ਸਰਬੱਤ ਖਾਲਸਾ ਨੂੰ ਮਿਲੇ ਹੁੰਗਾਰੇ ਤੋਂ ਬਾਦਲ ਸਰਕਾਰ ਚਿੰਤਤ

ਚੰਡੀਗੜ੍ਹ: ਸਿੱਖ ਜਥੇਬੰਦੀਆਂ ਵੱਲੋਂ ਕਰਵਾਇਆ ਗਿਆ ਸਰਬੱਤ ਖਾਲਸਾ ਪੰਜਾਬ ਸਰਕਾਰ ਤੇ ਪੁਲਿਸ ਲਈ ਚੁਣੌਤੀ ਬਣ ਗਿਆ ਹੈ। ਅਕਾਲੀ ਦਲ, ਸਰਕਾਰ ਤੇ ਮੌਸਮ ਦੀਆਂ ਰੁਕਾਵਟਾਂ ਦੇ ਬਾਵਜੂਦ ਸਰਬੱਤ ਖਾਲਸਾ ਵਿਚ ਹੋਏ ਇਕੱਠ ਨੇ ਸੱਤਾ ਧਿਰ ਦੇ ਹੋਸ਼ ਉਡਾ ਦਿੱਤੇ ਹਨ। ਅਕਾਲੀ ਦਲ ਵੱਲੋਂ ਇਸ ਬਾਰੇ ਵਿਚਾਰਾਂ ਕਰਨ ਤੇ ਅਗਲੀ ਰਣਨੀਤੀ ਉਲੀਕਣ ਲਈ ਧੜਾ ਧੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਅਕਾਲੀ ਦਲ ਵੱਲੋਂ ਗਰਮ ਖਿਆਲੀਆਂ ਨੂੰ ਮਿਲੇ ਹੁੰਗਾਰੇ ਉਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਤ ਸਮਾਜ ਤੇ ਕਈ ਹੋਰ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਤੋਂ ਲਾਂਭੇ ਰਹਿਣ ਲਈ ਰਾਜ਼ੀ ਕਰ ਲਿਆ ਸੀ, ਪਰ ਫਿਰ ਵੀ ਲੱਖਾਂ ਦੇ ਗਿਣਤੀ ਵਿਚ ਲੋਕ ਆਪ ਮੁਹਾਰੇ ਹੀ ਇਕੱਠੇ ਹੋਏ।
ਸੂਤਰਾਂ ਅਨੁਸਾਰ ਅਕਾਲੀ ਦਲ ਨੂੰ ਸਰਬੱਤ ਖਾਲਸਾ ਦੇ ਫੈਸਲਿਆਂ ਦੀ ਇੰਨੀ ਫਿਕਰ ਨਹੀਂ, ਪਰ ਇਕੱਠ ਨੇ ਹੋਸ਼ ਉਡਾ ਦਿੱਤੇ ਹਨ। ਡੇਰਾ ਮੁਖੀ ਨੂੰ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਲੋਕਾਂ ਅੰਦਰ ਅਕਾਲੀ ਦਲ ਪ੍ਰਤੀ ਰੋਸ ਨੂੰ ਸਿਖਰ ਉਤੇ ਪਹੁੰਚਾ ਦਿੱਤਾ ਹੈ। ਇਹੀ ਕਾਰਨ ਹੈ ਕਿ ਸਰਬੱਤ ਖਾਲਸਾ ਸੱਦਣ ਵਾਲੀਆਂ ਜਥੇਬੰਦੀਆਂ ਦਾ ਜਨਤਕ ਆਧਾਰ ਨਾ ਦੇ ਬਰਾਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਲੀਡਰ ਇਸ ਗੱਲ ਉਤੇ ਜ਼ੋਰ ਦੇ ਰਹੇ ਹਨ ਕਿ ਦਲ ਦੇ ਪੰਥਕ ਅਕਸ ਨੂੰ ਮੁੜ ਉਭਾਰਿਆ ਜਾਏ। ਸਰਬੱਤ ਖਾਲਸਾ ਵਿਚ ਅਣਕਿਆਸੇ ਢੰਗ ਨਾਲ ਗਰਮ ਦਲੀਆਂ ਦੇ ਹੋਏ ਇਕੱਠ ਨੇ ਪੰਜਾਬ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਇਸ ਇਕੱਠ ਨੇ ਪੰਜਾਬ ਤੇ ਖੁਫੀਆ ਏਜੰਸੀਆਂ ਦੇ ਅੰਕੜੇ ਉਥਲ-ਪੁਥਲ ਕਰ ਦਿੱਤੇ ਹਨ। ਪੰਜਾਬ ਪੁਲਿਸ ਨੇ ਸੂਬੇ ਵਿਚ ਗਰਮ ਦਲੀਆਂ ਦੀਆਂ ਸਰਗਰਮੀਆਂ ਘੋਖਣ ਲਈ ਹੁਣ ਵਿਸ਼ੇਸ਼ ਰਣਨੀਤੀ ਬਣਾਈ ਹੈ, ਜਿਸ ਦੇ ਪਹਿਲੇ ਪੜਾਅ ਤਹਿਤ ਸਰਬੱਤ ਖਾਲਸਾ ਸਮਾਗਮ ਦੀ ਵੀਡੀਓਗ੍ਰਾਫੀ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਵੀਡੀਓਗ੍ਰਾਫੀ ਵਿਚ ਨਜ਼ਰ ਆ ਰਹੇ ਗਰਮ ਸੁਰਾਂ ਵਾਲੇ ਆਗੂਆਂ ਤੇ ਨੌਜਵਾਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੇ ਪਿਛੋਕੜ ਦੀ ਸੂਹ ਲਾਉਣ ਲਈ ਸਬੰਧਤ ਜ਼ਿਲ੍ਹਿਆਂ ਦੀ ਪੁਲਿਸ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਰਣਨੀਤੀ ਤਹਿਤ ਕੁਝ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਕਈ ਥਾਈਂ ਛਾਪੇ ਵੀ ਮਾਰੇ ਜਾ ਰਹੇ ਹਨ। ਪੁਲਿਸ ਤੇ ਖੁਫੀਆ ਏਜੰਸੀਆਂ ਨੇ ਅਤਿਵਾਦ ਦੇ ਦੌਰ ਵਿਚ ਸਰਗਰਮ ਖਾੜਕੂਆਂ ਦੀਆਂ ਦਫਤਰਾਂ ਵਿਚ ਪਈਆਂ ਫਾਈਲਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫੀਲਡ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮੌਜੂਦਾ ਸਰਗਰਮੀਆਂ ਦੀਆਂ ਰਿਪੋਰਟਾਂ ਤਿਆਰ ਕਰਨ ਲਈ ਆਦੇਸ਼ ਦਿੱਤੇ ਹਨ।
_____________________________________
ਮੁੜ ਇਕੱਠੇ ਹੋ ਰਹੇ ਨੇ ਸਾਬਕਾ ਦਹਿਸ਼ਤਗਰਦ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅਜੋਕੀ ਪੰਥਕ ਖਿੱਚੋਤਾਣ ਕਾਰਨ ਉਪਜੇ ਸਿਆਸੀ ਸੰਕਟ ਨੂੰ ‘ਨਰਮ ਖਿਆਲੀਆਂ ਤੇ ਦਹਿਸ਼ਤਗਰਦਾਂ’ ਦੀ ਲੜਾਈ ਕਰਾਰ ਦਿੱਤਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਦਹਿਸ਼ਤਗਰਦ ਇਕੱਠੇ ਹੋ ਕੇ ਪੰਜਾਬ ਵਿਚ ਨਰਮ ਖਿਆਲੀ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਵਿਦੇਸ਼ੀ ਅਤਿਵਾਦੀਆਂ ਵਰਗੀ ਹਕੂਮਤ ਥੋਪਣਾ ਚਾਹੁੰਦੇ ਹਨ।
__________________________________

90 ਫੀਸਦੀ ਸਰਕਾਰ ਤੋਂ ਸਤੇ ਲੋਕ ਪੁੱਜੇ: ਸਿੱਧੂ
ਅੰਮ੍ਰਿਤਸਰ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੇ ਹਾਲਾਤ ਵਿਗਾੜਨ ਲਈ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਉਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹਾਲਾਤ ਖੁਫੀਆ ਏਜੰਸੀਆਂ ਕਰਕੇ ਨਹੀਂ ਬਲਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਵਿਗੜੇ ਹਨ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਵਿਚ ਕਾਂਗਰਸ ਜਾਂ ਕਿਸੇ ਹੋਰ ਸਿਆਸੀ ਪਾਰਟੀ ਨੇ ਬੰਦੇ ਨਹੀਂ ਭੇਜੇ ਬਲਕਿ 90 ਫੀਸਦੀ ਉਹ ਲੋਕ ਸ਼ਾਮਲ ਹੋਏ ਹਨ ਜੋ ਕਿਸੇ ਨਾਂ ਕਿਸੇ ਤਰ੍ਹਾਂ ਸਰਕਾਰ ਦੇ ਸਤਾਏ ਹੋਏ।
____________________________________
ਨਵੇਂ ਜਥੇਦਾਰਾਂ ਸਣੇ 20 ਖਿਲਾਫ ਦੇਸ਼ ਧ੍ਰੋਹ ਦਾ ਕੇਸ
ਅੰਮ੍ਰਿਤਸਰ: ਸਰਬੱਤ ਖਾਲਸਾ ਸੱਦਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਸਮੇਤ ਤਕਰੀਬਨ 20 ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਦੇਸ਼ ਧ੍ਰੋਹ ਦਾ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰ ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ ਤੇ ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਵੱਸਣ ਸਿੰਘ ਜ਼ਫ਼ਰਵਾਲ ਤੇ ਹੋਰ ਸ਼ਾਮਲ ਹਨ। ਪੁਲਿਸ ਵੱਲੋਂ ਸਮਾਗਮ ਵਿਚ ਦਿੱਤੇ ਗਏ ਭਾਸ਼ਣਾਂ ਤੇ ਹੋਰ ਗਤੀਵਿਧੀਆਂ ਦੀ ਘੋਖ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਸਿੱਖ ਆਗੂਆਂ ਨੂੰ ਬੰਦੀ ਛੋੜ ਦਿਵਸ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ।