ਇਕ ਕੁੜੀ ਕੂੰਜ ਵਰਗੀ

ਐਸ ਅਸ਼ੋਕ ਭੌਰਾ
ਹੁਣ ਉਹ ਯੁੱਗ ਬੀਤ ਗਿਆ ਹੈ ਜਦੋਂ ਕੋਈ ਆਖੇ Ḕਰੱਬ ਦੀ ਸਹੁੰ ਮੈਂ ਕਦੇ ਝੂਠ ਨਹੀਂ ਬੋਲਿਆḔ ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਸੱਚ ਬੋਲਣ ਦੀ ਸੰਭਵਾਨਾ ਨਹੀਂ ਬਚੀ। ਜਿਸ ਗਾਇਕ ਕੁੜੀ ਦੀ ਮੈਂ ਇਥੇ ਗੱਲ ਕਰਾਂਗਾ ਉਹਨੂੰ ਉਹ ਲੋਕ ਤਾਂ ਭਾਵੇਂ ਹੋਰ ਨਜ਼ਰਾਂ ਨਾਲ ਵੇਖਣ ਜਿਹੜੇ ਗਾਇਕੀ ਦੇ ਆਮ ਕਰਕੇ ਨਿੰਦਕ ਰਹੇ ਹਨ ਪਰ ਜੋ ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਦੇ ਸੰਗੀਤਕ ਮਹੌਲ ਨੂੰ ਸਮਝਦੇ ਤੇ ਵਾਚਦੇ ਰਹੇ ਹਨ, ਉਹ ਝੱਟ ਸਮਝ ਜਾਣਗੇ, ਅਸ਼ੋਕ ਪਰਮਿੰਦਰ ਸੰਧੂ ਦੀ ਗੱਲ ਕਰਨ ਲੱਗਾ ਹੈ।

Ḕਮੈਂ ਮੈਂḔ ਬਹੁਤੀ ਕਰਨੀ ਵੀ ਨਹੀਂ ਚਾਹੀਦੀ। ਇਸ ਦਾ ਅਰਥ ਇਹ ਵੀ ਨਿਕਲਦਾ ਹੈ ਕਿ ਕੋਈ ਕਿਸੇ ਤੋਂ ਘੱਟ ਨਹੀਂ ਤੇ ਇਸੇ ਕਰਕੇ ਹੀ ਫਿਰ Ḕਤੂੰ ਤੂੰḔ ਹੋਣ ਲੱਗ ਪੈਂਦੀ ਹੈ। ਮੈਂ ਵੀ ਮੰਨਦਾ ਹਾਂ ਕਿ ਜੇ ਪ੍ਰੇਮਿਕਾ ਨਾਲ ਵੀ ਹਰ ਗੱਲ ḔਮੈਂḔ ਨਾਲ ਸ਼ੁਰੂ ਕਰੋਗੇ ਤਾਂ ਉਹ ਪਿਆਰ ਦਾ ਵਾਸਤਾ ਪਾ ਕੇ ਕਹੇਗੀ, Ḕਛੱਡੋ ਜੀ ਕੋਈ ਹੋਰ ਗੱਲ ਸੁਣਾਓ।Ḕ ਪਰ ਇਥੇ ਆਪਣੀ ਗੱਲ ਕਰਨ ਦੀ ਮੇਰੀ ਮਜਬੂਰੀ ਹੈ।
ਪਰਮਿੰਦਰ ਸੰਧੂ ਭਰ ਜੋਬਨ ਵਿਚ ਤੁਰ ਗਈ। ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪੰਜਾਬੀ ਗਾਇਕਾਵਾਂ ਵਿਚ ਸਭ ਤੋਂ ਵਧੀਆ ਕੁੜੀ ਭਰ ਜਵਾਨੀ ਵਿਚ ਇੱਕੋ ਹੱਲੇ ਨਿਗਲ ਲਈ ਤੇ ਤੁਸੀਂ ਵੀ ਮੰਨ ਲਓ ਕਿ ਇਹਦੇ ਨਾਲ ਪੰਜਾਬੀ ਗਾਇਕੀ ਦਾ ਸੱਚੀ ਮੁੱਚੀਂ ਹੀ ਨੁਕਸਾਨ ਹੋਇਆ ਹੈ। Ḕਉਡ ਕੇ ਸੋਹਣਿਆ ਆ ਜਾ ਵੇ, ਚੁੰਨੀ ਨਾਲ ਪਤਾਸੇ, ਆ ਜਾ ਦੋਵੇਂ ਨੱਚੀਏ ਚੜ੍ਹ ਕੇ ਚੁਬਾਰੇ ਉਤੇḔ ਅਨੇਕਾਂ ਅਜਿਹੇ ਗੀਤ ਹਨ ਜੋ ਪਰਮਿੰਦਰ ਦੀ ਗਾਇਕੀ ਦੀ ਬਾਤ ਪਾਉਂਦੇ ਹੀ ਰਹਿਣਗੇ।
ਗੱਲ 1984-85 ਦੀ ਹੋਵੇਗੀ। ਉਦੋਂ ਉਹ ਜਸਵੰਤ ਸੰਦੀਲੇ ਨਾਲ ਦੋਗਾਣਾ ਗਾਇਕੀ Ḕਚ ਪਰਵੇਸ਼ ਕਰ ਗਈ ਸੀ। ਪਰ ਇਸ ਤੋਂ ਪਹਿਲਾਂ ਕੁਲਦੀਪ ਮਾਣਕ ਨਾਲ ਉਹਨੇ ਇਕ ਗੀਤ ਗਾ ਲਿਆ ਸੀ। ਧੰਨੇ ਰੰਗੀਲੇ ਨਾਲ ਕਿਸੇ ਵੇਲੇ ਦਾ ਬਹੁਚਰਚਿਤ ਗੀਤ Ḕਧੰਨੇ ਦਾ ਟਰੱਕ ਨੀਂḔ ਗੀਤ ਨਾਲ ਵੀ ਕੁਝ ਪਛਾਣ ਬਣਾ ਲਈ ਸੀ। ਐਚ ਐਮ ਵੀ ਨੇ ਜਦੋਂ Ḕਸ਼ਾਹਾਂ ਦਾ ਕਰਜ਼ ਬੁਰਾḔ ਜਾਂ Ḕਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਮਾਰੀḔ ਵਰਗੇ ਗੀਤ ਲਿਖਣ ਵਾਲੇ ਜਸਵੰਤ ਸੰਦੀਲੇ ਨੂੰ Ḕਗੀਤਾਂ ਭਰੀ ਕਹਾਣੀḔ ਦੋ ਲੜੀਵਾਰ ਐਲ ਪੀ ਰਿਕਾਰਡਾਂ ਨਾਲ ਪੇਸ਼ ਕੀਤਾ ਤਾਂ ਪਰਮਿੰਦਰ ਸੰਧੂ ਦੀ ਪੇਸ਼ਕਾਰੀ Ḕਤੇ ਫੂਡ ਐਂਡ ਸਲਪਾਈ ਵਿਭਾਗ ਦੇ ਇੰਸਪੈਕਟਰ ਸੰਦੀਲੇ ਦਾ ਅਸਰ ਰਸੂਖ ਪੰਜਾਬੀ ਗਾਇਕੀ ਵਿਚ ਘੁੰਮਣਘੇਰੀਆਂ ਲਿਆਉਣ ਵਿਚ ਸਫਲ ਹੋ ਗਿਆ ਸੀ। ਇਸੇ ਦੌਰ ਵਿਚ ਇਸ ਜੋੜੀ ਦਾ ਗੀਤ Ḕਮੈਂ ਮੁਕਤੀ ਪਿਕਚਰ ਵੇਖੀ ਬੇਬੇ ਤੇ ਲੜ ਪਏ ਜੇਠḔ ਤੇ ਪਰਮਿੰਦਰ ਦਾ ਸੋਲੋ ਗੀਤ Ḕਪੋਹ ਦੀ ਚਾਨਣੀ ਗਰੀਬ ਦੀ ਜਵਾਨੀ ਬਿਨਾ ਮਾਣੇ ਲੰਘ ਜਾਂਦੀਆਂḔ ਘਰ ਘਰ ਵੱਜਣ ਲੱਗ ਪਏ ਸਨ। ਦੀਦਾਰ ਸੰਧੂ ਤੋਂ ਬਾਅਦ ਪਾਸ਼ ਨੇ ਪਰਮਿੰਦਰ ਸੰਧੂ ਦੀ ਸਿਫਤ ਕਰਦਿਆਂ ਕਿਹਾ ਸੀ ਕਿ ਹੁਣ ਗਾਇਕੀ ਨੂੰ ਅੱਖਾਂ ਮੀਚ ਕੇ ਨਹੀਂ ਨਿੰਦਿਆ ਜਾ ਸਕਦਾ।
ਸੰਦੀਲੇ ਨਾਲ ਪਿਆਰ ਪਰਮਿੰਦਰ ਵੱਲ ਮੈਨੂੰ ਚੰਗੇ ਸਬੰਧਾਂ ਦੀ ਸਿਰਜਣਾ ਵੱਲ ਲੈ ਕੇ ਆਇਆ। ਮਜਾਰਾ ਰਾਜਾ ਸਾਹਿਬ (ਨੇੜੇ ਬੰਗਾ) ਵਿਖੇ ਲੱਗੇ ਭਾਰੀ ਜੋੜ ਮੇਲੇ ‘ਤੇ 1986 ਵਿਚ ਪਰਮਿੰਦਰ ਮੈਨੂੰ ਮਿਲੀ, ਤੇ ਪ੍ਰੋਗਰਾਮ ਤੋਂ ਬਾਅਦ ਗਈ ਵੀ ਸਿੱਧੀ ਮੇਰੇ ਘਰ। ਇਥੋਂ ਸ਼ੁਰੂ ਹੋਇਆ ਸਫਰ ਉਹਦੀ ਮੌਤ ਤੱਕ ਬਰਾਬਰ ਚੱਲਦਾ ਰਿਹਾ।
ਪੰਜਾਬੀ ਗਾਇਕੀ ਵਿਚ ਵਿਚਰਨ ਦੇ ਸਮੇਂ ਦੌਰਾਨ ਮੈਂ ਲੁਧਿਆਣੇ ਹੋਵਾਂ ਤਾਂ ਜਾਂ ਤਾਂ ਮੇਰਾ ਡੇਰਾ ਕੁਲਦੀਪ ਮਾਣਕ ਦੇ ਘਰ ਹੁੰਦਾ ਜਾਂ ਪਰਮਿੰਦਰ ਸੰਧੂ ਦੇ। ਅਸਲ Ḕਚ ਗਾਇਕਾਵਾਂ Ḕਚ ਮੈਂ ਸਭ ਤੋਂ ਵੱਧ ਪਿਆਰ ਪਰਮਿੰਦਰ ਸੰਧੂ ਨੂੰ ਕੀਤਾ ਹੈ। ਇਹੀ ਕਾਰਨ ਸੀ ਕਿ ਸਰਦੂਲ ਸਿਕੰਦਰ ਜਾਂ ਕੁਝ ਹੋਰ ਗਾਇਕ ਮੈਨੂੰ ਕਈ ਵਾਰ ਟਿੱਚਰਾਂ ਵੀ ਕਰ ਜਾਂਦੇ ਸਨ। ਮੈਨੂੰ ਭਾਜੀ ਬਰਜਿੰਦਰ ਸਿੰਘ ਨੇ ਵੀ ਇਕ ਵਾਰ ਅਸਿੱਧੇ ਰੂਪ ਵਿਚ ਕਿਹਾ ਸੀ, Ḕਅਸ਼ੋਕ, ਕਿਸੇ ਗਾਉਣ ਵਾਲੀ ਕੁੜੀ ਨਾਲ ਵਿਆਹ ਨਾ ਕਰਾ ਲਈਂ।Ḕ ਪਰ ਸੱਚ ਇਹ ਹੈ ਕਿ ਪਰਮਿੰਦਰ ਸੰਧੂ ਦੇ ਪਿਤਾ ਸੁਰਜੀਤ ਸਿੰਘ ਉਹਦੇ ਭਰਾ ਬਿੱਟੂ ਸੰਧੂ ਤੇ ਪਤੀ ਕੁਲਜੀਤ ਨੂੰ ਪਤਾ ਹੈ ਕਿ ਪਰਮਿੰਦਰ ਨਾਲ ਮੇਰਾ ਪਿਆਰ ਨਾ ਸਿਰਫ ਗਾਇਕਾ ਵਾਲਾ ਰਿਹਾ ਸਗੋਂ ਦੁਖ ਦਰਦ ਵਾਲਾ ਵੀ ਅਤੇ ਉਹ ਵੀ ਜੋ ਸਿਰਫ ਭੈਣ-ਭਰਾ ਦਾ ਹੁੰਦਾ ਹੈ। ਕਾਰਨ ਇਹ ਸੀ ਕਿ ਮੈਂ ਉਹਦੇ ਬਾਰੇ ਸਿਰਫ ਲਿਖਿਆ ਨਹੀਂ ਸਗੋਂ ਉਹਦੇ ਉਤਰਾਅ-ਚੜ੍ਹਾਅ ਦੇ ਦੌਰ ਵਿਚ ਵੀ ਬਰਾਬਰ ਸਹਾਰਾ ਬਣ ਕੇ ਵਿਚਰਦਾ ਰਿਹਾ ਹਾਂ।
ਜਲੰਧਰ ਦੂਰਦਰਸ਼ਨ ਸੀ, ਅਜੀਤ ਅਖਬਾਰ ਸੀ, ਉਹਦੇ ਘਰ ਵਿਚ ਪੁਲਿਸ ਦਾ ਪ੍ਰਵੇਸ਼ ਸੀ, ਆਨੇ-ਬਹਾਨੇ ਤੰਗ ਪ੍ਰੇਸ਼ਾਨ ਕਰਨ ਦੀ ਕਹਾਣੀ ਸੀ, ਕੁਲਜੀਤ ਨਾਲ ਪ੍ਰੇਮ ਵਿਆਹ ਵਿਚ ਕੁਝ ਅੜਿੱਕੇ ਸਨ, ਯਾਰੀ ਜੱਟ ਦੀ ਫਿਲਮ ਵਿਚ ਕੰਮ ਕਰਨ ਦਾ ਮਾਹੌਲ ਸੀ, ਭਾਜੀ ਬਰਜਿੰਦਰ ਸਿੰਘ ਦੀ ਰਚਨਾ Ḕਤੇਰਾ ਇਸ਼ਕḔ ਐਲਬਮ ਵਿਚ Ḕਰੰਗ ਰੰਗੀਲੀ ਡੋਲੀ ਮੇਰੀ ਰੱਖ ਲਓ ਅੱਜ ਦੀ ਰਾਤḔ ਪਰਮਿੰਦਰ ਦਾ ਸਾਰਾ ਕੁਝ ਮੇਰੇ ਨਾਲ ਹੀ ਜੁੜਿਆ ਹੋਇਆ ਸੀ। ਪਰਮਿੰਦਰ ਸੁਨੱਖੀ ਵੀ ਸੀ, ਚੰਗੀ ਵੀ ਸੀ, ਬੀਬੀ ਵੀ ਸੀ, ਸਿਆਣੀ ਵੀ ਸੀ ਤੇ ਸੁਰੀਲੀ ਵੀ ਸੀ; ਤੇ ਜੇ ਇਨ੍ਹਾਂ ਗੁਣਾਂ ਬਾਰੇ ਹੁਣ ਜਾਣਨਾ ਹੋਇਆ ਤਾਂ ਉਹਦੇ ਤੁਰ ਜਾਣ ਤੋਂ ਬਾਅਦ ਕੁਲਜੀਤ ਦੀਆਂ ਅੱਖਾਂ ਨੂੰ ਇਕ ਵਾਰੀ ਕਹਿ ਕੇ ਵੇਖਿਓ ਕਿ Ḕਘੜੀ ਕੁ ਰੋ ਕੇ ਤਾਂ ਦਿਖਾਓḔ ਤਾਂ ਪਤਾ ਲੱਗੇਗਾ ਕਿ ਬਰਸਾਤ ਦਾ ਤਾਂ ਐਵੇਂ ਰੌਲਾ ਹੀ ਹੁੰਦਾ ਹੈ, ਅਸਲੀ ਝੜੀ ਤਾਂ ਅੱਖਾਂ ਵਿਚੋਂ ਲੱਗਦੀ ਹੈ।
1989 ਵਿਚ ਮੇਰੇ ਵਿਆਹ ਤੋਂ ਪਹਿਲੇ ਦਿਨ ਮਾਈਆਂ ਲਾਉਣ ਆਈ ਤੇ ਨੱਚ ਕੇ ਵੀ ਗਈ। ਉਹ ਵਿਆਹ ਵਾਲੇ ਦਿਨ ਬਰਾਤ ਵਿਚ ਸ਼ਾਮਿਲ ਤਾਂ ਨਹੀਂ ਹੋਈ ਪਰ ਸਭ ਤੋਂ ਵੱਧ ਸ਼ਗਨ 1100 ਰੁਪਿਆ ਤੇ ਮੇਰੀ ਹੋਣ ਵਾਲੀ ਪਤਨੀ ਨੂੰ ਚਾਂਦੀ ਦਾ ਸੈਟ ਪਾ ਕੇ ਗਈ।
ਸਾਰੇ ਸ਼ੌਂਕੀ ਮੇਲਿਆਂ ‘ਚ ਉਹਨੇ ਹਾਜ਼ਰੀ ਭਰੀ। ਮੇਰੇ ਘਰ Ḕਚ ਸਮਾਗਮ ਜਾਂ ਰਿਸ਼ਤੇਦਾਰੀ ਵਿਚ ਕੋਈ ਵਿਆਹ ਹੋਇਆ ਜਾਂ ਖੁਸ਼ੀ ਦਾ ਕੋਈ ਹੋਰ ਦਿਨ ਆਇਆ ਪਰਮਿੰਦਰ ਸੰਧੂ ਕਦੇ ਵੀ ਗੈਰ ਹਾਜ਼ਰ ਨਹੀਂ ਹੋਈ। ਮੇਰੇ ਪਰਿਵਾਰ ਅਤੇ ਰਿਸ਼ਤੇਦਾਰੀ ਵਿਚ ਜਿਵੇਂ ਸਾਰੇ ਰਿਸ਼ਤੇਦਾਰਾਂ ਦੇ ਨਾਂਵਾਂ ਦਾ ਕੁਲਦੀਪ ਮਾਣਕ ਨੂੰ ਪਤਾ ਸੀ, ਇਵੇਂ ਪਰਮਿੰਦਰ ਜਾਣਦੀ ਸੀ ਕਿ ਅਸ਼ੋਕ ਦਾ ਕੌਣ ਜੀਜਾ ਹੈ ਤੇ ਕੌਣ ਸਾਲਾ, ਕਿਹੜੀ ਭੂਆ ਹੈ ਤੇ ਕਿਹੜੀ ਮਾਮੀ ਅਤੇ ਕਿਹੜੀ ਸੱਸ ਤੇ ਕਿਹੜਾ ਸਹੁਰਾ।
ਇਥੇ ਮੈਂ ਇਕ ਘਟਨਾ ਦਾ ਜ਼ਿਕਰ ਕਰਾਂਗਾ। ਲੋਕ ਕੁਰਬਾਨੀਆਂ ਕਹਿ ਤਾਂ ਦਿੰਦੇ ਨੇ ਪਰ ਦਿੱਤੀਆਂ ਕਿਵੇਂ ਜਾਂਦੀਆਂ ਨੇ, ਆਹ ਦੇਖਿਓ:
ਮਖਸੂਸਪੁਰ ਮੇਰੇ ਸਾਲੇ ਦੇ ਮੁੰਡੇ ਦੀ ਲੋਹੜੀ ਸੀ, ਗੱਲ 1991 ਦੀ ਹੋਵੇਗੀ। ਉਹਦੇ ਦੋ ਪ੍ਰੋਗਰਾਮ ਪਹਿਲਾਂ ਹੀ ਬੁੱਕ ਸਨ। ਇਕ ਮੁਕੰਦਪੁਰ ਲਾਗੇ ਕਿਸੇ ਪਿੰਡ ਵਿਚ ਦੁਪਹਿਰ ਨੂੰ ਅਤੇ ਦੂਜਾ ਰਾਤ ਨੂੰ ਸਾਹਨੇਵਾਲ ਕੋਲ। ਪਰ ਉਹ ਮਖਸੂਸਪੁਰ ਗਾਉਣ ਆਈ। ਅੱਧਾ ਘੰਟਾ ਗਾਉਂਦੀ ਗਾਉਂਦੀ ਉਹ ਢਾਈ ਘੰਟੇ ਗਾ ਗਈ। ਦੁਪਹਿਰ ਵਾਲੇ ਪ੍ਰੋਗਰਾਮ ਤੇ ਤਿੰਨ ਘੰਟੇ ਲੇਟ ਪੁੱਜੀ। ਪ੍ਰਬੰਧਕਾਂ ਨੇ ਪ੍ਰੋਗਰਾਮ ਤਾਂ ਲੁਆ ਲਿਆ ਪਰ ਦਿੱਤਾ ਟਕਾ ਨਹੀਂ ਅਤੇ ਦੇਣਾ ਅਸੀਂ ਵੀ ਨਹੀਂ ਸੀ। ਚਲੋ ਜਿਹੜਾ ਪੈਸੇ ਦਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਪਰ ਪ੍ਰੋਗਰਾਮ ਵਾਲਿਆਂ ਨੇ ਉਹਦੇ ਨਾਲ ਕਾਫੀ ਝਾੜ ਝੰਬ ਵੀ ਕੀਤੀ।
ਬਿੱਟੂ ਸੰਧੂ ਉਹਦਾ ਛੋਟਾ ਭਰਾ, ਸੁਰਜੀਤ ਸਿੰਘ ਸੰਧੂ ਬਾਪੂ ਦੋਵਾਂ ਵਿਚੋਂ ਇਕ ਨੇ ਉਹਦੇ ਨਾਲ ਪ੍ਰੋਗਰਾਮ ‘ਤੇ ਜਾਣਾ ਹੁੰਦਾ ਸੀ। ਵਿਆਹ ਦੀ ਉਮਰ ਲੰਘਦੀ ਜਾ ਰਹੀ ਸੀ। ਉਹਨੂੰ ਲੱਗਦਾ ਸੀ, ਮੇਰਾ ਕਲਾਤਮਿਕ ਕੈਰੀਅਰ ਤਾਂ ਠੀਕ ਚੱਲ ਰਿਹਾ ਹੈ ਪਰ ਗ੍ਰਹਿਸਥੀ ਜੀਵਨ ਲੀਹ Ḕਤੇ ਨਹੀਂ ਪੈ ਰਿਹਾ। ਕਾਰਨ ਕੁਝ ਵੀ ਹੋਣ ਪਰ ਕੁਲਜੀਤ ਨਾਲ ਵਿਆਹ ਕਰਵਾਉਣ ਦਾ ਫੈਸਲਾ ਪਰਮਿੰਦਰ ਦਾ ਆਪਣਾ ਸੀ, ਹਾਲਾਂਕਿ ਭਰਾ ਤੇ ਬਾਪੂ ਲੋਹੇ ਲਾਖੇ ਵੀ ਹੋਏ ਰਹੇ ਪਰ ਉਹਨੇ ਮੇਰੇ ਕੰਨ ਵਿਚ ਕਿਹਾ, ਕਿਹਾ ਬੜੇ ਢੰਗ ਨਾਲ ਕਿ Ḕਭਾਜੀ ਜਿਹੜਾ ਤੁਹਾਡੇ ਸਹੁਰਿਆਂ ਦੇ ਪਿੰਡ ਮੁੰਡਾ ਕੀ ਬੋਰਡ ਮੇਰੇ ਨਾਲ ਵਜਾ ਰਿਹਾ ਸੀ, ਕਿੱਦਾਂ ਲੱਗਾ?Ḕ ਮੈਂ ਹੱਸ ਪਿਆ ਤੇ ਪੁੱਛਿਆ Ḕਮੁੰਡਾ ਕਿ ਸਾਜ਼?Ḕ ਤੇ ਉਹ ਵੀ ਹੱਸ ਪਈ ਪਰ ਬੋਲੀ ਕੁਝ ਨਾ। ਮੈਂ ਸਮਝ ਗਿਆ। ਅਸਲ ਵਿਚ ਕੁਲਜੀਤ ਬੀਬਾ ਵੀ ਸੀ। ਪਰਮਿੰਦਰ ਦਾ ਇਕ ਚਾਚਾ ਜੋ ਮੇਰਾ ਵੀ ਯਾਰ ਸੀ, ਉਹ ਭਰਾ ਤੇ ਪਿਓ ਤੋਂ ਵੀ ਜ਼ਿਆਦਾ ਹੱਥਾਂ ਵਿਚੋਂ ਨਿਕਲਦਾ ਜਾਂਦਾ ਸੀ। ਪਰਮਿੰਦਰ ਚਾਹੁੰਦੀ ਸੀ ਕਿ ਮੈਂ ਉਹਦੇ ਨਾਲ ਘੁੱਟ ਪੀ ਲੈਂਦਾਂ ਤੇ ਉਹਨੂੰ ਚੁੱਪ ਕਰਾਵਾਂ। ਪਰ ਪਰਮਿੰਦਰ ਸਿਆਣੀ ਨਿਕਲੀ ਤੇ ਉਹਨੇ ਸਿੱਧਾ ਮੁਕੱਦਮਾ ਸੰਗੀਤ ਦੀ ਸੁਪਰੀਮ ਕੋਰਟ ਵਿਚ ਦਾਇਰ ਕਰ ਦਿੱਤਾ ਯਾਨਿ ਦਿੱਲੀ ਤੋਂ ਸੰਗੀਤਕਾਰ ਸਮਰਾਟ ਚਰਨਜੀਤ ਆਹੂਜਾ ਇਸ ਜੋੜੀ ਦੀ ਜੈ ਮਾਲਾ ਕਰਵਾਉਣ ਵਿਚ ਸਫਲ ਹੋ ਗਏ। ਪਰਮਿੰਦਰ ਉਥੇ ਰਹਿੰਦੀ ਰਹੀ ਯਾਨਿ ਧੱਕਾ ਕਲੋਨੀ Ḕਚ, ਜਿਥੇ ਵਿਹੜੇ ਤੋਂ ਦੋ ਫੁੱਟ ਨੀਵੀਂ ਉਹਦੀ ਬੈਠਕ ਹੁੰਦੀ ਸੀ। ਫਿਰ ਉਹਨੇ ਵਧੀਆ ਗੱਡੀਆਂ ਰੱਖੀਆਂ, ਵਧੀਆ ਘਰ ਬਣਾਇਆ ਪਰ ਸਿਆਣਿਆਂ ਦੇ ਕਹਿਣ ਵਾਂਗ Ḕਬੰਦਾ ਘਰ ਤਾਂ ਬਣਾ ਲੈਂਦਾ ਹੈ ਕਈ ਵਾਰ ਪਰ ਵਸਣਾ ਨਸੀਬ ਨਹੀਂ ਹੁੰਦਾ।Ḕ
ਉਹਦੀ ਆਖਰੀ ਐਲਬਮ Ḕਤੇਰਾ ਇਸ਼ਕḔ ਜਲੰਧਰ ਇਕ ਹੋਟਲ ਵਿਚ ਰਿਲੀਜ਼ ਕਰਨੀ ਸੀ। ਰਿਲੀਜ਼ ਕਰਵਾਉਣੀ ਸੀ ਮੇਰੇ ਤੇ ਪ੍ਰੀਤੀ ਸਪਰੂ ਦੇ ਹੱਥੋਂ। ਫੋਟੋ ਖਿੱਚਣ ਵੇਲੇ ਕੁਝ ਹਾਸਾ ਪੈ ਗਿਆ। ਕੁਲਜੀਤ ਮੇਰੇ ਨਾਲ ਖੜਾ ਹੋ ਗਿਆ ਤੇ ਪ੍ਰੀਤੀ ਸਪਰੂ ਪਰਮਿੰਦਰ ਨਾਲ। ਅਜੀਤ ਦਾ ਸਟਾਫ ਰਿਪੋਰਟਰ ਮੇਜਰ ਸਿੰਘ ਉਠ ਕੇ ਕਹਿਣ ਲੱਗਾ ਸਮਿੱਟਰੀ ਠੀਕ ਬਣਾਓ। ਪ੍ਰੀਤੀ ਤੇ ਅਸ਼ੋਕ ਨੂੰ ਇਕ ਪਾਸੇ ਕਰੋ ਅਤੇ ਪਰਮਿੰਦਰ ਤੇ ਕੁਲਜੀਤ ਨੂੰ ਇਕ ਪਾਸੇ ਕਰੋ। ਤਾੜੀਆਂ ਉਹਦੀ ਕੈਸਿਟ ਤੇ ਘੱਟ ਤੇ ਇਸ ਘਟਨਾਕ੍ਰਮ ਤੇ ਵੱਧ ਵੱਜੀਆਂ।
ਦੋਗਾਣਾ ਜੋੜੀਆਂ ‘ਚੋਂ ਪਰਮਿੰਦਰ ਸੰਧੂ ਦੀ ਪੰਜਾਬੀ ਗਾਇਕੀ ਵਿਚ ਜਿਹੜੀ ਖਾਸ ਗੱਲ ਵਾਪਰੀ ਉਹ ਇਹ ਸੀ ਕਿ ਜਦੋਂ ਉਹਨੇ ਦੋਗਾਣਾ ਗਾਇਕੀ ਦੀ ਪੰਜਾਲੀ Ḕਚੋਂ ਸਿਰ ਕੱਢ ਕੇ ਇਕੱਲੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਕਈ ਗਾਇਕਾਵਾਂ ਨੇ Ḕਤੂੰ ਚੱਲ ਮੈਂ ਆਈ ਕਹਿ ਕੇḔ ਇਕੱਲੀਆਂ ਨੇ ਗਾਉਣ ਵਜਾਉਣ ਲਈ ਆਪਣਾ ਸਾਜ਼ੋ ਸਮਾਨ ਚੁੱਕ ਲਿਆ। ਉਦਾਹਰਣ ਵਜੋਂ ਉਦੋਂ ਹੀ ਦੋਗਾਣਾ ਛੱਡ ਕੇ ਗੁਲਸ਼ਨ ਕੋਮਲ ਇਕੱਲੀ ਗਾਉਣ ਲੱਗੀ, ਉਦੋਂ ਸੁਖਵੰਤ ਸੁੱਖੀ ਨੇ ਆਪਣੇ ਆਪ ਨੂੰ ਰੇਸ਼ਮਾ ਬਣਾ ਕੇ ਪੇਸ਼ ਕਰ ਲਿਆ, ਉਦੋਂ ਹੀ ਕੋਈ ਚਿਮਟੇ ਵਾਲੀ ਆ ਗਈ ਤੇ ਕੋਈ ਵਾਜੇ ਵਾਲੀ। ਇਓਂ ਗਾਇਕਾਂ ‘ਤੇ ਨਿਰਭਰ ਹੋਣ ਨਾਲੋਂ ਕੁੜੀਆਂ ਨੂੰ ਆਪਣੇ ਪੈਰੀਂ ਆਪ ਖੜੇ ਹੋਣ ਦਾ ਮੌਕਾ ਲੈ ਕੇ ਦਿੱਤਾ।
ਜਦੋਂ 1994 ਵਿਚ ਗਾਇਕਾਂ ਨੇ ਮੈਨੂੰ ਕਾਰ ਲੈ ਕੇ ਦਿੱਤੀ ਤਾਂ ਇਹ ਮਰੂਤੀ ਕਾਰ ਬਲੈਕ ਵਿਚ ਖਰੀਦਣੀ ਸੀ। ਪੈਸੇ ਘਟਣ ਸੱਠ ਹਜ਼ਾਰ। ਸੁਰਿੰਦਰ ਸ਼ਿੰਦੇ ਨੇ ਪੱਲਾ ਖਿੱਚ ਲਿਆ, ਕਈ ਜਿਹੜੇ ਮੈਨੂੰ ਜੱਫੀਆਂ ਬਹੁਤ ਪਾਉਂਦੇ ਹੁੰਦੇ ਸੀ ਉਹ ਕਹਿ ਕੇ ਹੱਥ ਛੁਡਾਉਣ ਲੱਗ ਪਏ ਕਿ ਲਿਖਣ ਦੇ ਤਾਂ ਅਖਬਾਰਾਂ ਬਹੁਤ ਪੈਸੇ ਦਿੰਦੀਆਂ ਹਨ ਪਰ ਪਰਮਿੰਦਰ ਮਰਦਾਂ ਵਾਂਗ ਖੜੀ ਰਹੀ ਤੇ ਉਹਨੇ ਆਪਣੇ ਭਰਾ ਦੇ ਨਾਂ ਗੱਡੀ ਫਾਈਨਾਂਸ ਕਰਾ ਕੇ ਰਾਤੋ ਰਾਤ ਮਰੂਤੀ ਕਾਰ ਲਿਆ ਕੇ ਸਾਡੇ ਘਰ ਦੇ ਵਿਹੜੇ ਵਿਚ ਖੜੀ ਕਰ ਦਿੱਤੀ। ਨਵਾਂ ਸ਼ਹਿਰ, ਬੰਗਾ ਤੇ ਮਾਹਿਲਪੁਰ ਦੀਆਂ ਸੜਕਾਂ ਤੇ ਮੈਂ ਕਈ ਮਹੀਨੇ ਇਹ ਗੱਡੀ ਉਵੇਂ ਹੀ ਘੁਮਾਉਂਦਾ ਰਿਹਾ ਜਿਵੇਂ ਪਿਛਲੇ ਸ਼ੀਸ਼ੇ ‘ਤੇ ਲਿਖਿਆ ਹੋਇਆ ਸ, Ḕਸਮੁੱਚੇ ਪੰਜਾਬੀ ਗਾਇਕਾਂ ਵਲੋਂ ਐਸ ਅਸ਼ੋਕ ਭੌਰੇ ਨੂੰ ਸਨਮਾਨ ਹਿਤ ਭੇਟਾḔ ਤੇ ਇਸ ਭੇਟ Ḕਚ ਪਰਮਿੰਦਰ ਸੰਧੂ ਦਾ, ਇਕੱਲੀ ਦਾ ਇੱਕ ਲੱਖ ਰੁਪਏ ਦਾ ਯੋਗਦਾਨ ਸੀ। ਜ਼ਿੰਦਗੀ ਵਿਚ ਕਈ ਥਾਂ ਹੋਰ ਤਾਂ ਕੁਤਾਹੀਆਂ ਕੀਤੀਆਂ ਹੋਣਗੀਆਂ ਪਰ ਅਕ੍ਰਿਤਘਣ ਹੋਣ ਦਾ ਉਲਾਂਭਾ ਕਦੇ ਵੀ ਨਹੀਂ ਲਿਆ। ਦੂਰਦਰਸ਼ਨ ਦਾ ਲਿਸ਼ਕਾਰਾ ਸੀ, ਚਾਹੇ ਅਖਾੜਾ ਪ੍ਰੋਗਰਾਮ ਸੀ, ਚਾਹੇ ਵਿਰਾਸਤ ਸੀ ਤੇ ਚਾਹੇ ਕੋਈ ਹੋਰ ਪ੍ਰੋਗਰਾਮ ਪਰਮਿੰਦਰ ਸੰਧੂ ਦੀ ਹਾਜ਼ਰੀ ਯਕੀਨੀ ਬਣਾ ਕੇ ਰੱਖੀ ਤੇ ਅਖਬਾਰ ਚਾਹੇ ਅਜੀਤ ਸੀ, ਚਾਹੇ ਪੰਜਾਬੀ ਟ੍ਰਿਬਿਊਨ, ਜਗ ਬਾਣੀ ਤੇ ਚਾਹੇ ਕੌਮੀ ਏਕਤਾ ਜਾਂ ਪੰਜਾਬੀ ਡਾਈਜੈਸਟ ਮੈਗਜ਼ੀਨ, ਮੈਂ ਇਕ ਦਹਾਕੇ ਤੱਕ ਪਰਮਿੰਦਰ ਸੰਧੂ ਨੂੰ ਕਦੇ ਵੀ ਗੈਰ ਹਾਜ਼ਰ ਨਹੀਂ ਹੋਣ ਦਿੱਤਾ। ਇਸੇ ਕਰਕੇ ਸਰਦੂਲ ਸਿਕੰਦਰ ਮੀਰ ਆਲਮਾਂ ਵਾਲੀ ਟਿੱਚਰ ਵਿਚ ਆਖਦਾ ਰਿਹਾ, Ḕਅਸ਼ੋਕ ਨੇ ਜਾਂ ਤਾਂ ਕੁਲਦੀਪ ਮਾਣਕ ਬਾਰੇ ਲਿਖਣਾ ਹੁੰਦਾ ਜਾਂ ਪਰਮਿੰਦਰ ਸੰਧੂ ਬਾਰੇḔ ਸਾਡੀ ਵਾਰ ਨੂੰ ਤਾਂ ਰੰਗ ਹੀ ਮੁੱਕ ਜਾਂਦਾ ਹੈ।Ḕ
ਸਾਲ 2007 ਵਿਚ ਜਦੋਂ ਮੈਂ ਜਲੰਧਰ ਦੂਰਦਰਸ਼ਨ ਲਈ ਨਵੇਂ ਵਰ੍ਹੇ ਦਾ ਪ੍ਰੋਗਰਾਮ Ḕਛਣਕਾਟਾ ਪੈਂਦਾ ਗਲੀ ਗਲੀḔ ਤਿਆਰ ਕੀਤਾ ਤਾਂ ਪਰਮਿੰਦਰ ਦਾ ਇਕ ਗੀਤ ਸੀ, Ḕਤਾੜੀ ਮਾਰ ਮੁੰਡਿਆḔ, ਉਹਨੂੰ ਪਤਾ ਸੀ ਕਿ ਜਿਹਨੇ ਇਹ ਲਿਖਿਆ ਉਹਨੂੰ ਅਸ਼ੋਕ ਚੰਗਾ ਨਹੀਂ ਸਮਝਦਾ। ਸ਼ਾਇਦ ਇਹ ਗੀਤ ਪ੍ਰੋਗਰਾਮ ਵਿਚ ਨਾ ਪਾਵੇ। ਪਰ ਜਦੋਂ ਮੈਂ ਹੱਸ ਕੇ ਕਿਹਾ ਕਿ Ḕਪਰਮਿੰਦਰ ਮੇਰਾ ਸਬੰਧ ਗਾਇਕੀ ਨਾਲ ਹੈ, ਲਿਖਣ ਵਾਲੇ ਨਹੀਂ।Ḕ ਹਾਲਾਂਕਿ ਮੈਂ ਤੇ ਸ਼ਮਸ਼ੇਰ ਅਜਿਹੇ ਨਿੱਕੇ ਮੋਟੇ ਗੀਤਕਾਰਾਂ ਤੋਂ ਕਈ ਥਾਂ ਖਫਾ ਰਹਿੰਦੇ ਹੀ ਸਾਂ।
ਸਾਲ 2011 ਵਿਚ ਜਦੋਂ ਮੈਂ ਅਮਰੀਕਾ ਤੋਂ ਇੰਡੀਆ ਗਿਆ ਉਦੋਂ ਡਾਕਟਰਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਪਰਮਿੰਦਰ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਮੈਂ ਉਸੇ ਘਰ ਵਿਚ ਗਿਆ ਜਿਸ ਘਰ ਦੀ ਹਰ ਕੰਧ ਉਸ ਨੇ ਚਾਅ ਦੀਆਂ ਇੱਟਾਂ ਨਾਲ ਖੜੀ ਕੀਤੀ ਸੀ। ਉਹ ਮੰਜੇ ਤੋਂ ਉਠ ਕੇ ਆਈ, ਧਾਹੀਂ ਰੋਈ ਅਤੇ ਕਿੰਨਾ ਚਿਰ ਹੀ ਨਾ ਬੋਲੀ। ਉਦੋਂ ਉਹਨੂੰ ਪਤਾ ਤਾਂ ਸੀ ਕਿ ਮੈਂ ਚਲੇ ਜਾਣੈ ਪਰ ਇਹ ਬਿਲਕੁਲ ਨਹੀਂ ਪਤਾ ਸੀ ਕਿ ਇੰਨੀ ਛੇਤੀ ਚਲੇ ਜਾਣਾ। ਹਸੂੰ ਹਸੂੰ ਕਰਦੀ ਪਰਮਿੰਦਰ ਉਸ ਦਿਨ ਉਦਾਸ ਦੇਵੀ ਦੀ ਮੂਰਤ ਸੀ ਤੇ ਉਹਨੂੰ ਪਤਾ ਸੀ ਕਿ ਧਰਮਰਾਜ ਨੇ ਮੌਤ ਦੇ ਵਾਰੰਟ ਸਾਈਨ ਕਰ ਦਿੱਤੇ ਹਨ।
ਦੁੱਖ ਵੀ ਰਹੇਗਾ ਤੇ ਹਉਕਾ ਵੀ। ਮੇਰੀ ਸਭ ਤੋਂ ਵੱਡੀ ਹਮਦਰਦ, ਸਹਿਯੋਗੀ ਪਰਮਿੰਦਰ ਚਲੇ ਗਈ, ਬਿਨਾਂ ਮਿਲੇ। ਮੈਨੂੰ ਇਹ ਆਸ ਨਹੀਂ ਸੀ ਕਿ ਸਾਡਾ ਭੈਣ-ਭਰਾਵਾਂ ਵਰਗਾ ਪਿਆਰ Ḕਜਦੋਂ ਉਹਦੀ ਹੋਣੀ ਤੜੱਕ ਤੜੱਕ ਕਰਕੇ ਤੋੜੇਗੀ ਉਦੋਂ ਮੈਂ ਅਮਰੀਕਾ ਹੋਵਾਂਗਾ ਤੇ ਪਰਮਿੰਦਰ ਲੁਧਿਆਣੇ। ਜਿਸ ਪਰਮਿੰਦਰ ਦੇ ਨੈਣ ਨਕਸ਼ ਮੇਰੇ ਹੱਥਾਂ ਵਿਚ ਕਲਾਤਮਿਕ ਬਣੇ ਉਸ ਪਰਮਿੰਦਰ ਦਾ ਆਖਰੀ ਵਾਰ ਮੂੰਹ ਵੇਖਣਾ ਵੀ ਨਸੀਬ ਨਾ ਹੋਇਆ।
ਜਿਸ ਵੀ ਮੇਲੇ ਵਿਚ ਪਰਮਿੰਦਰ ਹੁੰਦੀ, ਤੇ ਉਥੇ ਜਗਦੇਵ ਸਿੰਘ ਜੱਸੋਵਾਲ ਹੋਵੇ, ਚਾਹੇ ਕਿਸੇ ਨੂੰ ਬੁਰਾ ਵੀ ਲੱਗੇ, ਉਹ ਕਹਿੰਦਾ, Ḕਪਰਮਿੰਦਰ ਲੁੱਟ ਲੈ ਮੇਲਾ ਲਾ ਦੇ ਅੱਗ, ਚੱਕ ਦੇ ਘੜੇ ਤੋਂ ਕੌਲਾ…ਸੁਣਾ ਦੇ, ਇਕ ਨਰਮ ਪਟੋਲਾ ਅਹੁ ਜਾਂਦਾ, ਇਕ ਅੱਗ ਦਾ ਗੋਲਾ ਅਹੁ ਜਾਂਦਾ।Ḕ Ḕਉਡ ਕੇ ਸੋਹਣਿਆਂ ਆ ਜਾḔ ਐਲਬਮ ਵਿਚਲਾ ਜਿਹੜਾ ਦੂਜਾ ਗੀਤ ਪਰਮਿੰਦਰ ਨੇ ਗਾਇਆ, ਇਹ ਗੀਤ ਮੈਂ ਉਦੋਂ ਲਿਖਿਆ ਸੀ ਜਦੋਂ ਮੈਨੂੰ ਪਰਵਾਸ ਦੇ ਦਰਦ ਦਾ ਕੋਈ ਅਹਿਸਾਸ ਨਹੀਂ ਸੀ। ਪਰ ਇਹ ਹੁਣ ਸੱਲ੍ਹ ਬਣ ਕੇ ਤਾਂ ਉਠਦਾ ਰਹਿੰਦਾ ਹੈ ਕਿ ਮੈਂ ਵੀ ਪਰਵਾਸੀ ਹੋ ਗਿਆ ਹਾਂ ਤੇ ਪਰਮਿੰਦਰ ਪ੍ਰਲੋਕ ਵਾਸੀ ਹੋ ਗਈ ਹੈ। ਇਸ ਗੀਤ ਨਾਲ ਗੱਲ ਮੁੱਕਦੀ ਕਰਾਂਗਾ, ਆਖਰੀ ਬੋਲ ਸਨ:
ਗੁੱਡੀਆਂ ਨਾ ਪਟੋਲਿਆਂ ਨਾਲ ਖੇਡਦੇ ਸੀ ਭੌਰੇ ਆਪਾਂ,
ਦਿਨਾਂ ਵਿਚ ਹੋ ਗਏ ਵੱਖੋ ਵੱਖ ਵੇ।
ਯਾਦਾਂ ਦਾ ਇਹ ਸੱਲ੍ਹ ਨਾ ਅਸ਼ੋਕ ਵੀਰਾ ਮੇਰਿਆ,
ਸਾਂਭ ਸਾਂਭ ਹੁੰਦਾ ਮੈਥੋਂ ਰੱਖ ਵੇ।
ਉਡ ਕਾਗਾ ਕਾਲਿਆ ਵੇ ਘਰ ਦੇ ਬਨੇਰੇ ਉਤੋਂ,
ਭੁੱਲਿਆ ਵਿਖਾਈਂ ਜਾ ਕੇ ਰਾਹ।
ਵੇ ਵੀਰਾ ਕਿੱਡੀ ਦੂਰ ਬਹਿ ਗਿਆਂ ਏ ਜਾ।

ਗੱਲ ਬਣੀ ਕਿ ਨਹੀਂ
ਐਸ ਅਸ਼ੋਕ ਭੌਰਾ
ਤਾ ਥਈਆ ਤਾ ਥਈਆ
ਹੁਣ ਬਿੱਲੀਆਂ ਦੇ ਦੁੱਧ ਸਰ੍ਹਾਣੇ ਬਚ ਰਹਿੰਦਾ, ਬੰਦਿਆਂ ਨਾਲੋਂ ਕੁੱਤੇ ਕਈ ਸਿਆਣੇ ਨੇ।
ਸੁਭ੍ਹਾ ਸ਼ਾਮ ਵਿਚ ਨਾ ਕੋਈ ਬਹੁਤਾ ਫਰਕ ਰਿਹਾ, ਇਕੋ ਜਿਹੇ ਹੀ ਲੱਗਦੇ ਠੇਕੇ ਥਾਣੇ ਨੇ।
ਲੋਕੀਂ ਸਮਝਣ ਵੋਟਾਂ ਪਾ ਕੇ ਯੁੱਗ ਬਦਲੂ, ਪਰ ਇਹ ਲੋਟੂ ਇਕੋ ਜਿਹੇ ਘਰਾਣੇ ਨੇ।
ਕੋਈ ਸੰਤ, ਕੋਈ ਸਾਧ ਤੇ ਮਹਾਂਪੁਰਸ਼ ਕੋਈ, ਉਹੀ ਸ਼ਕਲਾਂ, ਉਹੀ ਕਾਰੇ, ਉਂਜ ਬਦਲੇ ਬਾਣੇ ਨੇ।
ਉਤੋਂ ਰੋਗਨ ਕਰਕੇ ਨਵੀਂ ਮਸ਼ੀਨ ਬਣੀ, ਵਿਚ ਤਾਂ ਮਿੱਤਰੋ ਪੁਰਜ਼ੇ ਉਹੀ ਪੁਰਾਣੇ ਨੇ।
ਧੀ ਦੀ ਪੱਤ ਬਾਪੂ ਦੇ ਸਾਹਵੇਂ ਲਾਹੁੰਦੇ ਜੋ, ਅੱਜ ਕੱਲ੍ਹ ਥਾਂ ਥਾਂ ਵੱਜਦੇ ਐਸੇ ਗਾਣੇ ਨੇ।
ਬੇੜੀ ਭੰਨ੍ਹ ਕੇ ਦੋਵੇਂ ਹੀ ਖਿੱਚੀ ਫਿਰਦੇ ਨੇ, ਉਹੀ ਚੱਪੂ, ਉਹੀ ਵਣਜ ਮੁਹਾਣੇ ਨੇ।
ਗੁੰਗਿਆਂ ਹੱਥ ਕੈਮਰਾ ਫੋਟੋ ਖਿੱਚ ਰਿਹਾ, ਪੁੱਠੇ ਸਿੱਧੇ ਪੋਜ਼ ਬਣਾਉਂਦੇ ਕਾਣੇ ਨੇ।
ਇਹ Ḕਤਾ ਥਈਆ, ਤਾ ਥਈਆḔ ਹੁਣ ਤਾਂ ਹੁੰਦੀ ਕੁੜਤੀ ਦੇ ਨਾਲ ਲਾਲ ਪਰਾਂਦੇ ਜਾਣੇ ਨੇ।
ḔਭੌਰੇḔ ਥੋੜਾ ਠਹਿਰ ਸਬਰ ਨੂੰ ਦੇਹ ਗੰਢਾਂ, ਚੀਕਾਂ ਮਾਰ ਕੇ ਭੱਜਦੇ ਵੇਖੀਂ ਲਾਣੇ ਨੇ।