ਸਿਮਰਨ ਕੌਰ
ਉਘਾ ਫਿਲਮਸਾਜ਼ ਸੱਤਿਆਜੀਤ ਰੇਅ ਜਦੋਂ 1975 ਵਿਚ ‘ਸ਼ਤਰੰਜ ਕੇ ਖਿਲਾੜੀ’ ਦੀ ਯੋਜਨਾ ਬਣਾ ਰਿਹਾ ਸੀ ਤਾਂ ਫਿਲਮਸਾਜ਼ ਜੌਹਨ ਹਸਟਨ ਦੀ ਫਿਲਮ ‘ਦਿ ਮੈਨ ਹੂ ਵੁੱਡ ਬੀ ਕਿੰਗ’ ਦੇ ਪੋਸਟਰ ਰਿਲੀਜ਼ ਹੋਏ। ਇਨ੍ਹਾਂ ਪੋਸਟਰਾਂ ਉਤੇ ਅਦਾਕਾਰ ਸੀਨ ਕੋਨਰੀ ਅਤੇ ਮਾਈਕਲ ਕੇਨ ਤੋਂ ਇਲਾਵਾ ਇਕ ਹੋਰ ਅਦਾਕਾਰ ਦਾ ਨਾਂ ਵੀ ਸੀ- ਸਈਦ ਜਾਫ਼ਰੀ।
ਫਿਲਮ ਵਿਚ ਸਈਦ ਜਾਫਰੀ (8 ਜਨਵਰੀ 1929-15 ਨਵੰਬਰ 2015) ਨੇ ਗੋਰਖੇ ਫੌਜੀ ਦਾ ਕਿਰਦਾਰ ਨਿਭਾਇਆ ਸੀ। ਇਹ ਫੌਜੀ ਅੰਗਰੇਜ਼ੀ ਦੇ ਨਾਲ-ਨਾਲ ਮੁਕਾਮੀ ਭਾਸ਼ਾ ਮਹਾਰਤ ਨਾਲ ਬੋਲਦਾ ਹੈ। ਦੋ ਸਾਲ ਬਾਅਦ ਫਿਲਮ ‘ਸ਼ਤਰੰਜ ਕੇ ਖਿਡਾਰੀ’ ਆਈ ਤਾਂ ਇਸ ਵਿਚ ਜਾਫ਼ਰੀ ਨੇ ਲਖਨਊ ਦੇ ਸ਼ਤਰੰਜ ਪ੍ਰੇਮੀ ਮੀਰ ਰੋਸ਼ਨ ਅਲੀ ਦਾ ਕਿਰਦਾਰ ਨਿਭਾਇਆ ਸੀ। ਉਸ ਦਾ ਉਰਦੂ ਬੋਲਣ ਦਾ ਲਹਿਜ਼ਾ ਬਾ-ਕਮਾਲ ਸੀ। ਇਨ੍ਹਾਂ ਦੋਹਾਂ ਫਿਲਮਾਂ ਦੇ ਦੋਹਾਂ ਕਿਰਦਾਰਾਂ ਵਿਚ ਸਈਦ ਜਾਫ਼ਰੀ ਨੇ ਆਪਣੀ ਅਦਾਕਾਰੀ ਅਤੇ ਸੰਵਾਦ ਬੋਲਣ ਦੀ ਮਹਾਰਤ ਨਾਲ ਨਵੀਂ ਰੂਹ ਫੂਕ ਦਿੱਤੀ ਸੀ!
ਸਈਦ ਜਾਫਰੀ ਸ਼ਾਇਦ ਇਕੋ-ਇਕ ਅਜਿਹਾ ਅਦਾਕਾਰ ਸੀ ਜਿਹੜਾ ਬਾਲੀਵੁੱਡ, ਹਾਲੀਵੁੱਡ ਜਾਂ ਬ੍ਰਿਟਿਸ਼ ਫਿਲਮਾਂ ਵਿਚ ਆਪਣੀ ਅਦਾਕਾਰੀ ਸਦਕਾ ਆਪਣੀ ਸਫਲਤਾ ਦੇ ਝੰਡੇ ਗੱਡ ਸਕਿਆ ਹੈ। ਫਿਲਮਸਾਜ਼ ਸਾਈ ਪਰਾਂਜਪੇ ਨੇ ‘ਚਸ਼ਮੇ ਬੱਦੂਰ’ ਵਿਚ ਉਸ ਨੂੰ ਸਿਰਫ਼ 15 ਮਿੰਟ ਦਾ ਰੋਲ ਦਿੱਤਾ, ਪਰ ਇਨ੍ਹਾਂ 15 ਮਿੰਟਾਂ ਵਿਚ ਉਸ ਨੇ ਦੱਸ ਦਿੱਤਾ ਕਿ ਅਦਾਕਾਰੀ ਕਿਸ ਸ਼ੈਅ ਨੂੰ ਕਹਿੰਦੇ ਹਨ। ਇਸ ਫਿਲਮ ਵਿਚ ਉਸ ਨੇ ਪੁਰਾਣੀ ਦਿੱਲੀ ਦੇ ਇਕ ਪਾਨ ਵਾਲੇ ਦਾ ਕਿਰਦਾਰ ਨਿਭਾਇਆ ਸੀ ਅਤੇ ਉਹ ਇਸ ਕਿਰਦਾਰ ਨੂੰ ਹਕੀਕੀ ਰੂਪ ਨਾਲ ਜੋੜਨ ਲਈ ਪਾਨ ਵਾਲਿਆਂ ਕੋਲ ਬੈਠ ਕੇ ਗੱਪਾਂ ਮਾਰਦਾ ਰਹਿੰਦਾ ਸੀ। ਇਉਂ ਸਈਦ ਜਾਫਰੀ ਨੇ ਆਪਣੀ ਹਰ ਫਿਲਮ ਵਿਚ ਕਿਰਦਾਰ ਰੂਹ ਤੱਕ ਡੁੱਬ ਕੇ ਨਿਭਾਇਆ। ਸ਼ਾਇਦ ਇਸੇ ਕਰ ਕੇ ਫਿਲਮ ਪ੍ਰੇਮੀਆਂ ਨੂੰ ਉਸ ਦਾ ਇਕੱਲਾ-ਇਕੱਲਾ ਕਿਰਦਾਰ ਯਾਦ ਹੈ ਅਤੇ ਚਿਰਾਂ ਤੱਕ ਯਾਦ ਰਹੇਗਾ। ਆਪਣੇ ਛੇ ਦਹਾਕਿਆਂ ਵਿਚ ਫੈਲੇ ਕਰੀਅਰ ਦੌਰਾਨ ਉਸ ਨੇ ਡੇਢ ਸੌ ਤੋਂ ਵੱਧ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ।