ਗੁਲਜ਼ਾਰ ਸਿੰਘ ਸੰਧੂ
ਅਸੀਂ ਹੁਣੇ ਹੁਣੇ ਦੋ ਸੈਕੂਲਰ ਸੋਚ ਨੂੰ ਪਰਣਾਈਆਂ ਹਸਤੀਆਂ ਨੂੰ ਚੇਤੇ ਕੀਤਾ ਹੈ। ਪਹਿਲੀ ਦੇ 125ਵੇਂ ਜਨਮ ਦਿਨ ਉਤੇ ਤੇ ਦੂਜੀ ਦੇ 100ਵੇਂ ਸ਼ਹੀਦੀ ਦਿਨ ਉਤੇ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇਤਿਹਾਸ ਪੜ੍ਹਿਆ, ਇਤਿਹਾਸ ਲਿਖਿਆ ਅਤੇ ਇਤਿਹਾਸ ਰਚਿਆ। ਕਰਤਾਰ ਸਿੰਘ ਸਰਾਭਾ ਨੇ ਛੋਟੀ ਉਮਰੇ ਸ਼ਹੀਦੀ ਪਾ ਕੇ ਇਤਿਹਾਸ ਰਚਿਆ ਤੇ ਸਿਰਜਿਆ।
ਜੇ ਨਹਿਰੂ ਕੋਲ ਦਿੱਬ ਦ੍ਰਿਸ਼ਟੀ ਸੀ ਤਾਂ ਸਰਾਭਾ ਕੋਲ ਦੇਸ਼ ਲਈ ਕੁਰਬਾਨ ਹੋਣ ਦਾ ਜ਼ਜ਼ਬਾ ਤੇ ਤੜਪ ਸੀ। ਨਹਿਰੂ ਨੇ ਨੌਜਵਾਨਾਂ ਨੂੰ ਚੋਣਾਂ ਵਿਚ ਵੋਟ ਪਾਉਣ ਦਾ ਅਧਿਕਾਰ, ਦੇਸ਼ ਨੂੰ ਸੁਤੰਤਰ ਸੰਸਦ, ਆਜ਼ਾਦ ਛਾਪਾਖਾਨਾ ਤੇ ਸੁਤੰਤਰ ਨਿਆਂਪ੍ਰਣਾਲੀ ਦਿੱਤੀ। ਉਸ ਨੇ ਸੁਤੰਤਰਤਾ ਸੰਗਰਾਮ ਵਿਚ ਮਹਾਤਮਾ ਗਾਂਧੀ ਤੋ ਪ੍ਰਾਪਤ ਹੋਈ ਆਤਮਕ ਸ਼ਕਤੀ, ਆਜ਼ਾਦੀ ਤੇ ਸਭਿਆਚਾਰ ਨੂੰ ਬੌਧਿਕ ਵਿਸਤਾਰ, ਤਰਕਸ਼ੀਲ ਪਾਸਾਰ ਤੇ ਧਰਮ ਨਿਰਪੱਖ ਅਨੇਕਵਾਦ ਦਿੱਤਾ। ਸਰਾਭਾ ਨੇ ਆਪਣੇ ਦੇਸ਼ ਲਈ ਜਾਨ ਵਾਰਨ ਤੇ ਲੜ ਮਰਨ ਦੀ ਰੂਹ ਫੂਕੀ। ਨਹਿਰੂ ਨੇ ਦੇਸ਼ ਦੀ ਕਮਾਂਡ ਉਸ ਸਮੇਂ ਸੰਭਾਲੀ ਜਦੋਂ ਭਾਰਤ ਨੂੰ ਅੰਦਰਲੀ ਧਰਮ ਨਿਰਪੱਖਤਾ ਦੇ ਨਾਲ ਨਾਲ ਬਾਹਰਲੇ ਦੇਸ਼ਾਂ ਦਾ ਹਾਣੀ ਬਣਨ ਦੀ ਵੀ ਲੋੜ ਸੀ। ਉਸ ਨੇ ਗੁੱਟ-ਨਿਰਲੇਪ ਨੀਤੀ ‘ਤੇ ਪਹਿਰਾ ਦੇ ਕੇ ਭਾਰਤ ਦਾ ਸਿਰ ਉਚਾ ਕੀਤਾ।
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਬਰਾਬਰੀ ਦੇ ਬੀਜ ਨੌਜਵਾਨ ਕਰਤਾਰ ਸਿੰਘ ਸਰਾਭਾ ਵਿਦੇਸ਼ ਵਿਚ ਰਹਿੰਦਿਆਂ ਹੀ ਬੀਜ ਚੁੱਕਾ ਸੀ। 21 ਅਪ੍ਰੈਲ 1913 ਨੂੰ ਆਸਟਰੀਆ ਦੀ ਇਕ ਬੈਠਕ ਵਿਚ ਹਿੰਦੀ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ ਰਾਹੀਂ ਗਦਰ ਪਾਰਟੀ ਦੀ ਸਥਾਪਨਾ ਤੇ ਫੇਰ ਗਦਰ ਨਾਂ ਦੇ ਰਸਾਲੇ ਦਾ ਪ੍ਰਕਾਸ਼ਨ ਇਤਿਹਾਸਕ ਫੈਸਲੇ ਸਨ। ਉਸ ਦੀਆਂ ਸਰਗਰਮੀਆਂ ਤੋਂ ਗੋਰੇ ਹਾਕਮ ਏਨੇ ਬੌਖਲਾਏ ਕਿ ਉਨ੍ਹਾਂ ਨੇ ਸਰਾਭਾ ਸਮੇਤ ਦਰਜਨਾਂ ਗਦਰੀਆਂ ਨੂੰ ਫਾਂਸੀ ਤੇ ਅਨੇਕਾਂ ਨੂੰ ਉਮਰ ਕੈਦ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਦਿੱਤੀਆਂ। ਸੰਨ 1915 ਦਾ 16 ਨਵੰਬਰ ਉਹ ਦਿਹਾੜਾ ਸੀ ਜਿਸ ਦਿਨ ਸਰਾਭਾ ਨੂੰ ਸ਼ਹੀਦ ਕੀਤਾ ਗਿਆ। ਸਰਾਭਾ ਤੇ ਉਸ ਦੇ ਸਾਥੀਆਂ ਦੀ ਕੁਰਬਾਨੀ ਨੇ ਭਗਤ ਸਿੰਘ ਵਰਗਾ ਸ਼ਹੀਦ-ਏ-ਆਜ਼ਮ ਸਿਰਜਿਆ। ਉਨ੍ਹਾਂ ਦੇ ਸਿਰਜੇ ਮਾਹੌਲ ਨੇ ਹੀ ਪੰਡਿਤ ਨਹਿਰੂ ਵਰਗੇ ਰਾਜਨੀਤੀਵਾਨਾਂ ਨੂੰ ਉਭਾਰਿਆ।
ਅਜੋਕੇ ਬੁੱਧੀਜੀਵੀ ਤੇ ਨੀਤੀਵਾਨ, ਖਾਸ ਕਰਕੇ ਨੌਜਵਾਨ ਪੀੜ੍ਹੀ, ਉਨ੍ਹਾਂ ਦੋਹਾਂ ਦੀ ਦੇਣ ਉਤੇ ਪਹਿਰਾ ਦੇਣ ਦੀ ਸਹੁੰ ਖਾਂਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਤਾਂ ਏਸ ਵਰ੍ਹੇ ਦਾ ਸਮੁੱਚਾ ਯੂਥ ਫੈਸਟੀਵਲ ਸਰਾਭਾ ਨੂੰ ਸਮਰਪਿਤ ਕੀਤਾ ਹੈ। ਜਿਥੋਂ ਤੱਕ ਪੰਡਿਤ ਨਹਿਰੂ ਦੀ ਧਰਮ-ਨਿਰਪੱਖਤਾ ਤੇ ਦਿੱਭ ਦ੍ਰਿਸ਼ਟੀ ਦਾ ਸਵਾਲ ਹੈ, ਉਸ ਨੇ ਸੁਤੰਤਰ ਭਾਰਤ ਦੀ ਵਾਗਡੋਰ ਸੰਭਾਲਦੇ ਸਾਰ ਜਿਹੜੀ ਪ੍ਰਥਮ ਕੈਬਨਿਟ ਬਣਾਈ ਉਸ ਦੇ 14 ਮੈਂਬਰਾਂ ਵਿਚੋਂ ਸ਼ਿਆਮਾ ਪ੍ਰਸ਼ਾਦ ਮੁਕਰਜੀ, ਬੀæ ਆਰæ ਅੰਬੇਦਕਰ, ਸਨਮੁਖਮ ਚੈਟੀ, ਸੀæ ਐਚæ ਭਾਬਾ, ਬਲਦੇਵ ਸਿੰਘ ਤੇ ਜੌਹਨ ਮਥਾਈ ਛੇ ਮੈਂਬਰ ਗੈਰ ਕਾਂਗਰਸੀ ਸਨ। ਕਾਂਗਰਸੀ ਮੈਂਬਰਾਂ ਵਿਚ ਸਰਦਾਰ ਪਟੇਲ ਵੀ ਸੀ, ਜਿਸ ਦੇ ਬਾਰੇ ਅੱਜ-ਕਲ੍ਹ ਗਲਤ-ਮਲਤ ਖਬਰਾਂ ਦਾ ਬਾਜ਼ਾਰ ਗਰਮ ਹੈ। ਜੇ ਪਟੇਲ ਚਾਹੁੰਦਾ ਤਾਂ ਉਹ ਆਪਣੀ ਦੇਸ਼ ਭਗਤੀ ਦੇ ਪਟੜੇ ਉਤੇ ਖਲੋ ਕੇ ਕੈਬਨਿਟ ਤੋਂ ਬਾਹਰ ਰਹਿਣ ਦਾ ਫੈਸਲਾ ਵੀ ਕਰ ਸਕਦਾ ਸੀ ਪਰ ਉਸ ਨੇ ਆਪਣੀ ਹਊਮੈ ਨੂੰ ਤਿਆਗ ਕੇ ਦੇਸ਼ ਦੀ ਸੇਵਾ ਕਰਨ ਨੂੰ ਤਰਜੀਹ ਦਿੱਤੀ। ਇਹ ਸੱਚ ਹੈ ਕਿ ਜਨਵਰੀ 1948 ਵਿਚ ਨਹਿਰੂ ਤੇ ਪਟੇਲ ਦੇ ਰਿਸ਼ਤੇ ਵਿਚ ਅਜਿਹੀਆਂ ਤਰੇੜਾਂ ਵੀ ਆਈਆਂ ਜਿਨ੍ਹਾਂ ਦਾ ਨਿਪਟਾਰਾ ਮਹਾਤਮਾ ਗਾਂਧੀ ਦੇ ਹੱਥ ਸੀ। 30 ਜਨਵਰੀ ਨੂੰ ਸ਼ਾਮ ਦੇ ਚਾਰ ਵਜੇ ਪਟੇਲ ਨੇ ਮਹਾਤਮਾ ਗਾਂਧੀ ਨੂੰ ਮਿਲ ਕੇ ਆਪਣਾ ਦਿਲ ਖੋਲ੍ਹਿਆ ਤਾਂ ਗਾਂਧੀ ਨੇ ਉਸ ਨੂੰ ਸਮਝਾਇਆ ਕਿ ਉਸ ਵੇਲੇ ਦੇਸ਼ ਨੂੰ ਨਹਿਰੂ ਤੇ ਪਟੇਲ ਦੋਨਾਂ ਮਹਾਰਥੀਆਂ ਦੀ ਲੋੜ ਸੀ। ਉਨ੍ਹਾਂ ਦੇ ਰਿਸ਼ਤੇ ਵਿਚ ਆਈ ਨਿੱਕੀ ਜਿਹੀ ਤਰੇੜ ਵੀ ਦੇਸ਼ ਲਈ ਘਾਤਕ ਹੋਵੇਗੀ। ਅਗਲੇ ਦਿਨ ਮਹਾਤਮਾ ਗਾਂਧੀ ਨੇ ਦੋਨਾਂ ਦੇ ਗੁੱਸੇ-ਗਿਲੇ ਦੂਰ ਕਰਵਾਉਣੇ ਸੀ ਪਰ 5 ਵਜ ਕੇ 10 ਮਿੰਟ ‘ਤੇ ਗਾਂਧੀ ਜੀ ਦੀ ਹੱਤਿਆ ਹੋ ਗਈ।
ਇਸ ਪ੍ਰਸੰਗ ਵਿਚ ਫਰਵਰੀ 1948 ਵਿਚ ਨਹਿਰੂ ਤੇ ਪਟੇਲ ਦੀਆਂ ਇਕ ਦੂਜੇ ਨੂੰ ਲਿਖੀਆਂ ਦੋ ਚਿੱਠੀਆਂ ਵੀ ਧਿਆਨ ਮੰਗਦੀਆਂ ਹਨ। ਪਹਿਲਾਂ ਤਿੰਨ ਫਰਵਰੀ 1948 ਨੂੰ ਨਹਿਰੂ ਵਲੋਂ ਪਟੇਲ ਨੂੰ ਲਿਖੀ ਚਿੱਠੀ ਦਾ ਇੱਕ ਪੈਰਾ: “ਆਪਾਂ ਪੂਰੀ ਚੱਪਾ ਸਦੀ ਇਕ ਦੂਜੇ ਤੋਂ ਹੋ ਦੂਰ ਕੇ ਟੋਇਆਂ-ਟਿੱਬਿਆਂ ਤੇ ਝੱਖੜਾਂ ਦਾ ਟਾਕਰਾ ਕੀਤਾ ਹੈ। ਮੇਰਾ ਤਨ ਤੇ ਮਨ ਗਵਾਹ ਹੈ ਕਿ ਇਨ੍ਹਾਂ ਦਿਨਾਂ ਵਿਚ ਤੁਹਾਡੇ ਪ੍ਰਤੀ ਮੇਰਾ ਪਿਆਰ ਨਿੱਘ ਤੇ ਮੋਹ ਹੋਰ ਵੀ ਵਧਿਆ ਹੈ। 5 ਫਰਵਰੀ ਨੂੰ ਸਰਦਾਰ ਪਟੇਲ ਨੇ ਉਤਰ ਵਿਚ ਲਿਖਿਆ, “ਮੈਨੂੰ ਤੁਹਾਡੇ ਸ਼ਬਦਾਂ ਵਿਚਲੇ ਨਿੱਘ ਤੇ ਪਿਆਰ ਨੇ ਬੇਅੰਤ ਪ੍ਰਭਾਵਿਤ ਕੀਤਾ ਹੈ। ਮੈਂ ਸੱਚੇ ਦਿਲੋਂ ਤੁਹਾਡੇ ਸ਼ਬਦਾਂ ਦਾ ਆਦਰ ਕਰਦਾ ਹਾਂ। ਆਪਾਂ ਦੋਨੋਂ ਹੁਣ ਤੱਕ ਸਾਂਝੇ ਮੰਤਵ ਲਈ ਇੱਕ ਦੂਜੇ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਹਾਂ। ਕੀ ਇਹ ਸੱਚ ਨਹੀਂ ਕਿ ਆਪਣੇ ਦੇਸ਼ ਲਈ ਆਪਣਾ ਇੱਕ ਦੂਜੇ ਪ੍ਰਤੀ ਪਿਆਰ ਤੇ ਸਤਿਕਾਰ ਸਮੇਂ ਸਮੇਂ ਉਭਰੇ ਵਿਤਕਰਿਆਂ ਨੂੰ ਲਿਤਾੜ ਕੇ ਅੱਗੇ ਨਹੀਂ ਵਧਿਆ?”
ਆਪਾਂ ਅੱਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹੜੇ ਮਾਪ ਤੋਲਾਂ ਨਾਲ ਪਰਖੀਏ ਜਿਹੜਾ ਸਰਦਾਰ ਪਟੇਲ ਦਾ ਬੁੱਤ ਉਸਾਰਨ ਲਈ ਤਾਂ ਦੇਸ਼ ਭਰ ‘ਚੋਂ ਲੋਹਾ ਮੰਗ ਰਿਹਾ ਹੈ ਪਰ ਨਹਿਰੂ ਦੇ 125ਵੇਂ ਜਨਮ ਦਿਨ ਉਤੇ ਉਸ ਨੂੰ ਚੇਤੇ ਵੀ ਨਹੀਂ ਕਰਦਾ।
ਮੁਆਫ ਕਰਨਾ ਮੈਂ ਨਹਿਰੂ ਤੇ ਸਰਾਭਾ ਜ਼ਿੰਦਾਬਾਦ ਕਹਿਣ ਤੋਂ ਥੋੜ੍ਹਾ ਦੂਰ ਚਲਾ ਗਿਆ ਹਾਂ। ਭੁੱਲ-ਚੁੱਕ ਮੁਆਫ਼।
ਅੰਤਿਕਾ:
ਉਨ੍ਹੀਂ ਰਾਸਤੋਂ ਨੇ ਜਿਨ ਪਰ ਹਮ ਤੁਮ ਚਲੇ ਥੇ ਦੋਨੋਂ
ਮੁਝੇ ਰੋਕ ਰੋਕ ਪੂਛਾ ਤੇਰਾ ਹਮਸਫਰ ਕਹਾਂ ਹੈ।