ਮੋਦੀ ਵੱਲੋਂ ਬਰਤਾਨੀਆ ਜਾ ਕੇ ਸਹਿਣਸ਼ੀਲਤਾ ਦਾ ਹੋਕਾ

ਲੰਡਨ: ਦੇਸ਼ ਵਿਚ ਅਸਹਿਣਸ਼ੀਲਤਾ ਦੇ ਮੁੱਦੇ ਉਤੇ ਘਿਰੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਲੰਡਨ ਦੌਰੇ ਦੌਰਾਨ ਕਿਹਾ ਹੈ ਕਿ ਬਹੁਲਵਾਦ ਤੇ ਸਹਿਣਸ਼ੀਲਤਾ ਭਾਰਤੀਆਂ ਦੀ ਤਾਕਤ ਹੈ ਜਿਸ ਉਤੇ ਦੇਸ਼ ਨੂੰ ਮਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਵੱਖ-ਵੱਖ ਬੋਲੀਆਂ ਹੋਣ ਦੇ ਬਾਵਜੂਦ ਏਕਤਾ ਦੀ ਮਿਸਾਲ ਕਿਤੇ ਨਹੀਂ ਮਿਲਦੀ।

ਵਿਭਿੰਨਤਾ ਵਿਚ ਏਕਤਾ ਦਾ ਉਨ੍ਹਾਂ ਨੂੰ ਮਾਣ ਹੈ। ਹੋਰ ਮੁਲਕਾਂ ਵੱਲੋਂ ਭਾਰਤ ਦੇ ਸਤਿਕਾਰ ਨੂੰ ਵਡਿਆਉਂਦਿਆਂ ਉਨ੍ਹਾਂ ਕਿਹਾ ਕਿ ਦੇਸ਼ ਹੁਣ ਹੋਰ ਮੁਲਕਾਂ ਦੇ ਬਰਾਬਰ ਜਾ ਖੜ੍ਹਾ ਹੋਇਆ ਹੈ। ਪੂਰੀ ਦੁਨੀਆਂ ਨੂੰ ਦਹਿਸ਼ਤਗਰਦੀ ਤੇ ਆਲਮੀ ਤਪਸ਼ ਦੀਆਂ ਵੰਗਾਰਾਂ ਦਾ ਟਾਕਰਾ ਕਰਨ ਲਈ ਭਾਰਤ ਕੋਲ ਤਾਕਤ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਮਹਾਤਮਾ ਗਾਂਧੀ ਦੇ ਫਲਸਫ਼ੇ ‘ਤੇ ਚੱਲਣ ਦੀ ਤਾਕੀਦ ਕੀਤੀ।
ਉਨ੍ਹਾਂ ਕਿਹਾ ਕਿ ਮਾਨਵਤਾ ਦੇ ਕਲਿਆਣ ਲਈ ਵਿਸ਼ਵ ਨੂੰ ਅਜਿਹੇ ਸੰਕਟਾਂ ਵਿਚੋਂ ਕੱਢਣ ਲਈ ਭਾਰਤ ਰਾਹ ਦਸੇਰਾ ਬਣਿਆ ਹੈ। ਜੇਕਰ ਸੂਫ਼ੀ ਪਰੰਪਰਾ ਦਾ ਪ੍ਰਭਾਵ ਕਬੂਲਿਆ ਹੁੰਦਾ ਤਾਂ ਕੋਈ ਵੀ ਬੰਦੂਕ ਚੁੱਕਣ ਬਾਰੇ ਨਾ ਸੋਚਦਾ। ਭਾਰਤ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਦੇਸ਼ ਕੋਲ ਗਰੀਬ ਰਹਿਣ ਦਾ ਕੋਈ ਕਾਰਨ ਨਹੀਂ ਹੈ। ਭਾਰਤੀਆਂ ਨੇ ਜਿਥੇ ਵਿਦੇਸ਼ਾਂ ਵਿਚ ਆਪਣੀ ਹੋਂਦ ਦਿਖਾਈ ਹੈ, ਉਥੇ ਦੇਸ਼ ਨੂੰ ਵੱਖਰੀ ਪਛਾਣ ਵੀ ਦਿੱਤੀ ਹੈ। ਆਪਣੇ 18 ਮਹੀਨਿਆਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ ਤੇ ਸਵੱਛ ਭਾਰਤ, ਲੜਕੀਆਂ ਲਈ ਸਕੂਲਾਂ ਵਿਚ ਪਖਾਨੇ ਬਣਾਉਣ ਤੇ ਸਮਾਰਟ ਸਿਟੀ ਆਦਿ ਵਰਗੀਆਂ ਯੋਜਨਾਵਾਂ ਦਾ ਵੀ ਬਖ਼ਾਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਹੀ ਸਾਡੀ ਵਿਸ਼ੇਸ਼ਤਾ ਹੈ ਤੇ ਇਹ ਸਾਡੇ ਦੇਸ਼ ਦੀ ਆਨ, ਬਾਨ ਤੇ ਸ਼ਾਨ ਹੈ। ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਵੱਖ-ਵੱਖ ਭਾਸ਼ਾਵਾਂ, ਸਭਿਆਚਾਰ ਤੇ ਖਾਣ-ਪੀਣ ਵੱਖ-ਵੱਖ ਹੋਣ ਕਾਰਨ ਅਸੀਂ ਏਕਤਾ ਨਾਲ ਕਿਸ ਤਰ੍ਹਾਂ ਰਹਿੰਦੇ ਹਾਂ। ਹਰ ਦੇਸ਼ ਆਪਣੀਆਂ ਚੁਣੌਤੀਆਂ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਿਥੇ ਗਏ, ਉਥੇ ਆਪਣੇ ਸੰਸਕਾਰ ਲੈ ਕੇ ਗਏ। ਅੱਜ ਦੁਨੀਆ ਵਿਚ ਭਾਰਤੀਆਂ ਦਾ ਸਨਮਾਨਿਤ ਸਥਾਨ ਹੈ। ਸਾਨੂੰ ਦੁਨੀਆਂ ਦਾ ਅਹਿਸਾਨ ਨਹੀਂ ਚਾਹੀਦਾ, ਅਸੀਂ ਬਰਾਬਰੀ ਚਾਹੁੰਦੇ ਹਾਂ। 18 ਮਹੀਨਿਆਂ ਦੇ ਅਨੁਭਵ ਨਾਲ ਕਹਿ ਸਕਦਾ ਹਾਂ ਕਿ ਭਾਰਤ ਕੋਲ ਗਰੀਬ ਰਹਿਣ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਮੇਰਾ ਸਨਮਾਨ ਨਹੀਂ, ਭਾਰਤ ਦੇ ਕਰੋੜਾਂ ਲੋਕਾਂ ਦਾ ਸਨਮਾਨ ਹੈ। ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਬਰਤਾਨਵੀ ਸੰਸਦ ਸਾਹਮਣੇ ਮਹਾਤਮਾ ਗਾਂਧੀ ਖੜ੍ਹੇ ਹਨ। ਭਾਰਤ ਦੁਨੀਆਂ ਲਈ ਅਜੂਬਾ ਹੈ।
______________________________________
ਐਮਨੈਸਟੀ ਇੰਟਰਨੈਸ਼ਨਲ ਨੇ ਮੋਦੀ ਨੂੰ ਘੇਰਿਆ
ਲੰਡਨ: ਬਰਤਾਨੀਆ ਦੇ ਦੌਰੇ ਉਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਐਮਨੈਸਟੀ ਇੰਟਰਨੈਸ਼ਨਲ ਨੇ ਮਨੁੱਖੀ ਅਧਿਕਾਰਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਹਿਸਾਬ ਮੰਗਿਆ ਹੈ। ਦੁਨੀਆਂ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਐਮਨੈਸਟੀ ਇੰਟਰਨੈਸ਼ਨਲ ਦੇ ਬਰਤਾਨਵੀ ਪ੍ਰਮੁੱਖ ਐਲਨ ਹੋਗਰਥ ਨੇ ਕਿਹਾ ਹੈ ਕਿ ਭਾਰਤ ਵਿਚ ਗੈਰ ਸਰਕਾਰੀ ਸੰਗਠਨਾਂ (ਐਨæਜੀæਓਜ਼æ) ਤੇ ਸਮਾਜਿਕ ਕਾਰਕੁਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਫੰਡਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਦੋਸ਼ ਧ੍ਰੋਹੀ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਵਿਡ ਕੈਮਰੌਨ ਆਪਣੇ ਇਸ ਮਹਿਮਾਨ ਦਾ ਸ਼ਾਨਦਾਰ ਸਵਾਗਤ ਕਰਨ ਦੇ ਨਾਲ-ਨਾਲ ਉਨ੍ਹਾਂ ਪਾਸੋਂ ਇਸ ਮਾਮਲੇ ‘ਤੇ ਸੁਆਲ ਵੀ ਪੁੱਛ ਲੈਣ। ਇਸ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਭਾਰਤ ਵਿਚ ਪਿਛਲੇ ਇਕ ਸਾਲ ਦੌਰਾਨ ਦਸ ਹਜ਼ਾਰ ਐਨæਜੀæਓਜ਼æ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਤਾਂ ਜੋ ਉਹ ਵਿਦੇਸ਼ੀ ਫੰਡ ਹਾਸਲ ਨਾ ਕਰ ਸਕਣ। ਹਾਲੇ ਪਿਛਲੇ ਹਫਤੇ ਹੀ ਗਰੀਨਪੀਸ ਦਾ ਲਾਇਸੈਂਸ ਵੀ ਰੱਦ ਕੀਤਾ ਗਿਆ ਹੈ।
_______________________________________
18 ਮਹੀਨਿਆਂ ਵਿਚ ਮੋਦੀ ਦੇ 28 ਵਿਦੇਸ਼ ਦੌਰੇ
ਲੰਡਨ: ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰੇਂਦਰ ਮੋਦੀ 18 ਮਹੀਨਿਆਂ ਦੇ ਅੰਦਰ-ਅੰਦਰ 28 ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਵਿਦੇਸ਼ ਮੰਤਰਾਲੇ ਅਨੁਸਾਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 26 ਮਈ 2014 ਨੂੰ ਕੁਰਸੀ ਸੰਭਾਲੀ ਸੀ। ਇਸ ਸਾਲ 11 ਨਵੰਬਰ ਤੱਕ ਪ੍ਰਧਾਨ ਮੰਤਰੀ ਕੁੱਲ ਮਿਲ ਕੇ 28 ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ 28 ਦੇਸਾਂ ਵਿਚ ਗਏ ਤੇ ਉਨ੍ਹਾਂ ਨੇ ਵਿਦੇਸ਼ ਵਿਚ 69 ਦਿਨ ਬਤੀਤ ਕੀਤੇ। ਵਿਦੇਸ਼ ਦੌਰੇ ਦੀ ਸੂਚੀ ਵਿਚ ਜੇਕਰ ਬਰਤਾਨੀਆ ਤੇ ਤੁਰਕੀ ਨੂੰ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਮੋਦੀ ਦੀ 30 ਵਿਦੇਸ਼ ਯਾਤਰਾਵਾਂ ਹੋ ਜਾਣਗੀਆਂ।