ਗਰੀਡੀ ਡੌਗ

ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ‘ਗਰੀਡੀ ਡੌਗ’ ਨਾਂ ਦੇ ਇਸ ਲੇਖ ਵਿਚ ਡਾਲਰਾਂ ਲਈ ਘੁਲ ਰਹੇ ਪਰਵਾਸੀਆਂ ਦਾ ਇਕ ਹੋਰ ਪੱਖ ਉਜਾਗਰ ਕੀਤਾ ਹੈ। ਪਰਦੇਸਾਂ ਵਿਚ ਕਮਾਈਆਂ ਖਾਤਰ ਗਏ ਇਨ੍ਹਾਂ ਜਿਊੜਿਆਂ ਦੀ ਇਸ ਤੜਫਾਹਟ ਦੇ ਇਕ ਨਹੀਂ, ਅਨੇਕ ਪਾਸਾਰ ਹਨ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ।

ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ

ਹਰਪ੍ਰੀਤ ਸੇਖਾ
ਉਹ ਜਿਸ ਟੈਕਸੀ ਕੰਪਨੀ ਵਿਚੋਂ ਟੈਕਸੀ ਚਲਾਉਣੀ ਛੱਡ ਕੇ ਆਇਆ ਸੀ, ਉਸ ਕੰਪਨੀ ਦੇ ਡਰਾਈਵਰ ਉਸ ਨੂੰ ‘ਗਰੀਡੀ ਡੌਗ’ ਆਖਦੇ ਸਨ। ਇਸ ਬਾਰੇ ਨਵੀਂ ਕੰਪਨੀ ਜਿਥੇ ਉਹ ਹੁਣ ਟੈਕਸੀ ਚਲਾਉਂਦਾ ਸੀ, ਦੇ ਬਹੁਤ ਥੋੜ੍ਹੇ ਡਰਾਈਵਰਾਂ ਨੂੰ ਪਤਾ ਸੀ ਅਤੇ ਉਹ ਉਸ ਨੂੰ ‘ਬਲੈਕ ਜ਼ੀਰੋ ਟੈਕਸੀ’ ਵਾਲਾ ਬਿੱਲਾ ਕਰ ਕੇ ਜਾਣਦੇ ਸਨ। ਬਿੱਲਾ ਰਾਤ ਦੀ ਸ਼ਿਫਟ ਟੈਕਸੀ ਚਲਾਉਂਦਾ। ਉਹ ਬਾਕੀ ਡਰਾਈਵਰਾਂ ਨਾਲੋਂ ਜ਼ਿਆਦਾ ਦਿਹਾੜੀ ਬਣਾਉਂਦਾ। ਚੌਥੇ ਕੁ ਦਿਨ ਉਹ ਸ਼ਿਫਟ ਖਤਮ ਹੋਣ ਵੇਲੇ ਕਿਸੇ ਨਾ ਕਿਸੇ ਡਰਾਈਵਰ ਨੂੰ ਦਾਰੂ ਪਿਲਾ ਦਿੰਦਾ। ਕਈ ਡਰਾਈਵਰ ਆਖਦੇ, ਉਹ ਡਿਸਪੈਚਰਾਂ ਨੂੰ ਵੀ ਦਾਰੂ ਪਿਲਾਉਂਦਾ ਹੋਵੇਗਾ, ਇਸੇ ਕਰ ਕੇ ਉਹ ਜ਼ਿਆਦਾ ਡਾਲਰ ਬਣਾਉਂਦਾ ਹੈ, ਪਰ ਧੰਨੇ ਦੇ ਇਹ ਗੱਲ ਹਜ਼ਮ ਨਾ ਹੁੰਦੀ। ਉਸ ਨੇ ਸੋਚਿਆ, ਉਹ ਪਤਾ ਲਾ ਕੇ ਰਹੇਗਾ ਕਿ ਬਿੱਲੇ ਕੋਲ ਕਿਹੜੀ ਗਿੱਦੜਸਿੰਗੀ ਹੈ!
***
ਧੰਨਾ ਵੀ ਰਾਤ ਦੀ ਸ਼ਿਫਟ ਟੈਕਸੀ ਚਲਾਉਂਦਾ। ਉਸ ਨੇ ਦਾਰੂ ਦੀ ਬੋਤਲ ਲੈ ਕੇ ਆਪਣੀ ਕਾਰ ਵਿਚ ਰੱਖ ਲਈ। ਅਗਲੀ ਸਵੇਰ ਚਾਰ ਵਜੇ, ਜਦੋਂ ਰਾਤ ਦੀ ਸ਼ਿਫਟ ਖਤਮ ਹੁੰਦੀ, ਧੰਨੇ ਨੇ ਬਿੱਲੇ ਨੂੰ ਜਾ ਫੜਿਆ। ਧੰਨਾ ਕਹਿੰਦਾ, “ਬੜੇ ਭਾਈ, ਅੱਗੇ ਤੇਰੇ ਤੋਂ ਪੀਵੀਦੀ ਐ, ਅੱਜ ਮੈਨੂੰ ਮੌਕਾ ਦੇ।”
“ਕੋਈ ਨ੍ਹੀਂ, ਜੇ ਮੈਂ ਕਿਤੇ ਪਿਆ’ਤੀ ਤਾਂ ਕੀ ਹੋ ਗਿਆ!” ਬਿੱਲਾ ਬੋਲਿਆ।
ਧੰਨਾ ਕਹਿੰਦਾ, “ਤੇਰੀ ਖਾਤਰ ਸਪੈਸ਼ਲ ਲਿਆਂਦੀ ਐ। ਭਾਰ ਲਾਹੁਣ ਦਾ ਮੌਕਾ ਦੇ।”
ਉਹ ਦੋਹੇਂ ਧੰਨੇ ਦੀ ਕਾਰ ਵਿਚ ਜਾ ਬੈਠੇ। ਗਲਾਸਾਂ ‘ਚ ਸ਼ਰਾਬ ਪਾਉਂਦਾ ਧੰਨਾ ਫਿਰ ਕਹਿੰਦਾ, “ਬੜੇ ਭਾਈ, ਆਹ ਤਾਂ ਬਹੁਤ ਚੰਗਾ ਕੀਤਾ, ਜਿਹੜਾ ਆਖੇ ਲੱਗ ਗਿਆ। ਕੁਛ ਤਾਂ ਭਾਰ ਹੌਲਾ ਹੋਊ। ਤੂੰ ਪੱਲਿਓਂ ਪਿਆ ਪਿਆ ਕੇ ਭਾਰ ਚੜ੍ਹਾਈ ਜਾਨੈ। ਅੱਜ ਤੈਨੂੰ ਖਾਣਾ ਵੀ ਖਵਾਉਨਾਂ। ਥੋੜ੍ਹਾ ਤਰਾਰੇ ‘ਚ ਹੋ ਕੇ ਆਪਾਂ ਡੈਨੀਜ਼ ਰੈਸਟੋਰੈਂਟ ਚੱਲਦੇ ਆਂ।” ‘ਪੱਲਿਓਂ’ ਸ਼ਬਦ ‘ਤੇ ਧੰਨੇ ਨੇ ਵਾਹਵਾ ਜ਼ੋਰ ਦਿੱਤਾ।
“ਅੱਜ ਤਾਂ ਯਾਰ, ਬੜਾ ਦਿਆਲ ਹੋਇਐਂ!” ਬਿੱਲਾ ਬੋਲਿਆ।
“ਦਿਆਲਤਾ ਕਾਹਦੀ ਬੜੇ ਭਾਈ, ਤੇਰੇ ਜਿੱਡਾ ਜਿਗਰਾ ਕਿੱਥੋਂ ਲਿਆਈਏ ਜਿਹੜਾ ਚੌਥੇ ਕੁ ਦਿਨ ਜੱਗ ਕਰ ਦਿੰਨੈ।”
ਦੂਜੀ ਵਾਰ ਗਲਾਸ ਭਰਦਾ ਧੰਨਾ ਬੋਲਿਆ, “ਬੜੇ ਭਾਈ, ਕਈ ਕਹਿੰਦੇ ਆ ਕਿ ਤੂੰ ਤਾਂ ਡਰਾਈਵਰਾਂ ਨੂੰ ਪਿਆ ਦਿੰਨੈ, ਫਿਰ ਡਿਸਪੈਚਰਾਂ ਨੂੰ ਕਿਉਂ ਨਾ ਪਿਆਉਂਦਾ ਹੋਵੇਂਗਾ! ਕੀ ਮਿਲਦੈ ਤੈਨੂੰ? ਨਾਲੇ ਗੱਲਾਂ ਕਰਾਉਨੈਂ, ਨਾਲੇ ਪੱਲਿਓਂ ਖਰਚਾ ਕਰਦੈਂ।”
“ਤੈਨੂੰ ਦੱਸ ਦਿੰਨੈ, ਪਰ ਕਿਸੇ ਕੋਲ ਗੱਲ ਨਾ ਕਰੀਂ। ਖਰਚਾ ਮੈਂ ਕੋਈ ਨ੍ਹੀਂ ਕਰਦਾ। ਇਉਂ ਈ ਬੱਸ ਹੱਥ ਲੱਗ ਜਾਂਦੀ ਐ ਦਾਰੂ ਕਦੇ-ਕਦਾਈਂ।”
“ਲੈ ਐਂ ਕਿਵੇਂ ਲੱਗ ਜਾਂਦੀ ਐ ਹੱਥ! ਐਵੇਂ ਕਰਦੈਂ ਤੂੰ।”
“ਕੋਈ ਨਾ ਕੋਈ ਸਵਾਰੀ ਛੱਡ ਜਾਂਦੀ ਐ।”
“ਹੱਦ ਹੋਗੀ! ਸਾਡੀ ਟੈਕਸੀ ‘ਚ ਤਾਂ ਕਦੇ ਕੋਈ ਸਵਾਰੀ ਛੱਡ ਕੇ ਨ੍ਹੀਂ ਗਈ।”
“ਤੁਸੀਂ ਯਾਰ ਦਿਮਾਗ ਨ੍ਹੀਂ ਵਰਤਦੇ। ਆਪਾਂ ਤਾਂ ਜੁਗਤ ਵਰਤਦੇ ਆਂ। ਜਦੋਂ ਕਿਸੇ ਸਵਾਰੀ ਦੇ ਹੱਥ ‘ਚ ਦੇਖੀਦੀ ਐ, ਤਾਂ ਝੱਟ ਅਗਲੇ ਨੂੰ ਆਖ ਦੇਈਦੈ ਕਿ ਟੈਕਸੀ ‘ਚ ਪੀਣੀ ਇਲਲੀਗਲ ਐ। ਪਿਛੇ ਟਰੰਕ ‘ਚ ਰੱਖੋ। ਦਾਰੂ ਟਰੰਕ ‘ਚ ਰਖਾ ਕੇ ਅਗਲੇ ਨੂੰ ਐਸਾ ਗੱਲਾਂ ‘ਚ ਲਾਈਦੈ ਕਿ ਬਹੁਤੀ ਵਾਰੀ ਅਗਲਾ ਉਤਰਨ ਲੱਗਾ ਦਾਰੂ ਬਾਰੇ ਭੁੱਲ ਜਾਂਦੈ।”
“ਬੜਾ ਗੁਰੂ ਐਂ, ਬੜੇ ਭਾਈ ਤੂੰ ਤਾਂ!” ਆਖਦਾ ਧੰਨਾ ਹੱਸਿਆ।
ਦੂਜਾ ਗਲਾਸ ਖਾਲੀ ਕਰਦਿਆਂ ਧੰਨੇ ਨੇ ਬਿੱਲੇ ਦੇ ਮੋਢੇ ‘ਤੇ ਹੱਥ ਮਾਰ ਕੇ ਦੋ-ਤਿੰਨ ਵਾਰ ‘ਤੂੰ ਤਾਂ ਬੜਾ ਦਿਮਾਗੀ ਬੰਦੈ’ ਕਿਹਾ।
ਤੀਜਾ ਗਲਾਸ ਭਰ ਕੇ ਧੰਨਾ ਕਹਿੰਦਾ, “ਬੜੇ ਭਾਈ, ਅੱਜ ਫੇਰ ਕਿੰਨੇ ਬਣਾ ਕੇ ਲੈ ਚੱਲਿਐਂ?”
“ਪੌਣੇ ਤਿੰਨ ਸੌ ਐ।”
“ਮੇਰੇ ਬਣੇ ਐ ਸਵਾ ਦੋ ਸੌ। ਬੜੇ ਭਾਈ, ਜਿੱਦਣ ਮਰਜ਼ੀ ਪੁੱਛ ਲਈਏ, ਤੇਰੇ ਚਾਲੀ-ਪੰਜਾਹ ਵੱਧ ਬਣੇ ਹੁੰਦੇ ਆ। ਕੀ ਗਿੱਦੜਸਿੰਗੀ ਐ ਤੇਰੇ ਕੋਲ?
“ਗਿੱਦੜਸਿੰਗੀ ਕੀ ਹੋਣੀ ਐ! ਦਿਮਾਗ ਵਰਤੀਦੈ।”
“ਬੜੇ ਭਾਈ, ਮੈਨੂੰ ਵੀ ਦੱਸ ਕੋਈ ਗੁਰ-ਮੰਤਰ।”
“ਰਾਤਾਂ ਨੂੰ ਸ਼ਰਾਬੀਆਂ ਨਾਲ ਵਾਹ ਪੈਂਦਾ, ਜਿੰਨੇ ਮਰਜ਼ੀ ਡਾਲੇ ਬਣਾਈ ਜਾਓ। ਅੱਜ ਵੀ ਮਿਲਿਆ ਇੱਕ ਸ਼ਰਾਬੀ। ਉਹਨੇ ਬਰਨਬੀ ਜਾਣਾ ਸੀ। ਮੈਂ ਟੈਕਸੀ ਤੋਰਨ ਤੋਂ ਪਹਿਲਾਂ ਹੀ ਕਿਰਾਇਆ ਮੰਗ ਲਿਆ। ਉਸ ਤੋਂ ਵੀਹਾਂ ਦਾ ਨੋਟ ਲੈ ਕੇ ਮੈਂ ਟੈਕਸੀ ਤੋਰ ਲਈ। ਜਦੋਂ ਉਹਦੇ ਟਿਕਾਣੇ ‘ਤੇ ਪਹੁੰਚੇ ਤਾਂ ਮੈਂ ਫਿਰ ਕਰਾਇਆ ਮੰਗ ਲਿਆ। ਉਹ ਕਹੇ, ਮੈਂ ਪਹਿਲਾਂ ਹੀ ਤੈਨੂੰ ਵੀਹ ਡਾਲਰ ਦਿੱਤੇ ਆ। ਮੈਂ ਮੂਹਰੋਂ ਹੱਸ ਕੇ ਆਖ ਦਿੱਤਾ ਕਿ ਸ਼ਰਾਬ ਤਾਂ ਤੂੰ ਪੀਤੀ ਐ ਤੇ ਸ਼ਰਾਬੀ ਤੂੰ ਮੈਨੂੰ ਸਮਝੀ ਜਾਨੈਂ। ਕਦੋਂ ਦਿੱਤੇ ਸੀ ਵੀਹ ਡਾਲਰ? ਉਹ ਜੀ ਮੰਨ ਗਿਆ। ਕਹਿੰਦਾ, ਭੁਲੇਖਾ ਲੱਗ ਗਿਆ ਹੋਊ।”
“ਕੀ ਕਹਿਣੇ ਬੜੇ ਭਾਈ ਤੇਰੇ।” ਧੰਨੇ ਨੇ ਤਾੜੀ ਮਾਰੀ।
ਬਿੱਲਾ ਚਾਂਭਲ ਗਿਆ। ਕਹਿੰਦਾ, “ਲੈ ਕੱਲ੍ਹ ਦੀ ਸੁਣ ਲੈ। ਇੱਕ ਬੰਦੇ ਨੂੰ ਡਾਊਨ-ਟਾਊਨ ਤੋਂ ਚੁੱਕਿਆ। ਉਹਨੇ ਬਰਾਡਵੇ ‘ਤੇ ਜਿਹੜਾ ਹੋਲੀ-ਡੇਅ ਇੰਨ ਹੋਟਲ ਐ, ਉਥੇ ਜਾਣਾ ਸੀ। ਕਿਸੇ ਬਾਹਰਲੇ ਸ਼ਹਿਰ ਤੋਂ ਲੱਗਦਾ ਸੀ। ਉਹ ਫੋਨ ‘ਤੇ ਕਿਸੇ ਨਾਲ ਗੱਲੀਂ ਲੱਗਾ ਸੀ। ਟ੍ਰਿੱਪ ਛੋਟਾ ਸੀ। ਮੈਂ ਸੋਚਿਆ ਇਹਨੂੰ ਥੋੜ੍ਹਾ ਵਲ ਕੇ ਲਿਆਉਨੇ ਆ। ਮੈਂ ਕੈਂਬੀ ਬਿੱ੍ਰਜ ਤੋਂ ਛੇ ਐਵੀਨਿਊ ਪਾ ਕੇ ਓਕ ਸਟਰੀਟ ਪਾ ਲਈ। ਮੇਰਾ ਵਿਚਾਰ ਸੀ, ਬਈ ਕਿੰਗ ਐਡਵਰਡ ਸਟਰੀਟ ਪਾ ਕੇ ਫਿਰ ਬਰਾਡਵੇ ਵੱਲ ਮੋੜ ਕੇ ਲਿਆਊਂਗਾ। ਉਹ ਫੋਨ ‘ਤੇ ਗੱਲੀਂ ਰੁੱਝਿਆ ਵਾ ਸੀ। ਜਦੋਂ ਟੈਕਸੀ ਸੋਲ਼ਾਂ ਐਵੀਨਿਊ ‘ਤੇ ਪਹੁੰਚੀਂ ਤਾਂ ਉਹਦੀ ਨਿਗ੍ਹਾ ਬਾਹਰ ਵੱਲ ਗਈ। ਉਹ ਕਹਿੰਦਾ, ‘ਕਿੱਧਰ ਲੈ ਚੱਲਿਐਂ?’ ਮੈਨੂੰ ਲੱਗ ਗਿਆ ਪਤਾ, ਬਈ ਇਹਨੂੰ ਰਾਹ ਦਾ ਪਤੈ। ਜੇ ਕੋਈ ਹੋਰ ਡਰੈਵਰ ਹੁੰਦਾ ਤਾਂ ਥਿੜਕ ਜਾਂਦਾ। ਮੈਂ ਜੁਗਤ ਵਰਤੀ। ਮੈਂ ਟੈਕਸੀ ਪਾਸੇ ਕਰ ਕੇ ਖੜ੍ਹਾ ਲਈ। ਦੋ ਕੁ ਵਾਰ ਸਿਰ ਨੂੰ ਝਟਕਿਆ। ਫੇਰ ਰੋਣਹਾਕੀ ਆਵਾਜ਼ ਬਣਾ ਕੇ ਉਸ ਨੂੰ ‘ਸੌਰੀ’ ਕਿਹਾ। ਤੇ ਫਿਰ ਸਟੋਰੀ ਬਣਾ ਕੇ ਉਹਨੂੰ ਦੱਸ ਦਿੱਤੀ। ਮੈਂ ਕਿਹਾ, ਬਈ ਮੇਰੀ ਘਰਵਾਲੀ ਕੈਂਸਰ ਹਸਪਤਾਲ ‘ਚ ਪਈ ਐ। ਦੋ ਰਾਤਾਂ ਤੋਂ ਮੈਂ ਸੁੱਤਾ ਨ੍ਹੀਂ। ਹਮੇਸ਼ਾ ਧਿਆਨ ਉਸੇ ‘ਚ ਰਹਿੰਦਾ। ਇਸੇ ਕਰ ਕੇ ਟੈਕਸੀ ਕੈਂਸਰ ਹਸਪਤਾਲ ਵੱਲ ਲੈ ਚੱਲਿਆ ਸੀ। ਦੋ ਵਾਰ ਫਿਰ ਉਹਨੂੰ ‘ਸੌਰੀ’ ਕਿਹਾ। ਉਸ ਬੰਦੇ ਨੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਹੌਸਲਾ ਦਿੱਤਾ। ਫਿਰ ਹੋਟਲ ਪਹੁੰਚ ਕੇ ਵੀਹ ਡਾਲਰ ਟਿੱਪ ਦੇ ਗਿਆ। ਕਹਿੰਦਾ, ਘਰ ਜਾ ਕੇ ਘੜੀ ਸੌਂ ਆ।”
“ਬੜੇ ਭਾਈ, ਬੜੀ ਕੁੱਤੀ ਸ਼ੈਅ ਐਂ ਤੂੰ। ਤੈਨੂੰ ਮੌਕੇ ‘ਤੇ ਐਹੋ ਜੀਆਂ ਅਹੁੜਦੀਐਂ ਕਿਵੇਂ ਐਂ! ਕਮਾਲ ਐ ਬੜੇ ਭਾਈ! ਤੈਨੂੰ ਤਾਂ ਵਕੀਲ-ਵਕੂਲ ਬਣਨਾ ਚਾਹੀਦਾ ਸੀ।”
ਬਿੱਲਾ ਹੋਰ ਖੁਸ਼ ਹੋ ਗਿਆ।
“ਲੈ ਚੁੱਕ ਬੜੇ ਭਾਈ, ਫਿਰ ਤੈਨੂੰ ਖਾਣਾ ਵੀ ਖਵਾਉਣੈ। ਜੇ ਤੇਰੀ ਸੇਵਾ ਕਰਾਂਗੇ ਤਾਂ ਹੀ ਤੂੰ ਨਵੇਂ-ਨਵੇਂ ਗੁਰ ਦੱਸੇਂਗਾ!” ਆਖ ਕੇ ਧੰਨੇ ਨੇ ਬਿੱਲੇ ਵੱਲ ਦੇਖਿਆ। ਉਸ ਨੂੰ ਪੂਰਾ ਖੁਸ਼ ਦੇਖ ਕੇ ਫਿਰ ਬੋਲਿਆ, “ਬੜੇ ਭਾਈ, ਤੂੰ ਉਹ ਕੁੱਤੇ ਵਾਲੀ ਗੱਲ ਵੀ ਸੁਣਾ। ਉਡਦੀ ਜਿਹੀ ਆਸਿਓਂ-ਪਾਸਿਓਂ ਸੁਣੀ ਸੀ, ਪਰ ਤੂੰ ਪੂਰੀ ਸੁਣਾ।”
“ਓਹ, ਅੱਛਾ ਅੱਛਾ! ਉਹ ਤਾਂ ਪੁਰਾਣੀ ਗੱਲ ਐ ਯਾਰ।”
“ਕੋਈ ਨ੍ਹੀਂ ਪੁਰਾਣੀ ਕੀ ਕਹਿੰਦੀ ਐ, ਤੂੰ ਸੁਣਾ। ਹੋਊਗੀ ਉਹ ਵੀ ਸਿਰੇ ਸੱਟ ਈ।”
“ਉਹ ਏਦਾਂ ਸੀ ਕਿ ਮੈਨੂੰ ਇੱਕ ਵਾਰੀ ਖਾਣਾ ਡਲਿਵਰ ਕਰਨ ਦਾ ਟ੍ਰਿੱਪ ਮਿਲਿਆ। ਮੈਂ ਰੈਸਟੋਰੈਂਟ ਤੋਂ ਖਾਣਾ ਚੁੱਕ ਕੇ ਹਾਲੇ ਚੱਲਿਆ ਹੀ ਸੀ ਕਿ ਰਾਹ ‘ਚ ਮੈਨੂੰ ਫਲੈਗ ਮਿਲ ਗਿਆ। ਮੈਂ ਪਹਿਲਾਂ ਹੀ ਸੋਚਦਾ ਜਾਂਦਾ ਸੀ ਕਿ ਜੇ ਕੋਈ ਉਧਰ ਨੂੰ ਜਾਂਦਾ ਫਲੈਗ ਮਿਲ ਜੇ, ਤਾਂ ਸਵਾਦ ਈ ਆ ਜੇ। ਮੈਂ ਟੈਕਸੀ ਰੋਕ ਲਈ। ਬੰਦੇ ਦੇ ਨਾਲ ਨਿੱਕਾ ਜਿਹਾ ਕੁੱਤਾ ਸੀ। ਉਹ ਕਹਿੰਦਾ ਕਿ ਇਸ ਕੁੱਤੇ ਨੂੰ ਘਰ ਪਚਾਉਣੈਂ। ਕਹਿੰਦਾ, ਬਹੁਤ ਚੰਗਾ ਕੁੱਤਾ ਐ, ਜਿਥੇ ਬਿਠਾ’ਤਾ, ਉਥੇ ਹੀ ਬੈਠਾ ਰਹਿਣੈਂ ਇਹਨੇ। ਨਾਲ ਹੀ ਉਸ ਬੰਦੇ ਨੇ ਵੀਹਾਂ ਦਾ ਨੋਟ ਦਿਖਾ’ਤਾ। ਵੀਹ ਤਾਂ ਉਦੋਂ ਏਅਰਪੋਰਟ ਦੇ ਮਸਾਂ ਚੱਲਦੇ ਸੀ। ਮੈਂ ਕਿਹਾ, ਠੀਕ ਐæææਲੈ ਚੱਲਦੇ ਆਂ। ਮੈਂ ਖਾਣਾ ਵੀ ਉਧਰਲੇ ਪਾਸੇ ਹੀ ਡਲਿਵਰ ਕਰਨਾ ਸੀ। ਮੈਂ ਜੀ ਟੈਕਸੀ ਦਾ ਪਿਛਲਾ ਦਰਵਾਜਾ ਖੋਲ੍ਹ ਦਿੱਤਾ। ਉਸ ਬੰਦੇ ਨੇ ਪਿਛਲੀ ਸੀਟ ਦੇ ਪੈਰਾਂ ‘ਚ ਕੁੱਤਾ ਬਿਠਾ ਦਿੱਤਾ। ਕੁੱਤੇ ਨੂੰ ਉਥੋਂ ਨਾ ਹਿੱਲਣ ਦੀ ਤਾੜਨਾ ਵੀ ਕਰ ਗਿਆ। ਮੈਂ ਟੈਕਸੀ ਹਾਲੇ ਤੋਰੀ ਹੀ ਸੀ ਕਿ ਕੁੱਤੇ ਨੇ ਟਪੂਸੀ ਮਾਰ ਕੇ ਮੂਹਰਲੀ ਸੀਟ ‘ਤੇ ਪਏ ਖਾਣੇ ਨੂੰ ਸੰਨ੍ਹ ਲਾ ਲਈ। ਮੈਂ ਇਕ ਦਮ ਈ ਘਬਰਾ ਗਿਆ। ਕੁੱਤੇ ਨੂੰ ਹਟਾਉਣ ਲਈ ਉਹਦੇ ਮਾਰਿਆ ਤੇ ਟੈਕਸੀ ਪਾਸੇ ਕਰ ਕੇ ਰੋਕ ਲਈ। ਕੁੱਤਾ ਖੁੱਲ੍ਹੇ ਸ਼ੀਸ਼ੇ ਰਾਹੀਂ ਛਾਲ ਮਾਰ ਕੇ ਬਾਹਰ ਭੱਜ ਗਿਆ। ਮੈਂ ਬਥੇਰੀਆਂ ਬੁਸ਼ਕਰਾਂ ਮਾਰੀਆਂ, ਪਰ ਉਹ ਆਵਦੇ ਮਾਲਕ ਵੱਲ ਦੌੜ ਗਿਆ। ਮੈਂ ਛੇਤੀ-ਛੇਤੀ ਆ ਕੇ ਟੈਕਸੀ ਤੋਰ ਲਈ। ਮੈਨੂੰ ਡਰ ਸੀ ਕਿ ਅਗਲਾ ਆਵਦੇ ਵੀਹ ਡਾਲਰ ਨਾ ਮੁੜਵਾ ਲਵੇ। ਮੇਰੀ ਨਿਗ੍ਹਾ ਖਾਣੇ ਵਾਲੀ ਟ੍ਰੇਅ ‘ਤੇ ਪਈ ਤਾਂ ਸੋਚਿਆ ਕਿ ਹੁਣ ਕੀ ਕਰਾਂ? ਕੁੱਤੇ ਨੇ ਟ੍ਰੇਅ ਉਪਰਲਾ ਫਾਇਲ ਪੇਪਰ ਪਾੜ ਦਿੱਤਾ ਸੀ। ਉਹ ਮੀਟ ਦਾ ਪੀਸ ਵੀ ਲੈ ਗਿਆ ਸੀ। ਖਾਣੇ ਵਾਲੇ ਖਾਣਾ ਉਡੀਕਦੇ ਸੀ। ਡਿਸਪੈਚਰ ਦੇਰੀ ਦਾ ਕਾਰਨ ਪੁੱਛਣ ਲੱਗਾ ਤਾਂ ਘਬਰਾਏ ਦੇ ਮੂੰਹੋਂ ਨਿਕਲ ਗਿਆ ਕਿ ਖਾਣਾ ਤਾਂ ਠੀਕ ਹੈ, ਪਰ ਕੁੱਤਾ ਭੱਜ ਗਿਆ। ਡਿਸਪੈਚਰ ਹੈਰਾਨ ਸੀ ਕਿ ਇਹ ਕੁੱਤਾ ਕਿਧਰੋਂ ਆ ਗਿਆ। ਮੇਰੀ ਸੁਰਤ ਜਦੋਂ ਟਿਕਾਣੇ ਸਿਰ ਆਈ ਤਾਂ ਮੈਂ ਜੁਗਤ ਵਰਤੀ। ਸਟੋਰ ਤੋਂ ਨਵਾਂ ਫਾਇਲ ਪੇਪਰ ਖਰੀਦ ਕੇ ਟ੍ਰੇਅ ਢੱਕ ਕੇ ਡਲਿਵਰ ਕਰ’ਤੀ।”
“ਓਹ ਬੱਲੇ-ਬੱਲੇ! ਬੜੇ ਭਾਈ ਤੂੰ ਤਾਂ ਬੜਾ ਵੱਡਾ ਗਰੀਡੀ ਡੌਗ ਐਂ!” ਆਖ ਕੇ ਧੰਨਾ ਹੱਸਿਆ।
‘ਗਰੀਡੀ ਡੌਗ’ ਸੁਣ ਕੇ ਬਿੱਲਾ ਝੇਂਪ ਗਿਆ। ਉਸ ਨੂੰ ਸਮਝ ਨਾ ਲੱਗੀ ਕਿ ਧੰਨੇ ਨੇ ਪ੍ਰਸੰਸਾ ਕੀਤੀ ਸੀ ਜਾਂ ਟਾਂਚ ਲਾਈ ਸੀ।