ਸਵਿਟਜ਼ਰਲੈਂਡ ਵਾਲੀ ਪਲੇਠੀ ਮਹਾਂਸਭਾ

ਵਾਪਸੀ-5
ਪ੍ਰੋæ ਹਰਪਾਲ ਸਿੰਘ ਪੰਨੂ ਨੇ ਆਪਣੇ ਲੰਮੇ ਲੇਖ ‘ਵਾਪਸੀ’ ਵਿਚ ਯਹੂਦੀਆਂ ਦੀ ਵਤਨ ਵਾਪਸੀ ਦੀ ਲੰਮੀ ਕਹਾਣੀ ਸੁਣਾਈ ਹੈ। ਯਹੂਦੀਆਂ ਨੂੰ ਦੋ ਹਜ਼ਾਰ ਸਾਲ ਬਾਅਦ ਆਪਣਾ ਨਗਰ ਯੋਰੋਸ਼ਲਮ ਅਤੇ ਮੁਲਕ ਇਜ਼ਰਾਈਲ ਮਿਲਿਆ। ਉਹ ਕਦਮ ਕਦਮ ਉਜੜੇ, ਭਟਕੇ, ਗੁਲਾਮ ਹੋਏ, ਨਸਲਘਾਤ ਦਾ ਸ਼ਿਕਾਰ ਹੋਏ, ਪਰ ਸਬਰ ਨਾਲ ਕਦਮ ਕਦਮ ਵਾਪਸੀ ਹੁੰਦੀ ਗਈ। ਸਭ ਤੋਂ ਵੱਡਾ ਕਹਿਰ ਉਦੋਂ ਢੱਠਾ ਜਦੋਂ ਦੂਜੀ ਸੰਸਾਰ ਜੰਗ ਪਿਛੋਂ ਹਿਟਲਰ ਨੇ 60 ਲੱਖ ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਨ੍ਹਾਂ ਦੋ ਹਜ਼ਾਰ ਸਾਲਾਂ ਦੌਰਾਨ ਉਜਾੜਾ, ਸਜ਼ਾ, ਪਛਤਾਵਾ, ਰਜ਼ਾ, ਖਿਮਾ ਤੇ ਸ਼ੁਕਰਾਨਾ ਯਹੂਦੀ ਜ਼ਿੰਦਗੀ ਦੇ ਅਹਿਮ ਪਹਿਲੂ ਰਹੇ। ਪਹਿਲਾਂ ਮਿਸਰ ਦੇ ਸੁਲਤਾਨ ਫਰਾਊਨ, ਫਿਰ ਈਸਾਈਆਂ ਅਤੇ ਫਿਰ ਮੁਸਲਮਾਨਾਂ ਤੋਂ ਉਨ੍ਹਾਂ ਨੂੰ ਨਿਰੰਤਰ ਦੁੱਖ ਮਿਲੇ। ਉਨ੍ਹਾਂ ਨੂੰ ਖੁਦ ਨਹੀਂ ਪਤਾ, ਇਸ ਹਨੇਰਗਰਦੀ ਵਿਚੋਂ ਬਚੇ ਕਿਵੇਂ ਰਹੇ। ਉਨ੍ਹਾਂ ਦੇ ਮਨ ਮੰਦਰ ਦੀ ਯਾਦ ਵਿਚ ਇਜ਼ਰਾਈਲ ਦਾ ਰੇਗਿਸਤਾਨ ਸਦਾ ਵਸਿਆ ਰਿਹਾ। ਐਤਕੀਂ ਲੇਖ ਦੀ ਇਸ ਆਖਰੀ ਕਿਸ਼ਤ ਵਿਚ ਬੇਸਲ (ਸਵਿਟਜ਼ਰਲੈਂਡ) ਵਿਚ 1897 ਨੂੰ ਹੋਈ ਪਹਿਲੀ ਜ਼ਿਓਨਿਸਟ ਸਭਾ ਦਾ ਬਿਰਤਾਂਤ ਹੈ ਜਿਸ ਨੇ ਯਹੂਦੀਆਂ ਨੂੰ ਦੇਸ਼ ਵਾਪਸੀ ਲਈ ਐਨ ਟੁਣਕਾ ਕੇ ਹੋਕਾ ਦਿੱਤਾ। ਇਸ ਸਭਾ ਨਾਲ ਯਹੂਦੀਆਂ ਨੂੰ ਆਪਣੀ ਗੱਲ ਸੁਣਾਉਣ ਲਈ ਮੰਚ ਮਿਲ ਗਿਆ।

ਹਰਪਾਲ ਸਿੰਘ ਪੰਨੂ
ਫੋਨ: +91-94642-51454

ਸੋਚਣ ਲੱਗੇ, ਕੌਮਾਂਤਰੀ ਸਭਾ ਕਰੀਏ। ਅਗਸਤ 1897 ਵਿਚ ਠੀਕ ਰਹੇਗੀ। ਪ੍ਰਤੀਨਿਧ ਯਹੂਦੀ ਲੀਡਰ ਸੱਦੀਏ, ਸਵਿਟਜ਼ਰਲੈਂਡ ਵਿਚ? ਨਹੀਂ ਜ਼ਿਊਰਿਖ ਠੀਕ ਰਹੇਗੀ। ਇਸ ਸਭਾ ਵਿਚ ਜਿੰਨੇ ਵੱਧ ਅਸਰ ਰਸੂਖ ਵਾਲੇ ਯਹੂਦੀ ਪੁੱਜਣਗੇ, ਦੁਨੀਆਂ ਉਪਰ ਓਨਾ ਵੱਧ ਅਸਰ ਪਏਗਾ। ਸਾਰੇ ਮੇਲੇ ਦਾ ਸੂਤਰਧਾਰ ਹਰਜ਼ਲ, ਸੱਦਾ ਪੱਤਰਾਂ ‘ਤੇ ਸਿਰਨਾਵੇਂ ਖੁਦ ਲਿਖਦਾ, ਸਾਰੀ ਸਾਰੀ ਰਾਤ ਜਾਗਦਾ। ਖ਼ਤਾਂ ਵਿਚ ਇਹ ਵੀ ਲਿਖ ਦਿੰਦਾ, ਜੇ ਮੇਰੇ ਰੋਲ ਵਿਚ ਨੁਕਸ ਹੈ, ਤੁਸੀਂ ਆ ਕੇ ਅਗਵਾਈ ਦੀ ਜ਼ਿੰਮੇਵਾਰੀ ਚੁੱਕੋ। ਸਰਕਾਰਾਂ ਦੀ ਸਖਤੀ ਤੋਂ ਭੈਅਭੀਤ ਕੁਝ ਯਹੂਦੀ ਲੀਡਰਾਂ ਨੇ ਅਖਬਾਰਾਂ ਵਿਚ ਬਿਆਨ ਦਿੱਤੇ ਕਿ ਸਾਡਾ ਇਸ ਹਰਜ਼ਲ ਡਰਾਮੇ ਨਾਲ ਕੋਈ ਵਾਹ ਵਾਸਤਾ ਨਹੀਂ। ਜਿਸ ਅਖਬਾਰ ਦਾ ਮੁਲਾਜ਼ਮ ਸੀ, ਮਾਲਕਾਂ ਨੇ ਹਰਜ਼ਲ ਨੂੰ ਕਿਹਾ, ਇਸ ਤਮਾਸ਼ੇ ਨਾਲ ਤੇਰਾ ਲੈਣ-ਦੇਣ ਕੋਈ ਨਹੀਂ ਹੋਣਾ ਚਾਹੀਦਾ। ਹਰਜ਼ਲ ਨੇ ਪ੍ਰਵਾਹ ਤਾਂ ਨਾ ਕੀਤੀ, ਪਰ ਉਸ ਉਪਰ ਫਜ਼ੂਲ ਦੇ ਮਾਨਸਿਕ ਬੋਝ ਤਾਂ ਵਧੇ ਹੀ। ਜਰਮਨ ਯਹੂਦੀ ਪੁਜਾਰੀ ਨੇ ਬਿਆਨ ਦਿੱਤਾ, ਹਰਜ਼ਲ ਵੱਲੋਂ ਸੱਦੀ ਸਿਆਸੀ ਕਾਨਫਰੰਸ ਦੀ ਨਿਖੇਧੀ ਕਰਦੇ ਹਾਂ, ਕਿਉਂਕਿ ਇਹ ਧਰਮ ਗ੍ਰੰਥਾਂ ਦੀ ਪਵਿੱਤਰ ਬਾਣੀ ਦੇ ਆਸ਼ੇ ਵਿਰੁਧ ਹੈ। ਭਲੇ ਯਹੂਦੀ ਦੂਰ ਰਹਿਣ। ਜਦੋਂ ਪੁਜਾਰੀਆਂ ਦਾ ਬਿਆਨ ਪੜ੍ਹਿਆ ਕਿ ਅਸੀਂ ਜਿਨ੍ਹਾਂ ਮਾਲਕਾਂ ਦੇ ਸੇਵਕ ਹਾਂ, ਉਨ੍ਹਾਂ ਵਿਰੁਧ ਬਗਾਵਤ ਨਹੀਂ ਕਰਾਂਗੇ; ਤਾਂ ਹਰਜ਼ਲ ਨੇ ਕਿਹਾ, ਇਖਲਾਕ ਤੋਂ ਡਿਗਣ ਦੇ ਵੀ ਵੱਖੋ-ਵੱਖ ਪੱਧਰ ਨੇ, ਹਰ ਬੰਦੇ ਅਤੇ ਸੰਸਥਾ ਦੇ। ਆਪੋ-ਆਪਣੇ ਰੁਤਬੇ ਅਨੁਸਾਰ ਡਿਗਦੇ ਨੇ।
ਜੂਨ ਤੱਕ ਵਿਰੋਧ ਸਿਖਰ ਤਕ ਅੱਪੜ ਕੇ ਠੰਢਾ ਪੈਣਾ ਸ਼ੁਰੂ ਹੋ ਗਿਆ। ਸਹਿਜੇ-ਸਹਿਜੇ ਸਮਰਥਨ ਵਧਣ ਲੱਗਾ। ਪਹਿਲਾਂ ਜਿਸ ਨੂੰ ‘ਹਰਜ਼ਲ ਦਾ ਮੇਲਾ’ ਕਿਹਾ ਗਿਆ, ਉਸ ਨੂੰ ਯਹੂਦੀ ਸਭਾ ਕਹਿਣ ਲੱਗੇ। ਹਰਜ਼ਲ ਦੀ ਨੇਕ ਨੀਅਤ ‘ਤੇ ਟਿਪਣੀਆਂ ਸ਼ੁਰੂ ਹੋ ਗਈਆਂ। ਹਰਜ਼ਲ ਨੇ ਦੋਸਤਾਂ ਵਿਚ ਬੈਠਿਆਂ ਕਿਹਾ, ਵਫਾ ਅਤੇ ਬੇਵਫਾਈ ਕਦੋਂ ਇਕ ਦੂਜੀ ਨਾਲ ਲਿਬਾਸ ਵਟਾ ਲੈਣ, ਪਤਾ ਨਹੀਂ ਲਗਦਾ। ਮੈਂ ਆਪਣਾ ਲਿਬਾਸ ਨਹੀਂ ਬਦਲਾਂਗਾ।
ਆਮ ਆਦਮੀ ਨੇ ਆਪਣੇ ਅਖਬਾਰ ਵਿਚ ਲਿਖਿਆ, ਹਰਜ਼ਲ ਦੀ ਸੱਦੀ ਸਭਾ ਨਾਲ ਯਹੂਦੀਆਂ ‘ਤੇ ਕੋਈ ਅਸਰ ਹੋਏਗਾ ਕਿ ਨਹੀਂ, ਕਹਿ ਨਹੀਂ ਸਕਦੇ; ਪਰ ਸੁਲਤਾਨ ਤੁਰਕੀ ‘ਤੇ ਅਸਰ ਹੋਏਗਾ, ਉਹ ਯਹੂਦੀਆਂ ਵਿਰੁਧ ਹੋਰ ਬੰਦਿਸ਼ਾਂ ਲਾਏਗਾ।
ਪੂਰਬ ਦੇ ਯਹੂਦੀਆਂ ਨੂੰ ਹਰਜ਼ਲ ਦੇ ਕੰਮ ਢੰਗ ਪਸੰਦ ਨਹੀਂ ਸਨ। ਪੱਛਮ ਦੇ ਯਹੂਦੀਆਂ ਨੂੰ ਉਸ ਦੀ ਮਨਸ਼ਾ ‘ਤੇ ਸ਼ੱਕ ਸੀ। ਬਹੁਤ ਸਾਰੇ ਲੋਕ ਸੋਚਦੇ ਸਨ, ਇਹ ਸਭਾ ਹੋਵੇਗੀ ਹੀ ਨਹੀਂ; ਕਿਉਂਕਿ ਯਹੂਦੀ ਖਾਹਮਖਾਹ ਖਤਰਾ ਮੁੱਲ ਕਿਉਂ ਲੈਣਗੇ? ਸਭ ਤੋਂ ਵੱਧ ਰੂਸੀ ਯਹੂਦੀ ਡਰੇ ਹੋਏ ਸਨ, ਪਰ ਹਰਜ਼ਲ ਨੇ ਖ਼ਤ ਲਿਖਣ ਵਕਤ ਪੂਰਾ ਧਿਆਨ ਰੱਖਿਆ ਕਿ ਵਿਰੋਧੀਆਂ ਨੂੰ ਹਰ ਹਾਲਤ ਵਿਚ ਸੱਦਾ ਪੱਤਰ ਮਿਲੇ। ਰੂਸੀਆਂ ਨੇ ਕਈ ਮੀਟਿੰਗਾਂ ਵਿਚ ਵਿਚਾਰ-ਵਟਾਂਦਰਾ ਕਰ ਕੇ ਫੈਸਲਾ ਕੀਤਾ ਕਿ ਚਲੇ ਤਾਂ ਜਾਵਾਂਗੇ, ਪਰ ਹਰਜ਼ਲ ਨੂੰ ਸਾਫ-ਸਾਫ ਆਖ ਦਿਆਂਗੇ ਕਿ ਪਹਿਲਾ, ਸਾਡੇ ਪੁਜਾਰੀਆਂ ਵਿਰੁਧ ਕੁੱਝ ਨਹੀਂ ਕਹਿਣਾ; ਦੂਜਾ, ਤੁਰਕ ਸੁਲਤਾਨ ਵਿਰੁਧ ਨਹੀਂ ਬੋਲਣਾ ਤੇ ਤੀਜਾ, ਜ਼ਾਰ ਬਾਦਸ਼ਾਹ ਵਿਰੁਧ ਕੋਈ ਸ਼ਬਦ ਨਾ ਬੋਲਿਆ ਜਾਵੇ। ਇਹ ਫੈਸਲਾ ਤਾਂ ਹੋ ਗਿਆ ਪਰ ਸੋਚਦੇ ਰਹੇ, ਕੀ ਸਾਡੀ ਇਹ ਗੱਲ ਉਥੇ ਮੰਨਣਗੇ? ਪੱਛਮੀ ਬੁਲਾਰੇ ਬੜੇ ਮੂੰਹਫਟ ਹੁੰਦੇ ਹਨ, ਕਿਉਂਕਿ ਉਨ੍ਹਾਂ ਨੇ ਸਖਤੀ ਨਹੀਂ ਝੱਲੀ। ਉਹ ਖੁਸ਼ ਹੋ ਗਏ ਜਦੋਂ ਪਤਾ ਲੱਗਾ, ਹਰਜ਼ਲ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੈ। ਅਜੇ ਵੀ ਕੁਝ ਬੰਦੇ ਬੁੜ-ਬੁੜ ਕਰ ਰਹੇ ਸਨ, ਚੰਗਾ ਹੁੰਦਾ, ਜੇ ਇਹ ਮਹਾਂਸਭਾ ਨਾ ਹੁੰਦੀ। ਜਾਣਾ ਪਵੇਗਾ ਹੁਣ, ਕੌੜਾ ਘੁੱਟ ਭਰਾਂਗੇ। ਇਹੀ ਹਾਲ ਆਮ ਆਦਮੀ ਦਾ ਹੋਇਆ, ਉਸ ਕਿਹਾ, ਮੇਰਾ ਜਾਣਾ ਉਥੇ ਹੈ ਤਾਂ ਬੇਕਾਰ, ਪਰ ਆਪਣੀ ਕਿਸਮਤ ਦੀ ਡੋਰ ਬੇਅਕਲ ਛੋਕਰਿਆਂ ਦੇ ਹੱਥ ਵੀ ਨਹੀਂ ਨਾ ਫੜਾ ਸਕਦੇ ਜਿਨ੍ਹਾਂ ਵਿਚ ਜੋਸ਼ ਪੂਰਾ ਹੈ, ਹੋਸ਼ ਭੋਰਾ ਨਹੀਂ।
ਆਖਰ ਮਹਾਂਸਭਾ ਸਵਿਟਜ਼ਰਲੈਂਡ ਦੇ ਸ਼ਹਿਰ ਬੇਸਲ ਵਿਚ ਹੋਣੀ ਨਿਸ਼ਚਿਤ ਹੋਈ। ਭਾਗ ਲੈਣ ਵਾਲੇ ਆਪੋ ਆਪਣੇ ਟਿਕਾਣਿਆਂ ਤੋਂ ਇਸ ਵਿਚ ਸ਼ਾਮਲ ਹੋਣ ਲਈ ਤੁਰੇ ਤਾਂ ਪਰ ਹਰ ਇਕ ਦੇ ਮਨ ਵਿਚ ਦੁਬਿਧਾ ਸੀ, ਪਤਾ ਨਹੀਂ ਇਹ ਹੋ ਵੀ ਸਕੇਗੀ ਕਿ ਨਹੀਂ। ਜੇ ਹੋ ਗਈ ਤਾਂ ਕੀ ਨਤੀਜੇ ਨਿਕਲਣਗੇ? ਕੌਣ ਸੰਚਾਲਨ ਕਰੇਗਾ? ਲੰਮੇ ਸਫਰ ਵਿਚ ਇਹੋ ਸਵਾਲ ਹੁੰਦੇ ਰਹੇ।
ਹਰਜ਼ਲ ਲਈ ਜੀਵਨ ਦਾ ਆਖਰੀ ਇਮਤਿਹਾਨ ਸੀ। ਪ੍ਰਬੰਧਾਂ ‘ਚ ਕਮੀ ਦਾ ਸਵਾਲ ਹੀ ਨਹੀਂ। ਦੁਨੀਆਂ ਦੀ ਹਰ ਜ਼ੁਬਾਨ ਦੇ ਮਾਹਿਰ ਸਕੱਤਰ ਮੌਜੂਦ ਸਨ ਜਿਨ੍ਹਾਂ ਨੇ ਮਹਿਮਾਨਾਂ ਦੀ ਅਗਵਾਈ ਕਰਨੀ ਸੀ। ਕਾਰਵਾਈ ਦਾ ਏਜੰਡਾ ਛਪਿਆ ਪਿਆ ਸੀ। ਡੈਲੀਗੇਟਾਂ ਦੀ ਜੇਬ ‘ਤੇ ਲਾਉਣ ਲਈ ਬਿੱਲਾ-ਕੇਂਦਰ ਨੀਲਾ ਸੀ ਤੇ ਲਾਲ ਕਿਨਾਰੀ ਉਪਰ ਲਿਖਿਆ ਸੀ: ਯਹੂਦੀ ਸਵਾਲ ਦਾ ਹੱਲ ਯਹੂਦੀ ਸਟੇਟ। ਜੂਡਾ ਦਾ ਸ਼ੇਰ ਅਤੇ ਦਾਊਦ ਦੇ 12 ਤਾਰੇ। ਪ੍ਰੈਸ ਪੁੱਜੀ ਹੋਈ ਸੀ। ਸਭਾ ਦੀ ਕਾਰਵਾਈ ਕਿਵੇਂ ਚਲਾਉਣੀ ਹੈ, ਇਸ ਲਈ ਦੋ ਦਿਨ ਪਹਿਲਾਂ ਨਿਯਮ ਤੈਅ ਹੋ ਚੁੱਕੇ ਸਨ। ਸਵੇਰ ਸਾਰ ਹਰਜ਼ਲ ਮੰਦਰ ਗਿਆ ਜਿਥੇ ਪਾਦਰੀਆਂ ਨੇ ਉਸ ਨੂੰ ਰਸਮੀ ਧਾਰਮਿਕ ਲਿਬਾਸ ਪਹਿਨਾ ਕੇ ‘ਯਹੂਦੀ ਕਾਨੂੰਨ ਦਾ ਵਿਦਿਆਰਥੀ’ ਦੀ ਉਪਾਧੀ ਦਿੱਤੀ ਅਤੇ ਪੁਰਾਣੀ ਇੰਜੀਲ ਵਿਚੋਂ ਉਹ ਪੈਰਾ ਦਿੱਤਾ ਜੋ ਸਭਾ ਦੀ ਸ਼ੁਰੂਆਤ ਵਕਤ ਮੰਗਲਾਚਰਨ ਵਜੋਂ ਹਿਬਰੂ ਜ਼ੁਬਾਨ ਵਿਚ ਪੜ੍ਹਨਾ ਸੀ।
ਪਹਿਲੀ ਮੀਟਿੰਗ ਦੇ ਰਸਮੀ ਅਰੰਭ ਵਕਤ ਸਫੈਦ ਲਿਬਾਸ ਵਿਚ ਹਰਜ਼ਲ ਨੇ ਆਏ ਮਹਿਮਾਨਾਂ ਦਾ ਧੀਮੀ ਸੁਰ ਵਿਚ ਸਵਾਗਤ ਕੀਤਾ, ਤਾਂ ਕੁਝ ਬੰਦਿਆਂ ਜਿਨ੍ਹਾਂ ਪਹਿਲੀ ਵਾਰ ਹਰਜ਼ਲ ਨੂੰ ਦੇਖਿਆ, ਨੇ ਇਕ ਦੂਜੇ ਨੂੰ ਕਿਹਾ, ਸਭਾਪਤੀ ਕੋਈ ਮਜ਼ਬੂਤ ਬੰਦਾ ਹੋਣਾ ਚਾਹੀਦਾ ਸੀ। ਕੁਝ ਕੁ ਇਹ ਵੀ ਕਹਿੰਦੇ ਸੁਣੇ ਕਿ ਭਵਿਖ ਦੇ ਖਤਰਿਆਂ ਨੂੰ ਦੇਖਦਿਆਂ ਨਰਮ ਸੁਰ ਵਿਚ ਗਲ ਕਰ ਰਿਹੈ। ਤੁਰਨ ਤੋਂ ਪਹਿਲਾਂ ਹਰਜ਼ਲ ਨੇ ਆਪਣੀ ਡਾਇਰੀ ਵਿਚ ਲਿਖਿਆ ਸੀ, ਭਿਖਾਰੀਆਂ ਦੀ ਫੌਜ ਦਾ ਜਰਨੈਲ ਮੈਂ ਆਪਣੀ ਸੈਨਾ ਦਾ ਮੁਆਇਨਾ ਕਰਨ ਚੱਲਿਆਂ। ਅੱਲੜ੍ਹ, ਮੁਥਾਜ, ਦਿਸ਼ਾਹੀਣ, ਉਦਾਸ, ਲਾਚਾਰ ਲੋਕਾਂ ਦਾ ਇਕੱਠ ਹੋਏਗਾ। ਜੇ ਕਾਮਯਾਬ ਹੋ ਗਿਆ, ਇਹੋ ਭੀੜ ਇਜ਼ਤਦਾਰ ਹੋ ਜਾਵੇਗੀ। ਉਸ ਨੇ ਪੱਕੀ ਠਾਣ ਲਈ ਸੀ, ਜੋ ਮਰਜ਼ੀ ਹੋਵੇ, ਮੈਂ ਸਭਾ ਵਿਚ ਮੂਰਖਾਂ ਦੀ ਬੇਇਜ਼ਤੀ ਨਹੀਂ ਕਰਾਂਗਾ। ਯਹੂਦੀ ਕਿਹੜਾ ਇਕੋ ਵੰਨਗੀ ਦੇ ਹਨ। ਭਾਂਤ-ਸੁਭਾਂਤੇ, ਰੰਗ-ਬਰੰਗੇ, ਸਨਾਤਨੀ ਅਤੇ ਆਧੁਨਿਕ। ਪੜ੍ਹੇ, ਅਨਪੜ੍ਹ। ਅਨੇਕ ਦੇਸ਼ਾਂ ਦੇ ਅਤੇ ਅਨੇਕ ਜ਼ੁਬਾਨਾਂ ਬੋਲਣ ਵਾਲੇ। ਅਮੀਰ ਗਰੀਬ। ਇਕ ਦੂਜੇ ਦੇ ਵਿਰੋਧੀ ਈਰਖਾਲੂ ਹੋਣਗੇ। ਹਰਜ਼ਲ ਦੇ ਅਖਬਾਰ-ਮਾਲਕ ਉਸ ਦੇ ਰਿਜ਼ਕ ਦਾਤੇ ਹੋਣਗੇ। ਸਭ ਨਾਲ ਸਿਝਣਾ ਪਵੇਗਾ। ਇੰਨਾ ਵੱਡਾ ਕੰਮ ਕਿ ਹਰਕੁਲੀਸ ਫਰਿਸ਼ਤੇ ਦੀ ਤੌਬਾ ਹੋ ਜਾਵੇ। ਫਿਰ ਦਿਲ ਵਿਚ ਸੋਚਿਆ, ਇਹ ਵੱਡਾ ਕੰਮ ਮੈਂ ਸਹਿਜ-ਸੁਭਾਅ ਇਸ ਕਰ ਕੇ ਕਰ ਸਕਾਂਗਾ ਕਿ ਮੇਰਾ ਕੋਈ ਸਵਾਰਥ ਨਹੀਂ। ਕਾਮਯਾਬੀ ਨਾ ਮਿਲੀ ਤਾਂ ਯਹੂਦੀ ਹਾਰ ਜਾਣਗੇ।
ਹਰਜ਼ਲ ਨੇ ਖ਼ਤਾਂ ‘ਚ ਲਿਖਿਆ ਸੀ, ਕਾਨਵੋਕੇਸ਼ਨ ਵਾਂਗ ਪਵਿੱਤਰ ਲਿਬਾਸ ਪਹਿਨ ਕੇ ਆਉਣਾ। ਕੇਵਲ ਨਾਰਦੂ ਸਾਦੇ ਕੱਪੜਿਆਂ ਵਿਚ ਸੀ। ਹਰਜ਼ਲ ਨੇ ਅੜਬ ਸੁਭਾਅ ਦੇ ਨਾਰਦੂ ਨੂੰ ਕਿਹਾ, ਫਟਾਫਟ ਲਿਬਾਸ ਬਦਲ ਕੇ ਆ। ਉਸ ਨੇ ਸਿਰ ਨਿਵਾ ਕੇ ਆਖਾ ਮੰਨਿਆ। ਐਤਵਾਰ 29 ਅਗਸਤ 1897 ਨੂੰ ਬੇਸਲ ਦੇ ਮਿਊਂਸਪਲ ਹਾਲ ਵਿਚ ਮਹਾਂਸਭਾ ਸਵੇਰ ਸਾਰ ਸ਼ੁਰੂ ਹੋ ਗਈ।
ਸਭ ਤੋਂ ਪਹਿਲਾਂ ਬਜ਼ੁਰਗ ਡਾਕਟਰ ਲਿੱਪੇ ਜੈਸੀ ਮੰਚ ‘ਤੇ ਚੜ੍ਹਿਆ। ਹਾਲ ਖਾਮੋਸ਼ ਹੋ ਗਿਆ। ਸਫੈਦ ਵਾਲਾਂ ਉਪਰ ਸਫੈਦ ਟੋਪ। ਸਿਰ ਨਿਵਾ ਕੇ ਸੰਗਤ ਨੂੰ ਸਲਾਮ ਕੀਤਾ। ਸਾਰਿਆਂ ਨੇ ਸਿਰ ਨਿਵਾ ਕੇ, ਛਾਤੀ ‘ਤੇ ਹੱਥ ਰੱਖ ਕੇ ਡਾਕਟਰ ਦੇ ਸਲਾਮ ਦਾ ਜਵਾਬ ਦਿੱਤਾ। ਹਰਜ਼ਲ ਨੂੰ ਹੱਥ ਨਾਲ ਮੰਚ ‘ਤੇ ਆਉਣ ਦਾ ਇਸ਼ਾਰਾ ਕੀਤਾ। ਸ਼ਾਂਤ-ਚਿਤ ਹਰਜ਼ਲ ਸਟੇਜ ‘ਤੇ ਚਲਾ ਗਿਆ। ਦਰਸ਼ਕਾਂ ਨੇ ਦੇਖਿਆ, ਇਹ ਕੱਲ੍ਹ ਸ਼ਾਮ ਵਾਲਾ ਹਰਜ਼ਲ ਨਹੀਂ ਜੋ ਤੇਜ਼ ਕਦਮੀਂ ਮਹਿਮਾਨਾਂ ਦੇ ਰਹਿਣ ਦਾ ਪ੍ਰਬੰਧ ਕਰਦਾ ਫਿਰਦਾ ਸੀ। ਬਾਦਸ਼ਾਹ ਦਾ ਸ਼ਹਿਜ਼ਾਦਾ, ਨਹੀਂ ਨਹੀਂæææਪੈਗੰਬਰਾਂ ਦਾ ਬੇਟਾ ਹੈ ਇਹ ਕੋਈ। ਗੰਭੀਰ, ਉਦਾਸ, ਸ਼ਾਨਾਂਮੱਤਾ ਚਿਹਰਾ। ਦਿੱਬ ਦ੍ਰਿਸ਼ਟੀ ਵਾਲਾ ਜਵਾਨ। ਨਹੀਂ, ਹਰਜ਼ਲ ਨਹੀਂ ਹੈ ਇਹ। ਪੈਗੰਬਰ ਦਾਊਦ ਆਪਣੇ ਸ਼ਾਨਦਾਰ ਇਤਿਹਾਸ ਸਮੇਤ ਆਪਣੇ ਘਰੋਂ ਚੱਲ ਕੇ ਸਭਾ ਦੇ ਮੰਚ ‘ਤੇ ਆ ਖਲੋਤਾ ਹੈ। ਕੋਈ ਅੱਖ ਸੁੱਕੀ ਨਾ ਰਹੀ। ਇਹ ਪੈਰਾ ਉਥੇ ਮੌਜੂਦ ਬਿਨ ਅਮੀ ਦੀ ਡਾਇਰੀ ਦੇ ਵਰਕੇ ਤੋਂ ਲਿਆ ਹੈ।
ਹਾਲ ਵਿਚ 200-250 ਹਾਜ਼ਰੀਨ ਸੀ। ਹਾਜ਼ਰੀ ਰਜਿਸਟਰ ਵਿਚ 199 ਮਹਿਮਾਨਾਂ ਦੇ ਨਾਂ ਪਤੇ ਦਰਜ ਮਿਲੇ। ਬਹੁਤ ਸਾਰਿਆਂ ਨੇ ਆਪੋ ਆਪਣੇ ਕਾਰਨ ਵੱਸ ਹਾਜ਼ਰੀ ਨਹੀਂ ਲਵਾਈ। ਰੂਸੀਆਂ ਨੇ ਨਹੀਂ ਲਵਾਈ, ਕਿਉਂਕਿ ਗ੍ਰਿਫਤਾਰੀ ਦਾ ਡਰ ਸੀ। ਮਹਿਮਾਨ ਸਰੋਤਿਆਂ ਦੀ ਵੱਡੀ ਗਿਣਤੀ ਸੀ, ਪੱਤਰਕਾਰ ਸਨ। ਵੱਡੀ ਗਿਣਤੀ ‘ਚ ਔਰਤਾਂ ਆਈਆਂ। ਆਪੇ ਆਏ ਸਰੋਤਿਆਂ ਅਤੇ ਔਰਤਾਂ ਦੀਆਂ ਸੀਟਾਂ ਗੈਲਰੀ ਵਿਚ ਸਨ ਜਿਨ੍ਹਾਂ ਨੂੰ ਵੋਟ ਪਾਉਣ ਅਤੇ ਰਾਇ ਦੇਣ ਦਾ ਹੱਕ ਨਹੀਂ ਸੀ। ਅਗਲੇ ਸਾਲ ਹੋਣ ਵਾਲੀ ਸਭਾ ਵਿਚ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ। ਗ਼ੈਰ ਯਹੂਦੀਆਂ ਨੂੰ ਅੰਦਰ ਆਉਣ ਦੀ ਆਗਿਆ ਮਿਲੀ। ਆਮ ਆਦਮੀ ਨੇ ਆਉਣ ਤੋਂ ਨਾਂਹ ਕੀਤੀ ਸੀ, ਪਰ ਪੁੱਜ ਗਿਆ। ਜਿਹੜੇ 162 ਪ੍ਰਵਾਨਤ ਡੈਲੀਗੇਟਾਂ ਦੀ ਗਰੁਪ ਫੋਟੋ ਖਿੱਚੀ ਗਈ, ਸਤਿਕਾਰ ਨਾਲ ਆਮ ਆਦਮੀ ਨੂੰ ਉਸ ਵਿਚ ਸ਼ਾਮਲ ਕੀਤਾ ਗਿਆ। ਹਰਜ਼ਲ ਦੀ ਹਦਾਇਤ ਸੀ ਕਿ ਅੰਦਰ ਆਉਣ ਵਾਲੇ ਕਿਸੇ ਸਰੋਤੇ ਨੂੰ ਰੋਕਣਾ-ਟੋਕਣਾ ਨਹੀਂ, ਵਿਰੋਧੀਆਂ ਨੂੰ ਆਦਰ ਨਾਲ ਬਿਠਾਉ।
ਰੂਸ ਦੀ ਪੁਲਿਸ ਨੂੰ ਸਭਾ ਵਿਚ ਸ਼ਾਮਲ ਹੋਣ ਵਾਲੇ ਬੰਦਿਆਂ ਦਾ ਪਤਾ ਸੀ, ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਨੇ ਕਹਿ ਦਿੱਤਾ, ਇਥੇ ਰੂਸ ਵਿਚ ਜਦੋਂ ਮੀਟਿੰਗ ਕਰਨੀ ਹੋਵੇ, ਪਹਿਲਾਂ ਦੱਸ ਦਿਆ ਕਰੋ। ਯਹੂਦੀ ਪੈਸੇ ਦੇ ਦਿੰਦੇ, ਪੁਲਿਸ ਮੀਟਿੰਗ ਦੀ ਕਾਰਵਾਈ ਦਰਜ ਨਾ ਕਰਦੀ, ਨਜ਼ਰ ਅੰਦਾਜ਼ ਕਰ ਦਿੰਦੀ।
ਇਸ ਮਹਾਂਸਭਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਇਕ ਚੌਥਾਈ ਧਨੀ, ਵਪਾਰੀ, ਉਦਯੋਗਪਤੀ ਰਸੂਖਵਾਨ ਯਹੂਦੀ ਸਨ। ਬਾਕੀ ਮਧਵਰਗੀ ਲੋਕ ਲੇਖਕ, ਅਧਿਆਪਕ, ਪੁਜਾਰੀ, ਦੁਕਾਨਦਾਰ ਅਤੇ ਵਿਦਿਆਰਥੀ ਸਨ। ਜਿਨ੍ਹਾਂ ਨੇ ਆਪਣੇ ਕਿੱਤੇ ਵਾਲਾ ਖਾਨਾ ਭਰਿਆ, ਉਨ੍ਹਾਂ ਵਿਚ ਸ਼੍ਰੋਮਣੀ ਪੁਜਾਰੀ (ਰਬਾਈ) ਗਿਆਰਾਂ, ਦੋ ਸਟੈਨੋਗ੍ਰਾਫਰ ਅਤੇ ਇਕ-ਇਕ ਕੀਰਤਨੀਆ, ਕਿਸਾਨ, ਬੁੱਤ ਤਰਾਸ਼ ਤੇ ਛਾਪੇਖਾਨੇ ਦਾ ਕੰਪੋਜ਼ੀਟਰ ਦਰਜ ਸੀ। ਪੁਜਾਰੀਆਂ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਪੂਰਬ ਦੇ ਮੈਂਬਰਾਂ ਦੀ ਗਿਣਤੀ ਪੱਛਮ ਤੋਂ ਵੱਧ ਸੀ। ਸਭ ਤੋਂ ਵੱਧ, ਕੁੱਲ ਦਾ ਇਕ ਚੌਥਾਈ ਹਿੱਸਾ ਰੂਸੀ ਸਨ। ਕਿੱਤੇ ਵਜੋਂ ਸਭ ਤੋਂ ਵੱਧ ਵਿਦਿਆਰਥੀ ਸਨ। ‘ਜਿਊੂਇਸ਼ ਕਰਾਨੀਕਲ’ ਅਖਬਾਰ ਨੇ ਟਿੱਪਣੀ ਛਾਪੀ, ਕਹਿਣ ਨੂੰ ਤਾਂ ਹਰਜ਼ਲ ਦੇ ਸੱਦੇ ‘ਤੇ ਸਭਾ ਹੋਈ, ਪਰ ਲਗਦਾ ਇਉਂ ਸੀ ਜਿਵੇਂ ਮਹਾਂਸਭਾ ਦਾ ਸੱਦਾ ਮਨਜ਼ੂਰ ਕਰ ਕੇ ਹਰਜ਼ਲ ਹਾਜ਼ਰੀ ਭਰਨ ਆਇਆ ਹੋਵੇ।
ਸਭਾ ਵਿਚ ਕੇਵਲ ਇਕ ਵਾਰ ਤਣਾਉ ਆਇਆ। ਇਜ਼ਰਾਈਲ ਵਿਚ ਵਸਾਉਣ ਵਾਸਤੇ ਜ਼ਮੀਨ ਖਰੀਦਣ ਲਈ ਐਡਮੰਡ ਰੋਸ਼ਿਲਡ ਨੇ ਲੱਖਾਂ ਪੌਂਡ ਦਾਨ ਦਿੱਤਾ ਸੀ। ਸਰੋਤਿਆਂ ਨੇ ਮੰਗ ਕੀਤੀ ਕਿ ਉਸ ਦੀ ਪ੍ਰਸ਼ੰਸਾ ਵਿਚ ਮਤਾ ਪਾਸ ਹੋਵੇ। ਹਰਜ਼ਲ ਨੇ ਕਿਹਾ, ਮਹਾਂਦਾਨੀ ਰੋਸ਼ਿਲਡ ਦਾ ਕੌਣ ਆਦਰ ਨਹੀਂ ਕਰਦਾ? ਮੁਸ਼ਕਿਲ ਇਹ ਆਏਗੀ ਕਿ ਰੋਸ਼ਿਲਡ ਜ਼ਮੀਨ ਖਰੀਦ ਕੇ ਵਸੇਬੇ ਦੇ ਹੱਕ ਵਿਚ ਹੈ, ਮੈਂ ਰਾਜਸੱਤਾ ਹਾਸਲ ਕਰਨ ਦੇ ਹੱਕ ਵਿਚ ਹਾਂ, ਤੇ ਉਸੇ ਦਿਸ਼ਾ ਵਿਚ ਇਹ ਸਭਾ ਬੁਲਾਈ ਹੈ। ਮਤਾ ਪਾਸ ਕਰਨ ਦਾ ਅਰਥ ਇਹ ਹੋਵੇਗਾ ਕਿ ਸਾਡੇ ਦੋਹਾਂ ਵਿਚੋਂ ਇਕ ਦੀ ਨੀਤੀ ਗਲਤ ਹੈ। ਪਹਿਲਾਂ ਆਪਾਂ ਸ਼ਾਂਤ-ਚਿੱਤ ਹੋ ਕੇ ਫੈਸਲਾ ਕਰੀਏ ਕਿ ਸਾਡੇ ਵਿਚੋਂ ਕੌਣ ਗਲਤ ਹੈ। ਸਭਾ ਨੇ ਮੰਗ ਵਾਪਸ ਲੈ ਲਈ। ਆਵਾਜ਼ਾਂ ਆਈਆਂ, ਦੋਵੇਂ ਠੀਕ ਕੰਮ ਕਰ ਰਹੇ ਹੋ। ਤਾੜੀਆਂ ਨਾਲ ਹਾਲ ਗੂੰਜਿਆ।
ਇਕ ਰੂਸੀ ਡੈਲੀਗੇਟ ਨੇ ਆਪਣੀ ਅਸਹਿਮਤੀ ਦਰਜ ਕਰਵਾਈ, ਸਾਰੀ ਸਭਾ ਵਿਚ ਆਮ ਕਾਰਵਾਈ ਜਰਮਨ ਜ਼ੁਬਾਨ ਵਿਚ ਹੋਈ, ਹਿਬਰੂ ਵਿਚ ਹੋਣੀ ਚਾਹੀਦੀ ਸੀ। ਹਰਜ਼ਲ ਨੇ ਕਿਹਾ, ਹਿਬਰੂ ਵਿਚ ਹੋਇਆ ਕਰੇਗੀ, ਅਜੇ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ, ਇਸ ਲਈ ਸਹੂਲਤ ਵਾਸਤੇ ਅਜਿਹਾ ਹੋਇਆ।
ਹਰਜ਼ਲ ਨੇ ਆਪਣੇ ਭਾਸ਼ਣ ਵਿਚ ਕਿਹਾ, ਸਾਡੇ ਦੁਸ਼ਮਣ ਦੀ ਵੱਖੀ ਵਿਚ ਦਰਦ ਹੋਇਆ ਹੈ ਕਿ ਅੱਜ ਅਸੀਂ ਝੁੱਗੀਆਂ ਝੋਂਪੜੀਆਂ ਵਿਚੋਂ ਨਿਕਲ ਕੇ ਆਪਣੇ ਬਾਬੇ ਦੇ ਮਹਿਲਾਂ ਵਿਚ ਦਾਖਲ ਹੋਏ। ਜ਼ਿਓਨਿਜ਼ਮ ਨੇ ਵੱਡਾ ਦਰ ਖੋਲ੍ਹ ਦਿੱਤਾ। ਆਪਣੀ ਮਦਦ ਆਪ ਕਰਿਓ, ਤੁਸੀਂ ਆਪਣੇ ਭਰਾਵਾਂ ਨਾਲ ਹਮਦਰਦੀ ਨਾ ਕੀਤੀ ਤਾਂ ਕੀ ਬੇਗਾਨਿਆਂ ਤੋਂ ਹਮਦਰਦੀ ਮਿਲੇਗੀ? ਅੱਜ ਆਪਾਂ ਹਰ ਕਿਸਮ ਦੇ ਯਹੂਦੀ ਇਕੱਠੇ ਹੋਏ; ਸਿਰੇ ਦੇ ਸਨਾਤਨੀ ਅਤੇ ਸਿਰੇ ਦੇ ਆਧੁਨਿਕ; ਅਨਪੜ੍ਹ ਅਤੇ ਵਿਦਵਾਨ, ਕਿਸੇ ਨੇ ਕਿਸੇ ਲਈ ਨਾ ਕੋਈ ਰਿਆਇਤ ਕੀਤੀ, ਨਾ ਬੰਦਿਸ਼ਾਂ ਲਾਈਆਂ। ਕੋਈ ਧਿਰ ਦੂਜੀ ਧਿਰ ਨਾਲ ਅਸਹਿਮਤ ਨਹੀਂ। ਅਸੀਂ ਬੜੇ ਕਸ਼ਟ ਭੁਗਤ ਚੁੱਕੇ ਹਾਂ। ਹੁਣ ਚੰਗਾ ਸਮਾਂ ਆਏਗਾ। ਆਪੋ-ਆਪਣੇ ਦੇਸ਼ਾਂ ਵਿਚ ਜਾ ਕੇ ਰਿਆਇਤਾਂ ਨਹੀਂ, ਹੱਕ ਮੰਗਾਂਗੇ। ਜੇ ਆਪਾਂ ਅੱਜ ਤੁਰਕੀ ਸਰਕਾਰ ਅੱਗੇ ਰਹਿਮ ਦੀ ਅਪੀਲ ਕਰੀਏ ਕਿ ਸਾਲਾਨਾ ਦਸ ਹਜ਼ਾਰ ਯਹੂਦੀ ਇਜ਼ਰਾਈਲ ਵਿਚ ਲੰਘ ਆਉਣ ਦੀ ਆਗਿਆ ਦੇ ਦਿਉ, ਜੋ ਹੁਣ ਤੱਕ ਮਿਲੀ ਹੋਈ ਹੈ, ਸੁਲਤਾਨ ਉਸ ‘ਤੇ ਵੀ ਪਾਬੰਦੀ ਲਾ ਦਏਗਾ। ਫਿਰ ਹਜ਼ਾਰ ਸਾਲ ਤੱਕ, ਇਕ ਵੀ ਯਹੂਦੀ ਇਜ਼ਰਾਈਲ ਵਿਚ ਦਾਖਲ ਨਹੀਂ ਹੋ ਸਕੇਗਾ। ਯਹੂਦੀ ਦੁਨੀਆਂ ਦੇ ਕਿਸੇ ਦੇਸ਼ ਵਿਚ ਚਲੇ ਜਾਣ, ਕਿਸੇ ਨੂੰ ਇਤਰਾਜ਼ ਨਹੀਂ; ਜਦੋਂ ਉਹ ਆਪਣੇ ਘਰ, ਆਪਣੇ ਵਡੇਰਿਆਂ ਦੇ ਦੇਸ਼ ਵਿਚ ਜਾਣ ਲੱਗਣ, ਸਾਰੀ ਦੁਨੀਆਂ ਨੂੰ ਇਹ ਸਮੱਗਲਿੰਗ ਦਿਸ ਜਾਂਦੀ ਹੈ ਤੇ ਚੀਕ-ਚਿਹਾੜਾ ਸ਼ੁਰੂ ਹੋ ਜਾਂਦਾ ਹੈ। ਸਾਡੀ ਇਸ ਸਭਾ ਵੱਲ ਦੁਨੀਆਂ ਦੀ ਨਜ਼ਰ ਹੈ। ਲੱਖਾਂ ਯਹੂਦੀ ਇਸ ਤੋਂ ਸੁਹਣੇ ਭਵਿਖ ਦੀਆਂ ਆਸਾਂ ਲਾਈ ਬੈਠੇ ਹਨ। ਜ਼ਿਓਨਿਜ਼ਮ ਨੂੰ ਦਹਿਸ਼ਤਗਰਦਾਂ ਦਾ ਗਰੋਹ ਸਮਝਿਆ ਜਾਂਦਾ ਰਿਹਾ ਹੈ; ਹੁਣ ਦੱਸਾਂਗੇ, ਅਸੀਂ ਸਾਊ, ਸਭਿਅਕ, ਕਾਨੂੰਨ ਦੇ ਪਾਬੰਦ ਲੋਕ ਆਪਣੇ ਪੁਰਖਿਆਂ ਦੇ ਦੱਸੇ ਰਸਤੇ ‘ਤੇ ਤੁਰ ਪਏ ਹਾਂ। ਜੋ ਸਾਧਨ ਯਹੂਦੀਆਂ ਕੋਲ ਨਹੀਂ ਸੀ, ਉਹ ਮਿਲ ਗਿਆ ਹੈ, ਇਸ ਦਾ ਨਾਂ ਜ਼ਿਓਨਿਜ਼ਮ ਹੈ ਜੋ ਨਿਜੀ ਲੋੜਾਂ ਦੀ ਥਾਂ ਕੌਮੀ ਲੋੜਾਂ ਪੂਰੀਆਂ ਕਰੇਗਾ। ਬਦਕਿਸਮਤ ਲੋਕਾਂ ਵਾਸਤੇ ਸਹਾਰਾ ਹੋਵੇਗਾ ਤੇ ਧਮਕੀ ਕਿਸੇ ਵਾਸਤੇ ਨਹੀਂ ਬਣੇਗਾ। ਇਸ ਰਾਹੀਂ ਯਹੂਦੀਆਂ ਨੂੰ ਉਹ ਸ਼ਾਨ ਮਿਲੇਗੀ ਜਿਸ ਦੇ ਉਹ ਹੱਕਦਾਰ ਹਨ, ਜੋ ਅਮਰ ਅਤੇ ਲਾਸਾਨੀ ਹੈ।
ਹਰਜ਼ਲ ਨੇ ਕਿਹਾ, ਤੁਸੀਂ ਜਾਣਦੇ ਹੋ, ਵਿਸ਼ਵ ਵਿਚ ਕਿਸੇ ਥਾਂ ਯਹੂਦੀਆਂ ਦੀ ਹਾਲਤ ਚੰਗੀ ਨਹੀਂ। ਚੰਗੀ ਹੁੰਦੀ, ਫਿਰ ਆਪਾਂ ਇਹ ਸਭਾ ਕਿਉਂ ਬੁਲਾਉਂਦੇ?
ਹਰਜ਼ਲ ਨੇ ਨਹੀਂ, ਬਾਕੀ ਪੇਪਰ ਪੜ੍ਹਨ ਵਾਲੇ ਬੁਲਾਰਿਆਂ ਨੇ ਆਪੋ-ਆਪਣੇ ਦੇਸ਼ ਵਿਚ ਹੁੰਦੀ ਦੁਰਦਸ਼ਾ ਦੀ ਉਹ ਦਿਲ-ਕੰਬਾਊ ਦਾਸਤਾਨ ਛੋਹੀ- ‘ਸੰਖੇਪ ਕਰੋ, ਪੇਪਰ ਸਮਾਪਤ ਕਰੋ’ ਆਦਿਕ ਸੁਨੇਹਿਆਂ ਦਾ ਕੋਈ ਅਸਰ ਨਹੀਂ। ਨਾਰਦੂ ਨੇ ਕਿਹਾ, ਯਹੂਦੀਆਂ ਦਾ ਦੁੱਖ ਕੇਵਲ ਇਕ ਰੰਗ, ਇਕ ਕਿਸਮ ਦਾ ਹੈ। ਜਿਥੇ ਕਿਤੇ ਉਹ ਵਸੇ, ਉਨ੍ਹਾਂ ਨੂੰ ਉਸ ਤਰ੍ਹਾਂ ਆਮ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਹੋ ਜਿਹਾ ਬਾਕੀ ਲੋਕਾਂ ਨੂੰ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਯਹੂਦੀ ਹੋਣ ਦੀ ਜ਼ਿੱਲਤ ਬਰਦਾਸ਼ਤ ਕਰਨੀ ਪਈ। ਪੂਰਬੀ ਗਰੀਬ ਯਹੂਦੀਆਂ ਨੂੰ ਜਾਨ ਦਾ ਖਤਰਾ, ਪੱਛਮੀ ਖੁਸ਼ਹਾਲ ਯਹੂਦੀਆਂ ਨੂੰ ਇਜ਼ਤ ਦਾ ਖਤਰਾ, ਨਫਰਤ ਦਾ ਸਾਹਮਣਾ, ਸਵੈਮਾਣ ਨੂੰ ਸੱਟ। ਜਿਸ ਰੂਹਾਨੀ ਤ੍ਰਿਪਤੀ ਦੇ ਬਾਕੀ ਲੋਕ ਇਛੁਕ ਹਨ, ਯਹੂਦੀ ਉਸ ਤੋਂ ਵਾਂਝੇ ਰਹੇ। ਯਹੂਦੀ ਨਹੀਂ ਚਾਹੁੰਦਾ ਕਿ ਕੋਈ ਉਸ ਵਿਚ ਯਹੂਦੀਆਂ ਵਰਗੀਆਂ ਆਦਤਾਂ ਦੇਖੇ ਤੇ ਨਫਰਤ ਕਰੇ। ਉਸ ਨੂੰ ਆਪਣੇ ਗ਼ੈਰ ਯਹੂਦੀ ਦੋਸਤਾਂ ‘ਤੇ ਵੀ ਭਰੋਸਾ ਨਹੀਂ। ਇਉਂ ਮਾਨਸਿਕ ਤੌਰ ‘ਤੇ ਯਹੂਦੀ ਅਪੰਗ ਹੋ ਗਏ ਹਨ।
ਇਸ ਸਭਾ ਵਿਚ ਬਾਕੀਆਂ ਨੇ ਪਰਚੇ ਪੜ੍ਹੇ, ਕੇਵਲ ਨਾਰਦੂ ਜ਼ੁਬਾਨੀ ਬੋਲਿਆ। ਲੋਕ ਉਸ ਦੇ ਵਾਕ ਸੁਣਦਿਆਂ ਪਾਗਲ ਹੋ ਕੇ ਬੱਚਿਆਂ ਵਾਂਗ ਰੋਣ ਲੱਗੇ। ਹਰਜ਼ਲ ਨੇ ਕਿਹਾ, ਤੇਰਾ ਭਾਸ਼ਣ ਮਹਾਂਸਭਾ ਹੈ ਤੇ ਮਹਾਂਸਭਾ ਤੂੰ ਹੈਂ, ਨਾਰਦੂ। ਤੇਰਾ ਵਿਖਿਆਨ ਇਤਿਹਾਸਕ ਹੈ। ਨਾਰਦੂ ਨੇ ਪਤਨੀ ਨੂੰ ਕਿਹਾ, ਹਰਜ਼ਲ ਦੇ ਵਾਕ ਅਤਿਕਥਨੀ ਹਨ। ਮੈਂ ਜੋ ਕਿਹਾ, ਵਧਾ-ਚੜ੍ਹਾ ਕੇ ਨਹੀਂ ਕਿਹਾ।
ਇਸ ਸਭਾ ਦੀ ਕਾਮਯਾਬੀ ਵਾਸਤੇ ਸ਼ੁਭ-ਇਛਾਵਾਂ ਦੇ 50 ਹਜ਼ਾਰ ਪੱਤਰ ਆਏ। ਤਿੰਨ ਕਮੇਟੀਆਂ ਬਣੀਆਂ। ਇਕ ਕੌਮਾਂਤਰੀ ਯਹੂਦੀ ਫੰਡ, ਦੂਜੀ ਹਿਬਰੂ ਸਾਹਿਤ ਤੇ ਤੀਜੀ ਯਹੂਦੀਆਂ ਬਾਰੇ ਤੱਥ ਖੋਜ ਕਮੇਟੀ। ਹਰ ਦੇਸ਼ ਵਿਚੋਂ ਘੱਟੋ-ਘੱਟ ਇਕ-ਇਕ ਮੈਂਬਰ ਹਰ ਕਮੇਟੀ ਵਿਚ ਹੋਵੇਗਾ, ਲੋੜ ਅਨੁਸਾਰ ਵੱਧ ਹੋ ਸਕਣਗੇ।
ਸਨਾਤਨੀ ਕੱਟੜ ਯਹੂਦੀਆਂ ਨੂੰ ਹੈਰਾਨੀ ਹੋਈ ਕਿ ਹਰਜ਼ਲ ਇੰਨਾ ਨਿਮਰ ਹੈ, ਇੰਨਾ ਸਹਿਯੋਗ ਦਏਗਾ। ਉਸ ਨੇ ਕਿਹਾ, ਸਾਰਾ ਸੰਸਾਰ ਸਾਨੂੰ ਦੇਖ ਰਿਹਾ ਹੈ। ਅਸੀਂ ਸਾਬਤ ਕਰਾਂਗੇ, ਸਾਡਾ ਮਿਸ਼ਨ ਇਕ ਹੈ। ਸਾਡਾ ਮਨੋਰਥ ਜਿਉਂਦੇ ਰਹਿਣ ਦਾ ਹੈ। ਇਹ ਮਨੋਰਥ ਸਟੇਟ ਦੀ ਸਥਾਪਨਾ ਨਾਲ ਪੂਰਾ ਹੁੰਦਾ ਹੈ ਤਾਂ ਸਟੇਟ ਵਾਸਤੇ ਸੰਘਰਸ਼ ਕਰਾਂਗੇ। ਸਟੇਟ ਬਗੈਰ ਕੰਮ ਸਹੀ ਚੱਲ ਸਕਦਾ ਹੈ ਤਾਂ ਇਸੇ ਤਰ੍ਹਾਂ ਸਹੀ। ਸਾਨੂੰ ਪਤਾ ਹੈ, ਤੁਰਕੀ ਆਪਣਾ ਇਕ ਹਿੱਸਾ ਕੱਟ ਕੇ ਸਾਨੂੰ ਨਹੀਂ ਦੇਣ ਲੱਗਾ, ਪਰ ਇਹ ਪੈਸੇ ਵੱਲੋਂ ਤੰਗ ਹੈ। ਅਸੀਂ ਇਸ ਨੂੰ ਇਸ ਸ਼ਰਤ ‘ਤੇ ਖੁਸ਼ਹਾਲ ਕਰ ਸਕਦੇ ਹਾਂ ਕਿ ਯੋਰੋਸ਼ਲਮ ਦੇ ਆਸ-ਪਾਸ ਤੁਰਕੀ ਹਕੂਮਤ ਅਧੀਨ ਉਨ੍ਹਾਂ ਯਹੂਦੀਆਂ ਨੂੰ ਹੋਮਲੈਂਡ ਦਿੱਤਾ ਜਾਵੇ ਜਿਨ੍ਹਾਂ ਨੂੰ ਹੋਰ ਕੋਈ ਦੇਸ਼ ਵਸਣ ਨਹੀਂ ਦਿੰਦਾ। ਇਹ ਹੋਮਲੈਂਡ ਤੁਰਕੀ ਸਰਕਾਰ ਅਧੀਨ ਹੋਵੇਗਾ ਅਤੇ ਕੌਮਾਂਤਰੀ ਕਾਨੂੰਨ ਅਨੁਸਾਰ ਹੋਵੇਗਾ। ਹੋਮਲੈਂਡ ਦੀ ਰੂਪ-ਰੇਖਾ ਅਤੇ ਵਿਧਾਨ ਤਿਆਰ ਕਰਨ ਵਿਚ ਹਰਜ਼ਲ ਦੇ ਸਲਾਹਕਾਰ ਪੰਜ ਵਕੀਲ ਸਨ।
ਗਰਮ ਦਲੀਏ ਬੇਚੈਨ ਹੋਏ। ਫੇਬੀਅਸ ਨੇ ਉਚੇ ਸੁਰ ਵਿਚ ਕਿਹਾ, ਭਾਈਓ, ਜ਼ਿਓਨਿਜ਼ਮ ਦਾ ਮੰਤਵ ਯਹੂਦੀਆਂ ਲਈ ਸੁਤੰਤਰ ਸਟੇਟ ਦੀ ਸਥਾਪਨਾ ਹੈ। ਸਾਨੂੰ ਆਪਣਾ ਕੌਮੀ ਘਰ ਚਾਹੀਦੈ, ਕਿਸੇ ਦੇ ਰਹਿਮ ‘ਤੇ ਬਿਗਾਨੀ ਪਨਾਹ ਨਹੀਂ। ਹਰਜ਼ਲ ਨੇ ਕਿਹਾ, ਸ਼ਬਦਾਂ ਦੀ ਚੋਣ ਵੱਲ ਨਾ ਜਾਉ, ਸਾਡੀ ਮਨਸ਼ਾ ਦੇਖੋ। ਅਸੀਂ ਉਹੀ ਕਰਾਂਗੇ ਜੋ ਯਹੂਦੀਆਂ ਦੇ ਹਿਤ ਵਿਚ ਹੋਵੇਗਾ।
ਮਹਾਂਸਭਾ ਦੀ ਸਮਾਪਤੀ ਪਿਛੋਂ ਵਾਪਸ ਜਾ ਕੇ 3 ਸਤੰਬਰ ਨੂੰ ਹਰਜ਼ਲ ਨੇ ਡਾਇਰੀ ਵਿਚ ਲਿਖਿਆ, ਬੇਸਲ ਨਗਰ ਵਿਚ ਮੈਂ ਯਹੂਦੀ ਸਟੇਟ ਦੀ ਨੀਂਹ ਧਰ ਆਇਆਂ। ਇਸੇ ਤਰ੍ਹਾਂ ਜੇ ਸਾਫ-ਸਾਫ ਬੋਲ ਦਿੱਤੀ ਜਾਵੇ ਤਾਂ ਸਾਰਾ ਸੰਸਾਰ ਅੱਜ ਇਸ ਗੱਲ ‘ਤੇ ਹੱਸੇ। ਕਹੇ ਗਏ ਲਫਜ਼ ਤੋਲੇ ਜਾ ਸਕਦੇ ਨੇ, ਅਣਕਹੀਆਂ ਭਾਵਨਾਵਾਂ ਨੂੰ ਕੌਣ ਤੋਲੇਗਾ? ਪੰਜ ਸਾਲ ਨੂੰ ਨਾ ਸਹੀ, 50 ਸਾਲ ਨੂੰ ਸਹੀ; ਇਜ਼ਰਾਈਲ ਯਹੂਦੀਆਂ ਦਾ ਦੇਸ਼ ਬਣੇਗਾ। ਸਭਾ ਵਿਚ ਭਾਗ ਲੈਂਦੇ ਸਾਰੇ ਮੈਂਬਰਾਂ ਨੂੰ ਮੈਂ ਇਹ ਅਹਿਸਾਸ ਕਰਵਾਉਣ ਵਿਚ ਕਾਮਯਾਬ ਹੋ ਗਿਆਂ ਜਿਵੇਂ ਉਹ ਪਾਰਲੀਮੈਂਟ ਮੈਂਬਰ ਹੋਣ ਤੇ ਮੇਰੀ ਸਟੇਟ ਦਾ ਪਾਰਲੀਮੈਂਟ ਇਜਲਾਸ ਚੱਲ ਰਿਹਾ ਹੋਵੇ।
ਆਖਰ ਸੰਗਤ ਦੀ ਆਗਿਆ ਨਾਲ ਸਭਾ ਸਮਾਪਤ ਹੋਈ। ਸ਼ੁਕਰਾਨਾ ਕਰਦਿਆਂ ਹਰਜ਼ਲ ਨੇ ਕਿਹਾ, ਸਾਡੀ ਇਹ ਪਹਿਲੀ ਕੌਮਾਂਤਰੀ ਕਾਂਗਰਸ ਸੀ। ਮੈਨੂੰ ਭਰੋਸਾ ਹੈ, ਇਸ ਸਭਾ ਕਾਰਨ ਅਸੀਂ ਕਦੀ ਸ਼ਰਮਿੰਦੇ ਨਹੀਂ ਹੋਵਾਂਗੇ। ਧੀਮੀ ਗਤੀ, ਪੂਰੀ ਦ੍ਰਿੜ੍ਹਤਾ ਨਾਲ ਅਸੀਂ ਅਹਿਮ ਫੈਸਲੇ ਕਰ ਕੇ ਵਾਪਸ ਚੱਲੇ ਹਾਂ।
ਹਰਜ਼ਲ ਦੇ ਸ਼ੁਕਰਾਨੇ ਮਗਰੋਂ ਸਭਾ ਉਠੀ। ਹੱਥ ਹਿਲਾਉਂਦਿਆਂ, ਰੁਮਾਲ ਲਹਿਰਾਉਂਦਿਆਂ ਵਿਦਾਇਗੀਆਂ ਹੋਈਆਂ। ਮੁਸਕਾਨਾਂ ਨਾਲ ਹੰਝੂਆਂ ਦੇ ਵਟਾਂਦਰੇ ਹੋਏ। ਸਭਾ ਦੇ ਅਸਰ ਦੇਰ ਤੱਕ, ਦੂਰ-ਦਰਾਜ ਤੱਕ ਹੋਏ। ਰਾਜ ਪਲਟਿਆਂ ਵਕਤ, ਇਨਕਲਾਬਾਂ ਮੌਕੇ ਜਿਵੇਂ ਯੁੱਧ ਹੁੰਦੇ, ਖੂਨ-ਖਰਾਬਾ ਹੁੰਦਾ, ਅਜਿਹਾ ਨਹੀਂ ਹੋਇਆ। ਭਾਰਾ ਜਹਾਜ਼ ਸਮੁੰਦਰ ਵਿਚ ਠਿੱਲ੍ਹ ਪਿਆ। ਜ਼ਿਓਨਿਜ਼ਮ ਦਾ ਪਹਿਲਾ ਮਨੋਰਥ ਧਰਮ ਜਾਗਰਨ ਸੀ। ਵਿਸ਼ਵਾਸ ਬਣਿਆ ਕਿ ਧਰਮੀ ਲੋਕਾਂ ਨੂੰ ਰੱਬ ਦਇਆਵਾਨ ਹੋ ਕੇ ਰਾਜ ਭਾਗ ਦਿੰਦਾ ਹੈ। ਤਤਕਾਲੀ ਲਾਭ ਇਹ ਹੋਇਆ ਕਿ ਸੰਸਾਰ ਦੇ ਯਹੂਦੀਆਂ ਕੋਲ ਜ਼ਿਓਨਿਜ਼ਮ ਦੇ ਝੰਡੇ ਅਧੀਨ ਮੰਚ ਆ ਗਿਆ ਜੋ ਪ੍ਰਤੀਨਿਧ ਸੰਸਥਾ ਹੋਣ ਕਾਰਨ ਫੈਸਲੇ ਕਰਨ ਦਾ ਅਧਿਕਾਰੀ ਹੋਵੇਗਾ। ਅੱਜ ਜ਼ਿਓਨਿਜ਼ਮ ਅਗਵਾਈ ਕਰ ਰਿਹਾ ਹੈ, ਭਵਿੱਖ ਵਿਚ ਰਾਜ ਕਰਨ ਲੱਗੇਗਾ।
ਦਿਲਚਸਪ ਟਿੱਪਣੀ ਆਮ ਆਦਮੀ ਬਾਰੇ ਮਿਲੀ। ਇਕ ਸਰੋਤੇ ਨੇ ਕਿਹਾ, ਇਹ ਸੰਪਾਦਕ, ਹਰਜ਼ਲ ਦਾ ਨਿੰਦਕ ਅਤੇ ਮਹਾਂਸਭਾ ਦਾ ਆਲੋਚਕ ਸਾਰੇ ਰੰਗ ਤਮਾਸ਼ੇ ਵਿਚ ਇਉਂ ਬੈਠਾ ਰਿਹਾ ਜਿਵੇਂ ਵਿਆਹ ਵਿਚ ਮਕਾਣ ਆਇਆ ਹੋਵੇ। ਆਖਰ ਉਸ ਦਾ ਪੱਥਰ ਦਿਲ ਵੀ ਪੰਘਰ ਗਿਆ, ਸੰਪਾਦਕੀ ਲਿਖੀ, ਸਵੇਰ ਤੋਂ ਸ਼ਾਮ ਤੱਕ ਤਿੰਨ ਦਿਨ ਦੁਨੀਆਂ ਦੇ 200 ਨੁਮਾਇੰਦਿਆਂ ਨੇ ਇਸ ਮਸਲੇ ‘ਤੇ ਨਿਝੱਕ ਵਿਚਾਰ-ਵਟਾਂਦਰਾ ਕੀਤਾ ਕਿ ਆਪਣੇ ਵਡੇਰਿਆਂ ਦੇ ਇਤਿਹਾਸਕ ਰੂਹਾਨੀ ਘਰ ਇਜ਼ਰਾਈਲ ਵੱਲ ਕਿਵੇਂ ਪਰਤਿਆ ਜਾਵੇ। ਆਪਣੇ ਸੰਕੋਚ ਦੀਆਂ ਦੀਵਾਰਾਂ ਤੋੜਦਿਆਂ ਸੰਸਾਰ ਅੱਗੇ ਜ਼ਿਓਨਿਜ਼ਮ ਨੇ ਆਪਣਾ ਮਨੋਰਥ ਜ਼ਾਹਿਰ ਕਰ ਦਿੱਤਾ। ਸਾਫ ਖਰੇ ਲਫਜ਼ਾਂ ਵਿਚ ਸਿੱਧਮ-ਸਿਧਾ ਦੁਨੀਆਂ ਨੂੰ ਦੱਸ ਦਿੱਤਾ ਕਿ ਜਲਾਵਤਨ ਯਹੂਦੀਆਂ ਨੇ ਪੁਰਖਿਆਂ ਦੇ ਦੇਸ਼ ਵਿਚ ਜਾਣ ਦਾ ਫੈਸਲਾ ਕਰ ਲਿਆ ਹੈ। ਅਸੂਲਨ ਕੀ ਚਾਹੀਦਾ ਹੈ ਅਤੇ ਅਸਲ ਵਿਚ ਕੀ ਸੰਭਵ ਹੈ, ਸਾਫ ਹੋ ਗਿਆ।
ਕਾਨਫਰੰਸ ਦੀ ਸਮਾਪਤੀ ਬਾਅਦ ਲਿਲਿਅਨ ਨੇ ਲਿਖਿਆ, ਹੋਰ ਕੁਝ ਨਹੀਂ ਮਿਲਿਆ, ਨਾ ਸਹੀ! ਜ਼ਿਓਨਿਜ਼ਮ ਲਹਿਰ ਮਿਲੀ ਜਿਸ ਨੇ ਸੋਚਣ ਅਤੇ ਅਮਲ ਕਰਨ ਦੇ ਰਸਤੇ ਪਾ ਦਿੱਤੈ। ਕੀ ਪਤਾ, ਕਦੇ ਕਾਮਯਾਬ ਹੋ ਜਾਈਏ?
(ਸਮਾਪਤ)