ਪੰਜਾਬ ਦੇ ਹੋਣਹਾਰ ਵਿਦਵਾਨ ਡਾæ ਸੁਮੇਲ ਸਿੰਘ ਸਿੱਧੂ ਆਪਣੀ ਕਲਮ ਬੜੇ ਸਰਫੇ ਨਾਲ ਚਲਾਉਂਦੇ ਹਨ, ਪਰ ਜਦੋਂ ਇਹ ਕਲਮ ਚੱਲਦੀ ਹੈ ਤਾਂ ਇਸ ਦੀ ਧਾਰ ਬੜੀ ਤਿੱਖੀ ਅਤੇ ਤਲਖ ਹੁੰਦੀ ਹੈ। ਐਤਕੀਂ ਉਨ੍ਹਾਂ ਪੰਜਾਬ ਦੇ ਅੱਜ ਬਾਰੇ ਟਿੱਪਣੀ ਕੀਤੀ ਹੈ ਅਤੇ 10 ਨਵੰਬਰ ਨੂੰ ਹੋਏ ਸਰਬੱਤ ਖਾਲਸਾ ਨੂੰ ਆਧਾਰ ਬਣਾ ਕੇ ਸੰਗਤ ਬਾਰੇ ਗੱਲਾਂ ਤੋਰੀਆਂ ਹਨ। ਉਨ੍ਹਾਂ ਸਾਨੂੰ ਉਸ ਪੰਜਾਬੀ ਸੰਗਤ ਦਾ ਚੇਤਾ ਕਰਵਾਇਆ ਹੈ ਜਿਹੜੀ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਤੱਕ ਫੈਲੀ ਹੋਈ ਹੈ।
ਇਸ ਲੇਖ ਵਿਚ ਉਨ੍ਹਾਂ ਆਪਣੀ ਗੱਲ ਬੜੇ ਸਹਿਜ-ਸੰਤੋਖ, ਪਰ ਪੂਰੇ ਧੜੱਲੇ ਨਾਲ ਰੱਖੀ ਹੈ। ਇਸ ਲੇਖ ਵਿਚ ਸਾਂਝੇ ਕੀਤੇ ਫਿਕਰ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। -ਸੰਪਾਦਕ
ਡਾæ ਸੁਮੇਲ ਸਿੰਘ ਸਿੱਧੂ
ਫੋਨ: +91-94649-84010
ਐਤਕੀਂ 4 ਨਵੰਬਰ ਨੂੰ ਪੰਜਾਬੀਆਂ ਦੀ ਨਿਆਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੁਝ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿਚ ਮੌਜੂਦਾ ਘਟਨਾਵਲੀ ਬਾਬਤ ਆਪਣੀ ਰਾਇ ਰੱਖੀ ਹੈ। ਉਨ੍ਹਾਂ ਕਿਹਾ ਹੈ ਕਿ ਸਰਬੱਤ ਖਾਲਸਾ ਉਦੋਂ ਹੀ ਬੁਲਾਇਆ ਜਾਂਦਾ ਹੈ ਜਦੋਂ ਕੋਈ ਕੌਮੀ ਸੰਕਟ ਹੋਵੇ। ਸੰਸਾਰ ਭਰ ਦੇ ਪ੍ਰਤੀਨਿਧ ਸਿੱਖਾਂ ਦੀ ਹਾਜ਼ਰੀ ਵਿਚ ਰਾਇ ਲਈ ਜਾਂਦੀ ਹੈ ਅਤੇ ਵਿਧਾਨ ਜਾਂ ਰਵਾਇਤ ਅਨੁਸਾਰ ਸਿਰਫ ਸ੍ਰੀ ਅਕਾਲ ਤਖਤ ਦਾ ਜਥੇਦਾਰ ਹੀ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰੀ ਹੈ। ਇਹ ਸਾਰੀਆਂ ਦਰੁਸਤ ਗੱਲਾਂ ਕਹਿ ਕੇ ਉਹ ਅਗਲਾ ਨੁਕਤਾ ਖੜ੍ਹਾ ਕਰਦੇ ਹਨ- “ਮੌਜੂਦਾ ਹਾਲਤ ਅਜਿਹੀ ਨਹੀਂ ਹੈ।” ਉਹ ਕਹਿੰਦੇ ਹਨ ਕਿ 1920 ਵਿਚ ਬੁਲਾਏ ਸਰਬੱਤ ਖਾਲਸਾ ਨੇ ਸ਼੍ਰੋਮਣੀ ਕਮੇਟੀ ਹੋਂਦ ਵਿਚ ਲੈ ਆਂਦੀ ਸੀ ਜਿਸ ਨਾਲ ਗੁਰਦੁਆਰਿਆਂ ਦਾ ਪ੍ਰਬੰਧ Ḕਵਿਅਕਤੀ ਤੋਂ ਸੰਗਤੀ ਰੂਪḔ ਵਿਚ ਤਬਦੀਲ ਹੋ ਚੁੱਕਾ ਹੈ। ਇਸ ਦਲੀਲ ਮੁਤਾਬਕ ਸ਼੍ਰੋਮਣੀ ਕਮੇਟੀ ਹੀ ਹੁਣ ਸਰਬੱਤ ਖਾਲਸਾ ਦਾ ਸੰਸਥਾਈ ਰੂਪ ਹੈ। ਉਨ੍ਹਾਂ ਅਨੁਸਾਰ ਵੀਹਵੀਂ ਸਦੀ ਵਿਚ ਸਿਰਫ ਤਿੰਨ ਵਾਰ ਹੀ ਸਰਬੱਤ ਖਾਲਸਾ ਬੁਲਾਇਆ ਗਿਆ, ਇਸ ਲਈ ਹੁਣ ਇਸ ਦਾ ਬੁਲਾਵਾ ਆਪਣੇ ਹਿੱਤਾਂ ਦੀ ਪੂਰਤੀ ਦਾ ਯਤਨ ਹੀ ਹੈ।
Ḕਪੰਥ ਨੂੰ ਖਤਰੇḔ ਦੇ ਘੰਟੇ ਦੀ ਟਣਨ-ਟਣਨ ਸੁਣਨ ਦੇ ਅਭਿਆਸੀ ਕੰਨਾਂ ਲਈ ਇਹ, ਮੱਕੜ ਸਾਹਿਬ ਵਰਗੇ ਜ਼ਿੰਮੇਵਾਰ ਆਗੂ ਦੀ ਸਿਧਾਂਤਕ ਦਲੇਰੀ ਦਾ ਬਿਆਨ ਵੀ ਹੋ ਸਕਦੀ ਸੀ ਜੇ ਉਨ੍ਹਾਂ ਨੇ ਸਿੱਖ ਲਹਿਰ ਦੀਆਂ ਕ੍ਰਾਂਤੀਕਾਰੀ ਲੋਕ ਮੁਖੀ ਪੰਥਕ ਰਵਾਇਤਾਂ ਦਾ ਹਵਾਲਾ ਨਾ ਦਿੱਤਾ ਹੁੰਦਾ। ਮੌਜੂਦਾ ਹਾਲਤ ਦਾ ਕੱਚ-ਸੱਚ ਲੋਕਾਂ ਨੇ ਸੰਗਤੀ ਰੂਪ ਵਿਚ ਜਥੇਬੰਦ ਹੋ ਕੇ, ਆਪੋ-ਆਪਣੇ ਇਲਾਕਿਆਂ ਵਿਚ ਲੋਕ ਅੰਦੋਲਨ ਛੇੜ ਕੇ ਸਾਹਮਣੇ ਲੈ ਆਂਦਾ ਹੈ। ਜਿਹੜੀਆਂ ਪੰਥਕ ਰਵਾਇਤਾਂ ਦਾ ਹਵਾਲਾ ਦੇ ਕੇ ਸ਼੍ਰੋਮਣੀ ਕਮੇਟੀ ਦੇ “ਵਕਾਰ ਨੂੰ ਖਤਰਾ” ਹੋਣ ਨੂੰ ਕੌਮੀ ਮਸਲਾ ਮਨਵਾਇਆ ਜਾ ਰਿਹਾ ਹੈ, ਉਨ੍ਹਾਂ ਮਹਾਨ ਰਵਾਇਤਾਂ ਦਾ ਘਾਣ ਖੁਦ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਇਹ ਮਸਲਾ ਕੌਮੀ ਮਸਲਾ ਬਣ ਚੁੱਕਾ ਹੈ। ਤੰਗ ਆ ਕੇ ਲੋਕ ਜਦੋਂ ਘਰੋਂ ਨਿਕਲ ਪਏ ਤਾਂ ਅਜਿਹੇ ਵੇਲੇ ਤੱਥਾਂ, ਤਰੀਕਾਂ ਅਤੇ ਹਵਾਲਿਆਂ ਦੇ ਸਹੀ ਬਿਆਨ ਦੇ ਬਾਵਜੂਦ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਤਿਹਾਸ ਦੇ ਇਸ ਪ੍ਰਸੰਗ ਵਿਚ ਅਰਥਾਂ ਦੇ ਅਨਰਥ ਹੋਣ ਨਾਲ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ।
ਸੱਚਾਈ ਇਹ ਹੈ ਕਿ ਮੌਜੂਦਾ ਹਾਲਾਤ ਦੇ ਤਰਕ ਵਿਚੋਂ ਉਠਿਆ ਅੰਦੋਲਨ ਉਸੇ ਅਕਾਲੀ ਲਹਿਰ ਦਾ ਦੂਜਾ ਸੰਸਕਰਨ ਹੈ ਜਿਸ ਨੇ ਸ਼ਾਂਤਮਈ ਅਸਹਿਯੋਗ ਅੰਦੋਲਨ ਦੇ ਜ਼ਰੀਏ 1920 ਦੇ ਦਹਾਕੇ ਵਿਚ ਗੁਰਦੁਆਰਿਆਂ Ḕਤੇ ਕਾਬਜ਼ ਮਹੰਤਾਂ ਦੀ ਅੰਗਰੇਜ਼ ਸਰਕਾਰ ਨਾਲ ਮਿਲੀਭੁਗਤ ਖਿਲਾਫ ਗੁਰਮਰਿਆਦਾ ਦੀ ਬਹਾਲੀ ਤੋਂ ਸ਼ੁਰੂ ਹੋ ਕੇ ਦੇਸ਼ ਨੂੰ ਵੱਡਾ ਗੁਰਦੁਆਰਾ ਕਹਿ ਕੇ ਕੌਮੀ ਆਜ਼ਾਦੀ ਦੇ ਸੰਘਰਸ਼ ਵਿਚ ਲਾਸਾਨੀ ਯੋਗਦਾਨ ਦਿੱਤਾ। ਅੰਗਰੇਜ਼ ਹਕੂਮਤ ਦੇ ਜਮਹੂਰੀ, ਸਭਿਅਕ ਅਤੇ ਪ੍ਰਗਤੀਸ਼ੀਲ ਹੋਣ ਦੇ ਦਾਅਵਿਆਂ ਦੀ ਕੂੜ ਦੀ ਕੰਧ ਨੂੰ ਢਾਹੁਣ ਲਈ ਆਪਣੀ ਅਹਿੰਸਕ ਪਹੁੰਚ, ਸਾਂਝੀਵਾਲਤਾ ਦੇ ਸਿਧਾਂਤ ਅਤੇ ਸਮੂਹ ਹਿੰਦੁਸਤਾਨੀਆਂ ਦੇ ਪ੍ਰਤਿਨਿਧ ਵਜੋਂ ਅਗਵਾਈ ਦਿੱਤੀ। ਪੰਜਾਬੀ ਇਤਿਹਾਸ ਦੀ ਰੌਸ਼ਨ ਵਿਰਾਸਤ ਨੂੰ ਗ਼ਦਰੀ ਬਾਬਿਆਂ ਦੀ ਕੁਰਬਾਨੀ ਦੇ ਅਗਲੇਰੇ ਪੜਾਅ ਵਜੋਂ ਅਗਾਂਹ ਤੋਰਿਆ। ਸਮੇਂ ਦੀ ਬਣਤਰ ਨੂੰ ਆਪਣੇ ਕਮਾਏ ਵਿਵੇਕ ਨਾਲ ਸੀਖਿਆ। ਹਿੰਦੂ, ਮੁਸਲਮਾਨ ਅਤੇ ਈਸਾਈਆਂ ਦਾ ਇਸ ਲਹਿਰ ਦੀ ਸਫਲਤਾ ਵਿਚ ਅਹਿਮ ਯੋਗਦਾਨ ਹੈ। ਪਾਦਰੀ ਐਫ਼ਸੀæ ਐਂਡਰਿਊਜ਼, ਡਾæ ਸੈਫੁਦੀਨ ਕਿਚਲੂ, ਡਾæ ਸੱਤਿਆਪਾਲ ਆਦਿ ਕੁਝ ਵੱਡੇ ਅਕਾਲੀ ਅੰਦੋਲਨਕਾਰੀਆਂ ਦੇ ਨਾਂ ਹਨ। ਮੱਕੜ ਸਾਹਿਬ ਨੂੰ ਯਾਦ ਕਰਵਾ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਸ ਮਹਾਨ ਲੋਕ ਲਹਿਰ ਦਾ ਜਥੇਬੰਦਕ ਅਤੇ ਸੰਗਤੀ ਨਿਸ਼ਾਨ ਹੈ।
ਆਪਣੇ ਇਸੇ ਇਤਿਹਾਸ ਨੂੰ ਦਾਗਦਾਰ ਕਰ ਕੇ ਇਨ੍ਹਾਂ ਦੋਹਾਂ ਸੰਸਥਾਵਾਂ Ḕਤੇ ਕਾਬਜ਼ ਵਿਅਕਤੀਆਂ ਦੀ ਹਿੱਤ-ਸਿੱਧੀ ਵਾਸਤੇ ਪੰਜਾਬੀਆਂ ਦੇ ਮਹਾਨ ਕਾਰਜ ਦਾ ਹਵਾਲਾ ਦੇਣਾ ਕਿਤੇ ਨਾ ਕਿਤੇ ਮਹੰਤਾਂ/ਮਸੰਦਾਂ/ਸਰਬਰਾਹਾਂ ਦੀ ਲੋਕ ਦੋਖੀ ਮਾਨਸਿਕਤਾ ਦੀ ਓਟ ਲੈਣਾ ਹੈ। ਅਸਲ ਵਿਚ 1920ਵਿਆਂ ਵਿਚ ਗੁਰਦੁਆਰਿਆਂ Ḕਤੇ ਕਾਬਜ਼ ਮਹੰਤ ਆਪਣੀਆਂ ਕਰਤੂਤਾਂ, ਭ੍ਰਿਸ਼ਟ ਆਚਰਨ ਅਤੇ ਰਾਜ ਸੱਤਾ ਦੇ ਸੰਦ ਹੋਣ ਦੀ ਸੱਚਾਈ ਨੂੰ ਢਕਣ ਲਈ 18ਵੀਂ ਸਦੀ ਦੇ ਮੁਸ਼ਕਿਲ ਦੇ ਦੌਰ ਵਿਚ ਧਰਮਸਾਲ ਦੇ ਪ੍ਰਬੰਧ ਕਰਨ ਨੂੰ ਆਪਣੀ ਅਦੁੱਤੀ ਪੰਥਕ ਸੇਵਾ ਵਜੋਂ ਪੇਸ਼ ਕਰਦੇ ਸਨ। ਉਦੋਂ ਮਸਲਾ ਗੁਰਮਰਿਆਦਾ ਦੀ ਬਹਾਲੀ ਤੋਂ ਵਧ ਕੇ ਸਿੱਖ ਵਿਚਾਰਾਧਾਰਾ ਅਤੇ ਸਿੱਖ ਲਹਿਰ ਦੇ ਨਵੇਂ ਹਾਲਾਤ ਵਿਚ ਪ੍ਰਸੰਗਿਕਤਾ ਦੇ ਨਿਰਮਾਣ ਨਾਲ ਜੁੜ ਗਿਆ। ਆਧੁਨਿਕ ਦੌਰ ਵਿਚ ਨਵੀਆਂ ਕਦਰਾਂ-ਕੀਮਤਾਂ ਦੀ ਉਸਾਰੀ ਦੇ ਨਾਲ ਹੀ ਉਸ ਸਮੇਂ ਦੇ ਭਖਦੇ ਮੁੱਦੇ- ਆਜ਼ਾਦੀ ਸੰਘਰਸ਼, ਵਿਚ ਹਿੱਸੇਦਾਰੀ ਕਰਨ ਨੂੰ ਹੀ ਸਿੱਖ ਨੈਤਿਕਤਾ ਦਾ ਪੈਮਾਨਾ ਮੰਨ ਲਿਆ ਗਿਆ। ਇਸ ਸਾਰੇ ਸਿਰਜਣਾਤਮਕ ਮਾਹੌਲ ਦਾ ਅਸਰ ਜਵਾਨ ਹੋ ਰਹੇ ਪੰਜਾਬੀ ਨੌਜਵਾਨਾਂ ਦੀ ਪੀੜ੍ਹੀ ਉਤੇ ਪੈਣਾ ਸ਼ੁਰੂ ਹੋਇਆ ਅਤੇ ਸ਼ਹੀਦ ਭਗਤ ਸਿੰਘ, ਗ਼ਦਰੀ ਵਿਚਾਰਵਾਨ ਭਾਈ ਸੰਤੋਖ ਸਿੰਘ ਧਰਦਿਓ, ਗਿਆਨੀ ਹੀਰਾ ਸਿੰਘ ਦਰਦ ਆਦਿ ਇਸੇ ਦਹਾਕੇ ਵਿਚ ਨਵੀਂ ਚੇਤਨਾ ਦੇ ਚਿੰਨ੍ਹ ਬਣੇ।
ਗੁਜ਼ਰੇ ਸਮੇਂ Ḕਤੇ ਝਾਤ ਮਾਰੀਏ ਤਾਂ ਹੁਣ ਲਗਭਗ ਇੱਕ ਸਦੀ ਬੀਤਣ ਮਗਰੋਂ ਪੰਥ ਕੋਲ ਉਸ ਮਹਾਨ ਲੋਕ ਲਹਿਰ ਦੀ ਸਾਂਝੀਵਾਲਤਾ ਦੇ ਤਰੀਕਾਕਾਰ ਰਾਹੀਂ ਪੰਜਾਬੀ ਭਾਈਚਾਰੇ ਦੇ ਸਰਬੱਤ ਦੀ ਆਜ਼ਾਦੀ ਨਾਲ ਰਿਸ਼ਤੇ ਨੂੰ ਗੰਢਣ ਤੋਂ ਬਗੈਰ ਹੋਰ ਕੋਈ ਪ੍ਰਾਪਤੀ ਨਹੀਂ ਹੈ। ਪੰਜਾਬੀਆਂ ਦੀ ਬਾਗੀਆਨਾ ਬਿਰਤੀ ਨੂੰ ਸਮੇਂ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਹਮੇਸ਼ਾ ਖੁੰਢਾ ਕਰਨ ਦੀਆਂ ਸਾਜ਼ਿਸ਼ਾਂ ਸਿਰੇ ਚਾੜ੍ਹੀਆਂ ਤਾਂ ਇਸ ਵਿਚ ਵੱਡਾ ਕਸੂਰ ਪੰਥਕ ਆਗੂਆਂ, ਸ਼੍ਰੋਮਣੀ (ਕਮੇਟੀ+ਦਲ) ਅਤੇ ਹੋਰ ḔਸਿੱਖḔ ਵਿਦਵਾਨਾਂ ਦੀ ਵਿਵੇਕਹੀਣਤਾ ਦਾ ਵੀ ਹੈ। ਸਿੱਟਾ ਇਹ ਨਿਕਲਿਆ ਕਿ ਪੰਜਾਬੀਆਂ ਦੀਆਂ ਪੰਥਕ ਰਵਾਇਤਾਂ ਲਈ ਕੀਤੀ ਸਾਂਝੀ ਸੁਹਿਰਦ ਕੁਰਬਾਨੀ ਨੇ ਆਪਣੀ ਭਾਵਨਾ ਦੇ ਹਾਣ ਦਾ ਵਿਚਾਰਕ ਬੇੜਾ ਬੰਨ੍ਹਣ ਵਿਚ 1920 ਤੋਂ ਮਗਰੋਂ ਇਤਿਹਾਸਕ ਸ਼ਿਕਸਤ ਖਾਧੀ ਹੈ।
ਦੁਬਾਰਾ ਆਖਣ ਦੀ ਲੋੜ ਹੈ ਕਿ ਆਮ ਲੋਕਾਂ ਦੇ ਨੈਤਿਕ ਸੰਸਾਰ ਵਿਚ ਖਲਲ ਪੈਂਦਾ ਹੈ ਤਾਂ ਉਹ ਨਵੇਂ ਰਾਹ ਲੱਭਣ ਵੱਲ ਤੁਰਦੇ ਹਨ। ਪੁਰਾਣੇ ਜਾਂ ਦਿੱਤੇ ਹੋਏ ਦੀ ਪਰਖ ਪੜਚੋਲ ਕਰਦੇ ਹਨ। ਇਸੇ ਪੜਚੋਲ ਵਿਚੋਂ ਨਵੇਂ ਦੌਰ ਦੀ ਨੁਹਾਰ ਦੇ ਨਕਸ਼ ਵੀ ਹੌਲੀ-ਹੌਲੀ ਦਿਸਣੇ ਸ਼ੁਰੂ ਹੋ ਜਾਂਦੇ ਹਨ। ਆਪਣੇ ਨਰੋਏ ਜਜ਼ਬੇ ਨੂੰ ਵਿਚਾਰ ਵਜੋਂ ਸਥਿਰ ਕਰਨਾ ਇਸ ਕਾਰਜ ਦਾ ਪਹਿਲਾ ਪੜਾਅ ਹੈ। ਦੂਜਾ ਪੜਾਅ ਵਿਚਾਰ ਨੂੰ ਅਮਲ ਵਿਚ ਲਿਆ ਕੇ ਕਿਸੇ ਨਿੱਗਰ, ਸੁਹੰਢਣੀ, ਲੋਕ ਮੁਖੀ ਸੰਸਥਾ ਵਜੋਂ ਸਥਾਪਤ ਕਰਨ ਦੇ ਸੰਘਰਸ਼ ਨਾਲ ਜੁੜਦਾ ਹੈ। ਇਹ ਪ੍ਰਕਿਰਿਆ ਪ੍ਰੌੜਤਾ, ਪਕਿਆਈ ਤੇ ਗਿਆਨ ਦੀ ਮੰਗ ਕਰਦੀ ਹੈ ਅਤੇ ਸਿੱਖ ਲਹਿਰ ਦੇ ਬਾਨੀਆਂ ਨੇ ਇਸ ਨੂੰ ਪਰਵਾਨ ਚਾੜ੍ਹ ਕੇ ਪੰਜਾਬੀ ਸਭਿਅਤਾ ਦਾ ਸਿਰ ਉੱਚਾ ਕੀਤਾ। ਗੁਰੂ ਨਾਨਕ ਦੇ ਸਿਧਾਂਤਕ ਦਿਸਹੱਦਿਆਂ ਦੀ ਲੋਅ ਵਿਚ ਹੋਰ ਗੁਰੂ ਸਾਹਿਬਾਨ ਨੇ ਲੋਕਾਈ ਦੀ ਬੋਲੀ ਪੰਜਾਬੀ ਵਿਚ ਸ਼ਬਦ ਰਚਨਾ ਤੋਂ ਚੱਲ ਕੇ ਆਦਿ ਗ੍ਰੰਥ ਦੀ ਸੰਪਾਦਨਾ ਰਾਹੀਂ ਵਿਚਾਰਕ ਅਤੇ ਸੰਸਥਾਈ ਆਸਣ ਕਾਇਮ ਕਰ ਲਿਆ। ਗੁਰੂ ਅਰਜਨ ਨੇ ਆਪਣੇ ਵਿਚਾਰ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਸਿੱਖ ਲਹਿਰ ਦੇ ਅਗਲੇਰੇ ਪੜਾਅ ਲਈ ਸ੍ਰੀ ਅਕਾਲ ਤਖਤ ਦੀ ਸਿਰਜਣਾ ਹੋਈ ਜਿਸ ਤੋਂ ਬਾਅਦ ਖਾਲਸਾ ਸਾਜਣ ਦਾ ਪ੍ਰਸੰਗ ਆਉਂਦਾ ਹੈ। ਕੋਈ 200 ਸਾਲ ਤੱਕ ਗੁਰੂਆਂ ਦੀ ਸਰਬਪੱਖੀ ਅਗਵਾਈ ਹੇਠ ਵਿਚਾਰਧਾਰਕ ਬੇੜਾ ਬੰਨ੍ਹਿਆ ਗਿਆ। ਸਰਬੱਤ ਦੀ ਆਜ਼ਾਦੀ ਲਈ ਜੂਝਣ ਦਾ ਸੰਕਲਪ ਧਾਰਨ ਕਰਨ ਵਾਲੀ ਇਹ ਪ੍ਰਕਿਰਿਆ ਇਸ ਖਿੱਤੇ ਦੇ ਸਾਰੇ ਪੰਜਾਬੀਆਂ ਦੀ ਸਾਂਝੀ ਵਿਰਾਸਤ ਹੈ।
ਵੀਹਵੀਂ ਸਦੀ ਦਾ ਮਹਾਨ ਪੰਜਾਬੀ ਕਵੀ ਸਾਹੋਕਿਆਂ ਦਾ ਬਾਬੂ ਰਜਬ ਅਲੀ ਇਸੇ ਨੈਤਿਕ ਸੰਸਾਰ ਦੇ ਹਵਾਲੇ ਨਾਲ ਲੋਕ ਨਾਇਕ ਗੁਰੂ ਗੋਬਿੰਦ ਸਿੰਘ ਦੀ ਕਰਨੀ ਨੂੰ Ḕਦਸਮੇਸ਼ ਮਹਿਮਾ ਦੇ ਕਬਿੱਤḔ ਰਾਹੀਂ ਸਜਦਾ ਕਰਦਾ ਹੈ: Ḕਗੁਰੂ ਪੰਜ ਕੱਕਿਆਂ ਵਾਲੇ, Ḕਤੇ ਕਰਾਰਾਂ ਪੱਕਿਆਂ ਵਾਲੇ।Ḕ ਇਹ ਸੁਣਨ ਨੂੰ ਸਾਧਾਰਨ ਸਤਰਾਂ ਦਰਅਸਲ ਉਸ ਇਤਿਹਾਸਕ ਪ੍ਰਕਿਰਿਆ ਦੇ ਪੰਜਾਬੀ ਖਮੀਰ ਵਿਚ ਰਚ-ਮਿਚ ਜਾਣ ਦੀ ਉਦਾਹਰਨ ਹਨ ਜਿਸ ਦਾ ਜ਼ਿਕਰ ਉਪਰ ਹੋਇਆ ਹੈ। ਪੰਜਾਬੀ ਮੁਸਲਮਾਨ ਦਾ ਪੰਜ ਕਕਾਰਾਂ ਦੀ ਖਾਲਸਾਈ ਸ਼ਾਨ ਦਾ ਜ਼ਿਕਰ ਦਰਅਸਲ ਸਿੱਖ ਲਹਿਰ ਦੇ ਸਾਂਝੀਵਾਲਤਾ ਵਾਲੇ ਸਿਧਾਂਤਕ ਮੁਹਾਜ਼ ਦੀ ਪਰਪੱਕਤਾ ਦੀ ਵਡਿਆਈ ਹੈ। ਅਜੋਕੇ ਮਾਹੌਲ ਵਿਚ Ḕਮਰਿਆਦਾ ਬਹਾਲੀḔ ਦੇ ਅੰਦੋਲਨਕਾਰੀਆਂ ਦੇ ਗੌਰ ਕਰਨ ਹਿਤ ਨੁਕਤਾ ਹੈ ਕਿ ਬਾਬੂ ਰਜਬ ਅਲੀ ਇਸ ਸਾਂਝੀ ਪ੍ਰਾਪਤੀ ਦੇ ਵੱਡੇ ਬੁਲਾਰੇ ਵਜੋਂ ਸਾਹਮਣੇ ਆਉਂਦੇ ਹਨ, ਪਰ ਨਾਲ ਹੀ ਉਹ Ḕਪੰਜ ਕੱਕਿਆਂḔ ਨੂੰ Ḕਕਰਾਰਾਂ ਪੱਕਿਆਂḔ ਨਾਲ ਜੋੜ ਕੇ ਮਹਾਨ ਵਿਚਾਰਧਾਰਕ ਕਾਰਜ ਸਿਰੇ ਚਾੜ੍ਹਦੇ ਹਨ। ਯਾਦ ਕਰਵਾਉਂਦੇ ਹਨ ਕਿ ਹੱਕ, ਸੱਚ, ਇਨਸਾਫ, ਸਾਂਝੀਵਾਲਤਾ, ਸਰਬੱਤ ਦੀ ਆਜ਼ਾਦੀ ਦੇ ਪੱਕੇ ਇਕਰਾਰਾਂ ਬਿਨਾਂ ਸਿੱਖ ਜਜ਼ਬਾ ਆਪਣੇ ਵਿਚਾਰਕ ਸਿਖਰ ਤੋਂ ਤਿਲਕ ਕੇ ਸਿਰਫ ਸਿੱਖ ਭਾਈਚਾਰੇ ਦੇ ਫੌਰੀ ਹਿਤ ਸਾਧਣ ਦੀ ਸੌੜੀ ਸਿਆਸਤ ਦੀ ਮਾਰ ਵਿਚ ਆ ਜਾਂਦਾ ਹੈ। ਸਰਬੱਤ ਖਾਲਸਾ ਬੁਲਾਉਣ ਵਾਲੀਆਂ ਧਿਰਾਂ ਦੀ ਪਰਖ ਦੀ ਕਸਵੱਟੀ ਵੀ ਇਹੀ ਨੁਕਤਾ ਹੈ। ਕੀ ਉਥੇ ਹੋਈਆਂ ਵਿਚਾਰਾਂ ਜਾਂ ਪਾਸ ਕੀਤੇ ਗੁਰਮਤੇ, ਲੋਕ ਮਾਨਤਾ ਹਾਸਲ ਕਰ ਚੁੱਕੇ ਇਨ੍ਹਾਂ Ḕਪੱਕੇ ਇਕਰਾਰਾਂḔ ਦੀ ਗੁਰਮਤ ਨੂੰ ਢਾਹ ਲਾਉਣ ਦਾ ਕੰਮ ਤਾਂ ਨਹੀਂ ਕਰਨਗੇ?
ਇਸ ਪੜਾਅ ਉਤੇ ਕੁਝ ਸਿੱਖ ਜਥੇਬੰਦੀਆਂ, ਸੰਗਠਨਾਂ ਅਤੇ ਸ਼ਖਸੀਅਤਾਂ ਵੱਲੋਂ 10 ਨਵੰਬਰ ਨੂੰ ਬੁਲਾਏ Ḕਸਰਬੱਤ ਖਾਲਸਾḔ ਦਾ ਏਜੰਡਾ ਅਤੇ ਅਗਲੇਰੇ ਪੜਾਅ ਤੱਕ ਜਾਣ ਲਈ ਇਸ ਇਕੱਠ ਦੀ ਰਣਨੀਤਕ ਮਹੱਤਤਾ ਤਾਂ ਸਾਫ ਦਿਸਦੀ ਹੈ, ਪਰ ਨਾਲ ਹੀ ਖਦਸ਼ਾ ਵੀ ਸੀ ਕਿ ਆਗੂ ਧਿਰਾਂ ਦੀਆਂ ਆਪਸੀ ਵੰਡੀਆਂ, ਵਖਰੇਵੇਂ ਅਤੇ ਵਿਵਾਦ ਇਸ ਉੱਦਮ ਨੂੰ ਦਾਗੀ ਕਰ ਸਕਦੇ ਹਨ। ਇਸ ਪ੍ਰਸੰਗ ਵਿਚ ਇਹ ਸਵਾਗਤਯੋਗ ਨੁਕਤਾ ਹੈ ਕਿ ਖਾਲਿਸਤਾਨ ਵਰਗੇ ਪੰਜਾਬ-ਮਾਰੂ ਮੁੱਦੇ ਨੂੰ ਇਸ ਵਿਚੋਂ ਬਾਹਰ ਕਰ ਦਿੱਤਾ ਗਿਆ। ਸਾਂਝੀਵਾਲਤਾ, ਅਹਿੰਸਾ ਅਤੇ ਲੋਕਾਈ ਦੇ ਏਕੇ ਦੀ ਇਹ ਮਹੱਤਵਪੂਰਨ ਸਫਲਤਾ ਹੈ। ਅਖਬਾਰੀ ਰਿਪੋਰਟਾਂ ਮੁਤਾਬਕ ਤਿੰਨ ਜਥੇਦਾਰਾਂ ਦੀ ਛਾਂਟੀ ਕਰ ਕੇ; ਉਨ੍ਹਾਂ ਦੀ ਯੋਗਤਾ ਤੇ ਅਧਿਕਾਰਾਂ ਬਾਰੇ ਨਿਰਣਾ ਕਰਨਾ; ਸ਼੍ਰੋਮਣੀ ਕਮੇਟੀ ਦੀ ਕਾਰੁਜ਼ਗਾਰੀ ਬਾਰੇ ਚਰਚਾ ਆਦਿ ਏਜੰਡੇ ਵਿਚ ਸ਼ਾਮਿਲ ਸਨ। ਇਸ ਸਭ ਬਾਰੇ ਸੱਤ ਨਵੰਬਰ ਨੂੰ ਅੰਮ੍ਰਿਤਸਰ ਵਿਖੇ Ḕਅੰਤਿਮ ਰੂਪḔ ਦਿੱਤਾ ਜਾ ਚੁੱਕਾ ਸੀ। ਪ੍ਰੈੱਸ ਵਾਰਤਾ ਰਾਹੀਂ ਆਗੂ ਧਿਰਾਂ ਨੇ ਸਰਬੱਤ ਖਾਲਸਾ ਵਿਚ ਖਾਲਿਸਤਾਨ ਸਮੇਤ ਸਾਰੇ ਕੌਮੀ ਮੁੱਦਿਆਂ Ḕਤੇ ਚਰਚਾ ਕਰਨ ਲਈ ਆਪਣਾ ਰਾਹ ਖੁੱਲ੍ਹਾ ਰੱਖਿਆ।
Ḕਸਰਬੱਤ ਖਾਲਸਾḔ ਦੇ ਪ੍ਰਸੰਗ ਵਿਚ 10 ਨਵੰਬਰ ਤੋਂ ਪਹਿਲਾਂ ਜਿਹੜੇ ਖਦਸ਼ੇ ਸਾਂਝੇ ਕਰਨ ਨੂੰ ਜੀਅ ਕਰਦਾ ਸੀ, ਗੱਲ ਅੱਗੇ ਤੋਰਨ ਤੋਂ ਪਹਿਲਾਂ ਇਨ੍ਹਾਂ Ḕਤੇ ਰਤਾ ਕੁ ਨਿਗ੍ਹਾ ਮਾਰਨੀ ਵਾਜਬ ਹੋਵੇਗੀ:
1æ ਕੀ ਦਸ ਨਵੰਬਰ ਦੇ ਇਕੱਠ ਨੂੰ ਸਰਬੱਤ ਖਾਲਸਾ ਕਹਿਣਾ ਜ਼ਰੂਰੀ ਹੈ? ਸਾਰੇ ਖਿੱਤਿਆਂ ਵਿਚ ਵਸਦੇ ਪੰਜਾਬ ਦੀ ਨੁਮਾਇੰਦਗੀ ਲਈ ਕੀ ਪੈਮਾਨਾ ਰੱਖਿਆ ਗਿਆ? ਇਹ ਦਰੁਸਤ ਨਹੀਂ ਹੋਵੇਗਾ ਕਿ ਇਸ ਇਕੱਠ ਨੂੰ ਨੇੜ-ਭਵਿੱਖ ਵਿਚ ਸਰਬੱਤ ਖਾਲਸਾ ਬੁਲਾਉਣ ਦੀ ਸਿਧਾਂਤਕ, ਵਿਹਾਰਕ ਅਤੇ ਜਥੇਬੰਦਕ ਤਿਆਰੀ ਦੇ ਰੂਪ ਵਿਚ ਵਿਉਂਤਿਆ ਜਾਵੇ?
2æ ਸ਼੍ਰੋਮਣੀ ਕਮੇਟੀ ਦੀ ਵਿਧਾਨਕ ਮਾਨਤਾ ਨੂੰ ਇਸ ਦੇ ਅਹੁਦੇਦਾਰਾਂ ਦੇ ਬੇਅਸੂਲੇ, ਬੇਥ੍ਹਵੇ ਅਤੇ ਜਲਦਬਾਜ਼ੀ ਵਿਚ ਕੀਤੇ ਆਪਾ-ਵਿਰੋਧੀ ਨਿਰਣਿਆਂ ਨੇ ਘੱਟੇ ਰੋਲ਼ ਦਿੱਤਾ ਹੈ। ਕਾਹਲ ਵਿਚ ਕੱਚੇ-ਪੱਕੇ ਆਪਸੀ ਸਮਝੌਤਿਆਂ, Ḕਰਾਤ ਦੀਆਂ ਮੀਟਿੰਗਾਂḔ ਅਤੇ ਏਜੰਡਿਆਂ ਨੂੰ Ḕਅੰਤਿਮ ਰੂਪḔ ਦੇਣ ਦੇ ਕੱਚ-ਘਰੜ ਫੈਸਲਿਆਂ ਨਾਲ ਆਪਣੀ ਜਾਇਜ਼ਕਰਾਰੀ ਹਾਸਲ ਕਰਨ ਵਿਚ ਨਾਕਾਮ ਨਹੀਂ ਹੋ ਜਾਵਾਂਗੇ?
3æ ਵਿਸ਼ਾਲ ਚਰਚਾ ਨਾਲ, ਡੂੰਘੀ ਵਿਚਾਰ ਨਾਲ ਹੀ ਕੋਈ ਭਾਈਚਾਰਾ ਆਪਣੀ ਪ੍ਰੌਢਤਾ ਨੂੰ ਇਸ ਗਲੋਬਕਾਰੀ ਦੇ ਯੁਗ ਨਾਲ ਮੇਚ ਸਕਦਾ ਹੈ। ਜ਼ਰੂਰੀ ਹੈ ਕਿ ਏਜੰਡੇ ਤੈਅ ਕਰਨ ਵਿਚ ਪਾਰਦਰਸ਼ਤਾ, ਸਮਾਜਕ ਇਨਸਾਫ ਅਤੇ ਸਾਂਝੀਵਾਲਤਾ ਦੇ ਗਾਡੀ ਰਾਹੀਂ ਅੱਗੇ ਵਧੀਏ। ਇਉਂ ਅਸੀਂ ਰਾਜਨੀਤਕ ਧਿਰਾਂ ਦੀ ਫੌਰੀ ਲਾਹਾ ਲੈਣ ਦੀ ਪ੍ਰਵਿਰਤੀ ਨਕਾਰ ਕੇ ਸੁਹੰਢਣੇ, ਸਦਭਾਵੀ ਤੇ ਸਦਗੁਣੀ ਸਭਿਆਚਾਰ ਦੇ ਸੰਤ ਸਿਪਾਹੀਆਂ ਵਜੋਂ ਜ਼ਿੰਮੇਵਾਰੀ ਨਿਭਾਅ ਸਕਾਂਗੇ।
4æ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਕਰ ਕੇ ਅਤੇ ਨਿਰਦੋਸ਼, ਅਮਨ ਪੂਰਵਕ ਮੁਜ਼ਾਹਰਾ ਕਰ ਰਹੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਪੁਲਿਸ ਹੱਥੋਂ ਹੱਤਿਆ ਕਰ ਕੇ ਪੰਜਾਬੀਆਂ ਦੀ ਆਪਸੀ ਸਾਂਝ ਨੂੰ ਲਾਂਬੂ ਲਾਉਣ ਦੀਆਂ ਹੋਛੀਆਂ ਚਾਲਾਂ ਨੂੰ ਪੰਜਾਬੀ ਸੰਗਤਾਂ ਦੇ ਆਪਸੀ ਏਕੇ ਅਤੇ ਵਿਵੇਕ ਨਾਲ ਪਛਾੜ ਦਿੱਤਾ ਗਿਆ ਹੈ। ਭਰਾ-ਮਾਰੂ ਜੰਗ ਤੋਂ ਕਿਨਾਰਾ ਕਰ, ਪੰਜਾਬੀਆਂ ਨੇ ਪੰਜਾਬ ਸਰਕਾਰ ਦੇ ਅਹਿਲਕਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਰੀਆਂ ਦੇ ਅਸ਼ਲ਼ੀਲ ਨੈਤਿਕਚਾਰੇ ਨੂੰ ਸਗੋਂ ਕਟਿਹਰੇ ਵਿਚ ਖੜ੍ਹਾ ਕਰ ਲਿਆ ਹੈ। ਲੋਕਾਂ ਦਾ ਜਜ਼ਬਾ, ਕੁਰਬਾਨੀ ਅਤੇ ਅਗਵਾਈ ਨੂੰ ਜਲਦਬਾਜ਼ੀ ਵਿਚ ਸਾਡੇ ਬਿਆਨਾਂ, ਕਾਰਵਾਈਆਂ ਜਾਂ ਫੈਸਲਿਆਂ ਨਾਲ ਕੋਈ ਠੇਸ ਨਹੀਂ ਪੁੱਜਣੀ ਚਾਹੀਦੀ।
5æ ਦਸ ਨਵੰਬਰ ਨੂੰ ਹੀ Ḕਸਰਬੱਤ ਖਾਲਸਾḔ ਕਾਹਲ ਨਾਲ ਬੁਲਾਉਣ ਪਿਛੇ ਦਰਅਸਲ ਲੋਕਾਈ ਬਾਬਤ ਸਾਡੀ ਤਿਰਸਕਾਰ ਦੀ ਭਾਵਨਾ ਅਤੇ ਗੈਰਯਕੀਨੀ ਵੀ ਦਿਸਦੀ ਹੈ। ਆਗੂ ਧਿਰਾਂ ਦਾ ਡਰ ਹੈ ਕਿ ਲੋਕਾਂ ਦੇ ਰੋਹ ਦੀ ਅੱਗ ਮੱਠੀ ਨਾ ਪੈ ਜਾਵੇ! ਇਨ੍ਹਾਂ ਸੰਤਾਪੇ ਹੋਏ Ḕਵਿਹਾਰਕ ਯੁੱਧਨੀਤੀਕਾਰਾਂḔ ਦਾ ਅਸਲੀ ਡਰ ਸਗੋਂ ਲੋਕਾਂ ਦੇ ਅਗਾਂਹ ਨਿਕਲ ਜਾਣ ਦੇ ਭੈਅ ਨਾਲ ਫਾਥਾ ਹੋਇਆ ਹੈ। ਸਾਡਾ ਮੰਨਣਾ ਹੈ ਕਿ ਸੰਗਤ ਦੀ ਅਗਵਾਈ ਤੇ ਭਰੋਸਾ ਰੱਖਿਆ ਜਾਵੇ। ਇਸ ਮਹਾਨ ਅੰਦੋਲਨ ਦਾ ਆਤਮਕ, ਸਦਾਚਾਰਕ ਬਲ ਸੰਗਤ ਦੀ ਕਮਾਈ ਹੈ, ਅਮਾਨਤ ਹੈ। ਸੰਗਤ ਨੇ ਆਪਣੀ ਸੱਟ ਦੀ ਨੁਮਾਇਸ਼ ਨਹੀਂ ਲਗਾਈ, ਸਗੋਂ ਸੰਜਮੀ ਸਦਾਚਾਰਕ ਅਭਿਆਸ ਨਾਲ ਅਹਿੰਸਕ ਰਹਿੰਦਿਆਂ ਸੱਚ ਦਾ ਨਾਮ ਕਮਾਇਆ ਹੈ। ਸੰਗਤ ਸਿਰਫ ਤੈਅ-ਸ਼ੁਦਾ ਏਜੰਡੇ ਤੇ ਜੈਕਾਰੇ ਗਜਾ ਕੇ ਰਸਮੀ ਪ੍ਰਵਾਨਗੀ ਦੇਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ; ਸਗੋਂ ਏਜੰਡਾ ਤੈਅ ਕਰਨ ਤੋਂ ਲੈ ਕੇ ਰਾਇ ਰੱਖਣ ਅਤੇ ਨਿਰਣਾ ਕਰਨ ਵਿਚ ਸਰਗਰਮ ਭਾਈਵਾਲ ਵਜੋਂ ਸਾਹਮਣੇ ਆਉਣੀ ਚਾਹੀਦੀ ਹੈ।
6æ ਪੰਜਾਬ ਵਿਚ ਔਰਤਾਂ ਅਤੇ ਦਲਿਤ ਭਾਈਚਾਰੇ ਨੇ ਲਗਭਗ ਸਾਰੇ ਅੰਦੋਲਨਾਂ -ਖਾਸ ਕਰ ਕੇ ਕਿਸਾਨ ਮੋਰਚਾ, ਮੋਗਾ ਬੱਸ ਕਾਂਡ, ਮਰਿਆਦਾ ਬਹਾਲੀ ਅੰਦੋਲਨ ਆਦਿ ਵਿਚ ਸਰਗਰਮ ਭੂਮਿਕਾ ਨਿਭਾਈ ਹੈ। ਸਾਡੇ ਸਮਾਜ ਵਿਚ ਇਨ੍ਹਾਂ ਦੋਵੇਂ ਧਿਰਾਂ ਦੇ ਸਮਾਜਕ-ਸਭਿਆਚਾਰਕ ਸ਼ੋਸ਼ਣ ਦਾ ਸਵਾਲ ਸਾਡੀ ਚੇਤਨਾ Ḕਚੋਂ ਲਗਭਗ ਗੈਰਹਾਜ਼ਰ ਹੈ। ਇਸ ਇਕੱਠ ਵਿਚ ਜੇ ਇਹ ਮੁੱਦਾ ਨਹੀਂ ਵਿਚਾਰਿਆ ਜਾਂਦਾ ਤਾਂ ਇਹ ਸਾਡੀ ਦੋਗਲੀ ਮਾਨਸਿਕਤਾ ਦਾ ਇਸ਼ਤਿਹਾਰ ਹੈ। ਧਿਆਨ ਰਹੇ: ਸਿੱਖ ਭਾਈਚਾਰੇ ਦਾ ਲਿੰਗ ਅਨੁਪਾਤ (ਆਦਮੀਆਂ ਦੇ ਅਨੁਪਾਤ ਵਿਚ ਔਰਤਾਂ ਦੀ ਸੰਖਿਆ) ਹੋਰ ਸਾਰੇ ਫਿਰਕਿਆਂ ਤੋਂ ਘੱਟ ਹੈ। ਕੀ ਔਰਤਾਂ ਦਾ ਇਹ ਨਸਲਘਾਤ ਕੌਮੀ ਮਸਲਾ ਨਹੀਂ ਹੈ?
7æ ਉਪਰੋਕਤ ਕਾਰਜ ਦੇ ਸਿਰੇ ਚੜ੍ਹਨ ਲਈ ਕੀ ਕੁੱਲ ਛੇ ਸੱਤ ਘੰਟਿਆਂ ਵਿਚ ਵਿਚਾਰ ਕੀਤੀ ਜਾ ਸਕਦੀ ਹੈ? ਕਿਤੇ ਇਹ ਨਾ ਹੋਵੇ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਵਾਂਗ ਨਾ ਢੰਗ ਦੀ ਚਰਚਾ ਹੋਵੇ, ਨਾ ਮਸਲੇ ਨਿਖਾਰੇ-ਨਿਤਾਰੇ ਜਾ ਸਕਣ, ਸਗੋਂ ਛੇਤੀ-ਛੇਤੀ ਮਤੇ ਪਾਸ ਕਰ ਕੇ ਨਿਬੇੜਾ ਕਰ ਲਿਆ ਜਾਵੇ। ਅਜਿਹਾ ਹੋਣ ਦੀ ਸੂਰਤ ਵਿਚ ਕੀ ਅਸੀਂ ਮੌਜੂਦਾ ਸਿਆਸੀ-ਸਭਿਆਚਾਰਕ ਨਿਘਾਰ ਦਾ ਸਦਗੁਣੀ ਬਦਲ ਬਣਨ ਦੀ ਥਾਂ ਉਸੇ ਦਲਦਲ ਦਾ ਨਵਾਂ ਮੰਚ ਹੀ ਤਾਂ ਨਹੀਂ ਬਣ ਜਾਂਵਾਗੇ?
ਮਸਲੇ ਹੋਰ ਵੀ ਗਿਣਾਏ ਜਾ ਸਕਦੇ ਹਨ, ਪਰ ਸਰਬੱਤ ਖਾਲਸਾ ਵਰਗੀ ਜਿਸ ਮਹਾਨ ਪੰਥਕ ਜਮਹੂਰੀ ਰਵਾਇਤ ਦੀ ਓਟ ਸੰਗਤ ਤੱਕ ਰਹੀ ਹੈ, ਉਹ ਆਗੂ ਧਿਰਾਂ ਦੀ ਤੰਗਨਜ਼ਰੀ ਜਾਂ ਜਲਦਬਾਜ਼ੀ ਸਦਕਾ ਦਾਗਦਾਰ ਨਾ ਹੋ ਜਾਵੇ। ਇਸ ਤਰ੍ਹਾਂ ਦੇ ਦਾਅ ਵੱਖ-ਵੱਖ ਧਿਰਾਂ ਵੱਲੋਂ ਪਹਿਲਾਂ ਵੀ ਖੇਡੇ ਜਾ ਚੁੱਕੇ ਹਨ। ਜੇ ਸੰਗਤ ਕੋਈ ਗੰਭੀਰ ਚਰਚਾ ਜਾਂ ਦੂਰ ਦ੍ਰਿਸ਼ਟੀ ਵਾਲੀ ਸੇਧ ਘੜਨ ਤੋਂ ਖੁੰਝ ਗਈ ਤਾਂ 19ਵੀਂ ਸਦੀ ਦੇ ਪੰਜਾਬੀ ਦੇ ਵਾਰਕਾਰ ਸ਼ਾਹ ਮੁਹੰਮਦ ਦਾ ਆਖਿਆ ਸਾਹਮਣੇ ਨਾ ਆ ਜਾਵੇ:
ਘਰੋਂ ਗਏ ਫਿਰੰਗੀ ਦੇ ਮਾਰਨੇ ਨੂੰ,
ਬੇੜੇ ਤੋਪਾਂ ਦੇ ਸਭ ਖੁਹਾਇ ਆਇ।
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,
ਤੁਸੀਂ ਚੰਗੀਆਂ ਪੂਰੀਆਂ ਪਾਇ ਆਇ।
10 ਨਵੰਬਰ ਦੀ ਇਕੱਤਰਤਾ ਸੰਗਤਾਂ ਦੇ ਵੱਡੀ ਗਿਣਤੀ ਵਿਚ ਹਾਜ਼ਰ ਹੋਣ ਨਾਲ ਗੰਭੀਰ ਮੁਕਾਮ ਹਾਸਲ ਕਰ ਚੁੱਕੀ ਹੈ। ਭਰਿਆ ਪੰਡਾਲ ਅਤੇ ਲੋਕਾਂ ਨਾਲ ਭਰ-ਵਗਦੀ ਸੜਕ ਸੰਗਤ ਦੇ ਨਿਰਭਉ ਹੋਣ ਦਾ ਐਲਾਨ ਬਣ ਗਿਆ। ਸਰਕਾਰੀ ਸਹਿਮ, ਪੁਲਿਸ ਦੀਆਂ ਰੋਕਾਂ ਅਤੇ ਬੱਸਾਂ ਬੰਨ੍ਹਣ ਦੇ ਬਾਵਜੂਦ ਪੰਜਾਬੀਆਂ ਨੇ ਆਪਣੇ ਰੋਹ-ਰੋਸ ਨੂੰ ਜਮਹੂਰੀ ਢੰਗ ਨਾਲ ਦਰਸਾਉਣ ਦਾ ਇਹ ਮੌਕਾ ਸੰਭਾਲ ਕੇ ਜਨੂੰਨੀ ਹਿੰਸਾ ਦੇ ਉਭਾਰ ਦੀਆਂ ਅਟਕਲਾਂ ਨੂੰ ਵੀ ਠੱਲ੍ਹ ਪਾਈ ਹੈ। ਪੰਜਾਬੀ ਸੰਗਤ ਨੇ ਨਿਰਸੰਦੇਹ ਆਪਣੇ ਨਿਸ਼ਾਨੇ Ḕਤੇ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਨੂੰ ਰੱਖਿਆ ਹੋਇਆ ਹੈ।
ਅਜਿਹੇ ਧੁੰਦੂਕਾਰੇ ਵਿਚ ਜਦੋਂ ਲੋਕਾਂ ਨੇ ਆਪਣਾ ਰੋਲ ਸਿਦਕ, ਵਿਵੇਕ ਨਾਲ ਨਿਭਾਅ ਕੇ ਸਰਕਾਰ ਬਦਲਣ ਤੋਂ ਅਗਾਂਹ ਵਧ ਕੇ ਕੁਝ ਨਵਾਂ ਸਿਰਜਣ ਦੇ ਵੱਲ ਪੁਲਾਂਘ ਪੁੱਟ ਲਈ ਸੀ ਤਾਂ ਮੌਕੇ ਦੇ ਆਗੂ ਧੜੇ ਵੱਲੋਂ ਇਸ ਸੰਭਾਵਨਾ ਦੇ ਹਾਣ ਦਾ ਬੇੜਾ ਨਹੀਂ ਬੰਨ੍ਹਿਆ ਜਾ ਸਕਿਆ। ਹਾਲਾਂਕਿ ਵਾਤਾਵਰਨ ਦੀ ਸੰਭਾਲ; ਜਾਤਪਾਤ ਆਧਾਰਿਤ ਗੁਰਦੁਆਰੇ ਤੇ ਸ਼ਾਮਲਾਟਾਂ ਤੋਂ ਛੁਟਕਾਰਾ; ਬੰਦੀ ਸਿੰਘਾਂ ਦੇ ਨਾਲ ਨਾਗਾ, ਕਸ਼ਮੀਰੀ, ਨਕਸਲੀ ਕੈਦੀਆਂ ਦੀ ਰਿਹਾਈ ਆਦਿਕ ਮਤੇ ਨਿਸਚੇ ਹੀ ਸਵਾਗਤਯੋਗ ਹਨ। ਮੰਚ ਵੱਲੋਂ ਜਮਹੂਰੀ, ਸ਼ਾਂਤਮਈ ਢੰਗ ਨਾਲ ਵਿਚਰਨ ਦੀ ਅਪੀਲ ਵੀ ਸੰਗਤ ਨੂੰ ਲਗਾਤਾਰ ਹੁੰਦੀ ਰਹੀ। ਤ੍ਰਾਸਦੀ ਹੈ ਕਿ ਇਹ ਮਤੇ ਪੁਰਾਣੀ ਸੋਚ ਦੀ ਕੰਧ ਦੇ ਨਵੇਂ ਰੰਗ ਤੋਂ ਵੱਧ ਨਹੀਂ ਹਨ; ਕਿਉਂਕਿ ਅਸਲ ਖੇਡ ਹੋਰ ਮਤਿਆਂ ਰਾਹੀਂ ਸਾਹਮਣੇ ਆਈ ਹੈ। ਉਦਾਹਰਣ ਵਜੋਂ ਨਵੇਂ ਨਿਯੁਕਤ ਕੀਤੇ ਜਥੇਦਾਰਾਂ ਦੇ ਨਾਵਾਂ ਦੇ ਵਿਵਾਦ ਵਾਲੇ ਐਲਾਨ ਵਿਚ ਜਾਂ Ḕਸਿੱਖ ਰਾਜḔ ਦੀ ਕਾਇਮੀ ਲਈ ਸੰਘਰਸ਼ ਜਾਰੀ ਰੱਖਣ ਵਰਗੇ ਪੇਸ਼ ਕੀਤੇ ਮਤਿਆਂ ਦੀ ਸ਼ਬਦਾਵਲੀ ਵਿਚਲੀ ਸਿਆਸੀ-ਨੈਤਿਕ ਤਿਲ੍ਹਕਣ ਨੇ ਸੰਗਤ ਦੇ ਉਦਮ, ਊਰਜਾ ਅਤੇ ਉਕਾਬੀ ਉਡਾਣ ਨੂੰ ਫਾਹੁਣ ਦਾ ਚਲਿੱਤਰ ਖੇਡਿਆ ਹੈ। ਲੋਕਾਂ ਨੂੰ ਟਿਕਾਈ ਰੱਖਣ ਲਈ ਜਿਥੇ ਮੰਚ ਤੋਂ ḔਅਮੂਰਤḔ ਸੰਗਤ ਦੀ ਅਪਾਰ ਮਹਿਮਾ ਹੁੰਦੀ ਰਹੀ, ਉਥੇ ਨਾਲ ਹੀ ਹਾਜ਼ਰ ḔਸਮੂਰਤḔ ਸੰਗਤ ਦੀ ਮੁਕੰਮਲ ਅਣਦੇਖੀ ਵੀ ਗਿਣੇ-ਮਿਥੇ ਢੰਗ ਨਾਲ ਜਾਰੀ ਰਹੀ।
ਸਿੱਖਾਂ ਦੀ Ḕਆਜ਼ਾਦੀ ਦੇ ਸੰਘਰਸ਼ ਦੌਰਾਨ ਅੰਦਰੂਨੀ ਵਖਰੇਵੇਂḔ ਨਾ ਉਭਾਰੇ ਜਾਣ ਦਾ ਬੇਅਸੂਲਾ ਮਤਾ ਵੀ ਪਾਸ ਕੀਤਾ ਗਿਆ। ਇਸੇ ਮਤੇ ਵਿਚੋਂ ਦਿਸਦੀ ਪੰਥਕ ਏਕਤਾ ਦਾ ਉਹੀ ਡਿਜ਼ਾਈਨ ਹੈ ਜੋ ਰਾਸ਼ਟਰੀ ਏਕਤਾ ਕਾਇਮ ਕਰਨ ਲਈ ਸਭ ਤੋਂ ਪਹਿਲਾਂ ਵਿਚਾਰਾਂ ਦੀ ਆਜ਼ਾਦੀ Ḕਤੇ ਹਮਲਾ ਕਰਦਾ ਹੈ। ਗੁਜਰਾਤ, ਮਹਾਰਾਸ਼ਟਰ, ਕਰਨਾਟਕ ਅਤੇ ਹੁਣ ਪੰਜਾਬ ਦੇ ਪੰਥਕ ਆਜ਼ਾਦੀ ਦੇ ਘੁਲਾਟੀਏ ਅੰਦਰੂਨੀ ਏਕਤਾ ਦੇ ਦਮਨਕਾਰੀ ਮਾਡਲ ਦੇ ਹੱਕ ਵਿਚ ਸਾਂਝੇ ਹੋ ਕੇ ਭੁਗਤ ਰਹੇ ਹਨ। 1980ਵਿਆਂ ਵਿਚ ਇਸੇ ਸੰਘਰਸ਼ ਨੇ ਹੀ ਪੰਜਾਬੀ ਵਿਚਾਰਵਾਨਾਂ, ਅਧਿਆਪਕਾਂ, ਪੱਤਰਕਾਰਾਂ, ਲੇਖਕਾਂ, ਥੀਏਟਰ ਕਰਮੀਆਂ ਨੂੰ ਕਤਲ ਕੀਤਾ ਸੀ। ਉਸ ਨੁਕਸਾਨ ਤੋਂ ਪੰਜਾਬੀ ਸਮਾਜ ਅੱਜ ਤੱਕ ਉਭਰ ਨਹੀਂ ਸਕਿਆ।
ਸਪਸ਼ਟ ਹੈ ਕਿ ਸੰਗਤ ਦੀ ਆਹਤ ਭਾਵਨਾ ਅਤੇ ਪਿਛਲੇ ਸਮੇਂ ਦੀਆਂ ਲੋਕ ਲਹਿਰਾਂ Ḕਚੋਂ ਸਾਹਮਣੇ ਆਈ ਉਸਾਰੂ ਸਰਗਰਮੀ ਅਤੇ ਆਗੂ ਧੜੇ ਦੀ ਸਿਆਸੀ-ਸੰਪਰਦਾਈ ਵਲਗਣ ਦੇ ਰੋਗੀ ਗਣਿਤ ਵਿਚ ਅਣਜੋੜ ਹੈ। ਇਕੱਠ ਦੇ ਬੁਲੰਦ ਹੌਸਲੇ ਤੋਂ ਡਰ ਚੁੱਕੀ ਪੰਜਾਬ ਸਰਕਾਰ ਦਾ ਆਖਰੀ ਸਹਾਰਾ ਇਸ ਸਮੇਂ ਸਰਬੱਤ ਖਾਲਸਾ ਦੇ ਆਗੂਆਂ ਦੀ ਮੌਕਾਪ੍ਰਸਤ ਕਾਰਗੁਜ਼ਾਰੀ, ਟਕਰਾਅਵਾਦੀ ਵਿਹਾਰ ਅਤੇ ਵਿਚਾਰਕ ਗਰੀਬੀ ਹੀ ਰਹਿ ਗਏ ਹਨ। ਲੋਕ ਦੋਖੀ ਪੰਥਕ ਸਰਕਾਰ ਅਤੇ Ḕਸਿੱਖ ਰਾਜ ਦੇ ਸੰਘਰਸ਼ ਦੇ ਸ਼ਹੀਦਾਂ ਦੀ ਅਗਵਾਈḔ ਵਿਚ ਜਿੱਤ ਤੱਕ ਲੜੇ ਜਾ ਰਹੇ ਯੁੱਧ ਦੇ ਲਾਣੇਦਾਰ, ਇਨ੍ਹਾਂ ਦੋਵੇਂ ਧਿਰਾਂ ਦੀ ਸਾਂਝੀ ਦੁਸ਼ਮਣੀ ਦੁਰਭਾਵਨਾ ਤੋਂ ਰਹਿਤ ਸਰਗਰਮ ਹੋਈ ਪੰਜਾਬੀ ਸੰਗਤ ਨਾਲ ਹੀ ਹੈ। ਪੰਜਾਬੀ ਸਭਿਆਚਾਰ ਦੀ ਮਹਾਨ ਹਸਤੀ, ਸਿਆਲਾਂ ਦੀ ਆਜ਼ਾਦ ਸ਼ਖਸੀਅਤ ਹੀਰ ਦਾ ਸਾਕ ਧੀਦੋ ਰਾਂਝੇ ਤੋਂ ਤੋੜ ਕੇ ਜਦੋਂ ਸੈਦੇ ਨਾਲ ਨਰੜਿਆ ਜਾਂਦਾ ਹੈ ਤਾਂ ਕਲੀਆਂ ਦੀ ਹੀਰ ਲਿਖਣ ਵਾਲਾ ਹਜ਼ੂਰਾ ਸਿੰਘ ਬੁਟਾਹਰੀ ਲਾਹਨਤ ਪਾਉਂਦਾ ਹੈ:
ਅੱਜੂ ਖੇੜਾ ਚੂਚਕ ਕੈਦੋਂ ਸਭ ਪੰਚੈਤੀਏ,
ਲੱਗੇ ਸਗਨ ਮਨਾਉਣ ਖੜ੍ਹ ਕੇ ਸੱਥ Ḕਚ ਛਿਆਲੀ।
ਸਾਂਝੀਵਾਲਤਾ ਦੇ ਸੰਕਲਪ ਦੇ ਸੂਰਮੇ ਬਣਨ ਪੰਜਾਬੀ: ਆਉਣ ਵਾਲੇ ਦਿਨਾਂ ਵਿਚ ਇਹ ਸਾਰੇ ਪੰਚੈਤੀਏ ਆਪਸੀ ਭੇੜ ਨਾਲ ਪੰਜਾਬੀਆਂ ਦੇ ਏਕੇ ਨੂੰ ਤੀਲ੍ਹਾ-ਤੀਲ੍ਹਾ ਕਰਨ ਲਈ ਟਿੱਲ ਲਾ ਦੇਣਗੇ ਤਾਂ ਕਿ ਇਸ ਲੋਕ ਉਭਾਰ ਦਾ ਦਮ ਪੱਟਿਆ ਜਾ ਸਕੇ। ਤੱਤੇ ਨਾਹਰੇ, ਨੰਗੀਆਂ ਕਿਰਪਾਨਾਂ, ਦੇਸ਼ ਧ੍ਰੋਹ ਦੇ ਕੇਸ, ਗ੍ਰਿਫਤਾਰੀਆਂ, ਕੇਂਦਰ ਦੇ ਏਜੰਟ ਹੋਣ ਦੇ ਸਰਟੀਫਿਕੇਟ, ਕੁਰਬਾਨੀਆਂ ਕਰਨ ਦੇ ਦਾਅਵੇ ਆਦਿ ਨਾਲ ਇਸ ਇਕੱਤਰਤਾ ਦੇ ਸੰਜਮੀ ਜੁੱਸੇ ਨੂੰ ਦੋਵੇਂ ਧਿਰਾਂ ਜ਼ਲੀਲ ਕਰਨਗੀਆਂ। ਹਿੰਸਾ ਦੇ ਸਭਿਆਚਾਰ ਨੂੰ ਸਭ ਤੋਂ ਵੱਧ ਖਤਰਾ ਸਭਿਅਕ ਸੰਵਾਦ ਦੇ ਸਭਿਆਚਾਰ ਤੋਂ ਹੀ ਹੁੰਦਾ ਹੈ। ਬਾਬੇ ਨਾਨਕ ਨੇ ਆਪਣੇ ਦੌਰ ਦੇ ਹਿੰਸਕ ਸਭਿਆਚਾਰ ਦੇ ਬਰਾਬਰ ਸਿਧਾਂਤਕ ਗੋਸ਼ਟ ਦਾ Ḕਸਤਿ, ਸੰਤੋਖ ਵੀਚਾਰੁḔ ਦਾ ਅਤੇ ਇਨਸਾਫ-ਪਸੰਦ ਸਰਗਰਮੀ ਦਾ ਨੈਤਿਕ ਸਭਿਆਚਾਰ ਘੜਨ ਲਈ ਪੰਜਾਬੀਆਂ ਨੂੰ ਸੇਧ ਦਿੱਤੀ ਸੀ। ਸਿੱਖ ਲਹਿਰ ਦੇ ਸੱਚੇ ਪੈਰੋਕਾਰਾਂ ਲਈ ਹਿੰਸਾ ਜਾਂ ਸੰਵਾਦ ਵਿਚੋਂ ਚੋਣ ਕਰਨ ਦਾ ਮੁਕਾਮ ਆ ਗਿਆ ਹੈ। ਇਤਿਹਾਸ ਗਵਾਹ ਹੈ ਕਿ ਮੁਗ਼ਲ ਦਰਬਾਰ ਦੀਆਂ ਹਿੰਸਕ ਧਾੜਾਂ ਦੇ ਸਿਰਤੋੜ ਵਿਰੋਧ ਦੇ ਬਾਵਜੂਦ ਸਿੱਖ ਲਹਿਰ ਨੇ ਮੁਸਲਮਾਨਾਂ ਜਾਂ ਇਸਲਾਮ ਧਰਮ ਨਾਲ ਕੋਈ ਵੈਰ ਨਹੀਂ ਰੱਖਿਆ। ਸਾਰੇ ਪਰਿਵਾਰ ਦੇ ਕਸ਼ਟਾਂ ਅਤੇ ਕੁਰਬਾਨੀ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਨੇ ਮੁਗ਼ਲ ਬਾਦਸ਼ਾਹਾਂ ਨਾਲ ਗੱਲਬਾਤ ਚਲਾਉਣ ਦੀ ਨੈਤਿਕ ਦਲੇਰੀ ਵੀ ਦਿਖਾਈ ਅਤੇ ਪੰਜਾਬੀ ਸੰਗਤਾਂ ਲਈ ਪੂਰਨੇ ਪਾ ਕੇ ਦਿੱਤੇ।
ਇਹ ਨਾਜ਼ੁਕ ਪੜਾਅ ਸਾਡੇ ਤੋਂ Ḕਨਿਰਭਉ ਨਿਰਵੈਰḔ ਵਿਵੇਕ ਦੀ ਮੰਗ ਕਰਦਾ ਹੈ ਜਿਸ ਲਈ ਵਿਚਾਰਾਂ ਦੀ ਆਜ਼ਾਦੀ ਪਹਿਲੀ ਸ਼ਰਤ ਹੈ। ਸੰਗਤਾਂ ਨੇ ਆਪਣੀ ਅਸੀਮ ਸ਼ਲਾਘਾਯੋਗ ਪਹਿਲਕਦਮੀ ਨਾਲ ਜੋ ਅਗਵਾਈ ਦਿੱਤੀ ਹੈ, ਉਸੇ ਲੀਹ Ḕਤੇ ਚੱਲਦਿਆਂ ਸੰਗਤ ਨੂੰ ਹੋਰ ਵਧੇਰੇ ਸਰਗਰਮੀ ਨਾਲ ਅਗਲੇਰੀਆਂ ਚੁਣੌਤੀਆਂ ਨਾਲ ਸਿੱਝਣ ਲਈ ਕਮਰ ਕੱਸਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੀ ਭ੍ਰਿਸ਼ਟ ਨੈਤਿਕਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬੋਅ ਮਾਰਦੀ ਸਿਆਸੀ ਕਾਰੁਜ਼ਗਾਰੀ ਦੇ ਹੱਕੀ ਵਿਰੋਧ ਵਿਚ Ḕਪੰਥਕ ਮਰਿਆਦਾḔ ਦੀ ਅੰਦੋਲਨਕਾਰੀ ਸੰਗਤ ਸਰਬੱਤ ਖਾਲਸਾ ਦੇ ਆਗੂ ਧੜੇ ਦੀ ਸੌੜੀ ਰਣਨੀਤੀ ਹੱਥੋਂ ਆਪਣੀ ਭਾਵਨਾ ਦੀ ਸਮਗਲਿੰਗ ਨਾ ਹੋਣ ਦੇਵੇ, ਸਗੋਂ ਕਿਸੇ ਵਡੇਰੇ ਵਿਚਾਰਕ ਵਿਵੇਕ ਦੀ ਸਿਰਜਣਾ ਲਈ ਸਰਗਰਮ ਰਹਿਣ ਦਾ ਰਾਹ ਫੜਿਆ ਜਾਵੇ। ਸਿੱਖ ਲਹਿਰ ਦਾ ਮੌਜੂਦਾ ਪ੍ਰਸੰਗ ਇਸੇ ਇਤਿਹਾਸਕ ਪ੍ਰਕਿਰਿਆ ਦੀ ਨਵੀਂ ਸਿਰਜਣਾ ਦਾ ਬਾਨ੍ਹਣੂੰ ਬੰਨੇ। ਪੰਜਾਬੀ ਸਭਿਅਤਾ ਦੀ ਹਾਸਲ ਸਤਰ Ḕਘੜੀਐ ਸਬਦੁ ਸੱਚੀ ਟਕਸਾਲḔ ਦੀ ਸੇਧ ਵਿਚ Ḕਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤḔ ਦਾ ਪੱਕਾ ਇਕਰਾਰ ਸਾਨੂੰ ਇਸ ਦੌਰ ਵਿਚ ਸੁਰਖਰੂ ਹੋਣ ਦਾ ਬਲ ਬਖਸ਼ੇ।
ਇਨਕਲਾਬੀ ਸਿੱਖ ਲਹਿਰ ਅਤੇ ਵਿਚਾਰਧਾਰਾ ਦੇ ਅਸਲ ਵਾਰਿਸ ਸਾਂਝੀਵਾਲਤਾ ਨੂੰ ਸਮਰਪਿਤ ਸਮੂਹ ਪੰਜਾਬੀ ਲੋਕ ਹਨ ; ਚਾਹੇ ਉਹ ਕਿਸੇ ਵੀ ਧਰਮ, ਫਿਰਕੇ, ਖਿੱਤੇ, ਨਾਸਤਿਕ/ਆਸਤਿਕ ਹੋਣ ਨਾਲ ਸਬੰਧ ਰੱਖਦੇ ਹੋਣ। ਪੰਜਾਬੀ ਲੋਕਚਾਰੇ ਦੀ ਧੁਰੀ Ḕਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗਿ ਹਮ ਕਉ ਬਨਿ ਆਈḔ ਨੂੰ ਆਦਰਸ਼ ਵਜੋਂ ਸਾਧਣ ਦਾ ਸਮਾਂ ਆ ਚੁੱਕਾ ਹੈ। ਹੁਣ ਪੰਜਾਬ ਦੀਆਂ ਜਮਹੂਰੀ, ਲੋਕ ਪੱਖੀ ਤਾਕਤਾਂ ਅਤੇ ਜ਼ਿੰਮੇਵਾਰ ਬੁੱਧੀਜੀਵੀ ਅੱਗੇ ਆਉਣ। ਸਭ ਦਾ ਸਾਂਝਾ ਫਰਜ਼ ਹੈ ਕਿ ਇਸ ਸਮੇਂ ਬੌਧਿਕ, ਵਿਚਾਰਧਾਰਕ ਅਤੇ ਜ਼ਮੀਨੀ ਸਰਗਰਮੀ ਨਾਲ ਸੰਗਤਾਂ ਦੇ ਬਲਵਾਨ ਇਰਾਦਿਆਂ ਨੂੰ ਖੁੰਢਾ ਨਾ ਹੋਣ ਦੇਈਏ। ਆਪਣੀ ਕਰਮ ਭੂਮੀ ਪੰਜਾਬ ਨੂੰ ਇਸ ਦੇ ਗਰਕੇ ਹੋਏ ਲਾਣੇਦਾਰਾਂ ਦੀ ਸਹੇੜੀ ਲੋਕ ਮਾਰੂ ਕਾਲਖ ਧੋਣ ਲਈ ਸੱਚ ਦੇ ਵਹਿੰਦੇ ਪਾਣੀਆਂ ਨਾਲ ਆਪਣੇ ਲੋਕਾਂ ਦੀ ਮਿਹਨਤ ਨੂੰ ਨਿਖਾਰੀਏ। ਪੰਜਾਬ ਵਿਚ ਸਾਂਝੀਵਾਲਤਾ, ਗਿਆਨ, ਸੰਵੇਦਨਾ ਅਤੇ ਸੰਘਰਸ਼ ਦੇ ਚਾਨਣ ਵੱਲ ਫਿਰ ਤੋਂ ਯਾਰੀ ਦਾ ਹੱਥ ਵਧਾਈਏ। ਆਪਣੇ ਲੋਕਾਂ ਦੀ ਸੂਝਵਾਨ ਸਮਰੱਥਾ Ḕਤੇ ਯਕੀਨ ਕਰੀਏ! ਸਾਂਝੇ ਅੰਦੋਲਨਾਂ ਰਾਹੀਂ ਪੰਜਾਬੀ ਸਭਿਅਤਾ ਦਾ ਸਨਮਾਨ ਬਹਾਲ ਕਰੀਏ! ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ ਦੇ ਸੰਘਰਸ਼ ਦੇ ਸੰਤ ਸਿਪਾਹੀ ਬਣੀਏ!