ਬਲਜੀਤ ਬਾਸੀ
ਪਾਣੀ ਦੇ ਅਰਥਾਂ ਵਾਲੇ ਆਬ ਸ਼ਬਦ ਬਾਰੇ ਬਥੇਰੇ ਪੰਜਾਬੀ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਖੁਦ ਪੰਜਾਬ ਸ਼ਬਦ ਪੰਜ+ਆਬ ਯਾਨਿ ਪੰਜ ਪਾਣੀ ਤੋਂ ਬਣਿਆ ਹੈ। ਇਸ ਸੂਬੇ ਦੀਆਂ ਭੂਗੋਲਿਕ ਸਰਹੱਦਾਂ ਬਦਲਦੀਆਂ ਰਹੀਆਂ ਹਨ। ਕਿਸੇ ਵੇਲੇ ਇਹ ਸਪਤ-ਸਿੰਧੂ ਕਹਾਉਂਦਾ ਸੀ, ਜੋ ਜਮੁਨਾ ਤੋਂ ਸਿੰਧ ਤੱਕ ਸੱਤ ਨਦੀਆਂ ਵਾਲਾ ਇਲਾਕਾ ਸੀ।
ਫਿਰ ਇਹ ਪੰਚ-ਨਦ ਕਹਾਉਣ ਲੱਗਾ। ਇਹੀ ਪੰਚ-ਨਦ ਫਾਰਸੀ ਵਿਚ ਪੰਜ-ਆਬ ਕਹਾਇਆ।
ਇਥੋਂ ਸਾਨੂੰ ਇਹ ਸੰਕੇਤ ਵੀ ਮਿਲਦਾ ਹੈ ਕਿ ਅਜੋਕੀ ਪੰਜਾਬੀ ਵਿਚ ਆਬ ਸ਼ਬਦ ਬਹੁਤਾ ਸਮਾਸੀ ਰੂਪ ਵਿਚ ਹੀ ਪ੍ਰਗਟ ਹੁੰਦਾ ਹੈ। ਪਰ ਫਿਰ ਵੀ ਮਧਕਾਲੀ ਪੰਜਾਬੀ ਕਵਿਤਾ ਵਿਚ ਆਬ ਸ਼ਬਦ ਸੁਤੰਤਰ ਤੌਰ ‘ਤੇ ਪਾਣੀ ਦੇ ਅਰਥਾਂ ਵਿਚ ਵਰਤਿਆ ਮਿਲਦਾ ਹੈ, ‘ਅਮੁਲ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥’ ਅਤੇ ‘ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ॥’ (ਗੁਰੂ ਨਾਨਕ ਦੇਵ)। ਕਿੱਸਿਆਂ ਵਿਚ ਆਬ ਸ਼ਬਦ ਦੀ ਕਾਫੀ ਆਬਾਦੀ ਹੈ! ਰਾਂਝਾ ਆਪਣੀਆਂ ਭਰਜਾਈਆਂ ਨੂੰ ਆਖਦਾ ਹੈ,
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ,
ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ।
ਅਸੀਂ ਕੁੱਜੜੇ ਰੂਪ ਕਰੂਪ ਵਾਲੇ,
ਤੁਸੀਂ ਜੋਬਨੇ ਦੀਆਂ ਨੈਈਂ ਵਗਦੀਆਂ ਹੋ।
ਅਸਾਂ ਆਬ ਤੇ ਤੁਆਮ ਹਰਾਮ ਕੀਤਾ,
ਤੁਸੀਂ ਠਗਣੀਆਂ ਸਾਰੜੇ ਜੱਗ ਦੀਆਂ ਹੋ।
ਵਾਰਸ ਸ਼ਾਹ ਇਕੱਲੜੇ ਕੀ ਕਰਨਾ,
ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।
ਹੋਰ ਸੁਣੋ, “ਕਾਬਲ ਗਏ ਮੁਗਲ ਹੋ ਆਏ, ਬੋਲੇ ਬੋਲ ਪਠਾਣੀ; ਆਬ ਆਬ ਕਰ ਪੂਤਾ ਮਰ ਗਏ ਧਰਾ ਸਿਰਹਾਣੇ ਪਾਣੀ।” ਇਸ ਦਾ ਇਕ ਹੋਰ ਰੂਪ ਹੈ, “ਆਬ ਆਬ ਕਰ ਮੋਇਓਂ ਬੱਚਾ, ਫਾਰਸੀਆਂ ਘਰ ਗਾਲੇ। ਜੇ ਜਾਣਾ ਤੂੰ ਪਾਣੀ ਮੰਗਦੋਂ ਤਾਂ ਭਰ ਦਿਆਂ ਪਿਆਲੇ।” ਆਬ ਸ਼ਬਦ ਪੰਜਾਬੀ ਵਿਚ ਭਾਰਤ ਦੇ ਉਤਰ-ਪੱਛਮੀ ਖੇਤਰ ਵਿਚ ਮੁਸਲਮਾਨੀ ਚੜ੍ਹਤ ਨਾਲ ਮਧਕਾਲ ਦੌਰਾਨ ਫਾਰਸੀ ਵਲੋਂ ਆਇਆ। ਮੁਸਲਮਾਨੀ ਸੱਤਾ ਕਾਇਮ ਹੋਣ ਨਾਲ ਹਾਕਮਾਂ ਨੇ ਦੇਸ਼ ਵਿਚ ਫਾਰਸੀ ਲਾਗੂ ਕਰ ਦਿੱਤੀ। ਸਿੱਟੇ ਵਜੋਂ ਹੋਰ ਫਾਰਸੀ ਸ਼ਬਦਾਂ ਦੀ ਤਰ੍ਹਾਂ ਨਾ ਸਿਰਫ ਪੰਜਾਬੀ ਸਾਹਿਤ ਵਿਚ ਹੀ ਬਲਕਿ ਹੋਰ ਹਰ ਤਰ੍ਹਾਂ ਦੀ ਸ਼ਬਦਾਵਲੀ ਵਿਚ ਵੀ ਆਬ ਸ਼ਬਦ ਦੀ ਆਭਾ ਫੈਲਣ ਲੱਗੀ। ਜ਼ਮੀਨ ਦੇ ਰਿਕਾਰਡ ਫਾਰਸੀ-ਉਰਦੂ ਵਿਚ ਲਿਖੇ ਜਾਂਦੇ ਸਨ। ਜ਼ਮੀਨ ਨਾਲ ਪਾਣੀ ਦਾ ਸਿੱਧਾ ਸਬੰਧ ਹੈ।
ਆਬ ਦੇ ਪਾਣੀ ਵਾਲੇ ਅਰਥ ਕਈ ਸਮਾਸੀ ਜਾਂ ਸੰਯੁਕਤ ਸ਼ਬਦਾਂ ਵਿਚ ਮਿਲਦੇ ਹਨ। ਸਭ ਤੋਂ ਵਧ ਪ੍ਰਚਲਿਤ ਸ਼ਬਦ ਹੈ ਪੌਣ-ਪਾਣੀ ਦੇ ਅਰਥਾਂ ਵਾਲਾ ਆਬੋ-ਹਵਾ ਜੋ ਲਾਖਣਿਕ ਤੌਰ ‘ਤੇ ਮਾਹੌਲ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ। ਝਰਨੇ ਲਈ ਆਬਸ਼ਾਰ ਸ਼ਬਦ ਵੀ ਸਾਹਿਤਕ ਪੰਜਾਬੀ ਵਿਚ ਖੂਬ ਵਰਤਿਆ ਮਿਲਦਾ ਹੈ। ਆਬ ਤੋਂ ਬਣੇ ਮੁਰਗਾਬ ਦਾ ਅਰਥ ਪਾਣੀ ਵਿਚ ਰਹਿਣ ਵਾਲਾ ਹੁੰਦਾ ਹੈ। ਇਸ ਤੋਂ ਅੱਗੇ ਮੁਰਗਾਬੀ ਆਈ ਜੋ ਜਲ ਵਿਚ ਰਹਿਣ ਵਾਲਾ ਇਕ ਨਿੱਕਾ ਪੰਛੀ ਹੁੰਦਾ ਹੈ। ਮੁਰਗ ਦਾ ਫਾਰਸੀ ਵਿਚ ਅਰਥ ḔਪੰਛੀḔ ਹੁੰਦਾ ਹੈ। ਆਫਤਾਬਾ ਕੁੱਜਾ ਹੁੰਦਾ ਹੈ। ਆਬਖੋਰਾ ਇਕ ਤਰ੍ਹਾਂ ਦਾ ਕਟੋਰਾ ਜਾਂ ਗਲਾਸ ਹੁੰਦਾ ਹੈ। ਰੌਣੀ ਕਰਨ ਜਾਂ ਜਲ ਛਿੜਕਣ ਦੇ ਅਰਥਾਂ ਵਿਚ ਇਕ ਸ਼ਬਦ ਹੈ, ਆਬਪਾਸ਼ੀ। ਇਸ ਦੇ ਟਾਕਰੇ ‘ਤੇ ਗੁਰਬਾਣੀ ਵਿਚ ਆਪਾਉ ਸ਼ਬਦ ਆਉਂਦਾ ਹੈ ਜਿਸ ਦਾ ਮਤਲਬ ਵੀ ਸਿੰਜਣਾ ਹੀ ਹੁੰਦਾ ਹੈ, “ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ॥” (ਗੁਰੂ ਨਾਨਕ ਦੇਵ)
ਨਹਿਰੀ ਪਾਣੀ ਦੇ ਕਰ ਨੂੰ ਆਬਿਆਨਾ ਕਿਹਾ ਜਾਂਦਾ ਹੈ। ਸ਼ਰਾਬ ਕੱਢਣ ਵਾਲਾ ਆਬਕਾਰ ਹੈ ਤੇ ਆਬਕਾਰੀ ਹੈ, ਸ਼ਰਾਬ ਕੱਢਣ ਦਾ ਧੰਦਾ ਜਾਂ ਸ਼ਰਾਬਖਾਨਾ। ਸ਼ਰਾਬ ਇਕ ਤਰ੍ਹਾਂ ਦਾ ਪਾਣੀ ਹੀ ਹੈ, ਅਸੀਂ ਨਸ਼ਾ-ਪਾਣੀ ਸ਼ਬਦ ਵਰਤਦੇ ਹਾਂ। ਆਮ ਧਾਰਨਾ ਹੈ, ਸ਼ਰਾਬ ਸ਼ਬਦ ਸ਼ਰ+ਆਬ ਤੋਂ ਬਣਿਆ ਹੈ ਅਰਥਾਤ ਐਸਾ ਪਾਣੀ ਜਿਸ ਦੇ ਪੀਣ ਨਾਲ ਮਨ ਵਿਚ ਸ਼ਰਾਰਤ ਉਪਜੇ। ਪਰ ਇਹ ਸਹੀ ਨਹੀਂ ਹੈ। ਸ਼ਰਾਬ ਅਰਬੀ ਮੂਲ ਦਾ ਸ਼ਬਦ ਹੈ ਜਿਸ ਦੇ ਧਾਤੂ ਸ਼ਰਬ ਦਾ ਅਰਥ ਪੀਣਾ ਹੁੰਦਾ ਹੈ। ਆਬ ਨਰੋਆ ਦਾ ਮਤਲਬ ਨਰੋਆ ਅਰਥਾਤ ਸਿਹਤ ਲਈ ਚੰਗਾ ਪਾਣੀ ਹੁੰਦਾ ਹੈ। ਆਬੋਦਾਣਾ ਸ਼ਬਦ ਦਾਣਾ-ਪਾਣੀ ਜਾਂ ਰਿਜ਼ਕ ਦੇ ਅਰਥਾਂ ਵਿਚ ਲਿਆ ਜਾਂਦਾ ਹੈ, “ਆਬਦਾਣਾ ਨਾ ਮਿਰਜ਼ੇ ਦਾ ਖੁੱਟਿਆ ਈ।” (ਕਿਸ਼ਨ ਸਿੰਘ ਆਰਿਫ) ਆਬੇ-ਹਯਾਤ ਦਾ ਸ਼ਾਬਦਿਕ ਅਰਥ ਹੁੰਦਾ ਹੈ, ਜੀਵਨ ਦਾ ਪਾਣੀ ਪਰ ਵਿਸਤ੍ਰਿਤ ਅਰਥ ਅਮਰਤਾ ਹੈ। ਇਕ ਮਿਥਿਕ ਚਸ਼ਮੇ ਦਾ ਨਾਂ ਵੀ ਆਬੇ-ਹਯਾਤ ਹੁੰਦਾ ਹੈ। ਇਸ ਦਾ ਪਾਣੀ ਪੀਣ ਨਾਲ ਆਦਮੀ ਅਮਰ ਹੋ ਜਾਂਦਾ ਦੱਸਿਆ ਜਾਂਦਾ ਹੈ। ਮੀਆਂ ਮੁਹੰਮਦ ਬਖਸ਼ ਨੇ ਇਹ ਸ਼ਬਦ ਇਸ ਤਰ੍ਹਾਂ ਵਰਤਿਆ ਹੈ:
ਜੇ ਤੂੰ ਸ਼ਾਹ ਇਕਬਾਲਾਂ ਵਾਲਾ
ਕੱਛਣ ਲੱਗੋਂ ਸਮੁੰਦਰ।
ਆਬ-ਹੱਯਾਤੀ ਵੀ ਕਮ ਹੋਸੀ
ਮਰਸੇਂ ਵਾਂਗ ਸਿਕੰਦਰ।
ਪ੍ਰਸਿਧ ਨਿਰੁਕਤਕਾਰ ਅਜਿਤ ਵਡਨੇਰਕਰ ਨੇ ਆਬਾ ਸ਼ਬਦ ਵੀ ਆਬ ਤੋਂ ਬਣਿਆ ਦੱਸਿਆ ਹੈ। ਪ੍ਰਾਚੀਨ ਖੇਤੀ ਪ੍ਰਧਾਨ ਜ਼ਮਾਨੇ ਵਿਚ ਜਦ ਕਿਸੇ ਨਵੇਂ ਥਾਂ ‘ਤੇ ਵਸਿਆ ਜਾਂਦਾ ਸੀ ਤਾਂ ਸਭ ਤੋਂ ਪਹਿਲਾਂ ਇਸ ਨੂੰ ਪਾਣੀ ਨਾਲ ਸਿੰਜਣ ਦੇ ਪ੍ਰਬੰਧ ਕੀਤੇ ਜਾਂਦੇ ਸਨ। ਇਸ ਲਈ ਉਸ ਅਨੁਸਾਰ ਆਬਾਦ ਕਰਨ ਦਾ ਮੁਢਲਾ ਅਰਥ ਸਿੰਜੀ ਜ਼ਮੀਨ ਜਾਂ ਵਾਹੀਯੋਗ ਬਣਾਈ ਜ਼ਮੀਨ ਹੈ। ਇਸ ਤੋਂ ਆਬਾਦ ਸ਼ਬਦ ਸ਼ਹਿਰਾਂ ਨਗਰਾਂ ਦੇ ਨਾਂ ਪਿਛੇ ਵੀ ਲੱਗਣ ਲੱਗ ਪਿਆ। ਪਰ ਹਾਲ ਦੀ ਘੜੀ ਮੈਂ ਉਸ ਨਾਲ ਸਹਿਮਤ ਨਹੀਂ ਹਾਂ। ਸ਼ਾਇਦ ਇਹ ਸ਼ਬਦ ਸੰਸਕ੍ਰਿਤ ‘ਆਵਾਸ’ ਸ਼ਬਦ ਦਾ ਸੁਜਾਤੀ ਹੈ ਜੋ ਵਸ ਧਾਤੂ ਤੋਂ ਬਣਿਆ ਹੈ ਤੇ ਜਿਸ ਵਿਚ ਵੱਸਣ ਦੇ ਭਾਵ ਹਨ।
ਆਬ ਨੂੰ ਵਿਸ਼ੇਸ਼ ਦ੍ਰਵਾਂ ਜਿਵੇਂ ਪਸੀਨਾ, ਅੱਥਰੂ, ਅਰਕ, ਖਾਲਸ ਸ਼ਰਾਬ ਆਦਿ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ। ਆਬ ਦੇ ਵਿਸਤ੍ਰਿਤ ਅਤੇ ਲਾਖਣਿਕ ਅਰਥ ਵੀ ਹਨ। ਆਬ ਜਾਂ ਪਾਣੀ ਇਕ ਪਾਰਦਰਸ਼ਕ ਚਮਕਦਾ ਹੋਇਆ ਪਦਾਰਥ ਹੁੰਦਾ ਹੈ, ਇਸ ਲਈ ਇਸ ਤੋਂ ਚਮਕਣ ਦੇ ਭਾਵਾਂ ਵਾਲੇ ਸ਼ਬਦ ਵੀ ਬਣੇ ਹਨ। ਚਿਹਰੇ ਦੇ ਆਬ ਤੋਂ ਬੰਦੇ ਦੀ ਸ਼ਖਸੀਅਤ ਪਰਖੀ ਜਾਂਦੀ ਹੈ, ਇਸ ਲਈ ਇੱਜ਼ਤ ਦੇ ਅਰਥਾਂ ਵਾਲਾ ਆਬਰੂ ਸ਼ਬਦ ਬਣ ਗਿਆ ਹੈ, ‘ਕੱਟ ਵਾਂਗੂੰ ਮੁਸਾਫਰਾਂ ਰਾਤ ਏਥੇ, ਕਿਸ ਵਾਸਤੇ ਦੇਸ ਭੁਲਾਵਨਾ ਏਂ। ਜਾਏਂ ਆਬਰੂ ਨਾਲ ਤਾਂ ਲੱਖ ਪਾਏਂ, ਕਿਸ ਵਾਸਤੇ ਸ਼ਾਨ ਬਣਾਉਣਾ ਏਂ।’ (ਹਾਸ਼ਮ ਸ਼ਾਹ) ਇੱਜ਼ਤ-ਆਬਰੂ ਸ਼ਬਦ-ਜੁੱਟ ਵੀ ਖੂਬ ਚਲਦਾ ਹੈ। ਆਬਰੂ ਤੋਂ ਹੀ ਬੇਆਬਰੂ ਬਣ ਗਿਆ। ਉਂਜ ਆਬਰੂ ਦੀ ਵਿਉਤਪਤੀ ਇਕ ਹੋਰ ਤਰ੍ਹਾਂ ਵੀ ਕੀਤੀ ਜਾਂਦੀ ਹੈ। ਫਾਰਸੀ ਵਿਚ ਆਬਰੂ ਦਾ ਅਰਥ ਭਰਵੱਟੇ ਵੀ ਹੁੰਦਾ ਹੈ। ਚਿਹਰੇ ਦੇ ਅੰਗ ਮਨੁੱਖ ਦੇ ਸ਼ਖਸੀਅਤ ਦਾ ਸ਼ੀਸ਼ਾ ਹੁੰਦੇ ਹਨ। ਚੜ੍ਹੇ ਭਰਵੱਟਿਆਂ (੍ਹਗਿਹ ਭਰੋੱ) ਵਾਲਾ ਬੰਦਾ ਘੁਮੰਡੀ ਹੁੰਦਾ ਹੈ; ਨੱਕ-ਚੜ੍ਹਿਆ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ। ਨੱਕ ਲਾਖਣਿਕ ਤੌਰ ‘ਤੇ ਇਜ਼ਤ ਜਾਂ ਨਾਮਣਾ ਦਾ ਬੋਧਕ ਹੈ ਜਿਵੇਂ ‘ਨੱਕ-ਨਮੂਜ ਨਾ ਰਹਿਣਾ।’
ਆਬਦਾਰ ਦਾ ਮਤਲਬ (ਹੀਰਾ ਆਦਿ) ਚਮਕੀਲਾ, ਲਿਸ਼ਕਾਇਆ ਅਤੇ (ਲੋਹਾ ਆਦਿ) ਚੰਗੀ ਪਾਣ ਚੜ੍ਹੀ ਵਾਲਾ ਹੁੰਦਾ ਹੈ। ਧਿਆਨ ਦਿਉ, ਪਾਣ ਸ਼ਬਦ ਵੀ ਪਾਣੀ ਤੋਂ ਹੀ ਬਣਿਆ ਹੈ। ‘ਸ਼ੀਸ਼ੇ ਦਾ ਪਾਣੀ’ ਉਕਤੀ ਇਸ ਦੇ ਚਮਕੀਲੇ ਗੁਣ ਕਰਕੇ ਹੀ ਵਰਤੀ ਜਾਂਦੀ ਹੈ। ਆਬਤਾਬ ਦਾ ਅਰਥ ਚਮਕ, ਲਿਸ਼ਕ-ਪੁਸ਼ਕ ਤੋਂ ਅੱਗੇ ਵਧਦਾ ਸ਼ਾਨ-ਸ਼ੌਕਤ, ਤੇਜ ਪ੍ਰਤਾਪ ਵੀ ਹੋ ਗਿਆ ਹੈ।
ਉਰਦੂ ਫਾਰਸੀ ਵਿਚ ਬੱਦਲ ਨੂੰ ਅਬ੍ਰ ਜਾਂ ਅਬਰ ਕਿਹਾ ਜਾਂਦਾ ਹੈ, ‘ਆਏ ਕੁਛ ਅਬਰ, ਕੁਛ ਸ਼ਰਾਬ ਆਏ।’ (ਫੈਜ਼) ਬਸੰਤ ਰੁੱਤ ਦੇ ਮੇਘ ਨੂੰ ਅਬਰੇ ਬਹਾਰਾਂ ਕਿਹਾ ਜਾਂਦਾ ਹੈ। ਇਸ ਵਿਚ ਆਬ ਸਪਸ਼ਟ ਝਲਕਦਾ ਹੈ। ਬੱਦਲ ਪਾਣੀ ਵਾਹਕ ਹੀ ਹੁੰਦਾ ਹੈ। ਦਿਲਚਸਪ ਗੱਲ ਹੈ ਕਿ ਸੰਸਕ੍ਰਿਤ ਵਿਚ ਵੀ ਬੱਦਲ ਲਈ ਅਭ੍ਰ (ਅਪ+ਭ੍ਰ) ਸ਼ਬਦ ਹੈ। ਅਭ੍ਰ ਦਾ ਇਕ ਅਰਥ ਆਕਾਸ਼ ਵੀ ਹੈ ਜੋ ਬੱਦਲ ਦਾ ਹੀ ਵਿਸਤ੍ਰਿਤ ਅਰਥ ਹੈ। ਸਪਸ਼ਟ ਹੈ ਕਿ ਇਥੇ ਪਾਣੀ ਦੇ ਅਰਥਾਂ ਵਾਲੇ ਸੰਸਕ੍ਰਿਤ ਪਿਛੋਕੜ ਦੇ ਅਪ ਅਤੇ ਫਾਰਸੀ ਪਿਛੋਕੜ ਵਾਲੇ ਆਬ ਘੁਸੇ ਹੋਏ ਹਨ। ਦਰਅਸਲ ਪੁਰਾਣੀ ਫਾਰਸੀ ਅਬਰ ਦਾ ਰੂਪ ਅਵਰ ਸੀ। ਸਕੂਲੇ ਪੜ੍ਹਦਿਆਂ ਤਿਰਵਰੇ ਉਪਰ ਰੰਗ ਛਿੜਕ ਕੇ ਤੇ ਉਪਰ ਕੋਰਾ ਕਾਗਜ਼ ਰੱਖ ਕੇ ਅਮਰੀ (ਫਾਰਸੀ ਅਬਰੀ) ਬਣਾਈ ਜਾਂਦੀ ਸੀ ਜਿਸ ਨੂੰ ਕਿਤਾਬਾਂ ਦੀਆਂ ਜਿਲਦਾਂ ‘ਤੇ ਲਾਉਂਦੇ ਸਾਂ। ਇਹ ਸ਼ਬਦ ਅਬਰ ਨਾਲ ਸਬੰਧਤ ਹੈ। ਇਥੇ ਬੱਦਲਾਂ ਦੀ ਵੰਨ-ਸਵੰਨਤਾ ਦੀ ਸਾਂਝ ਹੈ। ਚਿੱਟੇ ਰੰਗ ਦੇ ਇਕ ਖਣਿਜ ਨੂੰ ਅਬਰਕ ਕਿਹਾ ਜਾਂਦਾ ਹੈ। ਅਬਰਕ ਚਮਕਦਾਰ ਅਤੇ ਪਰਤਦਾਰ ਹੁੰਦਾ ਹੈ, ਇਸ ਲਈ ਇਹ ਬੱਦਲ ਦਾ ਇਕ ਰੂਪਕ ਬਣਦਾ ਹੈ।
ਹਿੰਦ-ਇਰਾਨੀ ਭਾਸ਼ਾਵਾਂ ਵਿਚ ਅਸੀਂ ਆਬ ਦੇ ਸੁਜਾਤੀ ਸ਼ਬਦਾਂ ਦਾ ਸੰਖੇਪ ਜ਼ਿਕਰ ਕਰ ਲਿਆ ਹੈ। ਆਬ ਸ਼ਬਦ ਦਾ ਜ਼ੰਦ ਵਿਚ ਰੂਪ ਵੀ ‘ਅਪ’ ਹੀ ਮਿਲਦਾ ਹੈ, ਇਹ ਪਹਿਲਵੀ ਵਿਚ ‘ਆਪ’ ਹੈ ਅਤੇ ਪੁਰਾਣੀ ਫਾਰਸੀ ਵਿਚ ‘ਆਵ’। ਇਹ ਸੰਸਕ੍ਰਿਤ ‘ਅਪ’ ਦਾ ਤਾਂ ਸਕਾ ਹੈ ਹੀ, ਪਰ ਇਸ ਸ਼ਬਦ ਦੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ Aਕੱਅ ਨਿਸਚਿਤ ਕੀਤਾ ਗਿਆ ਹੈ ਜਿਸ ਵਿਚ ਪਾਣੀ ਦੇ ਭਾਵ ਹਨ। ਸ਼ਬਦ-ਵਿਗਿਆਨੀਆਂ ਅਨੁਸਾਰ ਪਾਣੀ ਦੇ ਅਰਥਾਂ ਵਾਲਾ ਲਾਤੀਨੀ ਸ਼ਬਦ Aਤੁਅ ਇਸੇ ਦਾ ਭਰਾ ਭਾਈ ਹੈ। ਇਹ ਸ਼ਬਦ ਅੰਗਰੇਜ਼ੀ ਨੇ ਵੀ ਅਪਨਾਇਆ ਹੋਇਆ ਹੈ। ਇਸ ਤੋਂ Aਤੁਅਟਚਿ, Aਤੁਅਰਿਮ ਆਦਿ ਸ਼ਬਦ ਵੀ ਬਣੇ ਹਨ। ਪੁਰਾਤਨ ਜਰਮੈਨਿਕ ਵਿਚ ਇਸ ਦਾ ਸੁਜਾਤੀ ਸ਼ਬਦ ਸੀ Aਕਹੱੋ ਜਿਸ ਤੋਂ ਦਰਿਆ ਦੇ ਅਰਥਾਂ ਵਾਲਾ ਪੁਰਾਤਨ ਅੰਗਰੇਜ਼ੀ ਦਾ ਸ਼ਬਦ ਬਣਿਆ ਓਅ। ਗੌਥਿਕ ਵਿਚ ਇਸ ਦਾ ਸਕਾ ਹੈ Aਹੁਅ ਜਿਸ ਦਾ ਅਰਥ ਦਰਿਆ, ਪਾਣੀ ਹੈ। ਪੁਰਾਣੀ ਨੋਰਸ ਭਾਸ਼ਾ ਦਾ ਸ਼ਬਦ Aeਗਰਿ ਇਕ ਜਲ-ਦੇਵ ਦਾ ਨਾਂ ਹੈ। ਪੁਰਾਣੀ ਅੰਗਰੇਜ਼ੀ ਦਾ ਹੀ ਇਕ ਸ਼ਬਦ ਹੈ ੀeਗ ਜਿਸ ਦਾ ਅਰਥ ਦੀਪ, ਟਾਪੂ ਹੁੰਦਾ ਹੈ। ਅਸਲ ਵਿਚ ੀਸਲਅਨਦ ਵਿਚਲਾ ੀ (ਆਈ) ਵੀ ਇਸੇ ਦਾ ਵਿਕਸਿਤ ਰੂਪ ਹੈ। ਪਰ ੰ (ਐਸ) ਅੱਖਰ ਦੀ ਸ਼ਮੂਲੀਅਤ ਭੁਲੇਖਾ ਪਾਉਂਦੀ ਹੈ। ਦਰਅਸਲ ੀਸਲਅਨਦ ਦੇ ਅੰਸ਼ ੀਸ ਨੂੰ ਗਲਤੀ ਨਾਲ ਫਰਾਸੀਸੀ ੀਸਲe ਤੋਂ ਬਣਿਆ ਸਮਝਦਿਆਂ ਇਸ ਵਿਚ ੰ (ਐਸ) ਵਾੜ ਦਿੱਤਾ ਗਿਆ ਜਦ ਕਿ ਫਰਾਂਸੀਸੀ ੀਸਲe ਦਾ ਚਰਚਾ ਅਧੀਨ ਭਾਰੋਪੀ ਮੂਲ ਨਾਲ ਕੋਈ ਸਬੰਧ ਨਹੀਂ। ਹਿੱਤੀ ਭਾਸ਼ਾ ਦੇ Aਕੱਅਨਡ ਿਦਾ ਮਤਲਬ ‘ਉਹ ਪੀਂਦੇ ਹਨ’ ਹੁੰਦਾ ਹੈ ਅਤੇ ਲਿਥੂਏਨੀਅਨ ਵਿਚ ੂਪਪe ਦਾ ਮਤਲਬ ਹੈ, ਦਰਿਆ। ਰੁਮਾਨੀਆ ਦੇ ਮਿਥਿਹਾਸ ਵਿਚ ਇਕ Aਪਅ ੜਇ ਸ਼ਬਦ ਆਉਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਜਿਉਂਦਾ ਪਾਣੀ ਜਾਂ ਜੀਵਨ ਦਾ ਪਾਣੀ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਪਾਣੀ ਵਿਚ ਜ਼ਖਮਾਂ ਨੂੰ ਸੁਕਾਉਣ ਦੀ ਸ਼ਕਤੀ ਹੈ। ਕਥਾਵਾਂ ਅਨੁਸਾਰ ਮੁਰਦੇ ਦੇ ਜ਼ਖਮਾਂ ‘ਤੇ ਮੌਤ ਦਾ ਪਾਣੀ ਛਿੜਕਿਆ ਜਾਂਦਾ ਹੈ ਤੇ ਉਹ ਠੀਕ ਹੋ ਜਾਂਦੇ ਹਨ। ਫਿਰ ਜੀਵਨ ਦਾ ਪਾਣੀ ਛਿੜਕ ਕੇ ਮੁਰਦਿਆਂ ਨੂੰ ਸੁਰਜੀਤ ਕੀਤਾ ਜਾਂਦਾ ਹੈ। ਟਾਕਰਾ ਕਰੋ ਫਾਰਸੀ ਆਬੇ-ਹਯਾਤ ਨਾਲ।