ਭਾਰਤ ਵਿਚ ਨਵੀਂ ਸਿਆਸੀ ਸਫ਼ਬੰਦੀ

ਲਖਨਊ: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੇਸ਼ ਵਿਚ ਸਿਆਸੀ ਸਮੀਕਰਨ ਬਦਲਣ ਦੇ ਆਸਾਰ ਬਣ ਗਏ ਹਨ। ਬਿਹਾਰ ਚੋਣਾਂ ਵਿਚ ਮਹਾਗੱਠਜੋੜ ਨੂੰ ਮਿਲੀ ਭਾਰੀ ਸਫਲਤਾ ਤੋਂ ਬਾਅਦ ਇਹ ਤਜਰਬਾ ਹੋਰ ਸੂਬਿਆਂ ਵਿਚ ਕਰਨ ਦੀਆਂ ਤਿਆਰੀਆਂ ਨੇ ਜ਼ੋਰ ਫੜ ਲਿਆ ਹੈ। ਅਜਿਹੇ ਗੱਠਜੋੜ ਲਈ ਭਾਜਪਾ ਵਿਰੋਧੀ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਉਤਰ ਪ੍ਰਦੇਸ਼ ਤੇ ਪੰਜਾਬ ਵੱਲ ਹਨ।

ਜਨਤਾ ਦਲ (ਯੂ) ਨੇ ਨਰੇਂਦਰ ਮੋਦੀ ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਵਿਚ ਏਕੇ ਦੇ ਸੁਰ ਅਲਾਪੇ ਹਨ। ਜਨਤਾ ਦਲ (ਯੂ) ਦਾ ਕਹਿਣਾ ਹੈ ਕਿ ਬਿਹਾਰ ਚੋਣਾਂ ਵਿਚ ਜਿੱਤ ਤੋਂ ਬਾਅਦ ਸਾਬਤ ਹੋ ਗਿਆ ਹੈ ਕਿ ਦੇਸ਼ ਵਿਚ ਹੁਣ ਗੈਰ ਭਾਜਪਾਈ ਸਿਆਸਤ ਦਾ ਸਮਾਂ ਆ ਗਿਆ ਹੈ। ਪਾਰਟੀ ਵੱਲੋਂ ਨਿਤੀਸ਼ ਕੁਮਾਰ ਨੂੰ ਸ੍ਰੀ ਮੋਦੀ ਦੇ ਮੁਕਾਬਲੇ ਆਗੂ ਵਜੋਂ ਪ੍ਰਚਾਰਨ ਦੀ ਮੰਗ ਕੀਤੀ ਗਈ। ਉਤਰ ਪ੍ਰਦੇਸ਼ ਵਿਚ ਹਾਕਮ ਧਿਰ ਸਮਾਜਵਾਦੀ ਪਾਰਟੀ ਨੇ ਇਸ ਪਾਸੇ ਕੋਸ਼ਿਸ਼ਾਂ ਵਿੱਢ ਦਿੱਤੀਆਂ ਹਨ। ਬੀæਐਸ਼ਪੀæ ਸੁਪਰੀਮੋ ਮਾਇਆਵਤੀ ਨੇ ਭਾਵੇਂ ਇਨ੍ਹਾਂ ਅਟਕਲਾਂ ਉਤੇ ਰੋਕ ਲਾ ਦਿੱਤੀ ਹੈ, ਫਿਰ ਵੀ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਜ਼ੋਰ ਫੜ ਰਹੀ ਹੈ।
ਪੰਜਾਬ ਦੀਆਂ ਸਿਆਸੀ ਧਿਰਾਂ ਵੱਲੋਂ ਸੂਬੇ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੀ ਭਾਈਵਾਲ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਬਿਹਾਰ ਵਾਲਾ ਫਾਰਮੂਲਾ ਵਰਤਨ ਬਾਰੇ ਚਰਚਾ ਕੀਤੀ ਜਾ ਰਹੀ ਹੈ। ਸੂਬੇ ਵਿਚ ਕਾਂਗਰਸ ਇਸ ਪਾਸੇ ਸਭ ਤੋਂ ਵੱਧ ਸਰਗਰਮੀ ਵਿਖਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਮਖਿਆਲੀ ਪਾਰਟੀਆਂ ਨਾਲ ਚੋਣ ਗੱਠਜੋੜ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹੋਣ ਦੀ ਹਾਮੀ ਭਰੀ ਹੈ। ਇਨ੍ਹਾਂ ਆਗੂਆਂ ਦਾ ਦਾਅਵਾ ਹੈ ਕਿ ਪਾਰਟੀ ਹਾਈਕਮਾਨ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਉਣ ਲਈ ਧਰਮ ਨਿਰਪੱਖ ਪਾਰਟੀਆਂ ਦਾ ਗੱਠਜੋੜ ਬਣਾਉਣ ਲਈ ਤਿਆਰ ਹੈ। ਕਾਂਗਰਸ ਪਾਰਟੀ ਪੰਜਾਬ ਵਿਚ ਸੀæਪੀæਆਈæ ਤੇ ਸੀæਪੀæਐਮæ ਨਾਲ ਗੱਠਜੋੜ ਕਰ ਕੇ ਚੋਣਾਂ ਲੜਦੀ ਰਹੀ ਹੈ ਤੇ ਪਿਛਲੀਆਂ ਲੋਕ ਸਭਾ ਚੋਣਾਂ ਪੀਪਲਜ਼ ਪਾਰਟੀ ਆਫ ਪੰਜਾਬ ਨਾਲ ਗੱਠਜੋੜ ਤਹਿਤ ਲੜੀਆਂ ਸਨ। ਇਸ ਵਾਰ ਬਹੁਜਨ ਸਮਾਜ ਪਾਰਟੀ ਸਣੇ ਹੋਰ ਪਾਰਟੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਇਨ੍ਹਾਂ ਆਗੂਆਂ ਦਾ ਇਹ ਵੀ ਦਾਅਵਾ ਹੈ ਕਿ ਇਸ ਵਾਰ ਮੁੱਖ ਟੱਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਹੋਵੇਗੀ ਅਤੇ ਸ਼੍ਰੋਮਣੀ ਅਕਾਲੀ ਤਾਂ ਦੋੜ ਵਿਚੋਂ ਬਾਹਰ ਹੋਵੇਗਾ।
ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਬਿਹਾਰ ਤੇ ਪੰਜਾਬ ਦੀ ਸਥਿਤੀ ਕਾਫੀ ਫਰਕ ਹੈ ਤੇ ਪੰਜਾਬ ਵਿਚ ਮਹਾਗੱਠਜੋੜ ਬਣਾਉਣ ਲਈ ਕਾਂਗਰਸ ਪਾਰਟੀ ਦੀ ਮੋਹਰੀ ਭੂਮਿਕਾ ਹੋਵੇਗੀ ਜਦੋਂ ਬਿਹਾਰ ਵਿਚ ਪਾਰਟੀ ਦੀ ਦੂਜੀ ਕਤਾਰ ਵਾਲੀ ਪਾਰਟੀ ਦੀ ਭੂਮਿਕਾ ਸੀ। ਯਾਦ ਰਹੇ ਕਿ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਵਿਚੋਂ ਜਨਤਾ ਦਲ (ਯੂ)-ਆਰæਜੇæਡੀæ-ਕਾਂਗਰਸ ਦੇ ਮਹਾਗਠਜੋੜ ਨੂੰ 178 ਸੀਟਾਂ ਮਿਲੀਆਂ। ਮੋਦੀ ਧਿਰ ਨੇ ਇਨ੍ਹਾਂ ਚੋਣਾਂ ਵਿਚ ਹਰ ਹਰਬਾ ਵਰਤਿਆ ਸੀ, ਪਰ ਭਾਜਪਾ ਨੂੰ ਸਿਰਫ 53 ਸੀਟਾਂ ਹੀ ਮਿਲ ਸਕੀਆਂ ਸਨ।
______________________________
‘ਆਪ’ ਵੱਲੋਂ ਪੰਜਾਬ ਫਤਹਿ ਲਈ ਕਮਰ ਕੱਸੇ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸੇ ਕਰ ਲਏ ਹਨ। ਪਾਰਟੀ ਨੇ ਸੂਬੇ ਵਿਚ ਆਪਣਾ ਜਥੇਬੰਦਕ ਢਾਂਚਾ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ। ਵਿਜ਼ਨ-2017 ਤਿਆਰ ਕਰਨ ਵਾਲੀ ਟੀਮ ਵਿਚ ਪੰਜਾਬ ਤੇ ਦਿੱਲੀ ਦੇ ਤਕਰੀਬਨ 50 ਆਗੂਆਂ ਦੀ ਟੀਮ ਸ਼ਾਮਲ ਹੈ। ਇਸ ਟੀਮ ਨੇ ਅਪਰੈਲ ਤੋਂ ਪਰਦੇ ਪਿਛੇ ਰਹਿ ਕੇ ਕੰਮ ਕੀਤਾ ਤੇ ਜਥੇਬੰਦਕ ਢਾਂਚੇ ਨੂੰ ਰੂਪ ਦਿੱਤਾ। ਟੀਮ ਦੀ ਅਗਵਾਈ ਦੁਰਗੇਸ਼ ਪਾਠਕ (27) ਵੱਲੋਂ ਕੀਤੀ ਜਾ ਰਹੀ ਹੈ, ਜਿਹੜੇ ਦਿੱਲੀ ਵਾਂਗ ਪਾਰਟੀ ਨੂੰ ਜਿੱਤ ਦਿਵਾਉਣ ਲਈ ਰਣਨੀਤੀ ਘੜ ਰਹੇ ਹਨ। ਪਾਰਟੀ ਨੇ ਫੰਡ ਇਕੱਤਰ ਕਰਨ ਲਈ ਪਿਛਲੇ ਹਫਤੇ ਮੋਬਾਈਲ ਫੋਨ ਐਪ ‘ਆਪ ਕਾ ਦਾਨ’ ਵੀ ਸ਼ੁਰੂ ਕਰ ਦਿੱਤਾ ਹੈ। ਮਹਿਲਾ ਵਿੰਗ ਦਾ ਗਠਨ ਬਲਜਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ ਹੈ।