ਕੀ ਅਮਰੀਕਨ ਸਿੱਖਾਂ ਨੂੰ ਇਕ ਸਾਂਝੀ ਕੌਮੀ ਕਮੇਟੀ ਦੀ ਲੋੜ ਹੈ?

ਸੰਪੂਰਨ ਸਿੰਘ, ਟੈਕਸਸ
ਫੋਨ: 281-635-7466
1699 ਦੀ ਵਿਸਾਖੀ ਉਪਰੰਤ ਸਿੱਖ ਕੌਮ ਨੇ ਕਈ ਸਦੀਆਂ ਦਾ ਪੈਂਡਾ ਤੈਅ ਕੀਤਾ ਹੈ। ਸਿੱਖ ਇਤਿਹਾਸ ਵਿਚੋਂ ਜੇ ਅਸੀਂ ਮਿਸਲਾਂ ਦਾ ਕੁਝ ਸਮਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਮਾਂ ਮਨਫੀ ਕਰ ਕੇ ਦੇਖੀਏ ਤਾਂ ਸ਼ਾਇਦ ਹੀ ਕੋਈ ਪੰਨਾ ਹੋਵੇ ਜਿਸ ‘ਤੇ ਸਾਡੇ ਲਹੂ ਦੇ ਛਿੱਟੇ ਨਜ਼ਰ ਨਾ ਆਉਣ। ਸ਼ਾਇਦ ਹੀ ਦੁਨੀਆਂ ਅੰਦਰ ਕਿਸੇ ਹੋਰ ਕੌਮ ਦਾ ਇਤਿਹਾਸ ਇੰਨਾ ਸੰਘਰਸ਼ਪੂਰਨ, ਲਹੂ-ਲਬਰੇਜ਼ ਹੋਵੇ।

ਇਨ੍ਹਾਂ ਸੰਘਰਸ਼ਾਂ, ਕਤਲੋਗਾਰਤ, ਘੱਲੂਘਾਰਿਆਂ ਤੇ ਗੁਲਾਮੀ ਦੇ ਜ਼ੁਲਮਾਂ ਦੌਰਾਨ ਸਿੱਖ ਕੌਮ ਬਹੁਤ ਹੀ ਮੁਸ਼ਕਿਲ ਤੇ ਦੁਖਦਾਈ ਸਮੇਂ ਵਿਚੋਂ ਗੁਜ਼ਰੀ, ਪਰ ਸਿੱਖ ਕੌਮ ਨੇ ਕਦੀ ਵੀ ਆਪਣੇ ਆਪ ਨੂੰ ਕੌਮੀ ਤੌਰ ‘ਤੇ ਹਾਰੇ ਹੋਏ ਮਹਿਸੂਸ ਨਹੀਂ ਸੀ ਕੀਤਾ। ਕਾਰਨ, ਅਸੀਂ ਗੁਰੂਆਂ ਦੀ ਜੋਤ ਦੇ ਪ੍ਰਕਾਸ਼ ਰਾਹੀਂ ਆਪਣਾ ਮਾਰਗ ਦਰਸ਼ਨ ਕਰਦੇ ਰਹੇ। ਗੁਰੂ ਦੀ ਬਾਣੀ ਸਾਨੂੰ ਆਪਣੇ ਅੰਮ੍ਰਿਤ ਵਿਚ ਭਿਉਂ ਕੇ ਆਤਮਕ ਤੇ ਮਾਨਸਕ ਸ਼ਕਤੀ ਦਿੰਦੀ ਰਹੀ। ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਵਾਲੀ ਦਾਸਤਾਨ ਨੇ ਹਮੇਸ਼ਾ ਸਾਨੂੰ ਸਬਰ-ਸ਼ੁਕਰ ਤੇ ਭਾਣਾ ਮੰਨਣ ਦੇ ਸੰਕਲਪ ਨਾਲ ਜੋੜੀ ਰੱਖਿਆ।
ਗੁਰੂ ਤੇਗ ਬਹਾਦਰ ਜੀ ਦੇ ਬਚਨ “ਭੈ ਕਾਹੂ ਕੋ ਦੇਤਿ ਨਹਿ ਨਹਿ ਭੈ ਮਾਨਤ ਆਨ” ਅਤੇ ਉਨ੍ਹਾਂ ਦੀ ਸ਼ਹਾਦਤ ਨਾਲ ਜੁੜਿਆ ਸੰਕਲਪ ਫਰਾਂਸਿਸੀ ਲੇਖਕ, ਦਾਰਸ਼ਨਿਕ-ਇਤਿਹਾਸਕਾਰ, ਮਨੁਖੀ ਧਰਮ ਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਮਜਬੂਤ ਪਹਿਰੇਦਾਰ ਦੇ ਕਥਨ, “ੀ ਮਅੇ ਨੋਟ ਅਗਰee ੱਟਿਹ ੱਹਅਟ ੁ ਹਅਵe ਟੋ ਸਅੇ, ਬੁਟ ੀ ੱਲਿਲ ਦeਾeਨਦ ਟੋ ਟਹe ਦeਅਟਹ ੁਰ ਰਗਿਹਟ ਟੋ ਸਅੇ” (ਅਰਥਾਤ ਮੈਂ ਤੁਹਾਡੇ ਨਾਲ ਸਹਿਮਤ ਨਾ ਵੀ ਹੋਵਾਂ ਪਰ ਮੈਂ ਤੁਹਾਡੇ ਕਹਿਣ ਦੇ ਹੱਕ ਲਈ ਮੌਤ ਤੱਕ ਲੜਾਂਗਾ)। ਸਿੱਖਾਂ ਦੇ ਚੇਤੇ ਵਿਚ ਬਣਿਆ ਰਿਹਾ ਕਿ ਕਿਸੇ ਮਜ਼ਲੂਮ ਦੀ ਪੁਕਾਰ ‘ਤੇ ਕਿਵੇਂ, ਕਦ ਤੇ ਕਿਉਂ ਮਰਨਾ ਹੈ। ਦਸ਼ਮ ਪਾਤਸ਼ਾਹ ਦੇ ਬਚਨਾਂ, “ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜਸਤ॥ ਹਲਾਲ ਅਸਤ ਬੁਰਦਨ ਬਾ ਸਮਸ਼ੀਰ ਦਸਤ॥” ਅਤੇ 200 ਸਾਲ ਤੋਂ ਵੱਧ ਸਮੇਂ ਦੇ ਗੁਰੂ ਇਤਿਹਾਸ ਦੇ ਹਰ ਮੁੱਖ ਘਟਨਾਕ੍ਰਮ ਨੂੰ ਵਿਚਾਰਦਿਆਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਆਜ਼ਾਦੀ ਨਾਲ ਰਹਿਣ ਵਾਸਤੇ ਜਾਂ ਆਜ਼ਾਦੀ ਦਾ ਮਾਹੌਲ ਬਣਿਆ ਰੱਖਣ ਲਈ ਜਦੋਂ ਸਾਰੇ ਹੀ ਤੌਰ-ਤਰੀਕੇ ਕਾਰਗਰ ਸਾਬਤ ਨਾ ਹੋਣ ਤਾਂ ਹੱਥ ਵਿਚ ਤਲਵਾਰ ਫੜਨੀ ਜਾਇਜ਼ ਹੈ। ਆਪਣੇ ਸਵੈਮਾਣ ਤੇ ਆਜ਼ਾਦੀ ਦੀ ਰਾਖੀ ਲਈ ਕਿਸ ਹੱਦ ਤੱਕ ਕੀਮਤ ਅਦਾ ਕੀਤੀ ਜਾ ਸਕਦੀ ਹੈ, ਦੀ ਜਾਚ ਗੁਰੂ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਕੇ ਸਿਖਾਈ ਕਿ ਕੋਈ ਵੀ ਕੀਮਤ ਤੁਹਾਡੇ ਸਵੈਮਾਣ ਤੇ ਆਜ਼ਾਦੀ ਤੋਂ ਵੱਡੀ ਨਹੀਂ, ਅਤੇ ਬਹੁਤ ਲੰਬਾ ਸਮਾਂ ਇਹ ਗੁਰੂ ਇਤਿਹਾਸ ਸਿੱਖਾਂ ਦਾ ਮਾਰਗ ਦਰਸ਼ਨ ਕਰਦਾ ਰਿਹਾ।
20ਵੀਂ ਸਦੀ ਦਾ ਅਖੀਰਲਾ ਅੱਧ ਤੇ 21ਵੀਂ ਸਦੀ ਦਾ ਸਮੁੱਚਾ ਸਮਾਂ ਪ੍ਰਤੱਖ ਤੌਰ ‘ਤੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਕਿੰਨੀ ਬੁਰੀ ਤਰ੍ਹਾਂ ਆਪਣੇ ਅਧਿਆਤਮਕ ਤੇ ਇਤਿਹਾਸਕ ਧੁਰੇ ਤੋਂ ਟੁੱਟ ਚੁੱਕੇ ਹਾਂ। ਭਾਰਤ ਦੀ ਆਜ਼ਾਦੀ ਸਮੇਂ, ਜਦੋਂ ਸਿੱਖ ਰਹਿਨੁਮਾਵਾਂ ਨੇ ਆਪਣੀ ਕੌਮੀ ਕਿਸਮਤ ਨੂੰ ਇੱਕ ਬੇਗੈਰਤ, ਨਾਸ਼ੁਕਰੀ ਤੇ ਵਿਸ਼ਵਾਸਘਾਤੀ ਸੋਚ ਵਾਲੀ ਧਿਰ ਨਾਲ ਜੋੜਿਆ, ਉਦੋਂ ਤੋਂ ਹੀ ਸਾਡੀ ਕੌਮੀ ਬਦਕਿਸਮਤੀ ਤੇ ਅਧੋਗਤੀ ਦੀ ਇੱਕ ਅਜਿਹੀ ਕਹਾਣੀ ਸ਼ੁਰੂ ਹੋਈ ਜਿਸ ਦਾ ਕਦੀ ਅੰਤ ਵੀ ਹੋ ਸਕੇਗਾ, ਦੀ ਆਸ ਦਿਨੋ-ਦਿਨ ਮੱਧਮ ਪਈ ਜਾ ਰਹੀ ਹੈ।
ਸਾਡਾ ਗੁਰੂ ਇਤਿਹਾਸ ਹੀ ਸਾਡਾ ਮਾਰਗ ਦਰਸ਼ਕ ਬਣਿਆ ਰਿਹਾ, ਪਰ ਅਜੋਕੇ ਸਮੇਂ ਅੰਦਰ ਅਸੀਂ ਗੁਰੂ ਦੇ ਮਾਰਗ ਨਾਲੋਂ ਆਪਣਾ ਨਾਤਾ ਬੁਰੀ ਤਰ੍ਹਾਂ ਤੋੜੀ ਜਾ ਰਹੇ ਹਾਂ। ਸਿੱਖ ਅਕਸਰ ਇਹ ਗੱਲ ਕਹਿੰਦੇ/ਸੁਣਦੇ ਹਨ ਤੇ ਮੰਨਦੇ ਵੀ ਹਨ ਕਿ ਜੇ ਸਿੱਖਾਂ ਅੰਦਰ ਮੁਕੰਮਲ ਏਕਤਾ ਹੋ ਜਾਵੇ ਤਾਂ ਕਿਸੇ ਵੀ ਨਿਸ਼ਾਨੇ ਦੀ ਪ੍ਰਾਪਤੀ ਸਾਡੇ ਲਈ ਅਸੰਭਵ ਨਹੀਂ। ਸਿੱਖਾਂ ਨੇ ਹਮੇਸ਼ਾ ਆਪਣੀ ਅਦੁੱਤੀ ਸ਼ਕਤੀ ਨੂੰ ਆਪਸ ਵਿਚ ਲੜ ਕੇ ਗੰਵਾਇਆ ਹੈ। ਸਾਡੀ ਆਪਸੀ ਖਿਚੋਤਾਣ ਸਾਨੂੰ ਅਜਿਹੀ ਦਲਦਲ ਵਿਚ ਵਾੜ ਦਿੰਦੀ ਹੈ ਕਿ ਸਾਨੂੰ ਅਕਸਰ ਬਿਗਾਨਿਆਂ ਦੀ ਅਧੀਨਗੀ ਦੀ ਜ਼ਲਾਲਤ ਭੋਗਣ ਲਈ ਮਜਬੂਰ ਹੋਣਾ ਪੈਂਦਾ ਹੈ। ਅਸੀਂ ਦੇਸ਼ ਵੀ ਬਦਲੇ, ਵਾਤਾਵਰਣ ਦੀ ਬਦਲੀ ਦਾ ਸੁੱਖ ਵੀ ਮਾਣਿਆ, ਕਿਸੇ ਹੱਦ ਤੱਕ ਸਾਡੀ ਸੋਚ ਵਿਚ ਵੀ ਨਿਖਾਰ ਆਇਆ ਪਰ ਫਿਰ ਵੀ ਅਸੀਂ ਆਪਣੀ ‘ਭਰਾ-ਮਾਰੂ’ ਫਿਤਰਤ ਨਹੀਂ ਬਦਲੀ। ਇਸੇ ਕਾਰਨ ਅਸੀਂ ਆਪਣੇ ਹੀ ਹੱਥੀਂ ਪੈਦਾ ਕੀਤੀਆਂ ਸਥਿਤੀਆਂ ਦੀ ਜ਼ਿਲਤ ਭੋਗਦੇ ਹਾਂ।
ਤੁਹਾਨੂੰ ਯਾਦ ਹੋਵੇਗਾ, ਗੁਰਦੁਆਰਾ ਓਕ ਕਰੀਕ (ਵਿਸਕਾਨਸਿਨ) ਦਾ ਦੁਖਾਂਤ। ਉਸ ਸਮੇਂ ਜਿਨ੍ਹਾਂ ਲੋਕਾਂ ਨੇ ਮੀਡੀਆ ਨੂੰ ਖਾਸ ਕਰਕੇ ਚੈਨਲ ਸੀ ਐਨ ਐਨ ਨੂੰ ਸੰਜੀਦਗੀ ਨਾਲ ਵੇਖਿਆ ਹੋਵੇਗਾ ਤੇ ਉਨ੍ਹਾਂ ਦੇ ਰਿਪੋਰਟਰਾਂ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਕਿ ਉਨ੍ਹਾਂ ਨੂੰ ਕੋਈ ਵੀ ਕੌਮੀ ਹੈਸੀਅਤ ਵਾਲਾ ਵਿਅਕਤੀ ਨਹੀਂ ਮਿਲਿਆ ਜਿਹੜਾ ਉਨ੍ਹਾਂ ਨੂੰ ਸਿੱਖੀ ਸਿਧਾਤਾਂ ਬਾਬਤ ਸਪਸ਼ਟ ਜਵਾਬ ਦੇ ਸਕਦਾ, ਤਾਂ ਜਰੂਰ ਮਹਿਸੂਸ ਕੀਤਾ ਹੋਵੇਗਾ। ਕਾਸ਼! ਅਮਰੀਕਨ ਸਿਸਟਮ ਅੰਦਰ ਸਿੱਖਾਂ ਦੀ ਕੋਈ ਕੌਮੀ ਮਾਨਤਾ ਪ੍ਰਾਪਤ ਜਥੇਬੰਦੀ ਹੁੰਦੀ, ਜਾਂ ਕੋਈ ਅਜਿਹਾ ਕੌਮੀ ਲੀਡਰ ਹੁੰਦਾ ਜੋ ਸਮੁੱਚੇ ਅਮਰੀਕਾ ਦੇ ਸਿੱਖਾਂ ਦੇ ਨੁਮਾਇੰਦੇ ਦੇ ਤੌਰ ‘ਤੇ ਆਪਣਾ ਪੱਖ ਸਪਸ਼ਟ ਦਸ ਸਕਦਾ। ਕਦੀ ਹੀ ਕੋਈ ਅਜਿਹੀ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ ਜਦੋਂ ਪੂਰੇ ਦੇਸ਼ ਦਾ ਧਿਆਨ ਕਿਸੇ ਨਾ ਕਿਸੇ ਰੂਪ ਵਿਚ ਉਥੇ ਕੇਂਦਰਤ ਹੁੰਦੈ। ਅਜਿਹੇ ਮੌਕਿਆਂ ‘ਤੇ ਤੁਸੀਂ ਆਪਣੇ ਨਾਲ ਸਬੰਧਤ ਸੰਕਿਆਂ ਨੂੰ ਨਵਿਰਤ ਕਰਨ ਦਾ ਉਪਰਾਲਾ ਜਰੂਰ ਕਰ ਸਕਦੇ ਹੋ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਕਈ ਸਾਲਾਂ ਤੋਂ, ਜਦੋਂ ਤੋਂ ਸਿੱਖਾਂ ਨੇ ਇਸ ਦੇਸ਼ ਨਾਲ ਆਪਣੇ ਨਾਤੇ ਨੂੰ ਪੱਕੇ ਤੌਰ ‘ਤੇ ਮਹਿਸੂਸ ਕੀਤਾ, ਤੇ ਆਰਥਿਕ ਸਥਿਰਤਾ ਤੋਂ ਬਾਅਦ ਆਪਣੀ ਹੋਂਦ ਦੀ ਸਥਾਪਤੀ ਤੇ ਸਲਾਮਤੀ ਦਾ ਅਹਿਸਾਸ ਅਨੁਭਵ ਕੀਤਾ, ਬਹੁਤ ਸਾਰੀਆਂ ਸਿੱਖ ਸੰਸਥਾਵਾਂ ਹੋਂਦ ਵਿਚ ਆਈਆਂ ਜਿਨ੍ਹਾਂ ਨੇ ਸਿੱਖ ਧਰਮ, ਸਿੱਖੀ ਸਰੂਪ ਦੀ ਪਛਾਣ ਸਬੰਧੀ ਬਹੁਤ ਸੁਜਗ ਉਪਰਾਲੇ ਕੀਤੇ। ਕੁਝ ਸੰਸਥਾਵਾਂ ਨੇ ਆਪਣੀ ਪਹੁੰਚ ਤੇ ਸੇਵਾਵਾਂ ਸਦਕਾ ਆਪਣੀ ਪਛਾਣ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਸਥਾਪਤ ਕੀਤੀ। ਕਈ ਸੰਸਥਾਵਾਂ ਦੀ ਵਾਗਡੋਰ ਇਥੋਂ ਦੀ ਜੰਮਪਲ ਨੌਜਵਾਨ ਪੀੜੀ ਦੇ ਹੱਥਾਂ ਵਿਚ ਹੈ। ਹਰੇਕ ਸੰਸਥਾ ਆਪੋ ਆਪਣੇ ਖੇਤਰ ‘ਚ ਆਪਣੀ ਸਮੱਰਥਾ ਮੁਤਾਬਕ ਯੋਗਦਾਨ ਪਾ ਰਹੀ ਹੈ।
ਬੇਸ਼ਕ ਇਹ ਸੰਸਥਾਵਾਂ ਸੁਤੰਤਰ ਹਨ ਪਰ ਆਪਸੀ ਇਕਸੁਰਤਾ ਦੀ ਥਾਂ ਇਹ ਆਪਸ ਵਿਚ ਇੱਕ ਅਜਿਹੀ ਵਿਥ ਬਣਾ ਕੇ ਰਖਦੀਆਂ ਹਨ ਕਿ ਸਿੱਖਾਂ ਦੀ ਸਾਂਝੀ ਸ਼ਕਤੀ ਦਾ ਸਰੂਪ ਹੀ ਨਜ਼ਰ ਨਹੀ ਆਉਂਦਾ। ਇਨ੍ਹਾਂ ਸਭ ਸੰਸਥਾਵਾਂ ਨੇ ਇੱਕਠੇ ਜਾਂ ਵੱਖਰੇ ਰੂਪ ਵਿਚ ਕੋਈ ਝੰਡਾ ਸਥਾਪਤ ਨਹੀਂ ਕੀਤਾ ਕਿ ਸਮੁੱਚੇ ਅਮਰੀਕਾ ਦੇ ਸਿੱਖ ਉਸ ਥੱਲੇ ਇਕੱਤਰ ਹੋਣ ਲਈ ਉਤਸੁਕ ਹੋਣ।
ਜਦੋਂ ਤੋਂ ਮੈਨੂੰ ਅਮਰੀਕਨ ਸਿੱਖ ਸੰਸਥਾਵਾਂ ਵਿਚ ਵਿਚਰਨ ਦਾ ਮੌਕਾ ਮਿਲਿਆ, ਹਮੇਸ਼ਾ ਚਾਹਿਆ ਵੀ ਤੇ ਕੋਸ਼ਿਸ਼ ਵੀ ਕੀਤੀ ਕਿ ਘੱਟੋ-ਘੱਟ ਕੁਝ ਖਾਸ ਮੌਕਿਆਂ ਉਪਰ ਆਪਣੀ ਜਾਤੀ ਹੋਂਦ ਹਸਤੀ ਨੂੰ ਥੋੜ੍ਹਾ ਪਿੱਛੇ ਪਾ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਸਕੀਏ। ਬਹੁਤ ਸਾਰੇ ਪੰਥ ਦਰਦੀਆਂ ਨਾਲ ਕੀਤੇ ਵਿਚਾਰ-ਵਟਾਂਦਰੇ ਤੋਂ ਵੀ ਇਹੀ ਸਪੱਸ਼ਟ ਹੁੰਦੈ ਕਿ ਜਿੰਨੇ ਵੀ ਲੋਕ ਪੰਥਕ ਕਾਰਜਾਂ ਵਿਚ ਸਰਗਰਮ ਹਨ, ਉਹ ਆਪਣੇ ਕੰਮ ਕਰਨ ਦੇ ਤਰੀਕੇ ਤੇ ਸੋਚ ਨਾਲ ਇੰਨੀ ਕੱਟੜਤਾ ਤੇ ਕਠੋਰਤਾ ਨਾਲ ਜੁੜੇ ਹੁੰਦੇ ਹਨ ਕਿ ਆਪਣੇ ਆਪ ਨੂੰ ਜਾਂ ਆਪਣੀ ਸੰਸਥਾ ਨੂੰ ਹੀ ਸਹੀ ਅਤੇ ਸਰਵੋਤਮ ਸਮਝਦੇ ਤੇ ਪ੍ਰਚਾਰਦੇ ਹਨ। ਭਾਵੇਂ ਪਤਾ ਵੀ ਹੁੰਦੈ ਕਿ ਅਜਿਹੀ ਸਥਿਤੀ ਵਿਚ ਸਾਡੀ ਕਮਜ਼ੋਰੀ ਦਾ ਪ੍ਰਗਟਾਵਾ ਸਪੱਸ਼ਟ ਹੈ ਤੇ ਸਾਡੇ ਮਕਸਦ ਦੀ ਪ੍ਰਾਪਤੀ ਅਸੰਭਵ ਹੈ, ਫਿਰ ਵੀ ਅਸੀਂ ਆਪਣੀ ਹਉਮੈ ਵਸ ਨਤੀਜੇ ਦੀ ਸ਼ਰਮਿੰਦਗੀ ਦਾ ਸੰਤਾਪ ਭੋਗਦੇ ਹਾਂ। ਅਜਿਹੇ ਦਿਸ਼ਾਹੀਣ ਕੌਮੀ ਵਰਤਾਰੇ ਤਾਂ ਉਸ ਬੰਬ ਦੀ ਤਰ੍ਹਾਂ ਹਨ ਜੋ ਚਲਾਏ ਤਾਂ ਦੁਸ਼ਮਣ ਦੇ ਮਾਰਨ ਲਈ ਜਾਂਦੇ ਹਨ ਪਰ ਰਿਮੋਟ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਬਹੁਤੀ ਵਾਰੀ ਉਹ ਆਪਣਿਆਂ ਦੇ ਹੀ ਨੁਕਸਾਨ ਦਾ ਕਾਰਨ ਬਣਦੇ ਹਨ।
ਹੁਣ ਤੱਕ ਸਾਡੀ ਕੌਮੀ ਮਜ਼ਬੂਤ ਜਥੇਬੰਦੀ ਨਾ ਬਣਨ ਦੇ ਕਈ ਕਾਰਨਾਂ ਵਿਚੋਂ ਇਕ ਸਾਡੇ ਕੁਝ ਆਗੂਆਂ ਦੇ ਪੰਜਾਬ ਵਿਚਲੇ ਸਿਆਸੀ ਲੋਕਾਂ ਨਾਲ ਜੁੜੇ ਹੋਣਾ ਵੀ ਹੈ। ਉਥੋਂ ਦੇ ਸਿਆਸਦਾਨ ਆਪਣੇ ਕੁਝ ਚਹੇਤਿਆਂ ਰਾਹੀਂ ਆਪਣਾ ਕੋਈ ਨਾ ਕੋਈ ਆਧਾਰ ਵਿਦੇਸ਼ਾਂ ਅੰਦਰ ਬਣਾਈ ਰੱਖਣਾ ਚਾਹੁੰਦੇ ਹਨ। ਸਾਡੀ ਅੰਦਰੂਨੀ ਲਾਲਸਾ ਦੀ ਪੂਰਤੀ ਲਈ ਸਾਨੂੰ ਕਈ ਵੱਡੇ-ਵੱਡੇ ਨਾਂਵਾਂ ਵਾਲੇ ਅਹੁਦੇ ਦਿਤੇ ਜਾਂਦੇ ਹਨ, ਭਾਵੇਂ ਸਾਨੂੰ ਪਤਾ ਹੁੰਦੈ ਕਿ ਉਨ੍ਹਾਂ ਸਿਆਸੀ ਅਹੁਦਿਆਂ ਦੀ ਸ਼ਕਤੀ ਦਾ ਕੋਈ ਆਧਾਰ ਨਹੀਂ ਹੁੰਦਾ। ਆਮ ਸਿੱਖ ਮਹਿਸੂਸ ਕਰਦੈ ਕਿ ਇਨ੍ਹਾਂ ਸਿਆਸੀ ਲੀਡਰਾਂ ਦੀਆਂ ਨਜ਼ਰਾਂ ਜਾਂ ਤਾਂ ਸਾਡੇ ਡਾਲਰਾਂ ਉਪਰ ਹੁੰਦੀਆਂ ਹਨ ਤੇ ਜਾਂ ਉਨ੍ਹਾਂ ਦੇ ਸਨਮਾਨ ਵਿਚ ਸਾਡੇ ਵੱਲੋਂ ਕਰਵਾਏ ਜਾਂਦੇ ਵੱਡੇ-ਵੱਡੇ ਸਵਾਗਤੀ ਸਮਾਰੋਹਾਂ ਉਪਰ। ਉਥੋਂ ਦੇ ਸਿਆਸੀ ਆਗੂ ਨਹੀਂ ਚਾਹੁੰਦੇ ਕਿ ਵਿਦੇਸ਼ੀ ਸਿੱਖ ਖਾਸ ਕਰਕੇ ਅਮਰੀਕਨ ਸਿੱਖ ਆਪਣਾ ਕੋਈ ਮਜ਼ਬੂਤ ਸੰਗਠਨ ਬਣਾ ਲੈਣ। ਉਹ ਸਮਝਦੇ ਹਨ ਕਿ ਸਾਡੀ ਏਕਤਾ ਉਨ੍ਹਾਂ ਦੀਆਂ ਪੰਥਕ ਸਫਾਂ ਅੰਦਰ ਆਪਹੁਦਰੀਆਂ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ। ਉਨ੍ਹਾਂ ਸਿਆਸੀ ਪਾਰਟੀਆਂ ਪਾਸ ਸ਼ਕਤੀ ਦੇ ਅਸੀਮ ਸਾਧਨ ਹੋਣ ਸਦਕਾ ਉਹ ਸਾਡੀਆਂ ਆਜ਼ਾਦ ਸੋਚ ਵਾਲੀਆਂ ਸਫਾਂ ਅੰਦਰ ਘੁਸਪੈਠ ਕਰਕੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਖਿੰਡਾਉਣ ਵਿਚ ਸਫਲ ਰਹਿੰਦੇ ਹਨ।
ਜੋ ਵਿਸਫੋਟਕ ਸਥਿਤੀ ਪੰਜਾਬ ਦੇ ਪੰਥਕ ਮਾਹੌਲ ਵਿਚ ਅੱਜ ਬਣੀ ਹੋਈ ਹੈ, ਉਹ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੀ ਕੋਸ਼ਿਸ਼ ਦਾ ਨਤੀਜਾ ਨਹੀਂ, ਸਗੋ ਇਹ ਤਾਂ ਪਾਪ ਦੇ ਬੇੜੇ ਦਾ ਆਪਣੇ ਆਪ ਹੀ ਭਰ ਕੇ ਡੁਬਣ ਵਾਲੀ ਗੱਲ ਹੈ। ਵਾਹਿਗੁਰੂ ਪਾਪੀਆਂ ਨੂੰ ਸਜ਼ਾ ਦਿੰਦਾ ਜ਼ਰੂਰ ਹੈ ਪਰ ਅਸਿੱਧੇ ਰੂਪ ਵਿਚ। ਇਨ੍ਹਾਂ ਲੋਕਾਂ ਨੇ ਜੋ ਜਾਲ ਦੂਜਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਸਾਉਣ ਲਈ ਬਣਾਏ ਸਨ, ਆਪ ਹੀ ਉਨ੍ਹਾਂ ਵਿਚ ਇੰਨੀ ਬੁਰੀ ਤਰ੍ਹਾਂ ਫਸ ਗਏ ਹਨ ਕਿ ਉਸ ਵਿਚੋਂ ਨਿਕਲਣ ਦੀ ਸੰਭਾਵਨਾ ਦਿਨੋ ਦਿਨ ਘਟਦੀ ਜਾ ਰਹੀ ਹੈ। ਪੰਥ ਦੀ ਪੂਰੀ ਇਮਾਨਦਾਰੀ ਨਾਲ ਚੜ੍ਹਦੀ ਕਲਾ ਦੀ ਭਾਵਨਾ ਰੱਖਣ ਵਾਲੇ ਪੰਥ ਦਰਦੀਆਂ ਪਾਸ ਸ਼ਾਇਦ ਇਸ ਤੋਂ ਬਿਹਤਰ ਮੌਕਾ ਫਿਰ ਛੇਤੀ ਨਾ ਆ ਸਕੇ। ਇਹ ਅਸਾਂ ਸਭ ਉਪਰ ਨਿਰਭਰ ਕਰਦੈ ਕਿ ਇਸ ਸਥਿਤੀ ਵਿਚੋਂ ਪੰਥਕ ਮੁਹਾਂਦਰੇ ਨੂੰ ਨਿਖਾਰਨ ਲਈ ਕਿੰਨੀ ਕੁ ਸੁਹਿਰਦਤਾ ਤੇ ਦੂਰ-ਅੰਦੇਸ਼ੀ ਨਾਲ ਕਦਮ ਉਠਾਉਂਦੇ ਹਾਂ।
ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਨਿਊ ਜਰਸੀ ਦੇ ਦਸ ਗੁਰੂਘਰਾਂ ਦੀ ਪਹਿਲ ‘ਤੇ ਪੂਰੇ ਅਮਰੀਕਾਂ ਦੀਆਂ ਸਿੱਖ ਸੰਸਥਾਵਾਂ ਨੇ ਮਤੇ ਪਾਸ ਕਰਕੇ ਆਪਣੇ ਰੋਹ ਤੇ ਰੋਸ ਦਾ ਪ੍ਰਗਟਾਵਾ ਕਰਕੇ ਆਪਣੇ ਆਪ ਨੂੰ ਪੰਜਾਬ ਵਿਚ ਚੱਲ ਰਹੇ ਸੰਕਟਮਈ ਧਾਰਮਕ ਸੰਘਰਸ਼ ਦਾ ਹਿੱਸਾ ਬਣਾਇਆ। ਜਿਹੜੇ ਮਤੇ ਪਾਸ ਕੀਤੇ ਗਏ, ਉਨ੍ਹਾਂ ਅੰਦਰਲੀ ਭਾਵਨਾ ਬਹੁਤ ਪਵਿਤਰ ਤੇ ਸੰਜੀਦਾ ਹੈ ਪਰ ਮਤਿਆਂ ਦੀ ਸ਼ਬਦਾਵਲੀ ਮੰਗਾਂ ਦੇ ਰੂਪ ਅਤੇ ਗਿਣਤੀ ਵਿਚਲੀ ਭਿੰਨਤਾ ਸਾਫ ਜਾਹਰ ਕਰਦੀ ਹੈ ਕਿ ਅਜਿਹੇ ਸੰਵੇਦਨਸ਼ੀਲ ਮਸਲੇ ਦੇ ਰੋਸ ਵਜੋਂ ਉਠੇ ਜੋਸ਼ ਵਿਚ ਵੀ ਸਾਡੀ ਇੱਕ ਸੁਰਤ ਦੀ ਘਾਟ ਅਤੇ ਆਪ ਮੁਹਾਰਾਪਨ ਪ੍ਰਤੱਖ ਹੈ, ਜਿਸ ਵਿਚੋਂ ਬਾਹਰ ਆਉਣ ਲਈ ਵੀ ਸਾਨੂੰ ਮਾਰਗ ਤਲਾਸ਼ਣ ਦੀ ਲੋੜ ਹੈ ਜੋ ਸਿਰਫ ਤੇ ਸਿਰਫ ਸਾਡੀ ਆਪਸੀ ਏਕਤਾ ਵਿਚੋਂ ਹੀ ਨਿਕਲ ਸਕਦਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਇਸ ਸਮੇਂ ਸਭ ਤੋਂ ਵੱਡੀ ਜਿੰਮੇਵਾਰੀ ਅਮਰੀਕਨ ਸਿੱਖਾਂ ਦੀ ਬਣਦੀ ਹੈ। ਨਿਰਸੰਕੋਚ ਸਿੱਖ ਕੈਨੇਡਾ ਤੇ ਯੂਰਪ ਵਿਚ ਵੱਧ ਗਿਣਤੀ ਵਿਚ ਹਨ ਪਰ ਕਿਉਂਕਿ ਅਮਰੀਕਾ ਸਮੁੱਚੀ ਦੁਨੀਆਂ ਦੇ ਨਕਸ਼ੇ ਉਪਰ ਸਭ ਤੋ ਵੱਧ ਪ੍ਰਭਾਵਸ਼ਾਲੀ ਸ਼ਕਤੀ ਦੇ ਰੂਪ ਵਿਚ ਸਥਾਪਤ ਹੋ ਚੁੱਕਾ ਹੈ, ਇਸ ਲਈ ਜੋ ਆਵਾਜ਼ ਸੰਗਠਤ ਰੂਪ ਵਿਚ ਅਮਰੀਕਨ ਸਿੱਖਾਂ ਵੱਲੋਂ ਉਠੇਗੀ, ਉਸ ਦਾ ਪ੍ਰਭਾਵ ਸਿਰਫ ਪੰਜਾਬ ਹੀ ਨਹੀਂ, ਦਿੱਲੀ ਵੀ ਉਸ ਤੋਂ ਅਭਿੱਜ ਨਹੀਂ ਰਹੇਗੀ। ਇਹ ਕੋਸ਼ਿਸ਼ਾਂ ਇਸ ਸਮੇਂ ਜੰਗੀ-ਪੱਧਰ ‘ਤੇ ਹੋਣੀਆਂ ਚਾਹੀਦੀਆਂ ਹਨ।
ਪੰਜਾਬ ਵਿਚ ਇਹ ਸਾਰਾ ਘਟਨਾਕ੍ਰਮ ਨਿਰਾ ਧਾਰਮਕ ਹੀ ਨਹੀਂ ਤੇ ਨਾ ਹੀ ਕਿਸੇ ਇੱਕ ਸਿਆਸੀ ਪਾਰਟੀ ਨਾਲ ਸਬੰਧਤ ਹੈ। ਅੰਦੇਸ਼ਾ ਹੈ ਕਿ ਪੰਜਾਬ ਕਿਸੇ ਬਹੁਤ ਵੱਡੀ ਮੁਸੀਬਤ ਵਲ ਨੂੰ ਧੱਕਿਆ ਜਾ ਰਿਹਾ ਹੈ। ਇਸ ਲਈ ਸਭ ਨੂੰ ਬਹੁਤ ਸੰਜੀਦਾ ਹੋਣ ਦੀ ਲੋੜ ਹੈ। ਮੈਂ ਇਹੋ ਕਹਿਣਾ ਚਾਹਾਂਗਾ ਕਿ ਅੱਜ ਦੁਨੀਆਂ ਭਰ ਦਾ ਖਾਸ ਕਰਕੇ ਵਿਦੇਸ਼ੀ ਸਿੱਖ ਧਾਰਮਕ ਕਾਰਨਾਂ ਕਰਕੇ ਮਾਨਸਕ ਇੱਕਸੁਰਤਾ ਵਿਚ ਨਜ਼ਰ ਆ ਰਿਹਾ ਹੈ ਤੇ ਸਮਾਂ ਹੈ ਉਨ੍ਹਾਂ ਦੀ ਮਾਨਸਿਕਤਾ ਨੂੰ ਇੱਕ ਸੰਗਠਿਤ ਤੇ ਸੁਜਗ ਰਹਿਨੁਮਾਈ ਦਿੱਤੀ ਜਾਵੇ ਤੇ ਉਸ ਸੋਚ ਦੇ ਉਜਾਗਰ ਹੋਣ ਦੀ ਸੰਭਾਵਨਾ ਦਾ ਆਧਾਰ ਸਾਡੀ ਨਿਰ-ਵਿਵਾਦ ਤੇ ਨਿਰ-ਸਵਾਰਥ ਏਕਤਾ ਉਪਰ ਹੋਣਾ ਚਾਹੀਦਾ ਹੈ। ਮੇਰੀ ਸਮਝ ਮੁਤਾਬਕ ਇਸ ਸਮੇਂ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦੀਆਂ ਪ੍ਰਾਪਤੀਆਂ ਜਾਂ ਕਮਜ਼ੋਰੀਆਂ ਨੂੰ ਆਪਾਂ ਅੱਖੋਂ ਉਹਲੇ ਕਰ ਵੀ ਦੇਈਏ ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿ ਘੱਟੋ-ਘੱਟ ਪੰਥਕ ਲੋਕਾਂ ਅੰਦਰ ਇਸ ਨਾਮ ਦਾ ਚਰਚਾ ਜ਼ਰੂਰ ਹੈ। ਇਹ ਪਲੇਟਫ਼ਾਰਮ ਆਰਜੀ ਤੌਰ ‘ਤੇ ਸਾਡੇ ਲਈ ਜਰੂਰ ਸਹਾਈ ਹੋ ਸਕਦਾ ਹੈ। ਇਹ ਸਮਾਂ ਨਿਰੀ ਅੱਗ ਬਣ ਕੇ ਮੱਚਣ ਦਾ ਨਹੀਂ ਸਗੋਂ ਲਗਾਤਾਰ ਮਘਦੇ ਰਹਿਣ ਦਾ ਸੰਕਲਪ ਲੈਣ ਦਾ ਹੈ।
“ਅੱਗ ਨਾ ਬਣ, ਪਾਣੀ ਨਾਲ ਬੁਝ ਜਾਵੇਂਗਾ,
ਸੂਰਜ ਬਣ, ਤਾਂ ਜੋ ਬਲਦਾ ਰਹੇਂ।”