ਪੰਥਕ ਸਰਕਾਰ ਨੂੰ ਯਾਦ ਨਾ ਰਿਹਾ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ

ਸੰਗਰੂਰ: ਪੰਥਕ ਅਖਵਾਉਣ ਵਾਲੀ ਅਕਾਲੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜਾ ਨੂੰ ਵੀ ਮਨੋਂ ਵਿਸਾਰ ਦਿੱਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਐਲਾਨ ਤੋਂ 18 ਵਰ੍ਹੇ ਬਾਅਦ ਵੀ ਸ਼ੇਰ-ਏ-ਪੰਜਾਬ ਦਾ ਘੋੜੇ ਉਤੇ ਸਵਾਰ ਕਾਂਸ਼ੀ ਦਾ ਬੁੱਤ ਨਹੀਂ ਲੱਗ ਸਕਿਆ।

ਅਕਾਲੀ ਸਰਕਾਰ ਵੱਲੋਂ ਵੱਖ-ਵੱਖ ਸਮੇਂ ਆਪਣੇ ਕਾਰਜਕਾਲ ਦੌਰਾਨ ਚਾਰ ਵਾਰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਪਿੰਡ ਬਡਰੁੱਖਾਂ ਵਿਖੇ ਸਰਕਾਰੀ ਤੌਰ ਉਤੇ ਰਾਜ ਪੱਧਰੀ ਸਮਾਗਮ ਕਰ ਕੇ ਮਨਾਇਆ ਜਾ ਚੁੱਕਿਆ ਹੈ। ਸੰਨ 1997, 2001, 2007 ਤੇ 2013 ਵਿਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਸਮੇਤ ਕਈ ਵਜ਼ੀਰਾਂ ਵੱਲੋਂ ਸ਼ੇਰ-ਏ-ਪੰਜਾਬ ਦੇ ਸੋਹਲੇ ਗਾਏ ਗਏ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸ਼ੇਰ-ਏ-ਪੰਜਾਬ ਦੇ ਰਾਜ ਵਰਗਾ ਰਾਜ ਦੇਣ ਦਾ ਵਾਅਦਾ ਵੀ ਕੀਤਾ ਗਿਆ। ਸਮਾਗਮਾਂ ਦੌਰਾਨ ਚਾਰ ਵਾਰ ਇਹੋ ਐਲਾਨ ਕੀਤਾ ਗਿਆ ਕਿ ਸ਼ੇਰ-ਏ-ਪੰਜਾਬ ਦੀ ਯਾਦ ਵਿਚ ਇਕ ਸੁੰਦਰ ਪਾਰਕ ਬਣਾ ਕੇ ਉਸ ਵਿਚ ਕਾਂਸੀ ਦਾ ਬੁੱਤ ਲਗਾਇਆ ਜਾਵੇਗਾ, ਪਰ 18 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਸ਼ੇਰ-ਏ-ਪੰਜਾਬ ਦਾ ਬੁੱਤ ਬਡਰੁੱਖਾਂ ਨਹੀਂ ਪੁੱਜਿਆ। ਮੁੱਖ ਮੰਤਰੀ ਦੇ ਐਲਾਨ ਦੇ 16 ਸਾਲ ਬਾਅਦ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਜ਼ਰੂਰ ਬਣਿਆ ਹੈ ਜਿਸ ਵਿਚ ਬੁੱਤ ਲਗਾਉਣ ਵਾਸਤੇ ਥੜ੍ਹਾ ਵੀ ਬਣ ਚੁੱਕਿਆ ਹੈ, ਜੋ ਪਿਛਲੇ ਡੇਢ ਸਾਲ ਤੋਂ ਬੁੱਤ ਦੀ ਉਡੀਕ ਕਰ ਰਿਹਾ ਹੈ।
ਸੰਨ 2007 ਵਿਚ ਸ਼ ਬਾਦਲ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਸ਼ੇਰ-ਏ-ਪੰਜਾਬ ਦੀ ਯਾਦ ਵਿਚ ਪਿੰਡ ਬਡਰੁੱਖਾਂ ਵਿਖੇ ਤਿੰਨ ਕਰੋੜ ਦੀ ਲਾਗਤ ਨਾਲ ਇਕ ਆਦਰਸ਼ ਸਕੂਲ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਸ਼ ਬਾਦਲ ਵੱਲੋਂ ਮੈਡੀਕਲ ਕਾਲਜ ਬਣਾਉਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਦਾ ਸਕੂਲ ਖੋਲ੍ਹਣ ਦੇ ਐਲਾਨ ਵੀ ਹੋ ਚੁੱਕੇ ਹਨ, ਪਰ ਇਹ ਸਭ ਐਲਾਨ ਸਿਰਫ ਕਾਗਜ਼ਾਂ ਤੱਕ ਸੀਮਤ ਹਨ। ਪਿੰਡ ਵਿਚ ਸ਼ੇਰ-ਏ-ਪੰਜਾਬ ਦੀ ਯਾਦ ਵਿਚ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਬਾਬੂ ਸਿੰਘ ਦੀ ਦੇਖ ਰੇਖ ਹੇਠ ਇਕ ਵਿਸ਼ਾਲ ਗੁਰਦੁਆਰਾ ਬਣਾਇਆ ਗਿਆ ਸੀ, ਜਿਸ ਦੇ ਕੰਪਲੈਕਸ ਵਿਚ ਸਿੱਖ ਕੌਮ ਦੇ ਚਾਰ ਜਰਨੈਲਾਂ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਤੇ ਸ਼ਾਮ ਸਿੰਘ ਅਟਾਰੀ ਦੇ ਬੁੱਤ ਸਥਾਪਤ ਕੀਤੇ ਗਏ। ਪਿੰਡ ਦੀ ਸਰਪੰਚ ਹਰਬੰਸ ਕੌਰ ਦਾ ਕਹਿਣਾ ਹੈ ਕਿ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਬਣ ਕੇ ਤਿਆਰ ਹੋ ਚੁੱਕਿਆ ਹੈ, ਸਿਰਫ ਬੁੱਤ ਦੀ ਘਾਟ ਰੜਕ ਰਹੀ ਹੈ। ਪਿੰਡ ਵਿਚ ਮੌਜੂਦ ਇਤਿਹਾਸਕ ਕਿਲ੍ਹੇ ਦੇ ਉਹ ਬੁਰਜ ਨੂੰ ਵੀ ਸਮੇਂ ਦੀ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਸੰਭਾਲਣ ਦੀ ਕੋਈ ਲੋੜ ਨਹੀਂ ਸਮਝੀ ਗਈ, ਜਿਸ ਵਿਚ ਇਤਿਹਾਸਕਾਰਾਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦਾ 13 ਨਵੰਬਰ 1776 ਨੂੰ ਜਨਮ ਹੋਇਆ ਸੀ। ਪਿੰਡ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਜਿਸ ਤਰ੍ਹਾਂ ਕੁੱਪ ਰੋਹੀੜਾ ਵਿਖੇ ਸ਼ਹੀਦਾਂ ਦੀਆਂ ਸ਼ਾਨਦਾਰ ਯਾਦਗਾਰਾਂ ਸਥਾਪਤ ਕੀਤੀਆਂ ਗਈਆਂ ਹਨ, ਉਸੇ ਤਰਜ਼ ‘ਤੇ ਸ਼ੇਰ-ਏ-ਪੰਜਾਬ ਦੀ ਯਾਦਗਾਰ ਸਥਾਪਤ ਕੀਤੀ ਜਾਵੇ।
______________________________________
ਵਿਰੋਧ ਕਾਰਨ ਸਮਾਗਮ ਵਿਚ ਨਾ ਪੁੱਜ ਸਕੇ ਢੀਂਡਸਾ
ਸੰਗਰੂਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਪਿੰਡ ਬਡਰੁੱਖਾਂ ਦੇ ਗੁਰਦੁਆਰੇ ਵਿਚ ਕਰਵਾਏ ਸਮਾਗਮ ਦੌਰਾਨ ਸਿੱਖ ਨੌਜਵਾਨਾਂ ਦੇ ਵਿਰੋਧ ਕਾਰਨ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸ਼ਾਮਲ ਨਹੀਂ ਹੋ ਸਕੇ। ਇਸ ਮੌਕੇ ਸਿੱਖ ਨੌਜਵਾਨ ਕਾਲੀਆਂ ਝੰਡੀਆਂ ਲੈ ਕੇ ਪੰਚਾਇਤ ਵੱਲੋਂ ਰੱਖੇ ਸਮਾਗਮ ਵਾਲੀ ਥਾਂ ਦੇ ਨਜ਼ਦੀਕ ਵੀ ਪੁੱਜ ਗਏ, ਪਰ ਉਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਸ਼ੇਰ-ਏ-ਪੰਜਾਬ ਦਾ ਬੁੱਤ ਲਾਉਣ ਬਾਰੇ ਮੰਤਰੀ ਨੇ ਕਿਹਾ ਕਿ ਬੁੱਤ ਲਈ ਗਰਾਂਟ ਮਨਜ਼ੂਰ ਹੋ ਚੁੱਕੀ ਹੈ ਅਤੇ ਇਸ ਨੂੰ ਛੇਤੀ ਹੀ ਲਗਾ ਦਿੱਤਾ ਜਾਵੇਗਾ।