ਪੈਰਿਸ: ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਲੜੀਵਾਰ ਦਹਿਸ਼ਤੀ ਹਮਲਿਆਂ ਵਿਚ ਤਕਰੀਬਨ 140 ਲੋਕ ਮਾਰੇ ਗਏ ਹਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਦੁਨੀਆਂ ਦੇ ਸਭ ਤੋਂ ਖੌਫ਼ਨਾਕ ਸਮਝੇ ਜਾਂਦੇ ਅਤਿਵਾਦੀ ਸੰਗਠਨ ਆਈæਐਸ਼ ਨੇ ਲੈਂਦਿਆਂ ਅੱਗੇ ਤੋਂ ਵੀ ਅਜਿਹੇ ਹਮਲੇ ਜਾਰੀ ਰੱਖਣ ਦੀ ਗੱਲ ਆਖੀ ਹੈ। ਫਰਾਂਸ ਨੂੰ ਇਸ ਵਰ੍ਹੇ ਛੇ ਵਾਰ ਦਹਿਸ਼ਤੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ।
ਇਸ ਤੋਂ ਪਹਿਲਾਂ ਵੀ ਇਸੇ ਸਾਲ ਜਨਵਰੀ ਵਿਚ ਮੂਲਵਾਦੀ ਦਹਿਸ਼ਤਗਰਦਾਂ ਨੇ ਪੈਰਿਸ ਦੇ ਇਕ ਤਨਜ਼ੀਆ ਰਸਾਲੇ ‘ਸ਼ਰਲੀ ਐਬਦੋ’ ਦੇ ਦਫਤਰ ਉਤੇ ਹਮਲਾ ਕਰਕੇ 20 ਵਿਅਕਤੀਆਂ ਦੀ ਜਾਨ ਲੈ ਲਈ ਸੀ। ‘ਸ਼ਰਲੀ ਐਬਦੋ’ ਉਤੇ ਹਮਲੇ ਤੋਂ ਬਾਅਦ ਪੂਰੀ ਚੌਕਸੀ ਰੱਖਣ ਦੇ ਬਾਵਜੂਦ ਪੈਰਿਸ ਵਿਚ ਹੋਇਆ ਇਹ ਵੱਡਾ ਦਹਿਸ਼ਤੀ ਹਮਲਾ ਇਸ ਗੱਲ ਦਾ ਸਬੂਤ ਹੈ ਕਿ ਅਤਿਵਾਦੀ ਨਾ ਸਿਰਫ ਫਰਾਂਸ ਬਲਕਿ ਵਿਸ਼ਵ ਦੇ ਹੋਰਨਾਂ ਮੁਲਕਾਂ ਵਿਚ ਦਿਨ-ਬ-ਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ। ਫਰਾਂਸ ਸੀਰੀਆ ਤੇ ਇਰਾਕ ਵਿਚ ਆਈæਐਸ਼ ਖਿਲਾਫ ਅਮਰੀਕੀ ਫੌਜ ਦਾ ਸਾਥ ਦੇ ਰਿਹਾ ਹੈ।
ਫਰਾਂਸ ਨੇ ਵਿਦੇਸ਼ਾਂ ਵਿਚ ਜਹਾਦੀਆਂ ਖਿਲਾਫ ਲੜਾਈ ਲਈ 10 ਹਜ਼ਾਰ ਸੈਨਿਕ ਭੇਜੇ ਹੋਏ ਹਨ। ਤਾਜ਼ਾ ਅਤਿਵਾਦੀ ਹਮਲੇ ਨੂੰ ਜਹਾਦੀਆਂ ਖਿਲਾਫ ਕਾਰਵਾਈ ਦਾ ਬਦਲਾ ਦੱਸਿਆ ਜਾ ਰਿਹਾ ਹੈ। ਪੈਰਿਸ ‘ਤੇ ਹਮਲਾ ਕਰਨ ਵਾਲੇ ਅਤਿਵਾਦੀ ਤਿੰਨ ਵੱਖ-ਵੱਖ ਟੀਮਾਂ ਵਿਚ ਆਏ ਸੀ, ਜਿਨ੍ਹਾਂ ਵਿਚੋਂ ਛੇ ਨੇ ਤਾਂ ਖੁਦ ਆਪਣੇ ਆਪ ਨੂੰ ਉਡਾ ਲਿਆ ਜਦਕਿ ਇਕ ਨੂੰ ਪੁਲਿਸ ਨੇ ਮਾਰ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲੇ ਦੀ ਸਾਜਿਸ਼ ਤਕਰੀਬਨ ਨੌਂ ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ।
ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਨੇ ਇਨ੍ਹਾਂ ਦਹਿਸ਼ਤੀ ਹਮਲਿਆਂ ਨੂੰ ‘ਜੰਗ’ ਕਰਾਰ ਦਿੱਤਾ ਹੈ। ਪੈਰਿਸ ਦੀਆਂ ਸੜਕਾਂ ‘ਤੇ ਖੂਨ-ਖਰਾਬਾ ਕਰਨ ਵਾਲੇ ਅੱਠ ਹਮਲਾਵਰਾਂ ਵਿਚੋਂ ਜ਼ਿਆਦਾਤਰ ਨੇ ਆਤਮਘਾਤੀ ਬੈਲਟ ਪਹਿਨ ਰੱਖੀ ਸੀ। 2004 ਦੇ ਮੈਡਰਿਡ ਟਰੇਨ ਬੰਬ ਧਮਾਕਿਆਂ ਤੋਂ ਬਾਅਦ ਯੂਰਪ ਵਿਚ ਇਹ ਹੁਣ ਤੱਕ ਦਾ ਸਭ ਤੋਂ ਖ਼ੌਫ਼ਨਾਕ ਹਮਲਾ ਹੈ। ਦਹਿਸ਼ਤਗਰਦਾਂ ਨੇ ਸਭ ਤੋਂ ਵੱਧ ਕਹਿਰ ਪੂਰਬੀ ਪੈਰਿਸ ਵਿਚ ਪੈਂਦੇ ਬਾਤਾਕਲਾਨ ਕਨਸਰਟ ਹਾਲ ਵਿਚ ਵਰਤਾਇਆ ਜਿਥੇ ਅਮਰੀਕੀ ਰੌਕ ਬੈਂਡ ਨੇ ਪੇਸ਼ਕਾਰੀ ਦੇਣੀ ਸੀ। ਹੱਥਾਂ ਵਿਚ ਏਕੇ-47 ਰਾਈਫਲਾਂ ਲੈ ਕੇ ਅਤੇ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਮਾਰਦਿਆਂ ਚਾਰ ਹਮਲਾਵਰ ਹਾਲ ਵਿਚ ਦਾਖਲ ਹੋਏ ਤੇ ਉਥੇ ਉਨ੍ਹਾਂ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿਚ 82 ਵਿਅਕਤੀ ਹਲਾਕ ਹੋ ਗਏ ਜਦਕਿ ਦਰਜਨਾਂ ਨੂੰ ਬੰਧਕ ਬਣਾ ਲਿਆ। ਹਮਲੇ ਵਿਚ ਬਚੇ ਕੁਝ ਲੋਕਾਂ ਨੇ ਦੱਸਿਆ ਕਿ ਅਤਿਵਾਦੀ ਆਖ ਰਹੇ ਸਨ ਕਿ ਇਹ ਤੁਹਾਡੇ ਰਾਸ਼ਟਰਪਤੀ ਦੀ ਗਲਤੀ ਹੈ।
ਉਸ ਨੂੰ ਸੀਰੀਆ ਵਿਚ ਦਖਲ ਨਹੀਂ ਦੇਣਾ ਚਾਹੀਦਾ। ਜਿਵੇਂ ਹੀ ਅੱਧੀ ਰਾਤ ਤੋਂ ਬਾਅਦ ਹਥਿਆਰਬੰਦ ਸੁਰੱਖਿਆ ਬਲਾਂ ਨੇ ਘੇਰਾ ਪਾਇਆ ਤਾਂ ਤਿੰਨ ਦਹਿਸ਼ਤਗਰਦਾਂ ਨੇ ਆਪਣੇ ਆਪ ਨੂੰ ਉਡਾ ਲਿਆ ਜਦਕਿ ਚੌਥਾ ਹਮਲਾਵਰ ਸੁਰੱਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਬਣਿਆ। ਇਕ ਹੋਰ ਹਮਲਾਵਰ ਨੇ ਬੁਲੇਵਰਡ ਵੋਲਟੇਅਰ ਨੇੜੇ ਆਪਣੇ ਆਪ ਨੂੰ ਉਡਾ ਲਿਆ। ਲੜੀਵਾਰ ਹਮਲਿਆਂ ਸਮੇਂ ਸ੍ਰੀ ਔਲਾਂਦ, ਫਰਾਂਸ ਤੇ ਜਰਮਨੀ ਵਿਚਕਾਰ ਹੋ ਰਹੇ ਦੋਸਤਾਨਾ ਫੁੱਟਬਾਲ ਮੈਚ ਦਾ ਆਨੰਦ ਮਾਣ ਰਹੇ ਸਨ। ਰਾਸ਼ਟਰੀ ਸਟੇਡੀਅਮ ਦੇ ਬਾਹਰ ਹੋਏ ਧਮਾਕਿਆਂ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਪੈਰਿਸ ਦੇ ਬਾਹਰਵਾਰ 30 ਨਵੰਬਰ ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਵਾਰਤਾ ਹੋਣ ਜਾ ਰਹੀ ਹੈ ਤੇ ਇਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਕਈ ਆਲਮੀ ਆਗੂਆਂ ਨੇ ਵੀ ਹਿੱਸਾ ਲੈਣਾ ਹੈ। ਫਰਾਂਸ ਵਿਚ ਇਸ ਸਾਲ ਜਨਵਰੀ ਤੋਂ ਹੀ ਹਾਈ ਅਲਰਟ ਜਾਰੀ ਹੈ ਜਦੋਂ ਜਹਾਦੀਆਂ ਨੇ ਪੈਰਿਸ ਵਿਚ ਸ਼ਰਲੀ ਹੈਬਦੋ ਰਸਾਲੇ ਤੇ ਯਹੂਦੀ ਸੁਪਰ ਮਾਰਕੀਟ ਵਿਚ ਹਮਲੇ ਕਰ ਕੇ 17 ਵਿਅਕਤੀਆਂ ਨੂੰ ਹਲਾਕ ਕਰ ਦਿੱਤਾ ਸੀ। ਅਗਸਤ ਵਿਚ ਇਕ ਹੋਰ ਹਮਲੇ ਨੂੰ ਉਸ ਸਮੇਂ ਨਾਕਾਮ ਕਰ ਦਿੱਤਾ ਗਿਆ ਸੀ ਜਦੋਂ ਉੱਤਰੀ ਫਰਾਂਸ ਵਿਚ ਤੇਜ਼ ਰਫਤਾਰ ਟਰੇਨ ਵਿਚੋਂ ਇਕ ਬੰਦੂਕਧਾਰੀ ਨੂੰ ਕਾਬੂ ਕਰ ਲਿਆ ਗਿਆ ਸੀ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇਸ਼ ਵਿਚ ਹੋਏ ਸਭ ਤੋਂ ਵੱਡੇ ਹਮਲੇ ਨੂੰ ਅੰਜਾਮ ਦੇਣ ਲਈ ਇਸਲਾਮਿਕ ਸਟੇਟ ਦੇ ਜਹਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
__________________________________________
ਸੰਸਾਰ ਨੇਤਾਵਾਂ ਵੱਲੋਂ ਅਤਿਵਾਦ ਖਿਲਾਫ ਇਕ ਹੋਣ ਦਾ ਸੱਦਾ
ਅੰਤਾਲਿਆ (ਤੁਰਕੀ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਵਿਸ਼ਵ ਦੇ ਹੋਰ ਨੇਤਾਵਾਂ ਦੀ ਸੁਰ ਵਿਚ ਸੁਰ ਮਿਲਾਉਂਦਿਆਂ ਜੀ-20 ਦੀ ਸਿਖਰ ਸੰਮੇਲਨ ਦੀ ਬੈਠਕ ਵਿਚ ਅਤਿਵਾਦ ਨਾਲ ਲੜਨ ਲਈ ਤੁਰੰਤ ਤੇ ਸੰਗਠਤ ਕੋਸ਼ਿਸ਼ਾਂ ਦਾ ਸੱਦਾ ਦਿੱਤਾ ਹੈ। ਇਸ ਬੈਠਕ ਵਿਚ ਪੈਰਿਸ ਵਿਚ ਅਤਿਵਾਦੀ ਹਮਲੇ, ਸੀਰੀਆ ਵਿਚ ਜੰਗ ਤੇ ਜਹਾਦੀ ਆਈæਐਸ਼ ਦੇ ਮੁੱਦੇ ਹਾਵੀ ਰਹੇ। ਸੰਮੇਲਨ ਵਿਚ ਸ਼ਾਮਲ ਆਗੂਆਂ ਨੇ ਪੈਰਿਸ ਤੇ ਅੰਕਾਰਾ ਵਿਚ ਅਤਿਵਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਨੂੰ ਇਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ
_______________________________________
ਆਈæਐਸ਼ ਦੀ ਚੜ੍ਹਤ ਬਣੀ ਸੰਸਾਰ ਲਈ ਚੁਣੌਤੀ
ਪੈਰਿਸ: ਆਈæਐਸ ਦਹਿਸ਼ਤਗਰਦ ਸੰਗਠਨ ਦੁਨੀਆਂ ਦੇ 11 ਦੇਸ਼ਾਂ ਵਿਚ ਹਮਲੇ ਕਰ ਚੁੱਕਾ ਹੈ। ਇਰਾਕ ਤੇ ਸੀਰੀਆ ਦੇ ਕੁਝ ਹਿੱਸਿਆ ਉੱਤੇ ਕਬਜ਼ੇ ਤੋਂ ਬਾਅਦ ਆਈæਐਸ਼ ਦੇ ਮੁਖੀ ਬਕਰ ਅੱਲ ਬਗਦਾਦੀ ਦੀ ਅਗਵਾਈ ਵਾਲੇ ਇਸ ਦਹਿਸ਼ਤਗਰਦ ਸੰਗਠਨ ਨੇ ਜੂਨ 2014 ਵਿਚ ਇਸਲਾਮਿਕ ਸਟੇਟ ਬਣਾਉਣ ਦਾ ਐਲਾਨ ਕੀਤਾ ਸੀ। ਬਗਦਾਦੀ ਨੇ ਆਪਣੇ ਆਪ ਨੂੰ ਸੰਗਠਨ ਦਾ ਖਲੀਫ਼ਾ ਐਲਾਨਿਆ ਸੀ। ਇਸ ਸੰਗਠਨ ਨੇ ਇੰਨੇ ਥੋੜ੍ਹੇ ਸਮੇਂ ਵਿਚ ਦੁਨੀਆਂ ਭਰ ਵਿਚ ਦਹਿਸ਼ਤ ਦਾ ਅਹਿਸਾਸ ਕਰਵਾਇਆ ਹੈ। ਅਮਰੀਕਾ, ਭਾਰਤ ਸਮੇਤ ਕਈ ਯੂਰਪੀ ਦੇਸ਼ਾਂ ਦੇ ਨੌਜਵਾਨਾਂ ਦੇ ਇਸ ਸੰਗਠਨ ਵੱਲ ਖਿੱਚੇ ਜਾਣ ਬਾਰੇ ਵੀ ਕਈ ਅਹਿਮ ਖੁਲਾਸੇ ਹੋ ਚੁੱਕੇ ਹਨ। ਪੈਰਿਸ ਹਮਲੇ ਤੋਂ ਬਾਅਦ ਇਕ ਵਾਰ ਫਿਰ ਤੋਂ ਯੂਰਪ ਵਿਚ ਸੰਗਠਨ ਨੇ ਆਪਣੀ ਮੌਜੂਦਗੀ ਦਰਸਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸੰਗਠਨ ਪੈਰਿਸ ਵਿਚ ਹਮਲੇ ਕਰ ਚੁੱਕਾ ਹੈ। ਸਾਊਦੀ ਅਰਬ, ਫਰਾਂਸ, ਲਿਬੀਆ, ਲੇਬਨਾਨ, ਮਿਸਰ, ਟਿਊਨੇਸ਼ੀਆ, ਯਮਨ, ਅਫ਼ਗਾਨਿਸਤਾਨ, ਤੁਰਕੀ, ਕੁਵੈਤ, ਬੰਗਲਾਦੇਸ਼ ਤੋਂ ਇਲਾਵਾ ਆਸਟਰੇਲੀਆ, ਅਮਰੀਕਾ, ਇੰਗਲੈਂਡ ਤੇ ਹੋਰ ਕਈ ਦੇਸ਼ਾਂ ਵਿਚ ਆਈæਐਸ਼ ਦੇ ਸਮਰਥਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੰਗਠਨ ਦਾ ਜਿਸ ਤਰੀਕੇ ਨਾਲ ਦੁਨੀਆਂ ਵਿਚ ਪ੍ਰਭਾਵ ਵਧ ਰਿਹਾ ਉਸ ਦੇ ਹਿਸਾਬ ਨਾਲ ਇਸ ਨੇ ਅਲ ਕਾਇਦਾ ਤੇ ਹੋਰ ਦਹਿਸ਼ਤਗਰਦਾਂ ਸੰਗਠਨਾਂ ਦਾ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ।
________________________________________
ਆਲਮੀ ਆਗੂਆਂ ਵੱਲੋਂ ਦੁੱਖ ਦਾ ਇਜ਼ਹਾਰ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਕਈ ਆਲਮੀ ਆਗੂਆਂ ਨੇ ਪੈਰਿਸ ਵਿਚ ਹੋਏ ਦਹਿਸ਼ਤੀ ਹਮਲਿਆਂ ਉਤੇ ਦੁਖ ਜ਼ਾਹਰ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਮਲਿਆਂ ਨੂੰ ਬੇਕਸੂਰ ਲੋਕਾਂ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਤੇ ਸੁਰੱਖਿਆ ਕੌਂਸਲ ਨੇ ਦਹਿਸ਼ਤੀ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਫਰਾਂਸ ਸਰਕਾਰ ਸਾਜ਼ਿਸ਼ਘਾੜਿਆਂ ਨੂੰ ਫੜਨ ਲਈ ਹਰ ਸੰਭਵ ਕਾਰਵਾਈ ਕਰੇ। ਜਰਮਨ ਚਾਂਸਲਰ ਐਂਜਿਲਾ ਮਰਕਲ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਕਿਹਾ ਕਿ ਹਮਲਿਆਂ ਨਾਲ ਉਹ ਵੀ ਹਿੱਲ ਗਏ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਹਮਦਰਦੀ ਪ੍ਰਗਟ ਕਰਦਿਆਂ ਔਲਾਂਦੇ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਯੂਰਪੀ ਕਮਿਸ਼ਨ ਦੇ ਰਾਸ਼ਟਰਪਤੀ ਜੀਨ ਕਲੌਡ ਜਨਕਰ, ਯੂਰਪੀ ਕੌਂਸਲ ਦੇ ਰਾਸ਼ਟਰਪਤੀ ਡੋਨਾਲਡ ਟਸਕ, ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਦਹਿਸ਼ਤੀ ਹਮਲਿਆਂ ਦੀ ਨਿਖੇਧੀ ਕਰਦਿਆਂ ਦੁੱਖ ਦੀ ਘੜੀ ਵਿਚ ਫਰਾਂਸ ਦਾ ਸਾਥ ਦੇਣ ਦੀ ਗੱਲ ਆਖੀ।