧਾ ਹੋਵੇ ਅਤੇ ਜੋ ਸਭ ਨਾਲ ਬਰਾਬਰੀ ਅਤੇ ਭਾਈਚਾਰੇ ਵਾਲਾ ਵਿਵਹਾਰ ਕਰ ਸਕਦੇ ਹੋਣ, ਦਾ ਇਕ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ।”
ਆਧੁਨਿਕ ਬੋਧ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਸੇਧ ਵੀ ਦਿਤੀ ਕਿ ਰਾਜ ਨੂੰ ਧਰਮ-ਨਿਰਪਖ ਰਹਿਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਧਰਮਪੱਖੀ ਹਨ, ਪਰ ਉਨ੍ਹਾਂ ਲਈ ਧਰਮ ਦਾ ਭਾਵ ਸੰਪਰਦਾਏ ਵਾਲਾ ਨਾ ਹੋ ਕੇ ਸਚਿਆਰ ਹੋਣ ਦੀ ਕ੍ਰਿਆ ਹੈ। ਕਿਸੇ ਦੇਸ਼ ਵਿਚ ਇਕ ਸੰਪਰਦਾਏ ਦੇ ਅਨੁਯਾਈ ਬਹੁ-ਗਿਣਤੀ ਵਿਚ ਹੋ ਸਕਦੇ ਹਨ ਅਤੇ ਦੂਜੇ ਸੰਪਰਦਾਏ ਦੇ ਅਨੁਯਾਈ ਘਟ-ਗਿਣਤੀ ਵਿਚ ਹੋ ਸਕਦੇ ਹਨ, ਪਰ ਰਾਜ ਨੂੰ ਨਿਰਪਖ ਰਹਿੰਦਿਆਂ ਸਭ ਨਾਗਰਿਕਾਂ ਨੂੰ ਵਿਕਾਸ ਕਰਨ ਦੇ ਸਮਾਨ ਅਧਿਕਾਰ ਜਾਂ ਮੌਕੇ ਦੇਣੇ ਚਾਹੀਦੇ ਹਨ। ਗੁਰੂ ਜੀ ਮਜ਼ਹਬ ਦੇ ਆਧਾਰ ਉਤੇ ਕੁਝ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਤੇ ਕੁਝ ਨੂੰ ਅਧਿਕਾਰਾਂ ਤੋਂ ਵਾਂਝੇ ਕਰਨ ਦੇ ਵਿਰੋਧੀ ਸਨ। ਗੁਰੂ ਜੀ ਦੀਆਂ ਤਤਕਾਲੀ ਰਾਜ ਨਾਲ ਸਬੰਧਤ ਟਿਪਣੀਆਂ ਇਹ ਮਾਰਗ ਦਰਸ਼ਨ ਦਿੰਦੀਆਂ ਹਨ ਕਿ ਰਾਜ ਸੰਪ੍ਰਦਾਇਕਤਾ (ਫਿਰਕਾਪ੍ਰਸਤੀ) ਤੋਂ ਉਪਰ ਰਹੇ। ਗੁਰੂ ਜੀ ਨੇ ਆਪਣੇ ਸਮੇਂ ਵਿਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕ-ਦੂਜੇ ਦੇ ਨੇੜੇ ਕਰਨ ਲਈ ਪੂਰਾ ਯਤਨ ਹੀ ਨਹੀਂ ਕੀਤਾ, ਸਗੋਂ ਸਫਲਤਾ ਵੀ ਪ੍ਰਾਪਤ ਕੀਤੀ। ਭਾਵੇਂ ਕਿ ਮੁਗਲ ਬਾਦਸ਼ਾਹ ਅਕਬਰ ਨੇ ਵੀ ਬਾਅਦ ਵਿਚ ਇਹ ਯਤਨ Ḕਦੀਨ-ਏ-ਇਲਾਹੀ’ ਨਾਂ ਦਾ ਧਰਮ ਚਲਾ ਕੇ ਕੀਤਾ ਸੀ, ਪਰ ਉਹ ਅਸਫਲ ਰਿਹਾ। ਵੀæਏæ ਸਮਿਥ ਵਰਗੇ ਇਤਿਹਾਸਕਾਰ ਦਾ ਮਤ ਹੈ ਕਿ ਅਕਬਰ ਦੀ ਇਹ ਸਾਰੀ ਯੋਜਨਾ ਇਕ ਹਾਸੋ-ਹੀਣੇ ਫੋਕੇ ਅਭਿਮਾਨ ਅਤੇ ਬੇਰੋਕ ਆਪਹੁਦਰੇਪਣ ਦੀ ਇਕ ਅਨੋਖੀ ਉਪਜ ਦਾ ਨਤੀਜਾ ਹੈ। ਉਸ ਦੇ ਧਰਮ ਨੂੰ ਲੋਕਾਂ ਨੇ ਕੋਈ ਮਾਨਤਾ ਨਹੀਂ ਦਿਤੀ ਜਦੋਂ ਕਿ ਗੁਰੂ ਨਾਨਕ ਸਾਹਿਬ ਦੇ ਮਤ ਨੂੰ ਵਡੀ ਗਿਣਤੀ ਵਿਚ ਲੋਕਾਂ ਨੇ, ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਵੀ ਸਨ, ਅਪਨਾਇਆ।
ਗੁਰਮਤਿ ਨੇ Ḕਸਾਝ ਕਰੀਜੈ ਗੁਣਹ ਕੇਰੀ’ ਅਨੁਸਾਰ ਅਨਮਤਾਂ ਦੇ ਮਹਾਂਪੁਰਸ਼ਾਂ ਨੂੰ ਵੀ ਸਤਿਕਾਰ ਦਿਤਾ। ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਸੰਪਾਦਨ ਕਰਦਿਆਂ ਭਗਤਾਂ ਤੇ ਹੋਰ ਸੰਤਾਂ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਨ ਦਿਤਾ। ਸਾਈਂ ਮੀਆਂ ਮੀਰ ਪਾਸੋਂ ਹਰਿਮੰਦਰ ਦੀ ਨੀਂਹ ਰਖਵਾਈ। ਇਥੋਂ ਤਕ ਕਿ ਗੁਰੂ ਤੇਗ ਬਹਾਦਰ ਜੀ ਨੇ ਦੂਜੇ ਧਾਰਮਿਕ ਮਤ ਲਈ ਕੁਰਬਾਨੀ ਦਿਤੀ। ਇਸ ਸ਼ਹੀਦੀ ਦਾ ਮਨੋਰਥ ਧਾਰਮਿਕ ਆਜ਼ਾਦੀ ਨੂੰ ਬੜ੍ਹਾਵਾ ਦੇਣਾ ਸੀ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਅਜੋਕੇ ਸਿੱਖ ਵੀ ਫਿਰਕਾਪ੍ਰਸਤ ਨਹੀਂ। ਉਨ੍ਹਾਂ ਗਿਲੇ-ਸ਼ਿਕਵਿਆਂ ਦੇ ਬਾਵਜੂਦ ਕਦੇ ਫਿਰਕੂ ਦੰਗੇ ਨਹੀਂ ਕੀਤੇ। ਉਹ ਦੂਜੇ ਧਰਮਾਂ ਦੇ ਲੋਕਾਂ ਨਾਲ ਘਿਓ-ਖਿਚੜੀ ਹਨ। ਸਿੱਖ ਇਤਿਹਾਸ (16ਵੀਂ ਸਦੀ ਤੋਂ 18ਵੀਂ ਸਦੀ) ਯੁਧਾਂ ਦਾ ਇਤਿਹਾਸ ਹੈ, ਪਰ ਇਹ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦਾ ਕੋਈ ਵੀ ਯੁਧ ਕਿਸੇ ਫਿਰਕੇ ਵਿਰੁਧ ਲਾਮਬੰਦ ਨਹੀਂ ਹੋਇਆ। ਜਾਹਰ ਹੈ, ਜਿਨ੍ਹਾਂ ਕਦਰਾਂ-ਕੀਮਤਾਂ ਨੂੰ ਆਧੁਨਿਕ ਬੋਧ ਦਾ ਆਧਾਰ ਮੰਨਿਆ ਜਾਂਦਾ ਹੈ, ਉਨ੍ਹਾਂ ਦਾ ਵਿਕਾਸ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਬਹੁਤ ਸਾਰੀਆਂ ਮੌਲਿਕ ਕਦਰਾਂ-ਕੀਮਤਾਂ ਦਿਤੀਆਂ, ਜਿਨ੍ਹਾਂ ਦੀ ਅਜੋਕੇ ਯੁਗ ਨੂੰ ਬਹੁਤ ਲੋੜ ਹੈ। ਇਉਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਆਧੁਨਿਕ ਬੋਧ ਦੇ ਪਿਤਾਮਾ ਸਨ।