ਨਾਇਕ ਵਿਹੂਣਾ ਕਾਫਲਾ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਬੀਤੀ ਤਿਮਾਹੀ ਦਾ ਪੂਰਾ ਘਟਨਾਕ੍ਰਮ ਵਾਚੀਏ ਤਾਂ ਦਿਸਦਾ ਹੈ ਕਿ ਵੱਡੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਪੰਥ ਨੂੰ ਝੰਜੋੜ ਦਿੱਤਾ ਤੇ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਤਖਤਾਂ ਦੇ ਜਥੇਦਾਰਾਂ ਨੂੰ ਗਾਜਰਾਂ-ਮੂਲੀਆਂ ਵਾਂਗ ਤਾ ਇਸਤੇਮਾਲ ਕੀਤਾ ਹੀ ਗਿਆ। ਇਸ ਵਰਤਾਰੇ ਦੀ ਲੱਜਾ-ਸ਼ਰਮ ਨਾ ਹੁਣ ਤੱਕ ਪੰਜਾਬ ਸਰਕਾਰ ਨੁੰ ਆਈ, ਨਾ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਨਾ ਸ਼੍ਰੋਮਣੀ ਕਮੇਟੀ ਨੂੰ।

ਆਪਣੀਆਂ ਸੰਸਥਾਵਾਂ ਦੀ ਬੇਹੁਰਮਤੀ ਦੇਖਦਿਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇਖਦਿਆਂ, ਬਿਨਾ ਕਿਸੇ ਭਰੋਸੇਯੋਗ ਲੀਡਰਸ਼ਿਪ ਦੇ ਖਾਲਸਾ ਪੰਥ ਪਹਿਲਾਂ ਸੜਕਾਂ ਉਪਰ ਉਤਰ ਆਇਆ, ਫਿਰ ਅੰਮ੍ਰਿਤਸਰ ਵਲ ਚੱਲ ਪਿਆ। ਜਿਨ੍ਹਾਂ ਲੀਡਰਾਂ ਨੇ ਪਿੰਡ ਚੱਬਾ ਵਿਚ ਇਕੱਠੇ ਹੋਣ ਦਾ ਸੱਦਾ ਦਿੱਤਾ, ਉਨ੍ਹਾਂ ਵਿਚੋਂ ਇਕ ਵੀ ਅਜਿਹਾ ਨਹੀਂ ਹੈ, ਜਿਸ ਨੂੰ ਆਪਣੇ ਨਿਸ਼ਾਨੇ ਦੀ ਸਮਝ ਜਾਂ ਸਿੱਖ ਰਵਾਇਤਾਂ ਦੀ ਸਾਖ ਦੀ ਪ੍ਰਵਾਹ ਹੋਵੇ। ਉਨ੍ਹਾਂ ਵਿਚ ਨਾ ਆਪਸੀ ਤਾਲਮੇਲ, ਨਾ ਭਰੋਸਾ, ਨਾ ਸਿਆਸੀ, ਨਾ ਧਾਰਮਿਕ ਦੂਰਅੰਦੇਸ਼ੀ। ਉਨ੍ਹਾਂ ਦਾ ਕੇਵਲ ਇਕੋ ਇਕ ਨਿਸ਼ਾਨਾ ਸੀ-ਲੋਹਾ ਗਰਮ ਹੈ ਪੂਰਾ, ਅੱਖਾਂ ਮੀਟ ਕੇ ਸੱਟਾਂ ਮਾਰੀ ਚਲੋ, ਬੈਠਣ ਵਾਸਤੇ ਸਿੰਘਾਸਨ ਆਪੇ ਬਣ ਜਾਵੇਗਾ।
ਇਕ ਇਕ ਕਰਕੇ ਇਨ੍ਹਾਂ ਪਰਤਾਂ ਨੂੰ ਫਰੋਲਦੇ ਹਾਂ। ਤਖਤਾਂ, ਗੁਰੂਘਰਾਂ ਅਤੇ ਗੁਰਬਾਣੀ ਦਾ ਆਦਰ ਕਰਨਾ ਅਤੇ ਸੁਚੇਤ ਪਹਿਰੇਦਾਰ ਦਾ ਫਰਜ਼ ਨਿਭਾਉਣਾ ਹਰੇਕ ਸਿੱਖ ਦੀ ਜ਼ਿੰਮੇਵਾਰੀ ਹੈ ਤੇ ਸਿੱਖ ਇਹ ਜ਼ਿੰਮੇਵਾਰੀ ਬਗੈਰ ਕਿਸੇ ਦੀ ਸਿਫਾਰਿਸ਼ ਦੇ ਨਿਭਾਉਂਦੇ ਵੀ ਹਨ। ਪੰਥ ਨੇ ਦੇਖ ਲਿਆ ਕਿ ਹਾਕਮ ਅਕਾਲੀ-ਦਲ ਆਪਣਾ ਫਰਜ਼ ਭੁਲ ਗਿਆ ਹੈ ਤਾਂ ਪਿੰਡ ਪਿੰਡ, ਸ਼ਹਿਰ ਸ਼ਹਿਰ, ਸੜਕੋ ਸੜਕ ਰੋਸ ਮੁਜਾਹਰੇ ਸ਼ੁਰੂ ਹੋ ਗਏ। ਇਨ੍ਹਾਂ ਮੁਜਾਹਿਰਆਂ ਵਿਚ ਕਿਸਾਨ, ਮਜ਼ਦੂਰ, ਦੁਕਾਨਦਾਰ, ਕਮਿਊਨਿਸਟ, ਕਾਂਗਰਸੀ, ਹਿੰਦੂ, ਮੁਸਲਮਾਨ-ਉਹ ਸਾਰੇ ਵਰਗ ਸ਼ਾਮਲ ਹੋਏ, ਜੋ ਗੁਰਬਾਣੀ ਦਾ ਅਦਬ ਲੋੜਦੇ ਹਨ। ਹਮੇਸ਼ਾਂ ਵਾਂਗ ਅਕਾਲੀ ਜਥੇਦਾਰਾਂ ਦੇ ਜਾਹਲ ਬਿਆਨ ਅਖਬਾਰਾਂ ਵਿਚ ਛਪੇ ਹੋਏ ਪੜ੍ਹੇ-ਇਹ ਕਾਂਗਰਸ ਦੀ ਸ਼ਹਿ ‘ਤੇ ਇਕੱਠੇ ਹੋ ਰਹੇ ਹਨ। ਮੇਰਾ ਅਤੇ ਹਰੇਕ ਸਾਧਾਰਨ ਬੰਦੇ ਦਾ ਸਵਾਲ ਹੈ-ਜੇ ਕਾਂਗਰਸ ਪਾਰਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਸਰਗਰਮ ਹੋ ਵੀ ਗਈ ਹੈ ਤਾਂ ਇਸ ਵਿਚ ਬੁਰਾਈ ਕੀ ਹੋਈ? ਗੁਰਮਤਿ ਸਿਧਾਂਤਾਂ ਦਾ ਸਾਬਕ ਪਹਿਰੇਦਾਰ ਸ੍ਰੋਮਣੀ ਅਕਾਲੀ ਦਲ ਜੇ ਫਰਜ਼ ਨਿਭਾਉਣ ਤੋਂ ਭਗੌੜਾ ਹੋ ਗਿਆ ਹੈ ਤਾਂ ਬਾਕੀ ਵਰਗ ਬੇਅਦਬੀ ਹੁੰਦੀ ਦੇਖਦਿਆਂ ਤਮਾਸ਼ਬੀਨ ਬਣ ਕੇ ਕਿਉਂ ਖਲੋਤੇ ਰਹਿਣ? ਗੁਰਬਾਣੀ ਦੀ ਬੇਅਦਬੀ ਰੋਕਣ ਲਈ ਜਿਹੜੇ ਛੋਟੇ ਵੱਡੇ ਵਰਗ ਸਰਗਰਮ ਹੋਏ ਉਨ੍ਹਾਂ ਦਾ ਸਵਾਗਤ ਵੀ ਹੈ ਤੇ ਸ਼ੁਕਰਾਨਾ ਵੀ।
ਥੋੜ੍ਹੀਆਂ ਕੁ ਘਟਨਾਵਾਂ ਦਾ ਸਿਲਸਿਲੇਵਾਰ ਅਧਿਐਨ ਕਰੀਏ। ਡੇਰਾ ਸਿਰਸਾ ਮੁਖੀ ਨੂੰ ਮੁਆਫੀਨਾਮਾ ਦੇਣਾ ਤੇ ਫਿਰ ਪੰਥ ਦਾ ਕਰੋਧ ਦੇਖਦਿਆਂ ਮੁਆਫੀਨਾਮਾ ਵਾਪਸ ਲੈਣਾ ਸਾਬਤ ਕਰ ਦਿੰਦਾ ਹੈ ਕਿ ਤਖਤਾਂ ਦੇ ਮੁਖੀ ਕੱਚ ਦੇ ਬਾਂਟੇ ਬਣ ਗਏ ਹਨ, ਖੁੱਤੀ ਵਿਚ ਪਾ ਲਉ ਜਾਂ ਖੁੱਤੀ ਵਿਚੋਂ ਬਾਹਰ ਕੱਢ ਕੇ ਬੋਝੇ ਵਿਚ ਪਾ ਕੇ ਤੁਰਦੇ ਬਣੋ। ਇਨ੍ਹਾਂ ਪਵਿੱਤਰ ਸੰਸਥਾਵਾਂ ਦਾ ਵਜੂਦ ਮਿਟਾ ਦਿੱਤਾ। ਤਦੇ ਅਚਾਨਕ ਜਿਵੇਂ ਬੱਦਲ ਛਟਦੇ ਹਨ, ਗੁਮਸੁੰਮ ਆਕਾਸ਼ ਨਿਰਮਲ ਹੁੰਦਾ ਹੈ, ਧੁੱਪ ਨਿਕਲਦੀ ਹੈ, ਅਕਾਲ ਤਖਤ ਦੇ ਪੰਜ ਪਿਆਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਤੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ 24 ਘੰਟੇ ਬਾਦ ਪੇਸ਼ ਹੋਣ ਦਾ ਹੁਕਮ ਦਿੱਤਾ। ਪੰਜ ਪਿਆਰਿਆਂ ਨੇ ਉਹ ਭੂਮਿਕਾ ਨਿਭਾਈ ਜਿਹੜੀ ਅੰਨ੍ਹਿਆਂ ਵਾਸਤੇ ਆਸ ਦੀ ਕਿਰਨ ਬਣੀ। ਬਜਾਏ ਇਸ ਦੇ ਕਿ ਪੰਜ ਪਿਆਰਿਆਂ ਰਾਹੀਂ ਬੇੜੀ ਮੰਝਧਾਰ ਵਿਚੋਂ ਕੱਢਣ ਦਾ ਯਤਨ ਕੀਤਾ ਜਾਂਦਾ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੰਜ ਪਿਆਰੇ ਮੁਅੱਤਲ ਕਰਕੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਜਾਣ ਦੇ ਹੁਕਮ ਜਾਰੀ ਕਰ ਦਿੱਤੇ।
ਇਥੇ ਹੀ ਬੱਸ ਨਹੀਂ ਹੋਈ। ਸ੍ਰੋਮਣੀ ਕਮੇਟੀ ਦੇ ਸਕੱਤਰ ਡਾæ ਰੂਪ ਸਿੰਘ ਸਮੇਤ ਅੱਧੀ ਦਰਜਨ ਕਮੇਟੀ ਦੇ ਹੋਰ ਅਹੁਦੇਦਾਰ ਮੁਅੱਤਲ ਕੀਤੇ ਕਿ ਉਨ੍ਹਾਂ ਨੇ ਟਾਸਕ ਫੋਰਸ ਬੁਲਾ ਕੇ ਪੰਜ ਪਿਆਰਿਆਂ ਨੂੰ ਮੀਟਿੰਗ ਕਰਨੋਂ ਕਿਉਂ ਨਹੀਂ ਰੋਕਿਆ? ਉਧਰ ਮੁਅੱਤਲ ਹੋਏ ਪੰਜ ਪਿਆਰਿਆਂ ਨੇ 24 ਘੰਟਿਆਂ ਬਾਦ ਫਿਰ ਮੀਟਿੰਗ ਕੀਤੀ ਤੇ ਪਾਸ ਹੋਇਆ ਕਿ ਤਲਬ ਕੀਤੇ ਹੋਏ ਜਥੇਦਾਰ ਕਿਉਂਕਿ ਹੁਕਮ ਮੰਨਣ ਤੋਂ ਇਨਕਾਰੀ ਹੋਏ, ਗੈਰਹਾਜ਼ਰ ਰਹੇ, ਇਸ ਕਰਕੇ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਉਨ੍ਹਾਂ ਨੂੰ ਅਹੁਦਿਆਂ ਤੋਂ ਲਾਂਭੇ ਕਰੇ।
ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਕੀਤੀਆਂ ਤਾਨਾਸ਼ਾਹੀ ਮੁਅੱਤਲੀਆਂ ਵਿਰੁੱਧ ਸੰਸਾਰ ਭਰ ਦੇ ਸਿੱਖਾਂ ਵਿਚ ਵਿਆਪਕ ਗੁੱਸਾ ਫੈਲਿਆ। ਇਹ ਮੁਅੱਤਲੀ ਦਾ ਹੁਕਮ ਇਸ ਤਰ੍ਹਾਂ ਦਾ ਸੀ ਜਿਵੇਂ ਔਰੰਗਜ਼ੇਬ ਸਰਹਿੰਦ ਦੇ ਨਵਾਬ ਨੂੰ ਇਸ ਕਸੂਰ ਬਦਲੇ ਮੁਅੱਤਲ ਕਰੇ ਕਿ ਉਸ ਨੇ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਮੌਕੇ ਇਕੱਠ ਕਿਉਂ ਹੋਣ ਦਿੱਤਾ ਤੇ ਪੰਥ ਦਾ ਪ੍ਰਕਾਸ਼ ਕਿਉਂ ਹੋ ਗਿਆ, ਅੰਮ੍ਰਿਤ ਸੰਚਾਰ ਕਿਉਂ ਹੋਇਆ। ਫਟਾਫਟ ਪੰਜ ਪਿਆਰਿਆਂ ਦੀ ਮੁਅੱਤਲੀ ਰੱਦ ਹੋਈ ਪਰ ਉਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਵਿਚ ਬਦਲ ਦਿੱਤਾ। ਏਨੀ ਛੇਤੀ ਮੁਅਤਲੀ ਦੇ ਹੁਕਮ ਰੱਦ ਹੋਣ ਦਾ ਮਤਲਬ ਸੁਤੇ ਸਿਧ ਮੰਨ ਲੈਣਾ ਸੀ ਕਿ ਕਾਹਲ ਵਿਚ ਭਿਆਨਕ ਗਲਤੀ ਹੋਈ ਹੈ ਜਿਸ ਨੂੰ ਪੰਥ ਮਾਫ ਨਹੀਂ ਕਰੇਗਾ। ਇਸ ਪਿਛੋਂ ਪੰਜ ਪਿਆਰਿਆਂ ਨੇ ਦੋ ਹੁਕਮ ਹੋਰ ਜਾਰੀ ਕੀਤੇ:
1æਪਿੰਡ ਚੱਬਾ ਵਿਚ ਹੋਏ ਪੰਥਕ ਇਕੱਠ ਨੂੰ ਸਰਬੱਤ ਖਾਲਸਾ ਨਾ ਕਿਹਾ ਜਾਵੇ। ਇਸ ਨ੍ਵੰ ਪੰਥਕ ਸੰਮੇਲਨ, ਪੰਥਕ ਇਕੱਠ, ਪੰਥਕ ਕਾਨਫਰੰਸ ਜਾਂ ਸਰਬਤ ਖਾਲਸਾ ਲਈ ਬੁਲਾਇਆ ਗਿਆ ਤਿਆਰੀ ਸੰਮੇਲਨ ਕਿਹਾ ਜਾਵੇ। ਸਰਬੱਤ ਖਾਲਸਾ ਵਾਸਤੇ ਵਿਸਾਖੀ 2016 ਦਾ ਦਿਨ ਮਿਥ ਕੇ ਸਾਰੀਆਂ ਪੰਥਕ ਧਿਰਾਂ ਨੂੰ ਉਦੋਂ ਤੱਕ ਸੰਪਰਕ ਕਰਕੇ ਭਰੋਸੇ ਵਿਚ ਲਿਆ ਜਾਵੇ।
2æ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਆਪਣੀ ਸਾਖ ਗੁਆ ਚੁਕੇ ਹਨ, ਇਸ ਲਈ ਇਸ ਦੀਵਾਲੀ ਦੇ ਤਿਉਹਾਰ ਮੌਕੇ ਉਹ ਪੰਥ ਦੇ ਨਾਮ ਸੰਦੇਸ਼ ਨਾ ਪੜ੍ਹਨ। ਉਨ੍ਹਾਂ ਦੀ ਥਾਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਇਹ ਸੰਦੇਸ਼ ਜਾਰੀ ਕਰ ਦੇਣ।
ਧਿਆਨ ਦਿਤਾ ਜਾਵੇ ਕਿ ਉਸ ਵਕਤ ਐਲਾਨ ਕਰਨ ਪਿਛੇ ਪੰਜ ਪਿਆਰਿਆਂ ਦੀ ਨਾ ਕੋਈ ਸੌੜੀ ਰਾਜਨੀਤੀ ਸੀ, ਨਾ ਨਿਜੀ ਗਰਜ। ਉਹ ਆਪਣੇ ਤਰੀਕੇ ਰਾਹੀਂ ਭ੍ਰਿਸ਼ਟ ਅਤੇ ਨਕਾਰਾ ਹੋਈਆਂ ਸੰਸਥਾਵਾਂ ਵਿਚ ਜਾਨ ਪਾਉਣ ਦਾ ਯਤਨ ਕਰ ਰਹੇ ਸਨ। ਉਨ੍ਹਾਂ ਦੀਆਂ ਇਨ੍ਹਾਂ ਅਪੀਲਾਂ ਨੂੰ ਨਾ ਸ੍ਰੋਮਣੀ ਅਕਾਲੀ ਦਲ ਨੇ ਮੰਨਿਆ ਨਾ ਚੱਬੇ ਵਿਚ ਸਰਬੱਤ ਖਾਲਸਾ ਬੁਲਾਉਣ ਵਾਲੀ ਧਿਰ ਦੇ ਲੀਡਰਾਂ ਨੇ। ਕੇਵਲ ਸ਼ ਸਿਰਮਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਕਿਉਂਕਿ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਬਹੁਤ ਪਹਿਲਾਂ ਹੋ ਚੁੱਕਾ ਹੈ ਤੇ ਪੰਜ ਪਿਆਰਿਆਂ ਦਾ ਹੁਕਮ ਹੁਣ ਪੁੱਜਾ ਹੈ, ਇਸ ਕਰਕੇ ਇਕੱਠ ਤਾਂ ਮੁਲਤਵੀ ਨਹੀਂ ਹੋ ਸਕੇਗਾ ਪਰ ਇਸ ਨੂੰ ਅਸੀਂ ਸਰਬਤ ਖਾਲਸਾ ਵਾਸਤੇ ਤਿਆਰੀ ਸੰਮੇਲਨ ਦਾ ਨਾਮ ਦਿਆਂਗੇ। ਮਾਨ ਸਾਹਿਬ ਦਾ ਮਸ਼ਵਰਾ ਰੱਦ ਕਰਦਿਆਂ ਮੋਹਕਮ ਸਿੰਘ ਦਾ ਬਿਆਨ ਆਇਆ-ਇਹ ਸਰਬੱਤ ਖਾਲਸਾ ਹੀ ਹੋਵੇਗਾ। ਸੋ, ਇਸ ਨੂੰ ਸਰਬੱਤ ਖਾਲਸਾ ਕਿਹਾ ਗਿਆ ਤੇ ਇਸ ਵਿਚ ਬਹੁਤ ਸਾਰੇ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਤਿੰਨ ਤਖਤਾਂ ਦੇ ਨਵੇਂ ਜਥੇਦਾਰ ਨਿਯੁਕਤ ਕਰਨ ਦੀ ਕਾਰਵਾਈ ਵੀ ਸੀ। ਪੰਜ ਪਿਆਰਿਆਂ ਦੀ ਅਪੀਲ ਘੱਟੇ-ਮਿੱਟੀ ਰੋਲੀ ਗਈ।
ਉਧਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜਾ ਕਿਸੇ ਗੱਲੋਂ ਬੇਅਦਬੀ ਕਰਨ ਵਿਚ ਪਿਛੇ ਰਹੀ? ਪੰਜ ਪਿਆਰਿਆਂ ਦੀ ਅਪੀਲ ਨਜ਼ਰਅੰਦਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਬਚਨ ਸਿੰਘ ਤੋਂ ਖਾਲਸਾ ਪੰਥ ਦੇ ਨਾਮ ਦੀਵਾਲੀ ਦੇ ਦਿਨ ਸੰਦੇਸ਼ ਜਾਰੀ ਕਰਵਾਇਆ। ਇਹ ਵੱਖਰੀ ਗੱਲ ਹੈ ਕਿ ਗਿਆਨੀ ਗੁਰਬਚਨ ਸਿੰਘ ਦਾ ਸੰਦੇਸ਼ ਸੁਣਨ ਵਾਸਤੇ ਉਸ ਦੇ ਆਲੇ ਦੁਆਲੇ ਸਿੱਖ ਨਹੀਂ, ਸੁਰੱਖਿਆ ਮੁਲਾਜ਼ਮਾ ਦਾ ਜਮਘਟਾ ਸੀ, ਸਖਤ ਪਹਿਰੇ ਸਨ।
ਧਿਆਨ ਸਿੰਘ ਮੰਡ ਨੇ ਵਿਰੋਧੀ ਧਿਰ ਵਲੋਂ ਥਾਪੇ ਜਥੇਦਾਰ ਵਜੋਂ ਪੰਥ ਦੇ ਨਾਮ ਸੰਦੇਸ਼ ਜਾਰੀ ਕੀਤਾ। ਇਸ ਸਮੇਂ ਜਿਸ ਪ੍ਰਕਾਰ ਦਾ ਹੱਲਾ-ਗੁੱਲਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੇਖਣ ਵਿਚ ਆਇਆ, ਪੂਰਨ ਮੰਦਭਾਗਾ ਸੀ। ਜੁਆਨ ਹਵਾ ਵਿਚ ਨੰਗੀਆਂ ਕਿਰਪਾਨਾ ਲਹਿਰਾ ਰਹੇ ਸਨ। ਜਿਹੋ ਜਿਹਾ ਹੱਲਾ-ਗੁੱਲਾ ਗੁੱਗੇ ਦੇ ਮੇਲੇ ਵਿਚ ਜਾਂ ਪੀਰਖਾਨੇ ਦੇ ਬਾਹਰ ਹੋਇਆ ਕਰਦਾ ਹੈ, ਐਨ ਉਹੀ ਕੁੱਝ। ਟੀ ਵੀ ਦੇਖਦਿਆਂ ਮੇਰੀ ਬੀਵੀ ਬੋਲੀ, ਇਹ ਕੀ ਹੋ ਰਿਹੈ? ਮੈਂ ਕਿਹਾ ਅਜੇ ਤਾਂ ਖੈਰ-ਸੁਖ ਰਹੀ ਅੱਜ। ਇਸ ਥਾਂ ਉਪਰ ਤਾਂ ਅੱਗੇ ਕਈ ਵਾਰ ਪੱਗਾਂ ਉਤਰੀਆਂ ਹਨ, ਦਾਹੜੇ ਇਕ ਦੂਜੇ ਦੇ ਹੱਥਾਂ ਵਿਚ ਆਏ ਹਨ ਤੇ ਕਿਰਪਾਨਾ ਕੇਵਲ ਲਹਿਰਾਈਆਂ ਹੀ ਨਹੀਂ ਗਈਆਂ, ਚੱਲੀਆਂ ਵੀ ਹਨ, ਸਿੱਖਾਂ ਹੱਥੋਂ ਸਿੱਖ ਜ਼ਖਮੀ ਹੋਏ ਹਨ। ਇਹ ਦੋਸ਼ ਵੀ ਨਹੀਂ ਲੱਗਾ ਸੀ ਕਿ ਇਹ ਗੁੰਡਾਗਰਦੀ ਕਾਂਗਰਸ ਨੇ ਕਰਵਾਈ ਹੈ। ਮੈ ਪਾਠਕਾਂ ਦੀ ਅਦਾਲਤ ਵਿਚ ਇਕ ਇਕ ਕਰਕੇ ਸਬੂਤ ਰੱਖ ਰਿਹਾ ਹਾਂ ਤਾਂ ਕਿ ਜਾਣਿਆਂ ਜਾ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਵਿਰੋਧੀ ਗੁੱਟਾਂ ਬਾਰੇ ਪਤਾ ਲਗ ਸਕੇ ਕਿ ਪੰਥਕ ਰਵਾਇਤਾਂ ਤੇ ਸ਼ਾਨਦਾਰ ਅਦਬ ਸਤਿਕਾਰ ਦੀ ਪ੍ਰਵਾਹ ਕਿਸੇ ਧਿਰ ਨੂੰ ਨਹੀਂ ਹੈ।
ਮੇਰੇ ਸੈਲ ਫੋਨ ‘ਤੇ ਕਿਸੇ ਨੇ ਕਲਿੱਪ ਭੇਜੀ, ਜਿਸ ਵਿਚ ਵਿਰੋਧੀ ਧਿਰ ਦਾ ਇਕ ਬੁਲਾਰਾ ਸੰਗਤ ਨੂੰ ਕਹਿ ਰਿਹਾ ਹੈ, ਇਹ ਪੰਜ ਪਿਆਰੇ ਸਰਕਾਰੀ ਹਨ, ਕਮੇਟੀ ਦੇ ਮੁਲਾਜ਼ਮ ਹਨ, ਇਨ੍ਹਾਂ ਨੂੰ ਹੁਕਮ ਦੇਣ ਦਾ ਕੀ ਹੱਕ, ਇਨ੍ਹਾਂ ਦਾ ਆਖਾ ਕਿਉਂ ਮੰਨੀਏ? ਮੈਂ ਇਸ ਗੱਲ ਦਾ ਕਾਇਲ ਸੀ ਤੇ ਹੁਣ ਵੀ ਹਾਂ ਕਿ ਉਨ੍ਹਾਂ ਪੰਜ ਯੋਧਿਆਂ ਨੇ ਕਰਾਮਾਤ ਵਰਤਾ ਦਿਤੀ ਜਿਹੜੇ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਇਹ ਪੰਜ ਸਿੰਘ ਦੋਹਾਂ ਧਿਰਾਂ ਵਿਚਕਾਰ ਗੁਰੂ ਕਲਗੀਧਰ ਨੇ ਪੁਲ ਬਣਾ ਕੇ ਤੈਨਾਤ ਕਰ ਦਿੱਤੇ ਸਨ, ਪਰ ਇਸ ਰਮਜ਼ ਦੀ ਕਿਸੇ ਧਿਰ ਨੂੰ ਸਮਝ ਨਹੀਂ ਪਈ:
ਰਤਨ ਵਿਗਾੜ ਵਿਗੋਏ ਕੁਤੀ
ਮੋਇਆਂ ਸਾਰ ਨ ਕਾਈ।
ਸਰਕਾਰੀ ਡਰ, ਕ੍ਰੋਪ ਅਤੇ ਵਿਰੋਧ ਦੇ ਬਾਵਜੂਦ ਦੋ ਲੱਖ ਤੋਂ ਵਧ ਸਿੱਖ ਸਰਬੱਤ ਖਾਲਸਾ ਵਾਸਤੇ ਪਿੰਡ ਚੱਬੇ ਪੁੱਜੇ। ਖਾਣ-ਪੀਣ, ਟ੍ਰਾਂਸਪੋਰਟ ਆਦਿਕ ਸਾਧਨਾਂ ਦੀ ਪ੍ਰਵਾਹ ਨਹੀਂ, ਮੌਸਮ ਖਰਾਬ ਹੋ ਗਿਆ, ਮੀਂਹ ਆਇਆ ਪਰ ਸੰਗਤ ‘ਤੇ ਕੋਈ ਅਸਰ ਨਹੀਂ। ਕਿਸੇ ਦੂਰਅੰਦੇਸ਼ ਲੀਡਰ ਦੀ ਗੈਰਹਾਜ਼ਰੀ ਵਿਚ ਮਨੁੱਖਤਾ ਦਾ ਸਮੁੰਦਰ ਇਸ ਲਈ ਲਹਿਰਾਇਆ ਕਿਉਂਕਿ ਇਹ ਗੁਰਬਾਣੀ ਨੂੰ ਪਿਆਰਨ ਵਾਲੇ ਵੀਰ-ਭੈਣ ਸਨ। ਪੰਥ ਅੱਗੇ ਲੰਘ ਗਿਆ, ਲੀਡਰ ਗਰਦ-ਗੁਬਾਰ ਦੇਖਦੇ ਧੂੜ ਫਕਦੇ ਪਿਛੇ ਰਹਿ ਗਏ।
ਕੁਝ ਗਰਮਤਿ ਪ੍ਰਚਾਰਕਾਂ ਦੇ ਕੇਂਦਰਾਂ ਨੇ ਸ਼ਾਨਦਾਰ ਭੂਮਿਕਾ ਨਿਭਾਈ, ਜਿਨ੍ਹਾਂ ਵਿਚੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਹਨ। ਚੱਬੇ ਨਾ ਜਾਣ ਦੀ ਉਨ੍ਹਾਂ ਦੀ ਆਪਣੀ ਵਜ੍ਹਾ ਸੀ। ਇਸੇ ਗੱਲ ਕਰਕੇ ਉਨ੍ਹਾਂ ਨੂੰ ਇਹ ਕਹਿਣਾ ਕਿ ਉਹ ਸਰਕਾਰ ਪਾਸ ਵਿਕ ਗਏ ਹਨ, ਹੋਛੀ ਹਰਕਤ ਹੈ। ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਜ਼ਰੂਰ ਮੁਖ ਮੰਤਰੀ ਜੀ ਦੇ ਚਰਨਾਂ ਵਿਚ ਬੈਠੇ ਦਿਖਾਏ ਦੇ ਰਹੇ ਹਨ ਤੇ ਉਨ੍ਹਾਂ ਆਪਣੇ ਕਰ-ਕਮਲ ਮੁਖ ਮੰਤਰੀ ਦੇ ਗੋਡਿਆਂ ਉਪਰ ਰੱਖੇ ਹੋਏ ਹਨ। ਇਹ ਫੋਟੋ ਇਸ ਕਰਕੇ ਅਜੀਬ ਲਗਦੀ ਹੈ ਕਿ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਦੇ ਨਾਮ ਸਹਾਰੇ ਕਾਇਮ ਹੋਈ ਤੇ ਧੁੰਮਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਤਰਾਧਿਕਾਰੀ ਹਨ।
1857 ਦੇ ਗਦਰ ਵਕਤ ਜਾੱਨ ਲਾਰੈਂਸ ਪੰਜਾਬ ਦੀ ਸਾਰੀ ਸੈਨਾ ਬਗਾਵਤ ਦਬਾਉਣ ਲਈ ਦਿੱਲੀ ਲੈ ਤੁਰਿਆ। ਪੰਜਾਬ ਵਿਚ ਕੇਵਲ ਇਕ ਹਜ਼ਾਰ ਸੈਨਿਕ ਰਹਿ ਗਏ ਸਨ। ਇਹ ਉਹ ਸੈਨਿਕ ਬਾਕੀ ਬਚੇ ਸਨ ਜਿਹੜੇ ਬਿਮਾਰ ਹੋਣ ਕਾਰਨ ਤੁਰ ਨਹੀਂ ਸਕੇ। ਪੰਜਾਬ ਖਾਲੀ ਸੀ, ਕੋਈ ਲੀਡਰ ਹੁੰਦਾ, ਪੰਜਾਬ ਤੇ ਕਬਜ਼ਾ ਕਰ ਲੈਂਦਾ। ਅੱਜ ਪੰਜਾਬ ਵਿਚ ਲੱਖਾਂ ਸੈਨਿਕ ਹਨ ਜੋ ਜਰਜਰੀ ਧਾਰਮਿਕ, ਸਮਾਜਕ ਵਿਵਸਥਾ ਨੂੰ ਬਦਲਣ ਦੇ ਸਮਰੱਥ ਹਨ। ਅੱਜ ਵੀ ਪੰਜਾਬ ਵਿਚ ਉਨ੍ਹਾਂ ਦਾ ਜਰਨੈਲ ਨਹੀਂ ਹੈ।