ਕਾਜੀ ਤੈ ਕਵਨ ਕਤੇਬ ਬਖਾਨੀ

ਗੁਰਨਾਮ ਕੌਰ ਕੈਨੇਡਾ
ਇਹ ਸ਼ਬਦ ਭਗਤ ਕਬੀਰ ਜੀ ਦਾ ਰਾਗ ਆਸਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 477 ‘ਤੇ ਦਰਜ ਹੈ। ਇਸ ਸ਼ਬਦ ਵਿਚ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਆਮ ਲੋਕਾਂ ਤੱਕ ਧਰਮ ਦਾ ਉਹ ਸੰਦੇਸ਼ ਨਹੀਂ ਪਹੁੰਚਦਾ ਜੋ ਰਿਸ਼ੀਆਂ, ਪੈਗੰਬਰਾਂ ਜਾਂ ਧਰਮ ਦੇ ਬਾਨੀਆਂ ਵੱਲੋਂ ਧਰਮ ਗ੍ਰੰਥਾਂ ਵਿਚ ਦੱਸਿਆ ਹੁੰਦਾ ਹੈ। ਆਮ ਲੋਕ ਆਪੋ ਆਪਣੇ ਧਰਮ ਨੂੰ ਉਸੇ ਤਰ੍ਹਾਂ ਸਮਝਦੇ ਹਨ ਜਿਸ ਤਰ੍ਹਾਂ ਉਸ ਦੀ ਵਿਆਖਿਆ ਕਰਨ ਵਾਲੀ ਪੁਜਾਰੀ ਜਮਾਤ ਆਪਣੀ ਮਤਲਬਪ੍ਰਸਤੀ ਲਈ ਲੋਕਾਂ ਤੱਕ ਪਹੁੰਚਾਉਂਦੀ ਹੈ।

ਇਸ ਸ਼ਬਦ ਵਿਚ ਰਹਾਉ ਦੀ ਤੁਕ ਵਿਚ ਭਗਤ ਕਬੀਰ ਇਸੇ ਤੱਥ ਵੱਲ ਧਿਆਨ ਦਿਵਾਉਂਦੇ ਹਨ ਕਿ ਧਾਰਮਕ ਨਫ਼ਰਤ ਫੈਲਾਉਣ ਵਿਚ ਸਭ ਤੋਂ ਵੱਧ ਹੱਥ ਪੁਜਾਰੀ ਜਮਾਤ ਦਾ ਹੁੰਦਾ ਹੈ ਅਤੇ ਇਸ ਉਤਰ-ਆਧੁਨਿਕ ਯੁੱਗ ਵਿਚ ਪੁਜਾਰੀ ਜਮਾਤ ਅਤੇ ਸਿਆਸਤਦਾਨਾਂ ਦੇ ਅਪਵਿੱਤਰ ਗੱਠਜੋੜ ਕਾਰਨ ਇਸ ਦਾ ਰੂਪ ਹੋਰ ਵੀ ਭਿਆਨਕ ਹੋ ਗਿਆ ਹੈ। ਭਗਤ ਕਬੀਰ ਦੇ ਇਸ ਸ਼ਬਦ ਤੋਂ ਸਮਝ ਪੈਂਦੀ ਹੈ ਕਿ ਪੁਜਾਰੀ ਜਮਾਤ ਦਾ ਮੁੱਢ ਕਦੀਮ ਤੋਂ ਹੀ ਇਹੋ ਕੰਮ ਰਿਹਾ ਹੈ। ਭਗਤ ਕਬੀਰ ਕਾਜ਼ੀ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਤੂੰ ਕਿਹੜੀਆਂ ਧਾਰਮਿਕ-ਪੁਸਤਕਾਂ ਪੜ੍ਹ ਕੇ ਲੋਕਾਂ ਨੂੰ ਦੱਸ ਰਿਹਾ ਹੈਂ ਕਿ ਤੇਰੇ ਧਰਮ ਨੂੰ ਮੰਨਣ ਵਾਲੇ ਅਰਥਾਤ ਮੁਸਲਮਾਨ ਬਹਿਸ਼ਤ ਜਾਂ ਜੰਨਤ ਵਿਚ ਜਾਣਗੇ ਅਤੇ ਗ਼ੈਰ-ਮੁਸਲਮਾਨ ਦੋਜਕ ਵਿਚ ਜਾਣਗੇ? ਭਗਤ ਜੀ ਅੱਗੇ ਕਹਿੰਦੇ ਹਨ, ਹੇ ਕਾਜ਼ੀ! ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ ਅਰਥਾਤ ਜਿਹੜੇ ਆਪਣੀ ਮਰਜ਼ੀ ਮੁਤਾਬਕ ਅੱਖਾਂ ‘ਤੇ ਤੁਅੱਸਬ ਦੀ ਪੱਟੀ ਬੰਨ੍ਹ ਕੇ ਧਾਰਮਿਕ ਪੁਸਤਕਾਂ ਪੜ੍ਹਦੇ ਅਤੇ ਉਨ੍ਹਾਂ ਦੀ ਵਿਆਖਿਆ ਕਰਦੇ ਹਨ, ਉਹ ਸਭ ਖ਼ੁਆਰ ਹੁੰਦੇ ਹਨ। ਅਜਿਹੇ ਲੋਕਾਂ ਨੂੰ ਅਸਲੀਅਤ ਦੀ ਸਮਝ ਨਹੀਂ ਪੈਂਦੀ। ਅਜਿਹੇ ਕੋਝੇ ਅਤੇ ਝਗੜਾਲੂ ਲੋਕ ਮਜ਼ਹਬੀ ਝਗੜਿਆਂ ਵਿਚ ਪੈਣ ਦੀ ਥਾਂ ਇਹ ਵਿਚਾਰ ਕੇ ਲੋਕਾਂ ਨੂੰ ਦੱਸਣ ਕਿ ਹਿੰਦੂ ਅਤੇ ਤੁਰਕ ਅਰਥਾਤ ਵੱਖ ਵੱਖ ਮਜ਼ਹਬਾਂ ਨੂੰ ਮੰਨਣ ਵਾਲੇ ਲੋਕ ਕਿੱਥੋਂ ਪੈਦਾ ਹੋਏ ਹਨ ਅਤੇ ਇਹ ਵੱਖ ਵੱਖ ਰਸਤੇ ਕਿਸ ਨੇ ਬਣਾਏ ਹਨ। ਭਾਵ ਸਾਰੀ ਮਨੁੱਖਤਾ ਦੇ ਅਰੰਭ ਦਾ ਸੋਮਾ, ਪੈਦਾ ਕਰਨ ਵਾਲੀ ਹਸਤੀ ਇੱਕੋ ਹੈ। ਸੋਚਣ ਵਾਲੀ ਗੱਲ ਹੈ ਕਿ ਮਨੁੱਖ ਨੂੰ ਬਹਿਸ਼ਤ ਜਾਂ ਦੋਜਕ ਉਸ ਦੇ ਇਸ ਦੁਨੀਆਂ ‘ਤੇ ਕੀਤੇ ਚੰਗੇ ਜਾਂ ਮੰਦੇ ਕੰਮਾਂ ਅਨੁਸਾਰ ਮਿਲਣਾ ਹੈ। ਮੁਸਲਮਾਨ ਸੁੰਨਤ ਕਰਾਉਂਦੇ ਹਨ ਅਤੇ ਸੁੰਨਤ ਦੇ ਹਵਾਲੇ ਨਾਲ ਭਗਤ ਕਬੀਰ ਦੱਸਦੇ ਹਨ ਕਿ ਮਹਿਜ਼ ਧਾਰਮਿਕ ਰਸਮਾਂ ਕਰਨ ਨਾਲ ਹੀ ਮਨੁੱਖ ਧਾਰਮਿਕ ਨਹੀਂ ਹੋ ਜਾਂਦਾ, ਧਾਰਮਿਕ ਹੋਣ ਲਈ ਆਪਣੇ ਅੰਦਰ ਗੁਣ ਪੈਦਾ ਕਰਨੇ ਪੈਂਦੇ ਹਨ। ਭਗਤ ਕਬੀਰ ਆਗਾਹ ਕਰਦੇ ਹਨ ਕਿ ਮਜ਼ਹਬੀ ਪੁਸਤਕਾਂ ਦੀ ਬਹਿਸ ਕਰਕੇ ਆਪਣੇ ਆਪ ‘ਤੇ ਜ਼ੁਲਮ ਕਰਨ ਦੀ ਥਾਂ ਉਸ ਪਰਵਰਦਗਾਰ ਦੇ ਨਾਮ ਦਾ, ਉਸ ਦੇ ਗੁਣਾਂ ਦਾ ਸਿਮਰਨ ਕਰਨ ਵੱਲ ਲਗਣਾ ਚਾਹੀਦਾ ਹੈ ਜਿਸ ਤੋਂ ਆਪਣਾ ਅਤੇ ਸਮੁੱਚੀ ਮਾਨਵਤਾ ਦਾ ਕੁੱਝ ਭਲਾ ਹੋ ਸਕੇ।
ਅੱਜ ਇੱਕੀਵੀਂ ਸਦੀ ਵਿਚ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਹੋਣ ਦਾ ਸੰਕਲਪ ਦਿੱਤਾ ਜਾ ਰਿਹਾ ਹੈ। ਦੁਨੀਆਂ ਦੇ ਤਕਰੀਬਨ ਹਰ ਵਿਕਸਿਤ ਅਤੇ ਵਿਕਾਸਸ਼ੀਲ ਮੁਲਕ ਵਿਚ ਵੱਖ ਵੱਖ ਧਰਮਾਂ, ਭਾਈਚਾਰਿਆਂ, ਬੋਲੀਆਂ ਅਤੇ ਸਭਿਆਚਾਰਾਂ ਨਾਲ ਸਬੰਧਤ ਲੋਕ ਇਕੱਠੇ ਰਹਿ ਰਹੇ ਹਨ ਅਤੇ ਦੂਸਰੇ ਪਾਸੇ ਆਪਣੀ ਵੱਖਰੀ ਧਾਰਮਿਕ ਅਤੇ ਸਭਿਆਚਾਰਕ ਪਛਾਣ ਕਾਰਨ ਇਨ੍ਹਾਂ ਨੂੰ ਆਪਣੇ ਨਵੇਂ ਅਪਨਾਏ ਮੁਲਕਾਂ ਵਿਚ ਜਾਂ ਨਵੇਂ ਅਪਨਾਏ ਧਰਮ ਕਾਰਨ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹੀ ਨਹੀਂ, ਆਪਣੇ ਮੁਲਕਾਂ ਵਿਚ ਵੀ ਧਾਰਮਿਕ ਦਹਿਸ਼ਤਗਰਦੀ ਕਾਰਨ ਆਮ ਲੋਕਾਂ ਨੂੰ ਹੀ ਦਹਿਸ਼ਤਗਰਦੀ ਅਤੇ ਇਸ ਨੂੰ ਦਬਾਉਣ ਦੇ ਨਾਂ ਥੱਲੇ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਆਮ ਲੋਕ ਹੀ ਹਨ ਜਿਨ੍ਹਾਂ ਨੂੰ ਧਾਰਮਿਕ ਕੱਟੜਵਾਦ ਦਾ ਸੇਕ ਸਭ ਤੋਂ ਵੱਧ ਹੰਢਾਉਣਾ ਪੈਂਦਾ ਹੈ। ਅਮਰੀਕਾ ਵਿਚ 9/11 ਦੀ ਘਟਨਾ ਵਾਪਰੀ। ਟਰੇਡ ਸੈਂਟਰ ਢਾਹੁਣ ਵਾਲੇ ਅਨਸਰਾਂ ਨੂੰ ਲੱਗਿਆ ਹੋਵੇਗਾ ਕਿ ਉਨ੍ਹਾਂ ਨੇ ਅਮਰੀਕਾ ਕੋਲੋਂ ਬਦਲਾ ਲੈ ਲਿਆ ਹੈ ਪਰ ਇਸ ਦਾ ਸੇਕ ਆਮ ਲੋਕਾਂ ਨੇ ਆਪਣੇ ਪਿੰਡਿਆਂ ‘ਤੇ ਝੱਲਿਆ ਅਤੇ ਇਹ ਸੰਤਾਪ ਹਾਲੇ ਮੁੱਕਿਆ ਨਹੀਂ। ਇਨ੍ਹਾਂ ਹਮਲਿਆਂ ਵਿਚ ਮਾਰੇ ਜਾਣ ਵਾਲੇ ਲੋਕ ਆਮ ਸ਼ਹਿਰੀ ਸਨ ਜੋ ਇਨ੍ਹਾਂ ਵਪਾਰਕ ਕੇਂਦਰਾਂ ਵਿਚ ਕੰਮ ਕਰਦੇ ਸਨ ਅਤੇ ਮਰਨ ਵਾਲਿਆਂ ਵਿਚ ਵੱਖ ਵੱਖ ਧਰਮਾਂ, ਭਾਈਚਾਰਿਆਂ ਅਤੇ ਸਭਿਆਚਾਰਾਂ ਨਾਲ ਸਬੰਧਤ ਅਮਰੀਕਨ ਸ਼ਹਿਰੀ ਸਨ। ਇਹੀ ਨਹੀਂ ਤੁਅੱਸਬੀ ਕਿਸਮ ਦੇ ਲੋਕਾਂ ਵੱਲੋਂ ਹੁਣ ਤੱਕ ਵੀ ਆਮ ਮੁਸਲਿਮ ਪੁਰਸ਼ਾਂ ਅਤੇ ਔਰਤਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਧਾਰਮਿਕ ਪਛਾਣ ਜਿੱਥੇ ਉਨ੍ਹਾਂ ਲਈ ਨਿਜੀ ਮਾਣ ਵਾਲੀ ਗੱਲ ਹੋ ਸਕਦੀ ਹੈ, ਉਹ ਉਨ੍ਹਾਂ ਦੀ ਵੱਖਰੀ ਪਛਾਣ ਦਾ ਚਿੰਨ੍ਹ ਹੋ ਕੇ ਗਾਹੇ-ਬਗਾਹੇ ਮੁਸੀਬਤ ਦਾ ਕਾਰਨ ਵੀ ਬਣਦੀ ਹੈ। ਸਿਰਫ ਮੁਸਲਿਮ ਭਾਈਚਾਰਾ ਹੀ ਨਹੀਂ, ਕਈ ਵਾਰ ਸਿੱਖ ਭਾਈਚਾਰਾ ਵੀ ਦਸਤਾਰਧਾਰੀ ਹੋਣ ਕਰਕੇ ਪਛਾਣ ਦੇ ਭੁਲੇਖੇ ਵਿਚ ਨਸਲੀ ਨਫ਼ਰਤ ਦਾ ਸ਼ਿਕਾਰ ਹੋਇਆ ਹੈ, ਗੁਰੂ-ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਹੁਣ ਤੱਕ ਇਨ੍ਹਾਂ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਗੁਆ ਚੁਕਾ ਹੈ ਅਤੇ ਹੇਟ-ਕਰਾਈਮ ਦਾ ਸ਼ਿਕਾਰ ਹੋ ਚੁਕਾ ਹੈ।
ਸਾਡੇ ਪ੍ਰਚਾਰਕ ਵਿਦੇਸ਼ਾਂ ਵਿਚ ਖਾਲਿਸਤਾਨ ਦਾ ਬਥੇਰਾ ਰੌਲਾ ਪਾਉਂਦੇ ਨਜ਼ਰ ਆਉਂਦੇ ਹਨ, ਖਾਲਿਸਤਾਨ ਦੇ ਨਾਮ ‘ਤੇ ਬਥੇਰਾ ਪੈਸਾ ਇਕੱਠਾ ਕਰਦੇ ਹਨ ਪਰ ਅੱਜ ਤੱਕ ਅਮਰੀਕੀ ਸਮਾਜ ਨੂੰ ਇਹ ਨਹੀਂ ਦੱਸ ਸਕੇ ਕਿ ਸਿੱਖ ਧਰਮ ਕੀ ਹੈ ਅਤੇ ਸਿੱਖ ਕੌਣ ਹਨ? ਕੀ ਕੋਈ ਕਾਜ਼ੀ/ਮੁੱਲਾਂ ਦੱਸ ਸਕਦਾ ਹੈ ਕਿ ਮੁਸਲਿਮ ਭਾਈਚਾਰੇ ਦੀ ਸ਼ਾਨ ਵਿਚ 9/11 ਦੀ ਘਟਨਾ ਨਾਲ ਕਿਹੜਾ ਵਾਧਾ ਹੋਇਆ? ਕਿਸ ਕਿਸਮ ਦੀ ਬਹਾਦਰੀ ਲੋਕਾਂ ਲਈ ਮਿਸਾਲ ਬਣਾ ਕੇ ਉਹ ਦੂਸਰੇ ਭਾਈਚਾਰਿਆਂ ‘ਤੇ ਆਪਣਾ ਕੋਈ ਹਾਂ-ਪੱਖੀ ਅਸਰ ਪਾ ਸਕੇ ਹਨ?
ਕੋਈ ਵੀ ਧਰਮ ਕਦੇ ਆਮ ਮਨੁੱਖਤਾ ਨਾਲ ਵੈਰ ਕਰਨਾ ਨਹੀਂ ਸਿਖਾਉਂਦਾ ਬਲਕਿ ਪਿਆਰ ਕਰਨ ਦਾ ਵੱਲ ਦੱਸਦਾ ਹੈ। ਸਿੱਖ ਧਰਮ ਦੀ ਹੀ ਗੱਲ ਕਰੀਏ ਤਾਂ ‘ਨਾ ਕੋ ਬੈਰੀ ਨਾਹਿ ਬਿਗਾਨਾ ਸਗਲ ਸੰਗਿ ਹਮ ਕੋ ਬਨਿ ਆਈ’ ਦਾ ਉਪਦੇਸ਼ ਦਿੰਦਾ ਹੈ। ਇਹੀ ਨਹੀਂ ਇਹ ਤਾਂ ‘ਸਰਬਤ ਦੇ ਭਲੇ ਲਈ’ ਜ਼ੁਲਮ ਨਾਲ ਟੱਕਰ ਲੈਣੀ ਸਿਖਾਉਂਦਾ ਹੈ ਪਰ ਕਿਸੇ ਨਿਹੱਥੇ, ਨਿਰਦੋਸ਼ ਅਤੇ ਕਮਜ਼ੋਰ ਉਤੇ ਵਾਰ ਕਰਨ ਤੋਂ ਸਖਤ ਮਨਾਹੀ ਕਰਦਾ ਹੈ। ਇਥੋਂ ਤੱਕ ਕਿ ਜੰਗਾਂ-ਯੁੱਧਾਂ ਵਿਚ ਵੀ ਪਿੱਠ ‘ਤੇ ਵਾਰ ਕਰਨ ਦੀ ਮਨਾਹੀ ਰਹੀ ਹੈ। ਪਰ ਖਾੜਕੂਵਾਦ ਦੇ ਦਿਨਾਂ ਵਿਚ ਕਿਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ? ਆਮ ਲੋਕਾਂ ਨੂੰ ਇਸ ਦੀ ਦੁਵੱਲੀ ਪੀੜ ਕਿਵੇਂ ਝੱਲਣੀ ਪਈ ਹੈ? ਇਹ ਸਭ ਦੇ ਸਾਹਮਣੇ ਹੈ। ਇੱਕ ਪਾਸੇ ਖਾੜਕੂਆਂ ਵੱਲੋਂ ਸਿਰਜਿਆ ਦਹਿਸ਼ਤ ਵਾਲਾ ਮਾਹੌਲ ਅਤੇ ਦੂਸਰੇ ਪਾਸੇ ਬਿਨਾ ਕਸੂਰ ਪੁਲਿਸ ਤਸ਼ੱਦਦ। ਆਮ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋਇਆ ਰਿਹਾ। ਉਦੋਂ ਸਿੱਖ ਭਾਈਚਾਰੇ ਨੂੰ ਪੰਜਾਬ ਤੋਂ ਬਾਹਰ ਇੰਦਰਾ ਗਾਂਧੀ ਦੇ ਕਤਲ ਸਮੇਂ ਜਿਸ ਕਤਲੇਆਮ ਦਾ ਸ਼ਿਕਾਰ ਹੋਣਾ ਪਿਆ, ਉਸ ਦੀ ਪੀੜ ਵਿਚੋਂ ਬਾਹਰ ਆਉਣਾ ਅੱਜ ਵੀ ਮੁਸ਼ਕਿਲ ਹੋਇਆ ਪਿਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਬੇਕਸੂਰ ਸਿੱਖਾਂ ਨੂੰ ਖੌਫ਼ਨਾਕ ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰਿਆ ਗਿਆ, ਘਰ-ਬਾਰ, ਕਾਰੋਬਾਰ ਉਜਾੜ ਦਿੱਤੇ, ਔਰਤਾਂ ਦੀ ਬੇਪਤੀ ਕੀਤੀ ਗਈ। ਹਉਮੈ ਹਰ ਤਰ੍ਹਾਂ ਦੀ ਮਾੜੀ ਹੈ ਪਰ ਮਨੁੱਖਤਾ ਦਾ ਸਭ ਤੋਂ ਵੱਧ ਨੁਕਸਾਨ ਧਾਰਮਿਕ ਹਉਮੈ ਨੇ ਕੀਤਾ ਹੈ। ਅੱਜ ਤੱਕ ਮਨੁੱਖਤਾ ਦਾ ਜਿੰਨਾ ਲਹੂ ਧਰਮ ਦੇ ਨਾਂ ‘ਤੇ ਵੀਟਿਆ ਹੈ, ਸ਼ਾਇਦ ਹੋਰ ਕਿਸੇ ਕਾਰਨ ਏਨਾ ਨਹੀਂ। ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਤੇ ਹੁਣ ਇੱਕੀਵੀਂ ਸਦੀ ਵਿਚ ਧਾਰਮਿਕ ਅਤਿਵਾਦ ਵਜੋਂ ਇਸ ਦਾ ਰੂਪ ਹੋਰ ਵੀ ਭਿਆਨਕ ਹੋ ਗਿਆ ਹੈ। ਉਸ ਦੀ ਵਜ੍ਹਾ ਇਹ ਹੈ ਕਿ ਹੁਣ ਧਰਮ ਦੇ ਨਾਂ ‘ਤੇ ਜੋ ਅਤਿਵਾਦ ਚੱਲ ਰਿਹਾ, ਉਹ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਆਮ ਲੋਕਾਈ ਦੀ ਜਾਨ ਨੂੰ ਜ਼ੋਖਮ ਵਿਚ ਹੀ ਪਾ ਰਿਹਾ ਹੈ। ਦੂਸਰਾ, ਧਰਮ ਦੀ ਗਲਤ ਮਨਸੂਬਿਆਂ ਲਈ ਹੋ ਰਹੀ ਵਰਤੋਂ ਅਤੇ ਪੁਜਾਰੀ/ਮੁੱਲਾਂ/ਧਰਮ ਦੇ ਠੇਕੇਦਾਰਾਂ ਵੱਲੋਂ ਇਸ ਦੀ ਸਹੂਲਤ-ਅਨੁਸਾਰ ਜਾਂ ਸਵਾਰਥ-ਪੂਰਤੀ ਲਈ ਕੀਤੀ ਵਿਆਖਿਆ ਅਤੇ ਧਰਮ ਦੀ ਸਿਆਸੀ ਹਿਤਾਂ ਲਈ ਵਰਤੋਂ ਹੈ ਜਿਸ ਦਾ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ।
ਹੁਣੇ ਹੁਣੇ 13 ਨਵੰਬਰ ਦੀ ਸ਼ਾਮ ਨੂੰ ਇਸਲਾਮਿਕ ਸਟੇਟ (ਸੀਰੀਆ ਅਤੇ ਇਰਾਕ) ਵੱਲੋਂ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਚਾਰ ਥਾਈਂ ਪਬਲਿਕ ਥਾਵਾਂ, ਥਿਏਟਰ ਅਤੇ ਸਟੇਡੀਅਮ ਆਦਿ ‘ਤੇ ਹਮਲੇ ਕੀਤੇ ਗਏ। ਕਿਹਾ ਜਾਂਦਾ ਹੈ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਫਰਾਂਸ ਦੀ ਧਰਤੀ ‘ਤੇ ਇਹ ਸਭ ਤੋਂ ਵੱਧ ਭਿਆਨਕ ਅਤੇ ਯੂਰਪੀਅਨ ਯੂਨੀਅਨ ਵਿਚ ਮੈਡਰਿਡ ਟਰੇਨ-ਬੰਬਿੰਗ ਤੋਂ ਬਾਅਦ ਸਭ ਤੋਂ ਵੱਧ ਭਿਆਨਕ ਹਮਲੇ ਸਨ। ਇਨ੍ਹਾਂ ਹਮਲਿਆ ਵਿਚ ਕਰੀਬ 130 ਲੋਕ ਮਾਰੇ ਗਏ, 368 ਜ਼ਖਮੀ ਹੋ ਗਏ ਅਤੇ ਸੌ ਦੇ ਕਰੀਬ ਗੰਭੀਰ ਰੂਪ ਵਿਚ ਜ਼ਖਮੀ ਹੋਏ। ਸ਼ਿਕਾਰ ਹੋਏ ਇਨ੍ਹਾਂ ਲੋਕਾਂ ਦਾ ਕੀ ਕਸੂਰ ਸੀ ਭਲਾਂ? ਇਸਲਾਮਿਕ ਸਟੇਟ ਨੇ ਦੋਸ਼ ਲਾਇਆ ਹੈ ਕਿ ਇਹ ਹਮਲੇ ਇਰਾਕ ਅਤੇ ਸੀਰੀਆ ਦੀਆਂ ਘਰੇਲੂ ਜੰਗਾਂ ਵਿਚ ਫਰਾਂਸ ਦੀ ਸ਼ਮੂਲੀਅਤ ਕਾਰਨ ਕੀਤੇ ਹਨ ਪਰ ਇਹ ਇੱਕ ਕੋਰਾ ਬਹਾਨਾ ਹੈ ਕਿਉਂਕਿ ਫਰਾਂਸ ਸਰਕਾਰ ਦੀ ਜੇ ਕੋਈ ਵੀ ਕਾਰਵਾਈ ਹੈ ਤਾਂ ਉਸ ਲਈ ਫਰਾਂਸ ਦੀ ਆਮ ਜਨਤਾ ਨੂੰ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਮਰਨ ਵਾਲੇ ਅਤੇ ਜ਼ਖਮੀ ਹੋਣ ਵਾਲੇ ਇਹ ਸਭ ਬੇਗੁਨਾਹ ਹਨ ਜਿਨ੍ਹਾਂ ਵਿਚ ਬੱਚੇ, ਬੁੱਢੇ ਅਤੇ ਔਰਤਾਂ ਸ਼ਾਮਲ ਹਨ; ਹੋ ਸਕਦਾ ਹੈ ਇਨ੍ਹਾਂ ਵਿਚ ਕੁਝ ਮੁਸਲਮਾਨ ਵੀ ਹੋਣ। ਇਨ੍ਹਾਂ ਹਮਲਿਆਂ ਨੇ ਫਰਾਂਸ ਦੀ ਧਰਤੀ ‘ਤੇ ਮੁਸਲਮਾਨ ਭਰਾਵਾਂ ਲਈ ਜਿਨ੍ਹਾਂ ਮੁਸੀਬਤਾਂ ਨੂੰ ਸੱਦਾ ਦਿੱਤਾ ਹੈ, ਉਸ ਬਾਰੇ ਤਾਂ ਬਾਅਦ ਵਿਚ ਪਤਾ ਲੱਗੇਗਾ ਪਰ ਦੁਨੀਆਂ ਦੇ ਦੂਸਰੇ ਮੁਲਕਾਂ ਵਿਚ ਰਹਿ ਰਹੇ ਮੁਸਲਮਾਨਾਂ ਲਈ ਵੀ ਕੋਈ ਘੱਟ ਮੁਸੀਬਤ ਨਹੀਂ ਛੇੜੀ ਕਿਉਂਕਿ ਸਿਰ-ਫਿਰੇ ਅਤੇ ਜਨੂੰਨੀ ਕਿਸਮ ਦੇ ਲੋਕ ਹਰ ਮੁਲਕ, ਹਰ ਭਾਈਚਾਰੇ ਅਤੇ ਧਰਮ ਵਿਚ ਮਿਲ ਜਾਂਦੇ ਹਨ। ਅਜਿਹੇ ਜਨੂੰਨੀ ਖਾਸ ਪਛਾਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਹੇਟ-ਕਰਾਈਮ ਦਾ ਸ਼ਿਕਾਰ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ।
ਪੈਰਿਸ ਹਮਲਿਆਂ ਤੋਂ ਇੱਕ ਦਮ ਬਾਅਦ ਸ਼ਾਮ ਨੂੰ, ਇੱਕ ਖਬਰ ਅਨੁਸਾਰ, ਇੰਗਲੈਂਡ ਦੇ ਪਿਕਾਡਲੀ ਸਰਕਸ ਟਿਊਬ ਸਟੇਸ਼ਨ ‘ਤੇ ਖੜੀ ਇੱਕ ਮੁਸਲਮਾਨ ਬੀਬੀ ਨੂੰ ਉਸ ਦੇ ਕਾਫੀ ਪਿੱਛੇ ਖੜੇ ਇੱਕ ਆਦਮੀ ਨੇ ਟਰੇਨ ਆਉਣ ‘ਤੇ ਇੱਕ ਦਮ ਧੱਕਾ ਦੇ ਕੇ ਟਰੇਨ ਅੱਗੇ ਸੁੱਟਣ ਦੀ ਕੋਸ਼ਿਸ਼ ਕੀਤੀ। ਉਹ ਬੀਬੀ ਟਰੇਨ ਅੱਗੇ ਡਿਗ ਕੇ ਮਰਨ ਤੋਂ ਤਾਂ ਬਚ ਗਈ ਪਰ ਉਸ ਦੇ ਚਿਹਰੇ ‘ਤੇ ਕਾਫੀ ਸੱਟਾਂ ਲੱਗ ਗਈਆਂ। ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸੰਸਾਰ ਹੁਣ ਇੱਕ ਗਲੋਬਲ ਪਿੰਡ ਦੀ ਤਰ੍ਹਾਂ ਹੈ ਅਤੇ ਹਰ ਮੁਲਕ ਵਿਚ ਹਰ ਭਾਈਚਾਰੇ ਅਤੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਮਿਲ ਜਾਂਦੇ ਹਨ। ਇਸੇ ਤਰ੍ਹਾਂ ਮੁਸਲਮਾਨ ਭਾਈਚਾਰਾ ਵੀ ਸੰਸਾਰ ਭਰ ਵਿਚ ਫੈਲਿਆ ਹੋਇਆ ਹੈ। ਦੁਨੀਆਂ ਭਰ ਵਿਚ ਵਸਣ ਵਾਲੇ ਆਮ ਮੁਸਲਮਾਨ ਦਾ ਪੈਰਿਸ ‘ਤੇ ਹੋਏ ਹਮਲਿਆਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਉਸ ਗੁਨਾਹ ਦੀ ਸਜ਼ਾ ਕਿਉਂ ਮਿਲੇ ਜੋ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ? ਉਸੇ ਸ਼ਾਮ ਨੂੰ ਨਿਊ ਯਾਰਕ ਦੇ ਮਨਹਟਨ ਇਲਾਕੇ ਦੀ ਕਹਾਣੀ 23 ਸਾਲ ਦੇ ਨੌਜੁਆਨ ਅਲੈਕਸ ਮੈਲੋਇ ਨਾਂ ਦੇ ਹੇਅਰ-ਡਰੈਸਰ ਨੇ ਇੰਟਰਨੈਟ ‘ਤੇ ਨਸ਼ਰ ਕੀਤੀ ਹੈ। ਉਸ ਨੌਜੁਆਨ ਅਨੁਸਾਰ ਪੈਰਿਸ ਹਮਲਿਆਂ ਤੋਂ ਬਾਅਦ ਉਸ ਨੇ ਮਨਹਟਨ ਇਲਾਕੇ ਵਿਚ ਰਾਤੀਂ ਕੋਈ 11 ਵਜੇ ਟੈਕਸੀ ਪਕੜੀ ਤਾਂ ਟੈਕਸੀ ਵਾਲੇ ਨੇ ਅੱਖਾਂ ਵਿਚ ਹੰਝੂ ਭਰ ਕੇ ਕਿਹਾ ਕਿ ਦੋ ਘੰਟਿਆਂ ਵਿਚ ਉਸ ਨੂੰ ਮਿਲਣ ਵਾਲੀ ਉਹ ਪਹਿਲੀ ਸਵਾਰੀ ਸੀ। ਉਸ ਦੀ ਟੈਕਸੀ ਵਿਚ ਕੋਈ ਸਵਾਰੀ ਇਸ ਲਈ ਨਹੀਂ ਬੈਠੀ ਕਿ ਉਹ ਮੁਸਲਮਾਨ ਹੈ। ਉਸ ਨੇ ਪ੍ਰਸ਼ਨ ਕੀਤਾ ਕਿ ਉਹ ਤਾਂ ਕਦੀ ਪੈਰਿਸ ਵੀ ਨਹੀਂ ਗਿਆ, ਉਹ ਪੈਰਿਸ ਦੇ ਹਮਲਿਆਂ ਵਿਚ ਸ਼ਾਮਲ ਨਹੀਂ ਹੈ, ਫਿਰ ਉਸ ਦਾ ਕੀ ਕਸੂਰ ਹੋਇਆ? ਬੱਸ ਉਸ ਦਾ ਦੋਸ਼ ਏਨਾ ਕੁ ਹੀ ਹੈ ਕਿ ਉਹ ਇੱਕ ਮੁਸਲਮਾਨ ਹੈ! ਅਲੈਕਸ ਮਲੋਇ ਨੇ ਉਸ ਨੂੰ ਕਿਹਾ ਕਿ ਆਪਾਂ ਸਭ ਇੱਕੋ ਜਿਹੇ ਹਾਂ ਮਾਨਵ ਹੋਣ ਦੇ ਨਾਤੇ ਆਪਣੇ ਵਿਚ ਕੋਈ ਫਰਕ ਨਹੀਂ ਹੈ। ਆਪਣੇ ਲਈ ਅਜਿਹੇ ਸ਼ਬਦ ਕਿਸੇ ਦੇ ਮੂੰਹ ਤੋਂ ਸੁਣ ਕੇ ਟੈਕਸੀ ਡਰਾਈਵਰ ਬਹੁਤ ਭਾਵੁਕ ਹੋ ਗਿਆ ਅਤੇ ਉਸ ਨੇ ਉਸ ਦਾ ਸ਼ੁਕਰੀਆ ਅਦਾ ਕੀਤਾ। ਅਲੈਕਸ ਨੇ ਆਪਣੇ ਵੱਲੋਂ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਉਨ੍ਹਾਂ ਮਾਸੂਮ ਲੋਕਾਂ ‘ਤੇ ਸਿਰਫ ਇਸ ਲਈ ਦੋਸ਼ ਨਾ ਲਾਉ ਕਿ ਉਹ ਕਿਸੇ ਖਾਸ ਧਰਮ ਦੇ ਹਨ। ਪੈਰਿਸ ਵਿਚ ਜੋ ਕੁਝ ਵਾਪਰਿਆ ਹੈ ਉਸ ਲਈ ਹਰ ਮੁਸਲਮਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਉਪਰੋਕਤ ਘਟਨਾਵਾਂ ਦੀ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਸਿਰਫ ਹੇਟ-ਕਰਾਈਮ ਦਾ ਸ਼ਿਕਾਰ ਹੀ ਨਹੀਂ ਹੋਣਾ ਪੈਂਦਾ, ਬਲਕਿ ਸੀਰੀਆ ਦੇ ਆਮ ਲੋਕ ਵੀ ਇਸ ਦੀ ਮਾਰ ਝੱਲ ਰਹੇ ਹਨ। ਇੱਕ ਪਾਸੇ ਉਹ ਇਸਲਾਮਕ ਸਟੇਟ ਕਾਰਨ ਛਿੜੇ ਘਰੇਲੂ ਯੁੱਧ ਵਿਚ ਹਰ ਰੋਜ਼ ਅਨੇਕ ਕਿਸਮ ਦੀਆਂ ਦੁਸ਼ਵਾਰੀਆਂ ਵਿਚੋਂ ਲੰਘ ਰਹੇ ਹਨ, ਦੂਸਰੇ ਪਾਸੇ ਰੂਸ ਅਤੇ ਫਰਾਂਸ ਵੱਲੋਂ ਕੀਤੀ ਜਾ ਰਹੀ ਬੰਬਾਰੀ ਦਾ ਸ਼ਿਕਾਰ ਹੋ ਰਹੇ ਹਨ। ਜ਼ਰੂਰੀ ਨਹੀਂ ਕਿ ਉਸ ਵਿਚ ਇਸਲਾਮਿਕ ਅਤਿਵਾਦੀ ਹੀ ਮਾਰੇ ਜਾ ਰਹੇ ਹੋਣ। ਇਸ ਵਿਚ ਸੀਰੀਆ ਦੇ ਆਮ ਨਾਗਰਿਕ ਵੀ ਨਿਸ਼ਾਨਾ ਬਣ ਰਹੇ ਹੋਣਗੇ। ਇਸ ਤਰ੍ਹਾਂ ਲੋਕ ਦੋਹਰਾ ਸੰਤਾਪ ਭੋਗਦੇ ਹਨ। ਸ਼ੁਕਰਵਾਰ ਦੀ ਸਵੇਰ ਨੂੰ ਇਸਲਾਮਿਕ ਅਤਿਵਾਦੀਆਂ ਨੇ ਜਿਸ ਦੀ ਜਿੰਮੇਵਾਰੀ ਅਲ-ਕਾਇਦਾ ਨੇ ਲਈ ਹੈ, ਬੰਦੂਕਾਂ ਅਤੇ ਗਰਨੇਡਾਂ ਨਾਲ ਲੈਸ ਹੋ ਕੇ, ਮਾਲੀ ਦੀ ਰਾਜਧਾਨੀ ਬਾਮਾਕੋ ਵਿਚ ਰੈਡੀਸਨਬਲੂ ਲਗਜ਼ਰੀ ਹੋਟਲ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਵਿਚ ਠਹਿਰੇ ਕਰੀਬ 170 ਲੋਕਾਂ ਨੂੰ ਬੰਦੀ ਬਣਾ ਲਿਆ। ਭਾਵੇਂ ਸਕਿਉਰਟੀ ਫੋਰਸਾਂ ਬੰਦੀਆਂ ਨੂੰ ਰਿਹਾ ਕਰਾਉਣ ਵਿਚ ਕਾਮਯਾਬ ਹੋ ਗਈਆਂ ਪਰ ਘੱਟੋ ਘੱਟ 27 ਲੋਕ ਆਪਣੀ ਜਾਨ ਗੁਆ ਬੈਠੇ ਹਨ। ਇਥੇ ਠਹਿਰਨ ਵਾਲੇ ਲੋਕ ਵੱਖ ਵੱਖ ਮੁਲਕਾਂ ਚੀਨ, ਭਾਰਤ, ਬੈਲਜੀਅਮ, ਅਲਜੀਰੀਆ, ਤੁਰਕੀ, ਜਰਮਨੀ, ਫਰਾਂਸ ਅਤੇ ਅਮਰੀਕਾ ਤੋਂ ਸਨ। ਛੁੱਟ ਕੇ ਬਾਹਰ ਆਉਣ ਵਾਲੇ ਇੱਕ ਵਿਅਕਤੀ ਅਨੁਸਾਰ ਉਹ ਲੋਕ ਅਰਬੀ ਵਿਚ ਨਾਹਰੇ ਲਾ ਰਹੇ ਸਨ ਅਤੇ ਵਿਚੋਂ ਕੁੱਝ ਕੁ ਅੰਗਰੇਜ਼ੀ ਵੀ ਬੋਲ ਰਹੇ ਸਨ। ਇਨ੍ਹਾਂ ਘਟਨਾਵਾਂ ਤੋਂ ਇਹ ਅੰਦਾਜ਼ਾ ਸਹਿਜ ਹੀ ਲੱਗ ਸਕਦਾ ਹੈ ਕਿ ਅੱਜ ਦੇ ਯੁੱਗ ਵਿਚ ਆਮ ਇਨਸਾਨ ਮਹਿਫੂਜ਼ ਨਹੀਂ ਹੈ।