ਬਿਹਾਰ ਚੋਣਾਂ ਵਿਚ ਹਾਰ ਪਿੱਛੋਂ ਭਾਜਪਾ ਵਿਚ ਘਮਾਸਾਣ

ਨਵੀਂ ਦਿੱਲੀ: ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿਚ ਖਾਨਾਜੰਗੀ ਵਾਲੇ ਹਾਲਾਤ ਪੈਦਾ ਹੋ ਗਏ ਹਨ। ਪਾਰਟੀ ਦੇ ਚਾਰ ਸੀਨੀਅਰ ਆਗੂਆਂ- ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ ਤੇ ਸ਼ਾਂਤਾ ਕੁਮਾਰ ਨੇ ਚੋਣ ਨਤੀਜਿਆਂ ਦੇ ਪਾਰਟੀ ਵੱਲੋਂ ਕੀਤੇ ਗਏ ਪੋਸਟ ਮਾਰਟਮ ਉਤੇ ਨਾਖੁਸ਼ੀ ਪ੍ਰਗਟਾਉਂਦਿਆਂ ਬਿਹਾਰ ਦੀ ਨਮੋਸ਼ੀਜਨਕ ਹਾਰ ਲਈ ਜਵਾਬਦੇਹੀ ਤੈਅ ਕੀਤੇ ਜਾਣ ਉੱਤੇ ਜ਼ੋਰ ਦਿੱਤਾ ਹੈ।

ਇਨ੍ਹਾਂ ਆਗੂਆਂ ਦੀ ਇਸ ਸੁਰ ਦੇ ਖਿਲਾਫ ਪ੍ਰਧਾਨ ਮੰਤਰੀ ਦੇ ਖੇਮੇ ਵਿਚੋਂ ਵੀ ਜਵਾਬੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਨ੍ਹਾਂ ਆਗੂਆਂ ਦੇ ਸਿੱਧੇ ਮੀਡੀਆ ਵਿਚ ਜਾਣ ਉਤੇ ਨਾਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਮਸਲੇ ਮੀਡੀਆ ਵਿਚ ਉਛਾਲਨ ਦੀ ਥਾਂ ਪਾਰਟੀ ਮੰਚ ਉਤੇ ਉਠਾਏ ਜਾਣੇ ਚਾਹੀਦੇ ਹਨ। ਪਾਰਟੀ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਤੇ ਭੋਲਾ ਸਿੰਘ ਚੋਣਾਂ ਵਿਚ ਹਾਰਨ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਕਰ ਰਹੇ ਹਨ। ਭੋਲਾ ਸਿੰਘ ਨੇ ਕਿਹਾ ਹੈ ਕਿ ਬੁਨਿਆਦੀ ਨਾਕਾਮੀਆਂ ਲਈ ਆਤਮ ਮੰਥਨ ਕਰਨ ਦੀ ਲੋੜ ਹੈ।
ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਜ਼ੋਰ ਫੜਨ ਲੱਗੀ ਹੈ। ਉਧਰ, ਮੋਦੀ-ਅਮਿਤ ਜੋੜੀ ਦੀ ਕਾਰਜਸ਼ੈਲੀ ਤੋਂ ਪਹਿਲਾਂ ਹੀ ਖਫਾ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸ਼ਾਤਾ ਕੁਮਾਰ ਤੇ ਯਸ਼ਵੰਤ ਸਿਨ੍ਹਾ ਖੁੱਲ੍ਹ ਕੇ ਮੈਦਾਨ ਵਿਚ ਨਿੱਤਰ ਆਏ ਹਨ। ਹਾਸ਼ੀਏ ਉਤੇ ਧੱਕੇ ਇਨ੍ਹਾਂ ਲੀਡਰਾਂ ਨੇ ਮੋਦੀ ਤੇ ਸ਼ਾਹ ਉਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਲੀਡਰਾਂ ਦਾ ਕਹਿਣਾ ਹੈ ਕਿ ਮੁੱਠੀ ਭਰ ਲੋਕਾਂ ਨੇ ਪਾਰਟੀ ਨੂੰ ਹਾਈਜੈਕ ਕਰ ਲਿਆ ਹੈ। ਇਸ ਤੋਂ ਇਲਾਵਾ ਅਰੁਨ ਸ਼ੌਰੀ ਤੇ ਸਾਬਕਾ ਬੀæਜੇæਪੀæ ਨੇਤਾ ਗੋਵਿੰਦਾਚਾਰੀਆ ਵੀ ਜੋਸ਼ੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਭਾਜਪਾ ਵਿਚ ਸਵਾਲ ਉੱਠ ਰਹੇ ਹਨ ਕਿ ਜਿਨ੍ਹਾਂ ਲੋਕਾਂ ਦੇ ਸਿਰ ਜਿੱਤ ਮਿਲਣ ਉਤੇ ਸਿਹਰਾ ਬੱਝਦਾ, ਉਹ ਬਿਹਾਰ ਵਿਚ ਕਰਾਰੀ ਹਾਰ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਇਸ ਤਾਜ਼ਾ ਹਾਰ ਦੀ ਸਭ ਤੋਂ ਵੱਡੀ ਵਜ੍ਹਾ ਪਾਰਟੀ ਦਾ ਉਹ ਰਸਤਾ ਹੈ, ਜੋ ਪਿਛਲੇ ਸਾਲ ਅਖਤਿਆਰ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਮੇਂ ਵਿਚ ਮੋਦੀ-ਅਮਿਤ ਜੋੜੀ ਨੂੰ ਮਿਲ ਰਹੀ ਖੁੱਲ੍ਹੀ ਹਮਾਇਤ ਉਤੇ ਜਿੰਦਰਾ ਲੱਗ ਸਕਦਾ ਹੈ।
____________________________________________
ਬਾਗੀਆਂ ਖਿਲਾਫ ਕਾਰਵਾਈ ਲਈ ਇਕਸੁਰ ਨਹੀਂ ਭਾਜਪਾ
ਨਵੀਂ ਦਿੱਲੀ: ਬਿਹਾਰ ਵਿਚ ਹਾਰ ਕਾਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਉਤੇ ਨਿਸ਼ਾਨਾ ਲਾਉਣ ਵਾਲੇ ਪਾਰਟੀ ਨੇਤਾਵਾਂ ਖਿਲਾਫ ਕਾਰਵਾਈ ਬਾਰੇ ਭਾਜਪਾ ਦੀ ਲੀਡਰਸ਼ਿਪ ਵੰਡੀ ਗਈ ਹੈ। ਇਕ ਪਾਸੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਿਰੋਧ ਪ੍ਰਗਟ ਕਰਨ ਵਾਲੇ ਨੇਤਾਵਾਂ ਉਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੇ ਖਿਲਾਫ ਹਨ, ਉਥੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੋਦੀ ਤੇ ਸ਼ਾਹ ਦਾ ਮਜ਼ਬੂਤੀ ਨਾਲ ਬਚਾਅ ਕਰਦਿਆਂ ਗੈਰ ਜ਼ਿੰਮੇਵਾਰਾਨਾ ਬਿਆਨ ਦੇਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਾਰਟੀ ਸੂਤਰਾਂ ਮੁਤਾਬਕ ਰਾਜਨਾਥ ਸਿੰਘ ਦੀ ਰਾਇ ਹੈ ਕਿ ਐਲ਼ਕੇæ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਕੋਲ ਤਜਰਬਾ ਹੈ ਤੇ ਉਨ੍ਹਾਂ ਨੇ ਭਾਜਪਾ ਦੇ ਵਿਕਾਸ ਵਿਚ ਬਹੁਤ ਯੋਗਦਾਨ ਦਿੱਤਾ ਹੈ। ਇਸ ਲਈ ਪਾਰਟੀ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸ੍ਰੀ ਰਾਜਨਾਥ ਸਿੰਘ ਦੇ ਰਵੱਈਏ ਤੋਂ ਲੱਗਦਾ ਹੈ ਕਿ ਉਹ ਪਾਰਟੀ ਅੰਦਰ ਵਿਰੋਧ ਦੇ ਸੁਰਾਂ ਖਿਲਾਫ ਨਹੀਂ ਹਨ ਤੇ ਉਹ ਮੰਨਦੇ ਹਨ ਕਿ ਇਨ੍ਹਾਂ ਆਵਾਜ਼ਾਂ ਨੂੰ ਦਬਾਉਣ ਦੀ ਥਾਂ ਸੁਧਾਰਾਤਮਕ ਕਦਮ ਚੁੱਕੇ ਜਾਣੇ ਚਾਹੀਦੇ ਹਨ।
___________________________________________
ਸ਼ਿਵ ਸੈਨਾ ਨੇ ਮੋਹਨ ਭਾਗਵਤ ਨੂੰ ਘੇਰਿਆ
ਨਵੀਂ ਦਿੱਲੀ: ਐਨæਡੀæਏæ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਨੇ ਬਿਹਾਰ ਵਿਚ ਹਾਰ ਲਈ ਸਿੱਧੇ-ਸਿੱਧੇ ਮੋਹਨ ਭਾਗਵਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਸਾਮਨਾ’ ਵਿਚ ਸ਼ਤਰੂਘਨ ਸਿਨ੍ਹਾ ਦੇ ਬਿਆਨ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਕਿ ਜਦ ‘ਤਾਲੀ’ ਕਪਤਾਨ ਯਾਨੀ ਸੰਘ ਚਾਲਕ ਨੂੰ ਮਿਲਦੀ ਹੈ ਤਾਂ ‘ਗਾਲੀਆਂ’ ਵੀ ਉਨ੍ਹਾਂ ਨੂੰ ਸਵੀਕਾਰ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਹਾਰ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ। ‘ਸਾਮਨਾ’ ਵਿਚ ਲਿਖਿਆ ਗਿਆ, ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਨੂੰ ਹਾਰ ਦੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ।
___________________________________________
ਬਿਹਾਰ ਚੋਣਾਂ ਨੇ ਧਾਰਮਿਕ ਸਦਭਾਵਨਾ ਦਿਖਾਈ: ਦਲਾਮੀਲਾਮਾ
ਜਲੰਧਰ: ਬਿਹਾਰ ਦੀਆਂ ਚੋਣਾਂ ਵਿਚ ਲੋਕਾਂ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿਚ ਧਾਰਮਿਕ ਸਦਭਾਵਨਾ ਬੜੀ ਕਮਾਲ ਦੀ ਹੈ। ਤਿੱਬਤੀਆਂ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਜਲੰਧਰ ਵਿਚ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਗੈਰ-ਸਮਾਜਿਕ ਅਨਸਰ ਤਾਂ ਦੁਨੀਆ ਵਿਚ ਹਰ ਥਾਂ ਹੁੰਦੇ ਹਨ, ਪਰ ਭਾਰਤ ਵਿਚ ਹਰ ਧਰਮ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਹਨ। ਦਲਾਈਲਾਮਾ ਨੇ ਕਿਹਾ ਕਿ ਧਰਮ ਨਿਰਪੱਖਤਾ ਦੀਆਂ ਗੱਲਾਂ ਤੇ ਭਾਵਨਾਵਾਂ ਸਕੂਲਾਂ ਤੋਂ ਹੀ ਵਿਦਿਆਰਥੀਆਂ ਨੂੰ ਸਿਖਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਧਾਰਮਿਕ ਸਹਿਣਸ਼ੀਲਤਾ ਵਿਚ ਪਰਪੱਕ ਹੋ ਸਕਣ। ਭਾਰਤ ਤੇ ਤਿੱਬਤ ਵਿਚ ਗੁਰੂ-ਚੇਲੇ ਵਾਲਾ ਰਿਸ਼ਤਾ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦਾ ਗੁਰੂ ਹੈ।।