-ਜਤਿੰਦਰ ਪਨੂੰ
ਬੜੇ-ਬੜੇ ਖਤਰਨਾਕ ਦਾਅ ਖੇਡਦੀ ਹੈ ਰਾਜਨੀਤੀ। ਪੰਜਾਬੀ ਦਾ ਇੱਕ ਮੁਹਾਵਰਾ ਹੈ, ਚੱਲ ਗਈ ਤਾਂ ਪੌਂ ਬਾਰਾਂ, ਨਹੀਂ ਤਾਂ ਤਿੰਨ ਕਾਣੇ। ਇਹੋ ਜਿਹੇ ਨਤੀਜੇ ਵੀ ਕਈ ਵਾਰੀ ਕੱਢਦੀ ਹੈ ਰਾਜਨੀਤੀ। ਬਿਹਾਰ ਵਿਚ ਗੁਜਰਾਤ ਦਾ ਦਾਅ ਜਦੋਂ ਵਰਤਿਆ ਤਾਂ ਗੁਜਰਾਤ ਵਾਲੇ ਨਤੀਜੇ ਨਹੀਂ ਨਿਕਲੇ। ਦਾਅ ਉਲਟਾ ਪੈ ਗਿਆ। ਹੁਣ ਮੋਦੀ ਨੂੰ ਆਪਣੇ ਘਰ ਵਿਚ ਜਵਾਬ ਦੇਣਾ ਔਖਾ ਹੋਇਆ ਪਿਆ ਹੈ। ਪੰਜਾਬ ਵਿਚ ਵੀ ਏਦਾਂ ਦੇ ਕਈ ਦਾਅ ਪੁੱਠੇ ਪਏ ਹਨ।
ਲੰਘੇ ਸ਼ੁੱਕਰਵਾਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਪੜ੍ਹਿਆ ਹੈ ਕਿ ਕਾਤਲ ਕਦੇ ਤਖਤਾਂ ਦੇ ਜਥੇਦਾਰ ਨਹੀਂ ਹੋ ਸਕਦੇ। ਇਹ ਬਿਆਨ ਪੜ੍ਹਨ ਪਿੱਛੋਂ ਕੋਈ ਇਹ ਵੀ ਪੁੱਛ ਸਕਦਾ ਹੈ ਕਿ ਜਦੋਂ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਲਾਉਣ ਬਾਰੇ ਫੈਸਲਾ ਲਿਆ ਗਿਆ ਸੀ, ਉਦੋਂ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਵਾਲੇ ਦੋਵੇਂ ਅਹੁਦੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਸਨ। ਭਾਈ ਰਣਜੀਤ ਸਿੰਘ ਦੇ ਖਿਲਾਫ ਕਤਲ ਦਾ ਦੋਸ਼ ਸਾਬਤ ਹੋ ਚੁੱਕਾ ਸੀ ਤੇ ਉਹ ਪੈਰੋਲ ਉਤੇ ਬਾਹਰ ਸੀ। ਉਸ ਦੀ ਸਜ਼ਾ ਦਾ ਬਾਕੀ ਬਚਦਾ ਹਿੱਸਾ ਮੁਆਫ ਕਰਨ ਲਈ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਨੂੰ ਸਿਫਾਰਸ਼ ਵੀ ਬਾਦਲ ਸਾਹਿਬ ਦੀ ਸਰਕਾਰ ਨੇ ਕੀਤੀ ਸੀ। ਜਿਹੜੀ ਗੱਲ ਹੁਣ ਆਖੀ ਗਈ ਹੈ, ਇਹ ਉਸ ਵੇਲੇ ਸੋਚੀ ਹੀ ਨਹੀਂ ਸੀ ਗਈ। ਜਦੋਂ ਭਾਈ ਰਣਜੀਤ ਸਿੰਘ ਨਾਲ ਸਬੰਧ ਵਿਗੜ ਗਏ ਤਾਂ ਉਸ ਦੇ ਕਾਤਲ ਹੋਣ ਦਾ ਮਿਹਣਾ ਦਿੱਤਾ ਜਾਣ ਲੱਗ ਪਿਆ ਸੀ। ਅਕਾਲੀ-ਭਾਜਪਾ ਵਾਲੀ ਸਰਕਾਰ ਦੇ ਹੁੰਦਿਆਂ ਕਤਲ ਦੇ ਦੋਸ਼ੀ ਸਾਬਤ ਹੋ ਚੁੱਕੇ ਭਾਈ ਰਣਜੀਤ ਸਿੰਘ ਨੂੰ ਗਰੇਟ ਬ੍ਰਿਟੇਨ ਦੀ ਮਹਾਰਾਣੀ ਦਾ ਸਨਮਾਨ ਕਰਨ ਦਾ ਮਾਣ ਵੀ ਬਖਸ਼ਿਆ ਗਿਆ ਸੀ। ਬੜੇ ਚਿਰ ਬਾਅਦ ਅਸੂਲ ਦੀ ਗੱਲ ਸਮਝ ਆਈ ਜਾਪਦੀ ਹੈ।
ਬੀਤੇ ਦਸ ਨਵੰਬਰ ਨੂੰ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪੈਂਦੇ ਪਿੰਡ ਚੱਬਾ ਵਿਚ ਸਰਬੱਤ ਖਾਲਸਾ ਦਾ ਸਮਾਗਮ ਕੀਤਾ ਗਿਆ ਤਾਂ ਪੰਜਾਬ ਵਾਲੇ ਤਿੰਨ ਤਖਤਾਂ ਦੇ ਜਥੇਦਾਰ ਵੀ ਉਥੇ ਨਾਮਜ਼ਦ ਕਰ ਦਿੱਤੇ ਗਏ। ਸਰਕਾਰ ਨਾਂ ਦੀ ਕੋਈ ਚੀਜ਼ ਉਥੇ ਕਿਤੇ ਦਿੱਸੀ ਨਹੀਂ ਸੀ। ਅਗਲੇ ਦਿਨ ਉਹ ਜਥੇਦਾਰ ਚਾਰਜ ਲੈਣ ਨਿਕਲ ਤੁਰੇ। ਪੰਜਾਬ ਸਰਕਾਰ ਨੂੰ ਭਾਜੜ ਪੈ ਗਈ। ਫਟਾਫਟ ਉਨ੍ਹਾਂ ਦੀ ਗ੍ਰਿਫਤਾਰੀ ਦਾ ਚੱਕਰ ਚਲਾਇਆ ਗਿਆ। ਦੋ ਜਣੇ ਫੜੇ ਜਾਣ ਪਿੱਛੋਂ ਤੀਸਰਾ ਕਾਰਜਕਾਰੀ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਟਾਫ ਦੀ ਮਿਲੀਭੁਗਤ ਨਾਲ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਆਪਣਾ ਸੰਦੇਸ਼ ਜਾਰੀ ਕਰ ਆਇਆ। ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਸਟਾਫ ਤਨਖਾਹ ਭਾਵੇਂ ਕਮੇਟੀ ਤੋਂ ਲੈਂਦਾ ਹੈ, ਅੰਦਰੋਂ ਉਸ ਦੇ ਨਾਲ ਨਹੀਂ ਤੇ ਇਹੋ ਕਾਰਨ ਹੈ ਕਿ ਚੱਬਾ ਦੇ ਸਰਬੱਤ ਖਾਲਸਾ ਸਮਾਗਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਕੁਝ ਗ੍ਰੰਥੀ ਸਾਹਿਬਾਨ ਤੇ ਰਾਗੀ ਵੀ ਪਹੁੰਚ ਗਏ ਸਨ ਤੇ ਉਨ੍ਹਾਂ ਨੇ ਓਹਲਾ ਵੀ ਕੋਈ ਨਹੀਂ ਸੀ ਰੱਖਿਆ। ਉਹ ਸਾਰੇ ਇਸ ਵੇਲੇ ਧਰਮ ਨੂੰ ਰਾਜਨੀਤੀ ਲਈ ਵਰਤਣ ਦੀ ਖੇਡ ਤੋਂ ਅੱਕੇ ਹੋਏ ਜਾਪ ਰਹੇ ਹਨ ਅਤੇ ਕਿਸੇ ਦੀ ਕੋਈ ਸਮਝਾਉਣੀ ਵੀ ਸੁਣਨ ਲਈ ਤਿਆਰ ਨਹੀਂ ਸਨ ਜਾਪਦੇ।
ਇਹ ਸਥਿਤੀ ਕਿਸੇ ਹੋਰ ਨੇ ਨਹੀਂ, ਖੁਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੀਆਂ ਲੋੜਾਂ ਲਈ ਧਰਮ ਦੀ ਦੁਰਵਰਤੋਂ ਕਰਨ ਦੇ ਚੱਕਰ ਵਿਚ ਪੈਦਾ ਕਰ ਲਈ ਹੈ। ਡੇਰਾ ਸੱਚਾ ਸੌਦਾ ਨਾਲ ਵਿਗਾੜ ਉਸ ਵਕਤ ਪਿਆ ਸੀ, ਜਦੋਂ ਉਸ ਨੇ ਆਪਣੇ ਕੋਲ ਹਾਜ਼ਰੀ ਭਰਨ ਆਏ ਬਾਦਲ ਪਿਤਾ-ਪੁੱਤਰ ਨਾਲ ਹਮਾਇਤ ਦਾ ਵਾਅਦਾ ਕਰ ਕੇ ਵੋਟਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਪਿੱਛੇ ਪਵਾ ਦਿੱਤੀਆਂ ਸਨ। ਉਨ੍ਹਾਂ ਦੇ ਖਿਲਾਫ ਕੇਸ ਵੀ ਆਪੇ ਬਣਵਾਏ ਤੇ ਨਿਬੇੜੇ ਦੇ ਕਈ ਮੌਕੇ ਬਣਨ ਦੇ ਬਾਵਜੂਦ ਇਸ ਲਈ ਆਖਰੀ ਵਕਤ ਤਕ ਗੱਲ ਲਮਕਦੀ ਰੱਖੀ ਗਈ ਕਿ ਕੇਸਾਂ ਕਾਰਨ ਸਿਰਸੇ ਵਾਲਾ ਬਾਬਾ ਚੋਣਾਂ ਵਿਚ ਸਾਡੀ ਮਦਦ ਕਰਨ ਲਈ ਮਜਬੂਰ ਹੁੰਦਾ ਰਹੇਗਾ। ਇਹ ਮਾਮਲਾ ਮੁੱਕਣ ਦੇਣਾ ਚਾਹੀਦਾ ਸੀ। ਅਖੀਰ ਜਦੋਂ ਮੁਕਾਉਣ ਦੀ ਕੋਸ਼ਿਸ਼ ਹੋਈ ਤਾਂ ਉਹ ਏਨੇ ਭੱਦੇ ਢੰਗ ਨਾਲ ਕੀਤੀ ਗਈ ਕਿ ਲੋਕ ਭੜਕ ਉਠੇ। ਅਕਾਲੀ ਦਲ ਦੇ ਆਗੂ ਉਦੋਂ ਇਹੋ ਕੰਮ ਕੁਝ ਹੋਰ ਜਥੇਬੰਦੀਆਂ ਤੇ ਸਾਂਝੀਆਂ ਧਿਰਾਂ ਨੂੰ ਨਾਲ ਲੈ ਕੇ ਕਰ ਸਕਦੇ ਸਨ। ਡੇਰੇ ਵਾਲਿਆਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਤਾਂ ਕੁਝ ਲਿਖ ਕੇ ਨਹੀਂ ਦਿੱਤਾ, ਉਹ ਲਿਖ ਕੇ ਲਿਆਏ ਤੇ ਅਸੀਂ ਦਸਤਖਤ ਹੀ ਕੀਤੇ ਸਨ। ਹੁਣ ਜਦੋਂ ਸਰਬੱਤ ਖਾਲਸਾ ਹੋਣਾ ਸੀ, ਉਸ ਦੇ ਇੱਕ ਦਿਨ ਪਹਿਲਾਂ ਅਕਾਲੀ ਦਲ ਵਿਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੇ ਤਿੰਨ ਸਭ ਤੋਂ ਸੀਨੀਅਰ ਲੀਡਰਾਂ ਢੀਂਡਸਾ, ਬ੍ਰਹਮਪੁਰਾ ਤੇ ਭੂੰਦੜ ਨੇ ਪ੍ਰੈਸ ਕਾਨਫਰੰਸ ਵਿਚ ਇਹ ਗੱਲ ਕਹਿ ਦਿੱਤੀ ਕਿ ਡੇਰਾ ਸੱਚਾ ਸੌਦਾ ਲਈ ਅਕਾਲ ਤਖਤ ਤੋਂ ਮੁਆਫੀ ਦਿੱਤੀ ਜਾਣੀ ਗਲਤ ਸੀ। ਉਨ੍ਹਾਂ ਤਿੰਨਾਂ ਵੱਲੋਂ ਇਹ ਗੱਲ ਉਦੋਂ ਆਖੀ ਗਈ, ਜਦੋਂ ਪਾਣੀ ਸਿਰੋਂ ਲੰਘ ਚੱਲਿਆ ਜਾਪਣ ਲੱਗ ਪਿਆ। ਉਨ੍ਹਾਂ ਨੇ ਇਹ ਗੱਲ ਪਹਿਲਾਂ ਹੀ ਕਹੀ ਹੁੰਦੀ ਤਾਂ ਏਨਾ ਵਿਗਾੜ ਨਹੀਂ ਸੀ ਪੈਣਾ। ਅਕਾਲੀ ਲੀਡਰਸ਼ਿਪ ਦੀ ਨਵੀਂ ਪੀੜ੍ਹੀ ਤੋਂ ਡਰਦੇ ਉਹ ਵਿਚਾਰੇ ਚੁੱਪ ਸਨ।
ਜਿੱਦਾਂ ਦੀਆਂ ਖੇਡਾਂ ਸੱਚਾ ਸੌਦਾ ਨਾਲ ਖੇਡੀਆਂ ਗਈਆਂ, ਐਨ ਉਹ ਖੇਡਾਂ ਸਿੱਖ ਸੰਤਾਂ ਨਾਲ ਵੀ ਖੇਡਣ ਦਾ ਕੰਮ ਕਈ ਵਾਰ ਹੁੰਦਾ ਰਿਹਾ। ਇਸ ਵਕਤ ਬਾਬਾ ਬਲਜੀਤ ਸਿੰਘ ਦਾਦੂਵਾਲ ਜੇਲ੍ਹ ਵਿਚ ਹੈ। ਪਹਿਲਾਂ ਜਦੋਂ ਡੇਰਾ ਸੱਚਾ ਸੌਦਾ ਨਾਲ ਟਕਰਾਅ ਹੋਇਆ, ਉਹ ਅਕਾਲੀ ਦਲ ਦੇ ਨਾਲ ਸੀ। ਫਿਰ ਜਦੋਂ ਹਰਿਆਣੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣੀ, ਉਹ ਉਨ੍ਹਾਂ ਨਾਲ ਖੜਾ ਹੋ ਗਿਆ ਤਾਂ ਪੰਜਾਬ ਵਿਚ ਆਉਂਦੇ ਸਾਰ ਗ੍ਰਿਫਤਾਰ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਤੇ ਉਸ ਦੇ ਪੱਕੇ ਪੜਾਅ ਵਾਲਾ ਗੁਰਦੁਆਰਾ ਵੀ ਪੁਲਿਸ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨਾਲ ਕਬਜ਼ੇ ‘ਚ ਕਰ ਲਿਆ ਗਿਆ ਸੀ। ਬਾਅਦ ਵਿਚ ਉਸ ਨਾਲ ਜਦੋਂ ਸਮਝੌਤਾ ਹੋਇਆ ਤਾਂ ਗੁਰਦੁਆਰਾ ਵੀ ਛੱਡ ਦਿੱਤਾ।
ਅਸੀਂ ਪਿੰਡ ਚੱਬਾ ਵਿਚ ਹੋਏ ਇਕੱਠ ਨੂੰ ਗਹੁ ਨਾਲ ਸਮਝਣ ਦਾ ਯਤਨ ਕੀਤਾ ਹੈ। ਇਸ ਇਕੱਠ ਦੀ ਸਟੇਜ ਉਤੇ ਬਿਨਾਂ ਸ਼ੱਕ ਵੱਡਾ ਹਿੱਸਾ ਖਾਲਿਸਤਾਨੀ ਸੋਚ ਵਾਲੇ ਲੀਡਰਾਂ ਦਾ ਸੀ, ਪਰ ਇਕੱਠ ਵਿਚ ਸ਼ਾਮਲ ਲੋਕਾਂ ਦੀ ਵੱਡੀ ਗਿਣਤੀ ਖਾਲਿਸਤਾਨ ਮੰਗਣ ਵਾਲੀ ਨਹੀਂ ਸੀ। ਇਹ ਉਹ ਲੋਕ ਸਨ, ਜਿਹੜੇ ਮੌਜੂਦਾ ਸਰਕਾਰ ਦੇ ਬਹੁਤ ਸਾਰੇ ਕਦਮਾਂ ਤੋਂ ਆਪਣੇ ਮਨ ਵਿਚ ਏਨੀ ਕੌੜ ਭਰੀ ਬੈਠੇ ਸਨ ਕਿ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ। ਖਾਲਿਸਤਾਨ ਦੀ ਲਹਿਰ ਦੇ ਚੜ੍ਹਾਅ ਵੇਲੇ ਪੈਂਤੀ ਕੁ ਸਾਲ ਪਹਿਲਾਂ ਜਿਵੇਂ ਹਰ ਭਾਸ਼ਣ ਦਿੱਲੀ ਦਰਬਾਰ ਤੇ ਬ੍ਰਾਹਮਣਵਾਦ ਦੇ ਵਿਰੋਧ ਵਿਚ ਕਰਨ ਦਾ ਰਿਵਾਜ ਸੀ, ਉਦਾਂ ਇਸ ਵਾਰ ਨਹੀਂ ਸੀ ਹੋ ਰਿਹਾ। ਤੀਹ ਕੁ ਸਾਲ ਪਹਿਲਾਂ ਜਿਵੇਂ ਸੁਰਜੀਤ ਸਿੰਘ ਬਰਨਾਲਾ ਵਿਰੁਧ ਭਾਸ਼ਣ ਉਸ ਨੂੰ ‘ਦਿੱਲੀ ਦਰਬਾਰ ਦਾ ਏਜੰਟ’ ਆਖ ਕੇ ਹੁੰਦੇ ਸਨ, ਉਸ ਨਾਲੋਂ ਵੀ ਵੱਖਰਾ ਰੰਗ ਸੀ। ਪੰਜਾਬ ਸਰਕਾਰ ਤੇ ਇਸ ਦਾ ‘ਪੰਥ ਰਤਨ’ ਦੇ ਖਿਤਾਬ ਵਾਲਾ ਮੁੱਖ ਮੰਤਰੀ ਹਰ ਕਿਸੇ ਤਕਰੀਰ ਦੇ ਨਿਸ਼ਾਨੇ ਉਤੇ ਸਨ। ਖਾਲਿਸਤਾਨੀ ਦੌਰ ਵੇਲੇ ਤਕਰੀਰਾਂ ਵਿਚ ਪੰਜਾਬੀ ਬੋਲਦੇ ਇਲਾਕਿਆਂ ਅਤੇ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਜਿਹੜੀ ਚਰਚਾ ਚੱਲਿਆ ਕਰਦੀ ਸੀ, ਉਹ ਇਸ ਵਾਰ ਨਹੀਂ ਸੁਣੀ ਗਈ ਤੇ ਉਸ ਦੀ ਥਾਂ ਦਰਿਆਵਾਂ ਨੂੰ ਪੁੱਟ ਕੇ ਕੱਢੀ ਜਾ ਰਹੀ ਰੇਤ-ਬੱਜਰੀ ਦੀ ਚਰਚਾ ਤਕਰੀਰਾਂ ਦਾ ਹਿੱਸਾ ਬਣਨ ਲੱਗ ਪਈ। ਰੇਤ-ਬੱਜਰੀ ਦਾ ਰੌਲਾ ਅੱਜ-ਕੱਲ੍ਹ ਕਿਸੇ ‘ਦਿੱਲੀ ਦਰਬਾਰ’ ਦੇ ਖਿਲਾਫ ਨਹੀਂ ਪੈਂਦਾ। ਸਾਫ ਹੈ ਕਿ ਓਨਾ ਮੁੱਦਾ ਉਥੇ ਸਿੱਖੀ ਦਾ ਨਹੀਂ, ਜਿੰਨਾ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਹਰ ਖੇਤਰ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ ਤੇ ਹਲਕਾ ਇੰਚਾਰਜਾਂ ਰਾਹੀਂ ਇਸ ਕਾਰੋਬਾਰ ਨੂੰ ਕਾਰਪੋਰੇਟਾਈਜ਼ ਕਰ ਦੇਣ ਦੇ ਖਿਲਾਫ ਸੀ। ਪੰਜਾਬ ਸਰਕਾਰ ਅਤੇ ਅਕਾਲੀ ਲੀਡਰਸ਼ਿਪ ਇਸ ਨੂੰ ਵੇਲੇ ਸਿਰ ਸਮਝ ਨਹੀਂ ਸਕੀ।
ਹੁਣ ਪੰਜਾਬ ਦੀ ਰਾਜਨੀਤੀ ਜਿਸ ਮੋੜ ਉਤੇ ਆਣ ਪਹੁੰਚੀ ਹੈ, ਉਥੇ ਹਾਲਾਤ ਨੂੰ ਮੋੜਾ ਦੇ ਸਕਣਾ ਪੰਜਾਬ ਦੀ ਸਰਕਾਰ ਜਾਂ ਅਕਾਲੀ ਲੀਡਰਸ਼ਿਪ ਲਈ ਸੌਖਾ ਨਹੀਂ ਰਹਿ ਗਿਆ। ਮੁੱਖ ਮੰਤਰੀ ਬਾਦਲ ਇਸ ਵਕਤ ਬਹੁਤੇ ਸਰਗਰਮ ਨਹੀਂ ਤੇ ਸਾਰੀ ਸਰਗਰਮੀ ਦੀ ਵਾਗ ਡਿਪਟੀ ਮੁੱਖ ਮੰਤਰੀ ਦੇ ਹੱਥ ਹੈ, ਪਰ ਡਿਪਟੀ ਮੁੱਖ ਮੰਤਰੀ ਦੇ ਆਪਣੇ ਕਦਮ ਇਹੋ ਜਿਹੇ ਉਲਝਾਵੇਂ ਹਨ ਕਿ ਹਾਲਾਤ ਨੂੰ ਵਿਗੜਨ ਤੋਂ ਨਹੀਂ ਬਚਾ ਸਕਦੇ। ਲੰਮਾ ਸੰਘਰਸ਼ ਕਰਨ ਦੇ ਬਾਅਦ ਪ੍ਰਾਪਤ ਕੀਤੇ ਗਏ ਅੱਜ ਵਾਲੇ ਪੰਜਾਬ ਦਾ ‘ਪੰਜਾਬ ਦਿਵਸ’ ਵਾਲਾ ਸਮਾਗਮ ਹੁਣ ਤੱਕ ਹਰ ਵਾਰ ਮੁੱਖ ਮੰਤਰੀ ਦੀ ਹਾਜ਼ਰੀ ਦਾ ਮੁਥਾਜ ਹੁੰਦਾ ਸੀ, ਇਸ ਵਾਰ ਉਹ ਆਪ ਨਹੀਂ ਆਏ, ਉਪ ਮੁੱਖ ਮੰਤਰੀ ਵੀ ਨਹੀਂ ਆਇਆ ਤੇ ਜਿਹੜੇ ਮੰਤਰੀ ਦੀ ਜ਼ਿਮੇਵਾਰੀ ਉਥੇ ਜਾਣ ਦੀ ਲਾਈ ਗਈ, ਉਹ ਆਖਰੀ ਸਮੇਂ ਰੁਝੇਵੇਂ ਦਾ ਬਹਾਨਾ ਕਰ ਗਿਆ। ਪੰਜਾਬ ਦੇ ਸਮਾਗਮ ਲਈ ਤਾਂ ਆਉਣ ਦੀ ਲੋੜ ਨਹੀਂ ਸਮਝੀ ਤੇ ਹਰਿਆਣੇ ਦੀ ਇਨੈਲੋ ਪਾਰਟੀ ਵੱਲੋਂ ਮਨਾਏ ‘ਹਰਿਆਣਾ ਦਿਵਸ’ ਸਮਾਗਮ ਵਿਚ ਡਿਪਟੀ ਮੁੱਖ ਮੰਤਰੀ ਨੇ ਹਾਜ਼ਰੀ ਜਾ ਲਵਾਈ। ਇਹ ਉਸ ਪਾਰਟੀ ਦਾ ਸਮਾਗਮ ਸੀ, ਜਿਹੜੀ ਪੰਜਾਬ ਦੇ ਵਿਰੁਧ ਸਦਾ ਸਰਗਰਮ ਰਹੀ ਸੀ ਤੇ ਏਥੋਂ ਲੱਗੇ ਹਰ ਕਿਸੇ ਮੋਰਚੇ ਦੇ ਜਵਾਬ ਵਿਚ ਉਥੇ ਮੋਰਚਾ ਲਾਉਂਦੀ ਰਹੀ ਸੀ।
ਇਸ ਵੇਲੇ ਅਕਾਲੀ ਲੀਡਰਸ਼ਿਪ ਅੱਕੀਂ-ਪਲਾਹੀਂ ਹੱਥ ਮਾਰਦੀ ਨਜ਼ਰ ਆਉਂਦੀ ਹੈ। ਉਸ ਦੀ ਟੇਕ ਪੁਲਿਸ ਅਤੇ ਪ੍ਰਸ਼ਾਸਨ ਦੇ ਕੁਝ ਅਫਸਰਾਂ ਉਤੇ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਵਿਧਾਨ ਸਭਾ ਵਿਚ ਕੀਤੇ ਹੋਏ ਉਸ ਭਾਸ਼ਣ ਦਾ ਵੀ ਚੇਤਾ ਨਹੀਂ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਫਸਰ ਕਿਸੇ ਦੇ ਮਿਤ ਨਹੀਂ ਹੁੰਦੇ। ਅਮਰਿੰਦਰ ਸਿੰਘ ਨੂੰ ਉਨ੍ਹਾਂ ਕਿਹਾ ਸੀ ਕਿ ਅਫਸਰ ਹਾਲਾਤ ਦੀ ਨਬਜ਼ ਪਛਾਣਦੇ ਹਨ, ਮੇਰੇ ਵਕਤ ਜਿਵੇਂ ਤੁਹਾਡੇ ਨਾਲ ਨੇੜ ਰੱਖਦੇ ਰਹੇ ਸਨ, ਉਵੇਂ ਹੁਣ ਤੁਹਾਡੇ ਰਾਜ ਵਿਚ ਮੇਰੇ ਨਾਲ ਵੀ ਹੋ ਸਕਦੇ ਹਨ। ਬਾਦਲ ਸਾਹਿਬ ਦੀ ਕਹੀ ਇਹ ਗੱਲ ਉਦੋਂ ਵੀ ਠੀਕ ਸੀ, ਅੱਜ ਵੀ ਲਾਗੂ ਹੁੰਦੀ ਹੈ, ਪਰ ਜਿਸ ਦੇ ਹੱਥ ਇਸ ਵਕਤ ਰਾਜਨੀਤੀ ਦੀ ਕਮਾਨ ਹੈ, ਉਸ ਨੂੰ ਇਸ ਦਾ ਖਿਆਲ ਨਹੀਂ ਜਾਪਦਾ ਤੇ ਜਦੋਂ ਤੱਕ ਖਿਆਲ ਆਵੇਗਾ, ਕਰਨ ਵਾਸਤੇ ਸ਼ਾਇਦ ਬਹੁਤਾ ਕੁਝ ਨਹੀਂ ਬਚੇਗਾ।
ਹਾਲਾਤ ਦੇ ਤਾਜ਼ਾ ਵਹਿਣ ਤੋਂ ਅਸੀਂ ਅਜੇ ਕਾਹਲੀ ਵਿਚ ਇਹੋ ਜਿਹੇ ਸਿੱਟੇ ਕੱਢਣ ਲਈ ਤਿਆਰ ਨਹੀਂ ਹਾਂ ਕਿ ਪੰਜਾਬ ਇੱਕ ਵਾਰ ਫਿਰ ਉਸੇ ਅੰਨ੍ਹੀ ਗਲੀ ਵਿਚ ਫਸ ਚੱਲਿਆ ਹੈ, ਜਿਸ ਵਿਚੋਂ ਬਾਰਾਂ ਸਾਲ ਠੇਡੇ ਖਾ ਕੇ ਨਿਕਲਣ ਦਾ ਸਬੱਬ ਬਣਿਆ ਸੀ। ਫਿਰ ਵੀ ਉਸ ਦੇ ਖਦਸ਼ੇ ਹਨ ਤੇ ਜੇ ਇਨ੍ਹਾਂ ਖਦਸ਼ਿਆਂ ਨੂੰ ਵੇਲੇ ਸਿਰ ਸਮਝਿਆ ਨਾ ਗਿਆ ਤਾਂ ਜਿਹੜੀ ਗੱਲ ਹੁਣ ਅਸੀਂ ਖੜੇ ਪੈਰ ਕਹਿਣ ਤੋਂ ਗੁਰੇਜ਼ ਕਰ ਰਹੇ ਹਾਂ, ਉਹ ਸੱਚ ਵੀ ਸਾਬਤ ਹੋ ਸਕਦੀ ਹੈ।