ਬਲਜੀਤ ਬਾਸੀ ਦਾ ਧੁਨੀਆਂ ਦੇ ਅਰਥਾਂ ਬਾਰੇ ਸਵਾਲ

ਸੰਪਾਦਕ ਸਾਹਿਬ,
ਪੰਜਾਬ ਟਾਈਮਜ਼ ਦੇ 14 ਨਵੰਬਰ ਦੇ ਅੰਕ ਵਿਚ ਬਲਜੀਤ ਬਾਸੀ ਨੇ ਆਪਣੇ ਪੱਤਰ ਵਿਚ ਧੁਨੀਆਂ ਦੇ ਅਰਥਾਂ ਬਾਰੇ ਲਿਖਿਆ ਹੈ ਕਿ ਧੁਨੀਆਂ ਦੇ ਅਰਥਾਂ ਨੂੰ ਉਨ੍ਹਾਂ ਨੇ ਲਾਗੂ ਕਿੱਥੇ ਕੀਤਾ ਹੈ? ਇਸ ਸਬੰਧੀ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤਾਂ ਆਪਣੇ ਪਹਿਲੇ ਹੀ ਪੱਤਰ ਵਿਚ ਸੰਪਾਦਕ ਸਾਹਿਬ ਨੂੰ ਬੇਨਤੀ ਕਰ ਦਿੱਤੀ ਸੀ ਕਿ ਮੈਂ ਧੁਨੀਆਂ ਦੇ ਅਰਥਾਂ ਬਾਰੇ ਇੱਕ ਕਿਤਾਬ (ਸ਼ਬਦ ਕਿਵੇਂ ਬਣੇ?) ਲਿਖ ਰਿਹਾ ਹਾਂ ਇਸ ਲਈ ਮੈਂ ਇਨ੍ਹਾਂ ਦੇ ਅਰਥ ਅਜੇ ਨਹੀਂ ਦੱਸ ਸਕਦਾ।

ਪਰ ਮੇਰਾ ਦਾਅਵਾ ਹੈ ਕਿ ਜਿਨ੍ਹਾਂ ਧੁਨੀਆਂ ਨੂੰ ਹੁਣ ਤੱਕ ਲੋਕ ‘ਮਿਥਿਆ’ ਆਖਦੇ ਰਹੇ ਹਨ ਅਤੇ ਕਹਿੰਦੇ ਰਹੇ ਹਨ ਕਿ ਧੁਨੀਆਂ ਦੇ ਆਪਣੇ ਕੋਈ ਅਰਥ ਨਹੀਂ ਹੁੰਦੇ, ਇਹ ਤਾਂ ਅੱਖਰਾਂ ਦਾ ਆਪਸ ਵਿਚ ਅਤੇ ਉਨ੍ਹਾਂ ਨਾਲ ਲਗਾਂ-ਲਗਾਖਰਾਂ ਦਾ ਮੇਲ ਹੀ ਹੈ ਜਿਸ ਨਾਲ ਕਿਸੇ ਸ਼ਬਦ ਦੀ ਵਿਉਤਪਤੀ ਹੁੰਦੀ ਹੈ ਅਤੇ ਉਸ ਦੇ ਕੋਈ ਅਰਥ ਬਣਦੇ ਹਨ। ਇਹ ਨਿਰੀ ਗਲਤ-ਬਿਆਨੀ ਹੈ। ਮੈਂ ਇਸ ਗੱਲ ਨੂੰ ਸਿੱਧ ਕਰਕੇ ਦਿਖਾਵਾਂਗਾ ਕਿ ਇੱਕ ਧੁਨੀ ਨਾਲ ਬਣੇ ਹੋਏ ਸਾਰੇ ਸ਼ਬਦਾਂ ਵਿਚ ਉਸ ਧੁਨੀ ਦੇ ਉਹੋ ਹੀ ਅਰਥ ਹੋਣਗੇ ਜਿਹੜੇ ਕਿ ਮੇਰੇ ਵੱਲੋਂ ਪਹਿਲਾਂ ਹੀ ਨਿਰਧਾਰਿਤ ਕੀਤੇ ਗਏ ਹੋਣਗੇ।
ਮੈਨੂੰ ਉਮੀਦ ਹੈ ਕਿ ਮੇਰਾ ਇਹ ਯਤਨ ਸ਼ਬਦਾਂ ਦੀ ਦੁਨੀਆਂ ਵਿਚ ਇੱਕ ਨਵਾਂ ਮੀਲ-ਪੱਥਰ ਹੋਵੇਗਾ। ਜੇਕਰ ਮੇਰੇ ਇਸ ਦਾਅਵੇ ਨੂੰ ਕੋਈ ‘ਮਿਥਿਆ’, ਝੂਠ ਜਾਂ ਨਿਰੇ ਸੁਫਨੇ ਆਖਦਾ ਹੈ ਤਾਂ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅਸਲੀਅਤ ਛੇਤੀ ਹੀ ਸਾਹਮਣੇ ਆ ਜਾਵੇਗੀ। ਮੈਨੂੰ ਪੂਰੀ ਆਸ ਹੈ ਕਿ ਪੰਜਾਬੀ ਮਾਂ-ਬੋਲੀ ਦੇ ਜੇਕਰ ਸਾਰੇ ਨਹੀਂ ਤਾਂ ਬਹੁਤ ਸਾਰੇ ਸ਼ਬਦਾਂ ਦਾ ਖੁਲਾਸਾ ਜਲਦੀ ਹੀ ਹੋ ਜਾਵੇਗਾ।
ਸ੍ਰੀ ਬਾਸੀ ਨੇ ਲਿਖਿਆ ਹੈ ਕਿ ‘ਕੁ’ ਸ਼ਬਦ ਵਿਚ ਨਿਘਾਰ ਜਾਂ ਗਿਰਾਵਟ ਵਾਲੀ ਗੱਲ ਹੈ, ਜਿਸ ਕਰਕੇ ‘ਖੂਹ’ ਸ਼ਬਦ ਦੇ ਅਰਥਾਂ ਵਿਚ ਵੀ ਨਿਵਾਣ ਜਾਂ ਉਸ ਦੀ ਡੁੰਘਾਈ ਵਾਲੀ ਗੱਲ ਜਾਂ ਅਰਥ ਆ ਗਏ ਹਨ। ਕੀ ਨਿਘਾਰ ਵਾਲੀ ਗੱਲ ਫਿਰ ਕੁੱਪ ਜਾਂ ਕੁੱਪੀ ਸ਼ਬਦ ‘ਤੇ ਵੀ ਲਾਗੂ ਨਹੀਂ ਹੁੰਦੀ? ਉਨ੍ਹਾਂ ਵਿਚ ਤਾਂ ਸਗੋਂ ਹੇਠੋਂ ਉਪਰ ਤੱਕ ਭੰਡਾਰੇ ਭਰੇ ਜਾਂਦੇ ਹਨ। ਇਨ੍ਹਾਂ ਅਤੇ ਇਹੋ ਜਿਹੇ ਹੋਰ ਅਨੇਕਾਂ ਸ਼ਬਦਾਂ ਵਿਚ ਵੀ ਤਾਂ ‘ਕੁ’ ਸ਼ਬਦ ਆਉਂਦਾ ਹੈ। ਦਰਅਸਲ ਨਿਘਾਰ ਵਾਲੀ ਗੱਲ ਵਧੇਰੇ ਕਰਕੇ ਉਥੇ ਹੀ ਲਾਗੂ ਹੋਣੀ ਹੈ, ਜਿੱਥੇ ‘ਕੁ’ ਸ਼ਬਦ ਅਗੇਤਰ ਦੇ ਤੌਰ ‘ਤੇ ਵਰਤਿਆ ਜਾਣਾ ਹੈ, ਜਿਵੇਂ ਕੁਪੱਤ, ਕੁਮੱਤ, ਕੁਲੱਖਣਾ ਆਦਿ। ਇਸ ਦਾ ਵੀ ਇੱਕ ਵਿਸ਼ੇਸ਼ ਕਾਰਨ ਹੈ। ਕੀ ਸ੍ਰੀ ਬਾਸੀ ਦੱਸ ਸਕਦੇ ਹਨ ਕਿ ‘ਕੂਪ’ ਸ਼ਬਦ ਤੋਂ ਪੰਜਾਬੀ ਵਿਚ ਬਣੇ ‘ਖੂਹ’ ਸ਼ਬਦ ਦਾ ਉਚਾਰਨ ਜਾਂ ਲਿਖਤੀ ਰੂਪ ਪੰਜਾਬੀ ਵਿਚ ‘ਖੂਹ’ ਕਿਉਂ ਹੈ ਅਰਥਾਤ ‘ਕ’ ਧੁਨੀ ‘ਖ’ ਧੁਨੀ ਵਿਚ ਕਿਉਂ ਬਦਲੀ ਹੈ? ਇਸ ਦੇ ਵੀ ਵਿਸ਼ੇਸ਼ ਕਾਰਨ ਹਨ। ਇਹ ਸਾਰੀ ਖੇਡ ਧੁਨੀਆਂ ਦੇ ਅਰਥਾਂ ਦੀ ਹੀ ਹੈ। ਅਜਿਹਾ ਧੁਨੀ-ਪਰਿਵਰਤਨ ਵੀ ਕਿਸੇ ਖ਼ਾਸ ਨਿਯਮ ਅਨੁਸਾਰ ਅਰਥਾਤ ਧੁਨੀਆਂ ਦੇ ਅਰਥਾਂ ਦੀ ਸਮਾਨਤਾ ਜਾਂ ਨਿਕਟਤਾ ਕਾਰਨ ਹੀ ਹੁੰਦਾ ਹੈ।
ਸ਼ਬਦਾਂ ਦਾ ਪਸਾਰਾ ਬੇਥਾਹ ਹੈ। ਇਨ੍ਹਾਂ ਬਾਰੇ ਮੁਕੰਮਲ ਜਾਣਕਾਰੀ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਹਾਂ, ਜੇ ਸਾਨੂੰ ਆਪਣੀ ਮਾਂ-ਬੋਲੀ ਵਿਚ ਪ੍ਰਚਲਿਤ ਪ੍ਰਮੁੱਖ ਅਤੇ ਆਮ ਵਰਤੇ ਜਾਣ ਵਾਲੇ ਸ਼ਬਦਾਂ ਵਿਚੋਂ ਕੁਝ ਇੱਕ ਦੀ ਵੀ ਜਾਣਕਾਰੀ ਹੋ ਜਾਵੇ ਤਾਂ ਇਹ ਵੀ ਇੱਕ ਚਮਤਕਾਰ ਹੀ ਹੋਵੇਗਾ। ਹੁਣ ਜੇਕਰ ‘ਅਪ’ ਜਾਂ ‘ਪਾਣੀ’ ਸ਼ਬਦ ਨੂੰ ਹੀ ਲਈਏ ਤਾਂ ਇਨ੍ਹਾਂ ਸ਼ਬਦਾਂ ਵਿਚ ਵੀ ‘ਪ’ ਧੁਨੀ ਦੇ ਅਰਥ ਪਾਣੀ ਨਹੀਂ ਹਨ। ਇੱਕਾ-ਦੁੱਕਾ ਸ਼ਬਦਾਂ ਵਿਚ ‘ਅਪ’ ਨੂੰ ਪਾਣੀ ਦੇ ਅਰਥਾਂ ਵਿਚ ਭਾਵੇਂ ਲੈ ਲਿਆ ਗਿਆ ਹੋਵੇ ਪਰ ਇਸ ਸ਼ਬਦ ਦੀ ਵਰਤੋਂ ਵਧੇਰੇ ਨਹੀਂ ਹੈ ਤੇ ਇਸ ਦਾ ਅਰਥ ਪਾਣੀ ਹੋਣ ਦਾ ਵੀ ਇੱਕ ਵਿਸ਼ੇਸ਼ ਕਾਰਨ ਹੈ। ‘ਅਪ’ ਸ਼ਬਦ ਵਿਚ ‘ਪ’ ਧੁਨੀ ਦਾ ਅਰਥ ਪਾਣੀ ਨਹੀਂ ਹੈ। ਇਸੇ ਤਰ੍ਹਾਂ ਦਵੀਪ (ਦੀਪ) ਸ਼ਬਦ ਵਿਚ ਵੀ ‘ਪ’ ਜਾਂ ‘ਅਪ’ ਧੁਨੀ ਦੇ ਅਰਥ ਪਾਣੀ ਨਹੀਂ ਹਨ ਤੇ ਨਾ ਹੀ ‘ਦਵੈ’ ਦਾ ਅਰਥ ਇੱਥੇ ਦੋ ਪਾਸਿਆਂ ਤੋਂ ਹੈ, ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ। ‘ਦੀਪ’ ਦੀਆਂ ਧੁਨੀਆਂ ਦੇ ਅਰਥ ਇੱਥੇ ਹੋਰ ਹਨ। ਜੇ ਮੈਂ ਕਿਸੇ ਕਾਰਨ ਇਨ੍ਹਾਂ ਧੁਨੀਆਂ ਦੇ ਅਰਥ ਇੱਥੇ ਸਪਸ਼ਟ ਨਹੀਂ ਕਰ ਸਕਿਆ ਤਾਂ ਇਸ ਦਾ ਅਰਥ ਇਹ ਕਤੱਈ ਨਹੀਂ ਹੈ ਕਿ ਇਨ੍ਹਾਂ ਦੇ ਅਰਥ ਸ੍ਰੀ ਬਾਸੀ ਵਾਲੇ ਹੀ ਹਨ। ਮੈਂ ਤਾਂ ਇਹੋ ਹੀ ਕਹਾਂਗਾ ਕਿ ਨਿਰੁਕਤੀ ਦਾ ਕੰਮ ਧੁਨੀਆਂ ਦੇ ਅਰਥਾਂ ਨੂੰ ਜਾਣੇ ਤੋਂ ਬਿਨਾਂ ਪੂਰੀ ਤਰ੍ਹਾਂ ਅਧੂਰਾ ਹੈ। ਇਹ ਗੱਲ ਉਨ੍ਹਾਂ ਦੇ ਲੇਖ ‘ਤੀਵੀਂ ਤੇ ਉਸ ਦੀਆਂ ਭੈਣਾਂ’ ਵਿਚ ‘ਇਸਤਰੀ’ ਸ਼ਬਦ ਬਾਰੇ ਅਤੇ ‘ਆਰੀਆਂ ਦੇ ਆੜੀ’ ਲੇਖ ਵਿਚ ‘ਆਰੀਆ’ ਅਤੇ ‘ਆੜੀ’ ਸ਼ਬਦਾਂ ਬਾਰੇ ਵੀ ਦੇਖੀ ਜਾ ਸਕਦੀ ਹੈ। ਇਨ੍ਹਾਂ ਲੇਖਾਂ ਦੇ ਆਧਾਰ ‘ਤੇ ਕੀ ਉਹ ਦੱਸ ਸਕਦੇ ਹਨ ਕਿ ‘ਇਸਤਰੀ’ ਸ਼ਬਦ ਦੀ ਵਿਉਤਪਤੀ ਸਬੰਧੀ ਉਨ੍ਹਾਂ ਦੀ ਗੱਲ ਕਿਸ ਸਿਰੇ ‘ਤੇ ਲੱਗੀ ਹੈ? ਉਹ ਆਖਦੇ ਹਨ ਕਿ ਹੋ ਸਕਦਾ ਹੈ ਕਿ ਇਹ ਸ਼ਬਦ ‘ਸਤੈ’ ਸ਼ਬਦ ਤੋਂ ਬਣਿਆ ਹੋਵੇ। ਕੀ ਉਹ ਸਪਸ਼ਟ ਕਰਨਗੇ ਕਿ ‘ਸਤੈ’ ਸ਼ਬਦ ਦੇ ਕੀ ਅਰਥ ਹਨ ਅਤੇ ਇਸ ਤੋਂ ਇਸਤਰੀ ਸ਼ਬਦ ਕਿਵੇਂ ਬਣਿਆ ਹੈ? ਜੇ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਸ਼ਬਦ ਦੀ ਵਿਉਤਪਤੀ ਕਿਵੇਂ ਹੋਈ ਹੈ ਤਾਂ ਫਿਰ ਏਨਾ ਖਿਲਾਰਾ ਪਾਉਣ ਦੀ ਕੀ ਲੋੜ ਸੀ? ਇਸਤਰੀ (ਸਤ੍ਰੀ) ਸ਼ਬਦ ਵਿਚ ਸ਼ਾਮਲ ਇਹ ਧੁਨੀਆਂ ਹੀ ਹਨ ਜੋ ਬਾਕੀ ਸ਼ਬਦਾਂ ਦੀਆਂ ਧੁਨੀਆਂ ਵਾਂਗ ਪੁਕਾਰ-ਪੁਕਾਰ ਕੇ ਆਖ ਰਹੀਆਂ ਹਨ ਕਿ ਸਾਡੇ ਅਰਥ ਇਹ ਹਨ। ਆਓ, ਸਾਨੂੰ ਸਮਝੋ ਤੇ ਸਾਡੇ ਅਰਥਾਂ ਨੂੰ ਜਾਣੋ ਪਰ ਕੋਈ ਨਿਰੁਕਤਸਾਸ਼ਤਰੀ ਜਾਂ ਭਾਸ਼ਾ ਵਿਗਿਆਨੀ ਇਸ ਪਾਸੇ ਵੱਲ ਆਵੇ, ਤਦ ਨਾ! ਇਸੇ ਤਰ੍ਹਾਂ ਉਹ ‘ਆਰੀਆ’ ਅਤੇ ‘ਆੜੀ’ ਦੇ ਅਰਥਾਂ ਨੂੰ ਵੀ ਰਲ-ਗੱਡ ਕਰੀ ਜਾ ਰਹੇ ਹਨ ਜਦੋਂਕਿ ‘ਆਰੀਆ’ ਸ਼ਬਦ ਦੇ ਅਰਥ ਉਸ ਦੀਆਂ ਧੁਨੀਆਂ ਦੇ ਅਰਥਾਂ ਅਨੁਸਾਰ ਹੋਰ ਹਨ ਅਤੇ ‘ਆੜੀ’ ਸ਼ਬਦ ਦੀ ਵਿਉਤਪਤੀ ਅਤੇ ਅਰਥ ਹੋਰ। ਇਸੇ ਤਰ੍ਹਾਂ ਉਹ ‘ਛਿਟੀ’ ਸ਼ਬਦ ਨੂੰ ਵੀ ‘ਯਸ਼ਟਿ’ ਸ਼ਬਦ ਤੋਂ ਉਤਪੰਨ ਹੋਇਆ ਮੰਨਣ ਤੋਂ ਇਨਕਾਰੀ ਹਨ। ਹਾਲਾਂਕਿ ਇਹ ਸ਼ਬਦ ‘ਯਸ਼ਟਿ’ ਸ਼ਬਦ ਦਾ ਸਭ ਤੋਂ ਵੱਧ ਨਜ਼ਦੀਕੀ ਸ਼ਬਦ ਹੈ। ਪਰ ਇਸ ਸ਼ਬਦ ਦਾ ਸਾਰੇ ਲੇਖ ਵਿਚ ਕਿਤੇ ਜ਼ਿਕਰ ਤੱਕ ਵੀ ਨਹੀਂ ਹੈ। ਉਲਟਾ ‘ਯਸ਼ਟਿ’ ਸ਼ਬਦ ਨੂੰ ਹੀ ਉਹ ‘ਯਜ’ ਜਾਂ ‘ਯੱਗ’ ਸ਼ਬਦ ਤੋਂ ਬਣਿਆ ਦੱਸ ਰਹੇ ਹਨ। ਉਨ੍ਹਾਂ ਦੀ ‘ਸ਼ਬਦਕਾਰੀ’ ਵੀ ਕਮਾਲ ਦੀ ਹੈ। ਮੈਂ ਇਥੇ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ‘ਯਸ਼ਟਿ’ ਸ਼ਬਦ ਆਪਣੇ ਆਪ ਵਿਚ ਪੂਰੀ ਤਰ੍ਹਾਂ ਮੁਕੰਮਲ ਹੈ।
ਬਲਜੀਤ ਬਾਸੀ ਅਨੁਸਾਰ ‘ਲਾਠੀ’ ਸ਼ਬਦ ਦੀ ਵਿਉਤਪਤੀ ਸਮੇਂ ‘ਯਸ਼ਟਿ’ ਸ਼ਬਦ ਵਿਚਲੀ ‘ਯ’ ਦੀ ਧੁਨੀ ‘ਲ’ ਧੁਨੀ ਵਿਚ ਬਦਲ ਗਈ ਹੈ। ਅਜਿਹਾ ਬਿਲਕੁਲ ਨਹੀਂ ਹੈ। ‘ਲ’ ਦੀ ਧੁਨੀ ‘ਯਸ਼ਟਿ’ ਸ਼ਬਦ ਵਿਚ ਅਲੱਗ ਤੌਰ ‘ਤੇ ਜੋੜੀ ਗਈ ਹੈ ਜਿਸ ਕਾਰਨ ‘ਛਿਟੀ’ ਅਤੇ ‘ਲਾਠੀ’ ਸ਼ਬਦਾਂ ਵਿਚ ਅਰਥ ਪਰਿਵਰਤਨ ਹੋਇਆ ਹੈ। ਕਿਰਪਾ ਕਰਕੇ ਬੇਸਿਰ ਪੈਰ ਕਿਆਫੇ ਨਾ ਲਾਓ। ਪੁਰਾਤਨ ਭਾਸ਼ਾ ਵਿਗਿਆਨੀ ਅਰਥਾਤ ਸ਼ਬਦ ਘਾੜੇ ਸਾਥੋਂ ਬਹੁਤ ਹੀ ਸਿਆਣੇ ਸਨ। ਉਨ੍ਹਾਂ ਨੂੰ ਝੁਠਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਨਾਲ ਸਾਡੀ ਹੀ ਮੱਤ ਨੀਵੀਂ ਹੁੰਦੀ ਹੈ।
ਮੈਂ ਸ੍ਰੀ ਬਾਸੀ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ‘ਆੜੀ’ ਸ਼ਬਦ ‘ਆੜ’ (ਆਸਰਾ/ਸਹਾਰਾ/ਸਾਥ ਦੇਣਾ) ਤੋਂ ਬਣਿਆ ਹੈ, ‘ਆਰੀਆ’ ਤੋਂ ਬਿਲਕੁਲ ਨਹੀਂ। ‘ਆਰੀਆ’ ਸ਼ਬਦ ਵਿਚਲੀਆਂ ਧੁਨੀਆਂ ਦੇ ਅਰਥਾਂ ਅਨੁਸਾਰ ਇਸ ਸ਼ਬਦ ਦੇ ਅਰਥ ਵੀ ਬਹੁਤ ਹੀ ਆਸਾਨ ਤੇ ਪੂਰੀ ਤਰ੍ਹਾਂ ਇਸ ਦੀ ਪਰਿਭਾਸ਼ਾ ਅਨੁਸਾਰ ਢੁਕਵੇਂ ਹਨ। ਇਸ ਵਿਚਲੀਆਂ ਧੁਨੀਆਂ ਦੇ ਅਰਥਾਂ ਕਾਰਨ ਤੀਰ ਸਿੱਧਾ ਨਿਸ਼ਾਨੇ ‘ਤੇ ਹੀ ਵੱਜਦਾ ਹੈ।
ਅੰਤ ਵਿਚ ਇਹੋ ਕਹਾਂਗਾ ਕਿ ਸ੍ਰੀ ਬਾਸੀ ਦੇ ਕਹਿਣ ਅਨੁਸਾਰ ਧੁਨੀਆਂ ਦੇ ਅਰਥਾਂ ਦਾ ਮੈਨੂੰ ਕੋਈ ‘ਇਲਹਾਮ’ ਤਾਂ ਨਹੀਂ ਹੋਇਆ ਪਰ ਮੈਂ ਏਨਾ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਦੇ ਅਰਥਾਂ ਤੱਕ ਪਹੁੰਚਣ ਲਈ ਮੈਨੂੰ ਵਰ੍ਹਿਆਂ ਬੱਧੀ ਸਖਤ ਮਿਹਨਤ ਕਰਨੀ ਪਈ ਹੈ। ਸ਼ੁਰੂ ਤੋਂ ਹੀ ਸ਼ਬਦਾਂ/ਸ਼ਬਦ-ਅਰਥਾਂ/ਸ਼ਬਦ-ਜੋੜਾਂ/ਸ਼ਬਦ-ਵਿਉਤਪਤੀ ਆਦਿ ਬਾਰੇ ਵੱਧ ਤੋਂ ਵੱਧ ਜਾਣਨ ਦੇ ਮੇਰੇ ਸ਼ੌਕ ਦਾ ਵੀ ਇਸ ਵਿਚ ਬਹੁਤ ਵੱਡਾ ਹੱਥ ਹੈ। ਇਹ ਕੰਮ ਮਹਿਜ਼ ਸ਼ਬਦ-ਕੋਸ਼ ਜਾਂ ਐਨਸਾਈਕਲੋਪੀਡੀਏ ਆਦਿ ਫਰੋਲਣ ਜਾਂ ਨਿਰਾ ਇੰਟਰਨੈਟ ‘ਤੇ ਉਂਗਲਾਂ ਮਾਰਨ ਨਾਲ ਸਿਰੇ ਨਹੀਂ ਚੜ੍ਹਿਆ ਕਰਦੇ। ਇਸ ਕੰਮ ਲਈ ਧੁਨੀਆਂ ਦੀ ਆਤਮਾ ਨੂੰ ਪਛਾਣਨਾ ਪੈਂਦਾ ਹੈ।
-ਜਸਵੀਰ ਸਿੰਘ ਲੰਗੜੋਆ
ਫੋਨ: 91-98884-03052