ਉਹ ਗੱਲਾਂ ਜੋ ਕਿਸੇ ਨੇ ਨਹੀਂ ਦੱਸੀਆਂ, ਕਿਸੇ ਨੇ ਨਹੀਂ ਸੁਣੀਆਂ
ਕਰਮਜੀਤ ਸਿੰਘ, ਚੰਡੀਗੜ੍ਹ
ਫੋਨ: +91-99150-91063
ਜੇ ਕਿਸੇ ਘਟਨਾ ਜਾਂ ਵਰਤਾਰੇ ਨੂੰ ਸਮੁੱਚ ਵਿਚ ਵੇਖਣ ਨਾਲ ਹੀ ਤਨ ਤੇ ਮਨ ਰੌਸ਼ਨ ਹੁੰਦੇ ਹਨ ਤਾਂ ਫਿਰ 10 ਨਵੰਬਰ ਨੂੰ ਇਤਿਹਾਸਕ ਪਿੰਡ ਚੱਬਾ ਵਿਚ ਹੋਏ ਸਰਬੱਤ ਖਾਲਸਾ ਦੇ ਸਮਾਗਮ ਨੂੰ ਉਸ ਨਜ਼ਰੀਏ ਤੋਂ ਨਹੀਂ ਵੇਖਿਆ ਗਿਆ। ਦਰਅਸਲ ਉਹ ਸਮਾਗਮ ਵਿਦਵਾਨਾਂ, ਸਿਆਸਤਦਾਨਾਂ, ਨੀਤੀਵਾਨਾਂ ਤੇ ਆਲੋਚਕਾਂ ਨੂੰ ਕਈ ਪਾਸਿਆਂ ਤੋਂ ਵੇਖਣ, ਸਮਝਣ ਤੇ ਮਹਿਸੂਸ ਕਰਨ ਲਈ ਆਵਾਜ਼ਾਂ ਮਾਰਦਾ ਹੈ, ਪਰ ਇਹ ਨਿਆਂ ਕੀਤਾ ਨਹੀਂ ਜਾ ਸਕਿਆ। ਇਨ੍ਹਾਂ ਆਵਾਜ਼ਾਂ ਨੂੰ ਰੋਲ ਦਿੱਤਾ ਗਿਆ ਹੈ।
ਕਿਸ ਤਰ੍ਹਾਂ ਦੇ ਰੰਗ-ਢੰਗ ਸਨ 10 ਨਵੰਬਰ ਵਾਲੀ ਉਸ ਇਕੱਤਰਤਾ ਦੇ? ਉਹ ਇਕੱਤਰਤਾ ਇੱਕ ਪੱਖ ਤੋਂ ਜਿੱਥੇ ਸਿੱਖਾਂ ਲਈ ਚਿਰਾਂ ਤੋਂ ਇਕੱਠਾ ਹੋਇਆ ‘ਪੀੜਾਂ ਤੇ ਦਰਦਾਂ ਦਾ ਸਮੂਹ’ ਸੀ, ਉਥੇ ਗੁਰੂ ਸਾਹਿਬਾਨ ਦੇ ਹੁਕਮਾਂ ਮੁਤਾਬਕ ਨਿਰਭਉ ਤੇ ਨਿਰਵੈਰ ਹੋ ਕੇ ਸਰਬੱਤ ਤੇ ਭਲੇ ਲਈ ਦਬੀਆਂ ਕੁਚਲੀਆਂ ਆਵਾਜ਼ਾਂ ਨੂੰ ਵੀ ਉਹ ਇਕੱਤਰਤਾ ਬੁਲੰਦ ਕਰਦੀ ਸੀ; ਪਰ ਹੋਇਆ ਇੰਜ ਕਿ ਪੱਤਰਕਾਰਾਂ ਵੱਲੋਂ ਪੱਤਰਕਾਰੀ ਦੇ ਸਦਾਚਾਰਕ ਪੱਖਾਂ ਨੂੰ ਹਨੇਰੇ ਵਿਚ ਰੱਖਿਆ ਗਿਆ, ਜਦਕਿ ਮਨਭਾਉਂਦੀ ਕਲਪਨਾ ਤੇ ਅਗਿਆਨ ਨੂੰ ਵੱਧ ਰੌਸ਼ਨ ਕੀਤਾ ਗਿਆ। ਜਿਥੋਂ ਤੱਕ ਪੰਜਾਬ ਸਰਕਾਰ ਦੇ ਬੁਲਾਰਿਆਂ ਦਾ ਸਬੰਧ ਹੈ, ਉਹ ਵੀ ਮਨਪਸੰਦ ਦਲੀਲਾਂ ਨਾਲ ਦਿਲ ਪਰਚਾਉਣ ਲੱਗ ਪਏ ਅਤੇ ਪਰਚਾ ਰਹੇ ਹਨ। ਕੁਝ ਚੈਨਲ ਵੀ ‘ਉਹੋ ਕੁਝ’ ਪਰੋਸਣ ਲਈ ਤਿਆਰ ਹੋ ਗਏ ਜੋ ਉਹ ਚਾਹੁੰਦੇ ਸਨ, ਪਰ ਜੋ ਸਰਬੱਤ ਖਾਲਸੇ ਵਿਚ ‘ਉਹੋ ਕੁਝ’ ਨਹੀਂ ਸੀ। ਉਨ੍ਹਾਂ ਉਤੇ ਗਿਲਾ ਇਸ ਕਰ ਕੇ ਹੈ ਕਿ ਉਹ ਸਮਾਗਮ ਵਿਚ ਪੇਸ਼ ਤੱਥਾਂ ਤੇ ਮਤਿਆਂ ਦਾ ਅਭਿਆਸ ਕੀਤੇ ਬਿਨਾਂ ਹੀ ਬਹਿਸ ਕਰਨ ਤੁਰ ਪਏ।
ਜੇ ਪਾਸ ਕੀਤੇ ਮਤਿਆਂ ਦੀ ਪੜਚੋਲ ਕਰਨੀ ਹੋਵੇ ਅਤੇ ਤਕਰੀਰਾਂ ਨੂੰ ਧਿਆਨ ਵਿਚ ਰੱਖ ਲਿਆ ਜਾਵੇ ਤਾਂ ਉਥੇ ਖਾਲਿਸਤਾਨ ਜਾਂ ਸਿੱਖ ਸਟੇਟ ਦੀ ਕੋਈ ਗੱਲ ਨਹੀਂ ਹੋਈ ਜਿਵੇਂ ਮੀਡੀਏ ਦੇ ਵੱਡੇ ਹਿੱਸੇ ਨੇ ਇਸੇ ਗੱਲ ਨੂੰ ਹੀ ਸਭ ਤੋਂ ਵੱਧ ਪ੍ਰਚਾਰਿਆ ਹੈ ਅਤੇ ਅਹਿਮੀਅਤ ਦਿੱਤੀ ਹੈ। ਜਿਥੋਂ ਤੱਕ ਇੱਕ ਮਤੇ ਰਾਹੀਂ 26 ਜਨਵਰੀ, 1986 ਦੇ ਸਰਬੱਤ ਖਾਲਸੇ ਦੀ ਪ੍ਰੋੜਤਾ ਕੀਤੀ ਗਈ, ਉਸ ਵਿਚ ਵੀ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੋਈ ਸੀ। ਹਾਂ, ਕੁਝ ਲੋਕਾਂ ਨੇ ਆਪਣੇ ਹੱਥਾਂ ਵਿਚ ਇਹੋ ਜਿਹੇ ਬੈਨਰ ਫੜੇ ਹੋਏ ਸਨ ਅਤੇ ਖਾਲਿਸਤਾਨ ਦੇ ਨਾਅਰੇ ਵੀ ਪੰਡਾਲ ਤੋਂ ਬਾਹਰ ਸੁਣੇ ਜਾ ਸਕਦੇ ਸਨ, ਪਰ ਖਾਲਿਸਤਾਨ ਸਰਬੱਤ ਖਾਲਸੇ ਦੇ ਪ੍ਰੋਗਰਾਮ ਤੇ ਏਜੰਡੇ ਦਾ ਹਿੱਸਾ ਨਹੀਂ ਸੀ।
ਸਰਬੱਤ ਖਾਲਸੇ ਦੇ ਇਸ ਅਤਿ ਅਹਿਮ ਮਤੇ ਨੂੰ ਵੀ ਬਣਦੀ ਥਾਂ ਨਹੀਂ ਦਿੱਤੀ ਗਈ ਅਤੇ ਨਾ ਹੀ ਸਲਾਹਿਆ ਗਿਆ ਜਿਥੇ ਜੰਮੂ ਕਸ਼ਮੀਰ ਵਿਚ ਆਪਣੇ ਹੱਕਾਂ ਲਈ ਚੱਲ ਰਹੇ ਸੰਘਰਸ਼, ਨਕਸਲੀ ਜੱਦੋਜਹਿਦ ਅਤੇ ਭਾਰਤ ਦੇ ਉਤਰ-ਪੂਰਬੀ ਇਲਾਕਿਆਂ ਤੇ ਹੋਰਨੀਂ ਥਾਈਂ ਦਬੇ-ਕੁਚਲੇ ਲੋਕਾਂ ਦੇ ਸੰਘਰਸ਼ ਨਾਲ ਗੂੜ੍ਹੀਆਂ ਤੇ ਖਾਲਸਈ ਸਾਂਝਾਂ ਪਾਈਆਂ ਗਈਆਂ ਸਨ। ਨਿਓਟਿਆਂ ਤੇ ਨਿਆਸਰਿਆਂ ਦੇ ਹੱਕਾਂ ਅਤੇ ਆਜ਼ਾਦੀ ਲਈ ਉਠਣ, ਜੁਰਅਤ ਨਾਲ ਬੋਲਣ, ਲਿਖਣ ਤੇ ਲੜਨ ਦੀ ਦਾਸਤਾਨ ਜੋ ਗੁਰੂ ਸਾਹਿਬਾਨ ਤੋਂ ਵਿਰਸੇ ਵਿਚ ਮਿਲੀ ਸੀ ਅਤੇ ਜਿਸ ਨੂੰ ਅਕਾਲੀ ਦਲ ਅਤੇ ‘ਫ਼ਖ਼ਰ-ਏ-ਕੌਮ’ ਨੇ ਚਿਰੋਕਣੀ ਸਦੀਵੀ ਫ਼ਤਿਹ ਬੁਲਾ ਦਿੱਤੀ ਹੈ, ਉਹ ਸਰਬੱਤ ਖਾਲਸੇ ਨੇ ਮੁੜ ਬਹਾਲ ਕਰ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਵਿਚ, ਪੰਜਾਬ ਤੋਂ ਬਾਹਰ ਭਾਰਤ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਜਾਤਾਂ ਦੇ ਆਧਾਰ ‘ਤੇ ਬਣੇ ਗੁਰਦੁਆਰਿਆਂ ਦੀ ਪਿਰਤ ਨੂੰ ਸਰਬੱਤ ਖਾਲਸੇ ਨੇ ਸਮਾਪਤ ਕਰ ਕੇ 1699 ਦੀ ਉਸ ਵਿਸਾਖੀ ਦੀ ਯਾਦ ਨੂੰ ਤਾਜ਼ਾ ਕੀਤਾ ਹੈ, ਜਦੋਂ ਜਾਤ ਪਾਤ ਦੇ ਕੋਹੜ ਨੂੰ ਖ਼ਤਮ ਕਰ ਕੇ ਖਾਲਸੇ ਦੀ ਸਾਜਨਾ ਕੀਤੀ ਗਈ ਸੀ। ਇੰਜ ਸ਼ਾਂਤੀ ਤੇ ਭਾਈਚਾਰੇ ਦੀ ਸਾਂਝ ਦਾ ਨਵਾਂ ਸੰਦੇਸ਼ ਦਿੱਤਾ ਹੈ, ਜਦਕਿ ਅਕਾਲੀ ਦਲ ਸ਼ਾਂਤੀ ਤੇ ਭਾਈਚਾਰੇ ਦੀ ਕੇਵਲ ਦੁਹਾਈ ਹੀ ਦਿੰਦਾ ਹੈ ਅਤੇ ਇਸ ਦੇ ਨਾਂ ਹੇਠਾਂ ਕਿਸਾਨਾਂ, ਮੁਲਾਜ਼ਮਾਂ ਅਤੇ ਹੋਰਨਾਂ ਵਰਗਾਂ ‘ਤੇ ਇਸ ਦੀ ਸਰਕਾਰ ਵੱਖ-ਵੱਖ ਤਰ੍ਹਾਂ ਦੇ ਜ਼ੁਲਮ ਢਾਹ ਰਹੀ ਹੈ। ਪੰਜਾਬ ਨੂੰ ਕਬਰਾਂ ਵਰਗੀ ਸ਼ਾਂਤੀ ਦਾ ਹਿੱਸਾ ਬਣਾ ਦਿੱਤਾ ਗਿਆ ਹੈ।
ਪੰਜਾਬ ਦੀ ਰੁਲਦੀ ਕਿਸਾਨੀ, ਪਾਣੀਆਂ ਦੇ ਮੁੱਦੇ ‘ਤੇ ਹੋਈ ਬੇਇਨਸਾਫ਼ੀ, ਮੁਲਾਜ਼ਮਾਂ ਨਾਲ ਹੋ ਰਹੇ ਧੱਕੇ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਬਾਰੇ ਥਾਂ-ਥਾਂ ਲੱਗੇ ਵੱਡੇ-ਵੱਡੇ ਹੋਰਡਿੰਗ ਵੀ ਇਹੋ ਦੱਸ ਰਹੇ ਸਨ ਕਿ ਸਰਬੱਤ ਖਾਲਸਾ ਪੂਰੀ ਤਰ੍ਹਾਂ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਸੀ ਅਤੇ ਲੋਕਾਂ ਦੀਆਂ ਮੁਸੀਬਤਾਂ, ਦੁੱਖ-ਦਰਦ ਸਰਬੱਤ ਖਾਲਸੇ ਦੇ ਵੀ ਦੁੱਖ-ਦਰਦ ਬਣੇ ਹੋਏ ਸਨ। ਸਪੇਨੀ ਲੇਖਕ ਮੀਗੁਇਲ ਕਰਵੈਟੀਜ਼ (1547-1616) ਨੂੰ ਜੀਵਨ ਦੀਆਂ ਕੌੜੀਆਂ-ਮਿਠੀਆਂ ਸੱਚਾਈਆਂ ਦਾ ਵੱਡਾ ਅਨੁਭਵ ਸੀ। ਜੇਲ੍ਹ ਯਾਤਰਾ ਵੀ ਕੀਤੀ। ਉਸ ਦਾ ਨਾਵਲ ‘ਡੌਨ ਕੁਇਗਜ਼ੋਟ’ ਵਿਚ ਲੋਕਾਈ ਦੇ ਦਰਦ ਨੂੰ ਸਰੀਰ ਦੇ ਦਰਦ ਨਾਲ ਜੋੜਦਿਆਂ ਹੋਇਆਂ ਇਹ ਮਨੋਵਿਗਿਆਨਕ ਸੱਚਾਈ ਦੱਸਦਾ ਹੈ ਕਿ “ਜਦੋਂ ਬੰਦੇ ਦਾ ਸਿਰ ਦੁਖਦਾ ਹੈ ਤਾਂ ਜਿਸਮ ਦੇ ਸਾਰੇ ਅੰਗ ਇਸ ਦਰਦ ਵਿਚ ਸ਼ਾਮਲ ਹੋ ਜਾਂਦੇ ਹਨ।” ਪਿੰਡ ਚੱਬਾ ਵਿਚ ਹੋਏ ਸਰਬੱਤ ਖਾਲਸਾ ਦਾ ਵਿਸ਼ਾਲ ਇਕੱਠ ਜਿਸ ਦਰਦ ਦਾ ਸਾਹਮਣਾ ਕਰ ਰਿਹਾ ਸੀ, ਸਾਰੀ ਦੁਨੀਆਂ ਵਿਚ ਸੋਸ਼ਲ ਮੀਡੀਏ ਰਾਹੀਂ 50 ਲੱਖ ਤੋਂ ਉਪਰ ਲੋਕ ਇਸੇ ਦਰਦ ਨੂੰ ਹੰਢਾਅ ਰਹੇ ਸਨ। ਦਰਦ ਅਤੇ ਹੰਝੂਆਂ ਦੀ ਇਸ ਸਾਂਝ ਵਿਚ ਈਸਾ ਤੋਂ ਵੀ 65 ਸਾਲ ਪਹਿਲਾਂ ਜੰਮੇ ਸ਼ਾਇਰ ਹੋਰੇਸ ਨੇ ਵੀ ਇੱਕ ਸ਼ਰਤ ਰੱਖੀ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਦਰਦ ਵਿਚ ਹੰਝੂ ਵਹਾਈਏ ਤਾਂ ਤੁਹਾਨੂੰ ਵੀ ਉਸੇ ਉਦਾਸੀ ਵਿਚ ਡੁੱਬਣਾ ਹੋਵੇਗਾ। ਇਨ੍ਹਾਂ ਸਤਰਾਂ ਦੇ ਲੇਖਕ ਨੇ ਸਰਬੱਤ ਖਾਲਸਾ ਵਿਚ ਪੌਣੇ 2 ਲੱਖ ਤੋਂ ਉਪਰ ਆਏ ਲੋਕਾਂ ਦੀ ਉਸ ਮਹਾਨ ਉਦਾਸੀ ਨੂੰ ਸੱਚੀਂ ਮੁੱਚੀਂ ਅਨੁਭਵ ਕੀਤਾ ਸੀ, ਪਰ ਦੁੱਖ ਹੈ ਕਿ ਪੰਜਾਬ ਦੇ ਵੱਡੇ-ਛੋਟੇ ਲੇਖਕਾਂ ਨੂੰ ਇਹੋ ਜਿਹੇ ਅਦਿਸ ਤੇ ਮਹੀਨ ਨਜ਼ਾਰਿਆਂ ਦੀ ਤਾਕਤ ਤੇ ਸਮਰੱਥਾ ਬਾਰੇ ਕੋਈ ਦੂਰਅੰਦੇਸ਼ ਸਮਝ ਨਹੀਂ, ਕਿਉਂਕਿ ਤਿੰਨ-ਚਾਰ ਦਹਾਕਿਆਂ ਤੋਂ ਉਹ ‘ਪਦਾਰਥ ਤੇ ਸਵਾਰਥ’ ਦੀ ਜੇਲ੍ਹ ਵਿਚ ਨਜ਼ਰਬੰਦ ਹਨ। ਬਾਹਰੋਂ ਆਇਆ ਕੋਈ ‘ਸਿਧਾਂਤ’ ਚਿਰਾਂ ਤੋਂ ਉਨ੍ਹਾਂ ਲਈ ਜੰਜ਼ੀਰ ਬਣਿਆ ਹੋਇਆ ਹੈ, ਉਨ੍ਹਾਂ ਦੇ ਜਜ਼ਬੇ ਸੁੱਕ-ਕੁਮਲਾ ਗਏ ਹਨ, ਪੂਰੀ ਤਰ੍ਹਾਂ ਮੁਰਝਾ ਗਏ ਹਨ। ਉਨ੍ਹਾਂ ਨੂੰ ਲੱਗੇ ਇਸ ਸਰਾਪ ਦੀ ਉਮਰ ਅਜੇ ਸ਼ਾਇਦ ਹੋਰ ਲੰਮੀ ਹੈ।
ਉਸ ਮਹਾਂ ਵਿਰਾਟ ਇਕੱਠ ਬਾਰੇ ਕੀ ਕਿਹਾ ਜਾਵੇ ਜੋ ਸਿਰਾਂ ਦੀ ਗਿਣਤੀ ਪੱਖੋਂ ਵੀ ਬੇਮਿਸਾਲ ਸੀ, ਆਪਣੇ ਅੰਦਰ ਸੁੱਚੇ ਤੇ ਪਵਿੱਤਰ ਜਜ਼ਬਿਆਂ ਦਾ ਤੂਫ਼ਾਨ ਵੀ ਲਈ ਬੈਠਾ ਸੀ, ਰਵਾਇਤੀ ਹਥਿਆਰਾਂ ਨਾਲ ਵੀ ਲੈਸ ਸੀ, ਓੜ੍ਹਕਾਂ ਦੇ ਗੁੱਸੇ ਤੇ ਰੋਸ ਦੇ ਬਾਵਜੂਦ ਪੂਰੀ ਤਰ੍ਹਾਂ ਜ਼ਾਬਤੇ ਵਿਚ ਸੀ ਅਤੇ ਨਾਲ ਹੀ ਉਨ੍ਹਾਂ ਦੇ ਮਨਾਂ ਵਿਚ ਕਿਸੇ ਧਰਮ ਜਾਂ ਫਿਰਕੇ ਵਿਰੁੱਧ ਭੋਰਾ ਵੀ ਈਰਖ਼ਾ ਜਾਂ ਨਫ਼ਰਤ ਨਹੀਂ ਸੀ। ਇਹੋ ਜਿਹੇ ਨਿਵੇਕਲੇ ਇਕੱਠ ਬਾਰੇ ਕੁਝ ਕਹਿਣ ਲਈ ਸ਼ਬਦ ਰੁੱਸ ਗਏ ਹਨ ਅਤੇ ਉਨ੍ਹਾਂ ਨੂੰ ਮਨਾਉਣਾ ਬੜਾ ਔਖਾ ਲੱਗ ਰਿਹਾ ਹੈ, ਕਿਉਂਕਿ ਉਸ ਦਿਨ ਜਜ਼ਬਿਆਂ, ਸਿਧਾਂਤਾਂ ਅਤੇ ਵਿਚਾਰਾਂ ਦੇ ਸਾਰੇ ਨੇੜਲੇ ਤੇ ਦੂਰ ਦੇ ਰਿਸ਼ਤੇਦਾਰ ਇੱਕ ਥਾਂ ‘ਤੇ ਇਕੱਠੇ ਹੋ ਗਏ ਸਨ, ਜਿਵੇਂ ਕਹਿ ਰਹੇ ਹੋਣ ਅਸੀਂ ਜਿਉਂਦੇ ਹਾਂ, ਅਸੀਂ ਜਾਗਦੇ ਹਾਂ। ਇਹੋ ਜਿਹੀ ਹਾਲਤ ਨੂੰ ਨਮ੍ਹੋ, ਨਮ੍ਹੋ, ਨਮ੍ਹੋ, ਨੇਤ, ਨੇਤ, ਨੇਤ ਹੀ ਕਿਹਾ ਜਾ ਸਕਦਾ ਹੈ। ਨਿੱਕੀ-ਨਿੱਕੀ ਕਣੀ ਦਾ ਮੀਂਹ ਘੜੀ-ਮੁੜੀ ਸਰਬੱਤ ਖਾਲਸੇ ਦੇ ਇਕੱਠ ਦਾ ਸਵਾਗਤ ਕਰ ਰਿਹਾ ਸੀ, ਜਿਵੇਂ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੋਵੇ, ਪਰ ਉਹ ਜਿੱਤ ਕੇ ਨਿਕਲੇ ਅਤੇ ਕੁਦਰਤ ਹਾਰ ਗਈ ਸੀ। ਕੁਦਰਤ ਦੀ ਹਾਰ ਤੋਂ ਬਾਅਦ ਕੋਸੀ-ਕੋਸੀ ਧੁੱਪ ਨਿਕਲ ਰਹੀ ਸੀ। ਕੋਈ ਵੀ ਬੰਦਾ ਪੰਡਾਲ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਸੀ, ਜਿਵੇਂ ਉਨ੍ਹਾਂ ਨੂੰ ਕੋਈ ਚੀਜ਼ ਰੋਕ ਰਹੀ ਹੋਵੇ। ਉਹ ਉਠ ਸਕਦੇ ਹੀ ਨਹੀਂ ਸਨ, ਕਿਉਂਕਿ ਉਨ੍ਹਾਂ ਦੇ ਵੱਡ-ਵਡੇਰੇ, ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਦੀ ਸ਼ਹਾਦਤ ਮਗਰੋਂ ਪੂਰੇ ਚਾਲੀ ਸਾਲ ਜੰਗਲਾਂ ਵਿਚ ਰਹੇ ਸਨ ਅਤੇ ਜਾਂ ਫਿਰ ਬੀਕਾਨੇਰ ਦੇ ਮਾਰੂਥਲਾਂ ਵਿਚ ਅਸਮਾਨ ਹੇਠ ਉਹ ਰਾਤਾਂ ਕੱਟਦੇ ਰਹੇ। ਹਿੰਦੂ ਇਤਿਹਾਸਕਾਰ ਹਰੀ ਰਾਮ ਗੁਪਤਾ ਇਹੋ ਜਿਹੇ ਦ੍ਰਿਸ਼ਾਂ ਬਾਰੇ ਲਿਖਦੇ ਹਨ ਕਿ ਤਾਰਿਆਂ ਨਾਲ ਭਰੇ ਅਸਮਾਨ ਹੇਠ ਰਾਤਾਂ ਕੱਟਦੇ ਇਨ੍ਹਾਂ ਲੋਕਾਂ ਦੇ ਦਿਲ ਵੀ ਅਸਮਾਨ ਜਿੱਡੇ ਵੱਡੇ ਤੇ ਵਿਸ਼ਾਲ ਹੋ ਗਏ ਸਨ। ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ, ਪਰ ਇਹ ਸੱਚ ਹੈ ਕਿ ਜ਼ਿੰਦਗੀ ਵਿਚ ਵਾਪਰ ਰਹੀਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਇੱਕ ਤਾਂ ‘ਦਿਮਾਗਾਂ ਦੇ ਤਰਕ’ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ‘ਦੂਜਾ ਰੂਹਾਂ ਵਾਲੇ ਤਰਕ’ ਨਾਲ ਵੀ ਵੇਖਿਆ ਜਾਂਦਾ ਹੈ। ਇਉਂ ਲੱਗਦਾ ਸੀ ਕਿ ਇਹ ਲੋਕ ਉਨ੍ਹਾਂ ਵੱਡ-ਵਡੇਰਿਆਂ ਦੀਆਂ ਰੂਹਾਂ ਹੀ ਸਨ ਜੋ 10 ਨਵੰਬਰ ਨੂੰ ਪਿੰਡ ਚੱਬਾ ਵਿਚ ਇਕੱਠੀਆਂ ਹੋ ਗਈਆਂ ਸਨ ਅਤੇ ਜਾਂ ਫਿਰ ਗੁਰੂ ਹਰਿਗੋਬਿੰਦ ਦੀਆਂ ਅਸੀਸਾਂ ਸਨ ਜਿਨ੍ਹਾਂ ਨੇ ਕਿਸੇ ਅਨੰਤ ਖੁਸ਼ੀ ਵਿਚ ਇਸੇ ਪਿੰਡ ਦੀ ਮਾਤਾ ਸੁਲੱਖਣੀ ਨੂੰ ਸੱਤ ਪੁੱਤਰਾਂ ਦਾ ਵਰ ਦਿੱਤਾ ਸੀ।
ਇੱਕ ਹੋਰ ਗੱਲ। ਇਹ ਸਰਬੱਤ ਖਾਲਸਾ ਗੁਰੂ ਦੇ ਨਾਂ ‘ਤੇ ਇਕੱਠਾ ਹੋਇਆ ਸੀ। ਉਹ ਸਾਰੀ ਦੁਨੀਆਂ ਨੂੰ ਇਹ ਦੱਸਣ ਆਏ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਉਨ੍ਹਾਂ ਲਈ ਕੀ ਅਰਥ ਹਨ? ਉਹ ਭਾਵੇਂ ਉਪਰੋਂ-ਉਪਰੋਂ ਟੋਲੀਆਂ ਵਿਚ ਹੱਸਦੇ ਨਜ਼ਰ ਆਉਂਦੇ ਹੋਣਗੇ, ਪਰ ਹੰਝੂਆਂ ਦੇ ਦਰਿਆ ਉਨ੍ਹਾਂ ਦੇ ਅੰਦਰ ਹੀ ਵਗ ਰਹੇ ਸਨ, ਕਿਉਂਕਿ ਉਨ੍ਹਾਂ ਦੇ ਗੁਰੂ ਨੇ ਆਪ ਕੁਰਬਾਨੀ ਦੇ ਕੇ ਉਨ੍ਹਾਂ ਦੀਆਂ ਜ਼ਮੀਰਾਂ ਨੂੰ ਝੰਜੋੜਿਆ ਸੀ, ਜਗਾਇਆ ਸੀ ਜੋ ਕਿੰਨੀ ਦੇਰ ਤੋਂ ਸੁੱਤੀਆਂ ਪਈਆਂ ਸਨ, ਅਧਮੋਈਆਂ ਸਨ ਜਾਂ ਪੂਰੀ ਤਰ੍ਹਾਂ ਮਰ ਚੁੱਕੀਆਂ ਸਨ। ਨੰਗੇ ਪੈਰਾਂ ਨਾਲ ਸਰਬੱਤ ਖਾਲਸੇ ਦੇ ਪੰਡਾਲ ਵੱਲ ਜਾ ਰਹੀਆਂ ਹਜ਼ਾਰਾਂ ਬੀਬੀਆਂ, ਮਰਦ ਅਤੇ ਛੋਟੇ-ਛੋਟੇ ਬੱਚੇ ਇਹ ਦੱਸਣਾ ਚਾਹੁੰਦੇ ਸਨ ਕਿ ਉਹ ਆਪਣੇ ਗੁਰੂ ਨੂੰ ਕਿੰਨਾ ਪਿਆਰ ਕਰਦੇ ਹਨ। ਮੈਨੂੰ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਪੰਜਾਬ ਦਾ ਇਤਿਹਾਸ, ਸਾਹਿਤ, ਸਭਿਆਚਾਰ, ਧਰਮ ਤੇ ਰਾਜਨੀਤੀ ਦੇ ਸੁੱਚੇ ਅੰਸ਼ 10 ਨਵੰਬਰ ਵਾਲੇ ਦਿਨ ਇੱਕੋ ਥਾਂ ਬੈਠ ਕੇ ਆਪਣੇ ਦੁੱਖ ਦਰਦ ਸਾਂਝੇ ਕਰ ਰਹੇ ਸਨ, ਜਿਵੇਂ ਉਹ ਆਪਣੇ ਗੁਰੂ ਨਾਲ ਕੋਈ ਵਾਅਦਾ ਕਰ ਰਹੇ ਸਨ ਕਿ ਅਸੀਂ ਤੈਨੂੰ ਕਦੇ ਵੀ ਨਹੀਂ ਭੁੱਲਾਂਗੇ, ਕਿਉਂਕਿ ਭੁੱਲ ਜਾਣ ਦਾ ਮਤਲਬ ਹੈ ਮੌਤ।
ਉਂਜ ਅਜਿਹੇ ਸੱਜਣਾਂ ਦੀ ਵੀ ਕਮੀ ਨਹੀਂ ਜੋ ਸੱਚੀਂ-ਮੁੱਚੀਂ ਸਿੱਖੀ ਦਾ ਦਰਦ ਰੱਖਦੇ ਹਨ, ਜੋ ਸਿਆਣੇ ਤੇ ਸੁਲਝੇ ਹੋਏ ਹਨ, ਜੋ ਤੇਜ਼ ਤਰਾਰ ਬਹਿਸਾਂ ਵਿਚ ਦਲੀਲਾਂ ਤੇ ਤਰਕ ਨਾਲ ਹਰਾ ਦਿੰਦੇ ਹਨ, ਜੋ ਸੰਜੀਦਾ ਅਤੇ ਇਮਾਨਦਾਰ ਵੀ ਹਨ, ਜੋ ਸਿਧਾਂਤਾਂ ਦੇ ਪਹਿਰੇਦਾਰ ਵੀ ਹਨ, ਜੋ ਰਤਾ ਬਚ-ਬਚ ਕੇ ਵੀ ਚੱਲਦੇ ਹਨ ਅਤੇ ਅਕਸਰ ਹੀ ਕਹਿੰਦੇ ਹਨ ਕਿ ਹੋਰ ਗੱਲਾਂ ਸਭ ਪਿਛੋਂ ਨੇ, ਵਿਧੀ-ਵਿਧਾਨ ਪਹਿਲਾਂ ਹੋਣਾ ਚਾਹੀਦਾ ਹੈ। ਜੇ ਇਹ ਨਹੀਂ ਤਾਂ ਕੁਝ ਵੀ ਨਹੀਂ। ਉਹ ਸਾਰੇ 10 ਨਵੰਬਰ ਦੇ ਸਰਬੱਤ ਖਾਲਸੇ ਨੂੰ ਪੰਥਕ ਸੰਮੇਲਨ ਕਹਿਣਾ ਚਾਹੁੰਦੇ ਹਨ। ਚਲੋ ਮੈਂ ਵੀ ਉਨ੍ਹਾਂ ਨਾਲ ਸਹਿਮਤ ਹਾਂ, ਫਿਰ ਵੀ ਜੇ ਰੂਹ ਦੀ ਗੱਲ ਕਰਨੀ ਹੈ, ਜੇ ਦਿਲਾਂ ਨਾਲ ਹੀ ਸੋਚਣਾ ਹੈ ਅਤੇ ਜੇ ਭਾਈ ਵੀਰ ਸਿੰਘ ਦੀ ਇਸ ਸਤਰ ‘ਬੈਠ ਵੇ ਗਿਆਨੀ ਬੁੱਧੀ-ਮੰਡਲੇ ਦੀ ਕੈਦ ਵਿਚ, ਵਲਵਲੇ ਦੇ ਦੇਸ ਸਾਡੀਆਂ ਲੱਗ ਗਈਆਂ ਯਾਰੀਆਂ’ ਮੁਤਾਬਕ ਚੱਬੇ ਵਾਲਾ ਸੰਮੇਲਨ ਸਰਬੱਤ ਖਾਲਸਾ ਹੀ ਸੀ। ਵਾਹਿਗੁਰੂ ਕਰੇ ਅਗਲੇ ਸਰਬੱਤ ਖਾਲਸੇ ਵਿਧੀ-ਵਿਧਾਨ ਨਾਲ ਸੰਪੂਰਨ ਹੋਣ ਤੇ ਕਾਮਯਾਬ ਹੋਣ।
ਆਖ਼ਰੀ ਗੱਲ। ਰਤਾ ਕੁ ਕੌੜੀ ਲੱਗ ਸਕਦੀ ਹੈ, ਪਰ ਹੈ ਸੱਚੀ। ਜਜ਼ਬਿਆਂ ਦਾ ਜਿਹੜਾ ਦਰਿਆ ਸਰਬੱਤ ਖਾਲਸਾ ਦੇ ਪੰਡਾਲ ਦੇ ਅੰਦਰ ਅਤੇ ਜਿਹੜਾ ਅਣਦਿੱਸਦਾ ਦਰਿਆ ਲੱਖਾਂ ਲੋਕਾਂ ਵਿਚ ਬਾਹਰ ਵਗ ਰਿਹਾ ਸੀ, ਉਹੋ ਜਿਹਾ ਦਰਿਆ ਸਟੇਜ ‘ਤੇ ਸੁਸ਼ੋਭਿਤ ਲੀਡਰਸ਼ਿਪ ਨੂੰ ਨਸੀਬ ਨਹੀਂ ਹੋਇਆ। ਇਉਂ ਲੱਗਦਾ ਸੀ ਜਿਵੇਂ ਸਰਬੱਤ ਖਾਲਸੇ ਦਾ ਇਹ ਇਕੱਠ ਕਿਸੇ ਨਾਇਕ ਦੀ ਤਲਾਸ਼ ਵਿਚ ਹੈ, ਪਰ ਉਹੋ ਜਿਹੇ ਨਾਇਕ ਸਟੇਜ ‘ਤੇ ਅਤੇ ਬੁਲਾਰਿਆਂ ਦੀਆਂ ਤਕਰੀਰਾਂ ਵਿਚ ਨਜ਼ਰ ਨਹੀਂ ਆਏ, ਪਰ ਇਹੋ ਜਿਹੇ ਨਾਇਕ ਅਤੇ ਨਾਇਕਾਂ ਦੀ ਉਡੀਕ ਸਾਨੂੰ ਅਜੇ ਵੀ ਲੱਗੀ ਹੋਈ ਹੈ ਜੋ ਸਦੀਆਂ ਤੋਂ ਪਾਰ ਵੇਖਣ ਦੀ ਸਮਰੱਥਾ ਰੱਖਦੇ ਹੋਣ।
ਇਨ ਫ਼ਕੇ ਦਸ਼ਤ ਮੇਂ ਰਹਿਬਰ ਵੋ ਹੀ ਬਨੇ,
ਜਿਸ ਕੀ ਨਿਗਾਹ ਦੇਖ ਲੇ ਸਦੀਓਂ ਕੇ ਪਾਰ ਭੀ।