ਫਰਾਂਸ ਵਿਚ ਇਸਲਾਮਿਕ ਸਟੇਟ ਵੱਲੋਂ ਕੀਤੇ ਹਮਲੇ ਨੇ ਸੰਸਾਰ ਨੂੰ ਸੁੰਨ ਕਰ ਕੇ ਰੱਖ ਦਿੱਤਾ ਹੈ। ਕੱਟੜਪੰਥੀਆਂ ਦੇ ਹਮਲੇ ਵਿਚ ਪੌਣੇ ਦੋ ਸੌ ਤੋਂ ਵੱਧ ਜਾਨਾਂ ਚਲੀਆਂ ਗਈਆਂ ਹਨ। ਤੁਰਕੀ ਵਿਚ ਜੀ-20 ਮੁਲਕਾਂ ਦੀ ਕਾਨਫਰੰਸ ਤੋਂ ਐਨ ਪਹਿਲਾਂ ਫਰਾਂਸ ਵਿਚ ਹੋਏ ਇਸ ਹਮਲੇ ਤੋਂ ਬਾਅਦ, ਵੱਖ-ਵੱਖ ਮੁਲਕਾਂ ਨੇ ਦਹਿਸ਼ਤਪਸੰਦੀ ਦਾ ਖੁਰਾ-ਖੋਜ ਮਿਟਾਉਣ ਲਈ ਬਿਆਨ ਦਿੱਤੇ ਹਨ। ਪਹਿਲਾਂ ਫਰਾਂਸ ਤੇ ਹੁਣ ਰੂਸ ਨੇ ਇਸਲਾਮਿਕ ਸਟੇਟ ਦੇ ਗੜ੍ਹ ਸਮਝੇ ਜਾਂਦੇ ਮੁਲਕ ਸੀਰੀਆ ਉਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ।
ਸੀਰੀਆ ਵਿਚ ਅੱਜ ਕੱਲ੍ਹ ਭਾਵੇਂ ਰੂਸ ਪੱਖੀ ਅਸਦ ਸਰਕਾਰ ਕਾਇਮ ਹੈ, ਪਰ ਮੁਲਕ ਦੇ ਖਾਸੇ ਹਿੱਸੇ ਉਤੇ ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਹਵਾਈ ਹਮਲਿਆਂ ਨਾਲ ਇਸਲਾਮਿਕ ਸਟੇਟ ਦਾ ਲੱਕ ਕਿੰਨਾ ਕੁ ਅਤੇ ਕਿੰਨੇ ਕੁ ਚਿਰ ਵਿਚ ਟੁੱਟਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਨ੍ਹਾਂ ਜਨੂੰਨੀ ਹਮਲਿਆਂ ਅਤੇ ਸਰਕਾਰ ਦੇ ਜਵਾਬੀ ਹਮਲਿਆਂ ਨਾਲ ਮਨੁੱਖਤਾ ਦਾ ਡਾਢਾ ਘਾਣ ਹੋਇਆ ਹੈ। ਸੈਂਕੜੈ ਬੇਕਸੂਰ ਜਾਨਾਂ ਭੰਗ ਦੇ ਭਾਣੇ ਚਲੀਆਂ ਗਈਆਂ ਹਨ ਅਤੇ ਹਜ਼ਾਰਾਂ ਲੋਕ ਅਸੁਰੱਖਿਆ ਦੀ ਤਲਵਾਰ ਦੀ ਮਾਰ ਹੇਠ ਹਨ। ਮਨੁੱਖ ਦੀਆਂ ਕਰਤੂਤਾਂ ਨੇ ਇਸ ਜੱਗ-ਜਹਾਨ ਨੂੰ ਉਕਾ ਹੀ ਅਸੁਰੱਖਿਆ ਬਣਾ ਧਰਿਆ ਹੈ ਅਤੇ ਦਹਿਸ਼ਤ ਬੰਦੇ ਦੇ ਘਰ ਤੱਕ ਅੱਪੜ ਗਈ ਹੈ। ਦਹਿਸ਼ਤਪਸੰਦਾਂ ਦੇ ਇਨ੍ਹਾਂ ਤਾਜ਼ਾ ਹਮਲਿਆਂ ਨੇ ਤਾਂ ਸਵਾਲ ਛੱਡੇ ਹੀ ਹਨ, ਪਰ ਜਵਾਬੀ ਹਮਲੇ ਹੋਰ ਵੀ ਵਿਰਾਟ ਸਵਾਲ ਬਣ ਰਹੇ ਹਨ। ਕੀ ਇਨ੍ਹਾਂ ਤਾਬੜ-ਤੋੜ ਜਵਾਬੀ ਹਮਲਿਆਂ ਨਾਲ ਦਹਿਸ਼ਤ ਦਾ ਸਫਾਇਆ ਸੰਭਵ ਹੈ? ਇਨ੍ਹਾਂ ਹਮਲਿਆਂ ਤੋਂ ਬਾਅਦ ਆਸਟਰੇਲੀਆ ਸਮੇਤ ਕਈ ਮੁਲਕਾਂ ਨੇ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਹਨ; ਭਾਵ ਇਹ ਦੁਨੀਆਂ ਪਹਿਲਾਂ ਨਾਲੋਂ ਕਿਤੇ ਵੱਧ ਅਸੁਰੱਖਿਅਤ ਹੋ ਗਈ ਹੈ।
ਅਸਲ ਵਿਚ ਜਵਾਬੀ ਹਮਲਿਆਂ ਤੋਂ ਪਹਿਲਾਂ ਕਿਸੇ ਨੇ ਇਸ ਬਾਰੇ ਘੋਖ ਕਰਨ ਦੀ ਲੋੜ ਹੀ ਨਹੀਂ ਸਮਝੀ ਕਿ ਆਖਰਕਾਰ ਇਸਲਾਮਿਕ ਸਟੇਟ ਵਰਗੀ ਖੂੰਖਾਰ ਦਹਿਸ਼ਤੀ ਜਮਾਤ ਕਿਸ ਤਰ੍ਹਾਂ ਇੰਨੀ ਸ਼ਕਤੀਸ਼ਾਲੀ ਹੋ ਨਿਬੜੀ ਕਿ ਇਹ ਸੰਸਾਰ ਭਰ ਵਿਚ ਕਿਤੇ ਵੀ ਇੰਨਾ ਵੱਡਾ ਹਮਲਾ ਕਰਨ ਦੇ ਸਮਰੱਥ ਹੋ ਗਈ ਹੈ? ਇਸ ਲਈ ਜਵਾਬੀ ਹਮਲਿਆਂ ਨਾਲ ਫਰਾਂਸ ਅਤੇ ਰੂਸ ਵੀ ਉਹੀ ਗਲਤੀ ਦੁਹਰਾ ਰਹੇ ਜਾਪਦੇ ਹਨ ਜੋ ਡੇਢ ਦਹਾਕਾ ਪਹਿਲਾਂ ਸਤੰਬਰੀ ਹਮਲਿਆਂ (9/11) ਤੋਂ ਬਾਅਦ ਅਮਰੀਕਾ ਨੇ ਕੀਤੀ ਸੀ। ਉਦੋਂ ਅਮਰੀਕਾ ਨੇ ਉਸਾਮਾ ਬਿਨ-ਲਾਦਿਨ ਅਤੇ ਉਸ ਦੀ ਦਹਿਸ਼ਤ ਜਮਾਤ ਅਲ-ਕਾਇਦਾ ਦਾ ਖੁਰਾ-ਖੋਜ ਮਿਟਾਉਣ ਲਈ ਬਾਰੂਦ ਦਾ ਮੂੰਹ ਖੋਲ੍ਹ ਦਿੱਤਾ ਸੀ। ਹੁਣ ਡੇਢ ਦਾਹਕੇ ਦੇ ਖੂਨ-ਖਰਾਬੇ ਤੋਂ ਬਾਅਦ ਵੀ ਆਲ-ਕਾਇਦਾ ਸੰਸਾਰ ਪੱਧਰ ਉਤੇ ਵਿਚਰ ਰਹੀ ਹੈ, ਸਗੋਂ ਕਈ ਮੁਲਕਾਂ ਵਿਚ ਤਾਂ ਇਸ ਜਨੂੰਨੀ ਜਮਾਤ ਦੇ ਬੜੀਆਂ ਡੂੰਘੀਆਂ ਜੜ੍ਹਾਂ ਲੱਗ ਚੁੱਕੀਆਂ ਹਨ। ਇਸਲਾਮਿਕ ਸਟੇਟ ਇਸੇ ਜਮਾਤ ਦਾ ਹੀ ਵਧਾਰਾ ਹੈ। ਇਹ ਜਮਾਤ ਅਲ-ਕਾਇਦਾ ਨਾਲੋਂ ਟੁੱਟੇ ਕੁਝ ਜਨੂੰਨੀਆਂ ਨੇ ਹੀ ਬਣਾਈ ਸੀ ਅਤੇ ਇਰਾਕ ਵਿਚ ਸੱਦਾਮ ਹੁਸੈਨ ਸ਼ਾਸਨ ਦੇ ਖਾਤਮੇ ਤੋਂ ਬਾਅਦ ਹੀ ਇਸ ਜਮਾਤ ਦੀ ਚੜ੍ਹਤ ਸੰਭਵ ਹੋਈ। ਅੱਜ ਇਸਲਾਮਿਕ ਸਟੇਟ ਨੇ ਇਰਾਕ ਅਤੇ ਸੀਰੀਆ ਦੇ ਚੋਖੇ ਹਿੱਸੇ ਉਤੇ ਕਬਜ਼ਾ ਕੀਤਾ ਹੋਇਆ ਹੈ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਤਾਂ ਇਹ ਸਵੀਕਾਰ ਵੀ ਕੀਤਾ ਹੈ ਕਿ ਇਰਾਕ ਉਤੇ ਚੜ੍ਹਾਈ ਪੱਛਮੀ ਮੁਲਕਾਂ ਦੀ ਗਲਤੀ ਸੀ ਅਤੇ ਇਸ ਹਮਲੇ ਤੋਂ ਬਆਦ ਹੀ ਇਰਾਕ ਵਿਚ ਇਸਲਾਮਿਕ ਸਟੇਟ ਦੀ ਚੜ੍ਹਤ ਹੋਈ। ਇਸ ਗਲਤੀ ਲਈ ਉਨ੍ਹਾਂ ਮੁਆਫੀ ਵੀ ਮੰਗੀ ਹੈ। ਜ਼ਾਹਿਰ ਹੈ ਕਿ ਪੱਛਮੀ ਮੁਲਕਾਂ ਨੇ ਜਿਸ ਜਮਾਤ ਦੀ ਚੜ੍ਹਤ ਲਈ ਰਾਹ ਖੋਲ੍ਹਿਆ, ਉਹ ਹੁਣ ਉਸੇ ਨੂੰ ਹੀ ਵੰਗਾਰ ਰਹੀ ਹੈ। ਅਲ-ਕਾਇਦਾ ਦੀ ਪੈਦਾਇਸ਼ ਵੀ ਇਸੇ ਤਰ੍ਹਾਂ ਹੋਈ ਸੀ। ਅਫਗਾਨਿਸਤਾਨ ਵਿਚ ਅਮਰੀਕਾ ਅਤੇ ਰੂਸ ਵਿਚਕਾਰ ਚੱਲ ਰਹੀ ਠੰਢੀ ਜੰਗ ਕਾਰਨ ਹੀ ਅਲ-ਕਾਇਦਾ ਦੀ ਪੈਦਾਇਸ਼ ਸੰਭਵ ਹੋਈ ਸੀ ਅਤੇ ਬਾਅਦ ਵਿਚ ਇਸੇ ਅਲ-ਕਾਇਦਾ ਨੇ ਅਮਰੀਕਾ ਦੇ ਦਿਲ ਉਤੇ ਵਾਰ ਕਰ ਕੇ ਸੰਸਾਰ ਨੂੰ ਸੁੰਨ ਕਰ ਕਰ ਰੱਖ ਦਿੱਤਾ ਸੀ।
ਅਸਲ ਵਿਚ ਰਾਜਸੱਤਾ ਨੇ ਜਿਥੇ ਜਿਥੇ ਅਤੇ ਜਦੋਂ ਜਦੋਂ ਵੀ ਕੋਈ ਚਾਲ ਖੇਡੀ ਹੈ, ਇਸ ਤਰ੍ਹਾਂ ਦੇ ਮੰਜ਼ਰ ਸਾਹਮਣੇ ਆਉਂਦੇ ਰਹੇ ਹਨ। ਢਾਈ-ਤਿੰਨ ਦਹਾਕੇ ਪਹਿਲਾਂ ਪੰਜਾਬੀ ਲੋਕ, ਰਾਜਸੱਤਾ ਦੀਆਂ ਅਜਿਹੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤ ਚੁੱਕੇ ਹਨ। ਲਹੂ-ਲੁਹਾਣ ਹੋਏ ਉਨ੍ਹਾਂ ਵਕਤਾਂ ਕਾਰਨ ਪੰਜਾਬੀਆਂ ਦੀਆਂ ਦੋ ਪੀੜ੍ਹੀਆਂ ਤਬਾਹ ਹੋ ਗਈਆਂ ਅਤੇ ਇਸ ਦਾ ਸੇਕ ਅੱਜ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਉਸ ਦੌਰ ਦੇ ਲੱਗੇ ਫੱਟ ਅਜੇ ਤੱਕ ਵੀ ਭਰੇ ਨਹੀਂ ਹਨ। ਅੱਜ ਕੱਲ੍ਹ ਭਾਰਤ ਭਰ ਵਿਚ ਅਸਹਿਣਸ਼ੀਲਤਾ ਦਾ ਜੋ ਮਾਹੌਲ ਬਣਿਆ ਹੈ, ਉਸ ਦਾ ਨਤੀਜਾ ਵੀ ਰਾਜਸੱਤਾ ਦੀਆਂ ਘੁੰਮਣਘੇਰੀਆਂ ਹੀ ਹਨ। ਜਿਸ ਤਰ੍ਹਾਂ ਖਾਸ ਫਿਰਕੇ ਨੂੰ ਵਧੀਕੀਆਂ ਅਤੇ ਵਿਤਕਰਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਸ ਨਾਲ ਇਸਲਾਮਿਕ ਸਟੇਟ ਵਰਗੀਆਂ ਜਮਾਤਾਂ ਨੂੰ ਹੀ ਚਾਰਾ ਮਿਲ ਰਿਹਾ ਹੈ। ਜ਼ਿਹਨ ਵਿਚ ਵਧੀਕੀਆਂ ਦਾ ਸੱਲ ਲਈ ਨੌਜਵਾਨ ਅਜਿਹੀਆਂ ਜਨੂੰਨੀ ਜਮਾਤਾਂ ਨਾਲ ਵੱਡੀ ਪੱਧਰ ‘ਤੇ ਜੁੜ ਰਹੇ ਹਨ। ਇਕ ਜਨੂੰਨੀ ਜਮਾਤ, ਦੂਜੀ ਲਈ ਕਿਸ ਤਰ੍ਹਾਂ ਸੰਜੀਵਨੀ ਬਣ ਰਹੀ ਹੈ, ਇਸ ਦਾ ਪਤਾ ਭਾਰਤ ਅਤੇ ਪਾਕਿਸਤਾਨ ਦੀਆਂ ਜਨੂੰਨੀ ਜਮਾਤਾਂ ਉਤੇ ਤਰਦੀ ਜਿਹੀ ਨਜ਼ਰ ਮਾਰਿਆਂ ਪਤਾ ਲੱਗ ਜਾਂਦਾ ਹੈ। ਜਦੋਂ ਤੋਂ ਭਾਰਤ ਵਿਚ ਅਸਹਿਣਸ਼ੀਲਤਾ ਦਾ ਮੁੱਦਾ ਭਾਰੂ ਹੋਇਆ ਹੈ, ਪਾਕਿਸਤਾਨ ਦੀਆਂ ਜਨੂੰਨੀ ਜਮਾਤਾਂ ਇਸ ਮਸਲੇ ਨੂੰ ਖਾਸ ਫਿਰਕੇ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨਾਲ ਜੋੜ ਕੇ ਨੌਜਵਾਨਾਂ ਨੂੰ ਭੜਕਾ ਰਹੀਆਂ ਹਨ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਅਚੇਤ-ਸੁਚੇਤ ਇਸ ਅੰਨ੍ਹੀ ਗਲੀ ਵਿਚ ਵੜ ਰਹੇ ਹਨ। ਇਸ ਲਈ ਜਿੰਨੀ ਦੇਰ ਦਹਿਸ਼ਤ ਦੇ ਅਜਿਹੇ ਸਿਰਨਾਵਿਆਂ ਦੀ ਪੈੜ ਨਹੀਂ ਨੱਪੀ ਜਾਂਦੀ, ਅਜਿਹੇ ਹਮਲਿਆਂ ਨੂੰ ਪਛਾੜਨਾ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ। ਹਰ ਖਿੱਤੇ ਅਤੇ ਹਰ ਮੁਲਕ ਵਿਚ ਜਨੂੰਨ ਦੀ ਇਹ ਕਹਾਣੀ ਥੋੜ੍ਹੇ-ਬਹੁਤੇ ਫਰਕ ਨਾਲ ਲਗਾਤਾਰ ਦੁਹਰਾਈ ਜਾ ਰਹੀ ਹੈ। ਮਨੁੱਖਤਾ ਇਸ ਅੰਨ੍ਹੇ ਜਨੂੰਨ ਦੀ ਮਾਰ ਹੇਠ ਹੈ ਅਤੇ ਇਸ ਵਿਚੋਂ ਸਾਬਤ ਕਦਮੀਂ ਨਿਕਲਣ ਲਈ ਹਰ ਸੰਭਵ ਹੀਲਾ ਬਣਨਾ ਚਾਹੀਦਾ ਹੈ।