ਵਾਪਸੀ-4
ਪ੍ਰੋæ ਹਰਪਾਲ ਸਿੰਘ ਪੰਨੂ ਨੇ ਆਪਣੇ ਲੰਮੇ ਲੇਖ ‘ਵਾਪਸੀ’ ਵਿਚ ਯਹੂਦੀਆਂ ਦੀ ਵਤਨ ਵਾਪਸੀ ਦੀ ਲੰਮੀ ਕਹਾਣੀ ਸੁਣਾਈ ਹੈ। ਯਹੂਦੀਆਂ ਨੂੰ ਦੋ ਹਜ਼ਾਰ ਸਾਲ ਬਾਅਦ ਆਪਣਾ ਨਗਰ ਯੋਰੋਸ਼ਲਮ ਅਤੇ ਮੁਲਕ ਇਜ਼ਰਾਈਲ ਮਿਲਿਆ। ਉਹ ਕਦਮ ਕਦਮ ਉਜੜੇ, ਭਟਕੇ, ਗੁਲਾਮ ਹੋਏ, ਨਸਲਘਾਤ ਹੋਈ, ਪਰ ਸਬਰ ਨਾਲ ਕਦਮ ਕਦਮ ਯਹੂਦੀਆਂ ਦੀ ਵਾਪਸੀ ਹੁੰਦੀ ਗਈ।
ਇਨ੍ਹਾਂ ਦੋ ਹਜ਼ਾਰ ਸਾਲਾਂ ਦੌਰਾਨ ਉਜਾੜਾ, ਸਜ਼ਾ, ਪਛਤਾਵਾ, ਰਜ਼ਾ, ਖਿਮਾ ਤੇ ਸ਼ੁਕਰਾਨਾ ਯਹੂਦੀ ਜ਼ਿੰਦਗੀ ਦੇ ਅਹਿਮ ਪਹਿਲੂ ਰਹੇ। ਪਹਿਲਾਂ ਮਿਸਰ ਦੇ ਸੁਲਤਾਨ ਫਰਾਊਨ, ਫਿਰ ਈਸਾਈਆਂ ਅਤੇ ਫਿਰ ਮੁਸਲਮਾਨਾਂ ਤੋਂ ਉਨ੍ਹਾਂ ਨੂੰ ਨਿਰੰਤਰ ਦੁੱਖ ਮਿਲੇ। ਸਭ ਤੋਂ ਵੱਡਾ ਕਹਿਰ ਉਦੋਂ ਢੱਠਾ ਜਦੋਂ ਦੂਜੀ ਸੰਸਾਰ ਜੰਗ ਸਮੇਂ ਹਿਟਲਰ ਨੇ ਸੱਠ ਲੱਖ ਯਹੂਦੀਆਂ ਦਾ ਘਾਣ ਕੀਤਾ। ਉਨ੍ਹਾਂ ਨੂੰ ਖੁਦ ਨਹੀਂ ਪਤਾ, ਇਸ ਹਨੇਰਗਰਦੀ ਵਿਚੋਂ ਬਚੇ ਕਿਵੇਂ ਰਹੇ। ਉਨ੍ਹਾਂ ਦੇ ਮਨ ਮੰਦਰ ਦੀ ਯਾਦ ਵਿਚ ਇਜ਼ਰਾਈਲ ਦਾ ਰੇਗਿਸਤਾਨ ਸਦਾ ਵਸਿਆ ਰਿਹਾ। ਐਤਕੀਂ ਵਾਲੇ ਲੇਖ ਵਿਚ ਹਰਜ਼ਲ ਨਾਂ ਦੇ ਉਸ ਜਿਊੜੇ ਦੀ ਚਰਚਾ ਹੈ ਜੋ ਹਰ ਹਾਲ, ਯਹੂਦੀਆਂ ਦੀ ਦੇਸ ਵਾਪਸੀ ਲਈ ਅਹੁਲਦਾ ਰਿਹਾ।
ਹਰਪਾਲ ਸਿੰਘ ਪੰਨੂ
ਫੋਨ: +91-94642-51454
ਪੂਰਬੀ ਯੂਰਪ ਵਾਸਤੇ ਮਦਦਗਾਰ ਟੀਮ ਪੱਛਮ ਵਿਚੋਂ ਪੈਦਾ ਹੋਈ। ਇਹ ਲੋਕ ਨੌਜਵਾਨ ਸਨ, ਆਧੁਨਿਕ ਵਿਦਿਆ ਵਿਚ ਪ੍ਰਬੀਨ, ਆਜ਼ਾਦ ਫਿਜ਼ਾ ਵਿਚ ਪੈਦਾ ਹੋਣ ਸਦਕਾ ਆਜ਼ਾਦੀ ਦੀ ਅਹਿਮੀਅਤ ਦਾ ਅਹਿਸਾਸ ਅਤੇ ਇਸ ਫਿਜ਼ਾ ਵਿਚ ਬਾਕੀ ਵੀ ਸਾਹ ਲੈਣ, ਵਾਸਤੇ ਉਦਮ, ਇਨ੍ਹਾਂ ਦੇ ਲੱਛਣ ਸਨ। ਆਜ਼ਾਦੀ ਨੇ ਇਨ੍ਹਾਂ ਨੂੰ ਆਪਹੁਦਰੇ, ਗੈਰ ਸੰਜੀਦਾ, ਹਠੀ ਅਤੇ ਹੰਕਾਰੀ ਵੀ ਬਣਾਇਆ ਪਰ ਇਨ੍ਹਾਂ ਦੀ ਸ਼ਕਤੀ ਯਹੂਦੀਆਂ ਨੂੰ ਮੁਕਤ ਕਰਨ ਵਾਸਤੇ ਕੰਮ ਆਈ। ਹਰਜ਼ਲ ਅਜਿਹਾ ਸ਼ਖਸ ਸੀ ਜਿਸ ਵਿਚ ਇਹ ਸਾਰੀਆਂ ਕਮੀਆਂ-ਖੂਬੀਆਂ ਸਨ; ਜੋ ਕਾਰਲਾਇਲ ਵੀ ਆਪਣੀ ਕਿਤਾਬ Ḕਹੀਰੋ ਐਂਡ ਹੀਰੋ ਵਰਸ਼ਿਪḔ ਵਿਚ ਦਰਜ ਕਰਦਾ ਹੈ। ਮੁਰੀਦ ਉਸ ਨੂੰ ਨਾਇਕ ਸਮਝਦੇ ਸਨ, ਖੁਦ ਨੂੰ ਉਹ ਨਾਇਕ ਵਜੋਂ ਜਾਣਦਾ ਸੀ। ਕਾਰਲਾਇਲ ਅਨੁਸਾਰ: ਇਤਬਾਰ ਕਰ ਕੇ ਜੇ ਹੀਰੋ ਨੂੰ ਸਾਰੀ ਤਾਕਤ ਸੌਂਪ ਦਿੱਤੀ ਜਾਵੇ, ਉਹ ਦੁਨੀਆਂ ਨੂੰ ਸਰਬੋਤਮ ਸਰਕਾਰ ਅਤੇ ਲਾਸਾਨੀ ਇਨਸਾਫ ਦਏਗਾ। ਉਸ ਮਰਦ ਅਗੰਮੜੇ ਦੀ ਰਹਿਨੁਮਾਈ ਅਤੇ ਤਾਬਿਆਦਾਰੀ ਰਾਹੀਂ ਰੌਸ਼ਨ ਭਵਿਖ ਨਸੀਬ ਹੋਵੇਗਾ। ਜਿੱਡਾ ਕੱਦਾਵਰ ਹੈ, ਓਨੀਆਂ ਹੀ ਪਰਬਤ ਜਿੱਡੀਆਂ ਗਲਤੀਆਂ ਕਰੇਗਾ, ਤਾਂ ਵੀ ਕਲਿਆਣ ਉਸੇ ਸਦਕਾ ਸੰਭਵ ਹੋਵੇਗਾ।
ਹਰਜ਼ਲ ਨੇ ਕਮਜ਼ੋਰ, ਅਨਿਸ਼ਚਿਤ, ਡਾਵਾਂਡੋਲ ਗੁਲਾਮ ਕੌਮ ਨੂੰ ਜਿਵੇਂ ਕਿਵੇਂ ਜਦੋਂ ਆਪਣੇ ਮਗਰ ਤੋਰ ਲਿਆ, ਤਦ ਇਹ ਕੌਮਾਂਤਰੀ ਪੱਧਰ ਦੀ ਜ਼ਬਰਦਸਤ ਸਿਆਸੀ ਹਨੇਰੀ ਬਣ ਗਈ। ਰਸਤੇ ਵਿਚ ਦੁਚਿਤੀ ਦੀਆਂ ਰੁਕਾਵਟਾਂ ਟੁੱਟ ਗਈਆਂ। ਉਹ ਕੇਵਲ 8-9 ਸਾਲ ਪਬਲਿਕ ਵਿਚ ਗਤੀਸ਼ੀਲ ਰਿਹਾ, 44 ਸਾਲ ਦੀ ਉਮਰ ਵਿਚ ਚੱਲ ਵਸਿਆ। ਉਸ ਦੀ ਵਿਛਾਈ ਪਟੜੀ ਉਪਰ ਦੌੜਿਆ ਇੰਜਣ ਨਹੀਂ ਰੁਕਿਆ।
ਉਸ ਨੂੰ ਆਪਣੀ ਜਰਮਨ ਨਾਗਰਿਕਤਾ ‘ਤੇ ਫਖ਼ਰ ਸੀ। ਜਦੋਂ ਕਦੀ ਲਿਖਤ ਵਿਚ ਯਹੂਦੀ ਵਿਰਾਸਤ ਦੀ ਸ਼ਾਨ ਬਿਆਨਦਾ, ਗ਼ੈਰ ਯਹੂਦੀਆਂ ਨੂੰ ਤਕਲੀਫ ਹੁੰਦੀ। ਯਹੂਦੀਆਂ ਨੂੰ ਲਗਦਾ, ਵਧਾ-ਚੜ੍ਹਾ ਕੇ ਛੱਡ ਰਿਹਾ ਹੈ। ਉਸ ਨੂੰ ਅਹਿਸਾਸ ਸੀ, ਜਰਮਨ ਧਰਤੀ ਉਪਰ ਯਹੂਦੀਆਂ ਦਾ ਸਾਹ ਘੁਟਣ ਲੱਗਾ ਹੈ; ਕਿਹਾ ਕਰਦਾ, ਇਸੇ ਕਰ ਕੇ ਇਲਾਜ ਇਥੋਂ ਸ਼ੁਰੂ ਹੋਵੇਗਾ, ਜੜ੍ਹ ਲੱਭ ਗਈ ਹੈ।
ਮਾਪਿਆਂ ਦਾ ਇਕਲੌਤਾ ਬੇਟਾ ਸੀ। 18 ਸਾਲ ਦੀ ਉਮਰੇ ਭੈਣ ਅਤੇ ਫਿਰ ਵਿਆਹ ਤੋਂ ਕੁਝ ਸਮੇਂ ਬਾਅਦ ਪਤਨੀ ਦੀ ਮੌਤ ਹੋ ਗਈ। ਜਿਸ ਉਮਰੇ ਬੱਚੇ ਮਾਪਿਆਂ ਤੋਂ ਪਰੇ ਆਜ਼ਾਦ ਜੀਵਨ ਬਤੀਤ ਕਰਨ ਦੇ ਇੱਛੁਕ ਹੁੰਦੇ ਹਨ, ਹਰਜ਼ਲ ਮਾਪਿਆਂ ਦੇ ਹੋਰ ਨੇੜੇ ਹੋ ਕੇ ਇਕਾਂਤ ਤੋਂ ਬਚਣ ਲੱਗਾ। ਮਾਪਿਆਂ ਨੇ ਉਸ ਦੀ ਹਰ ਇੱਛਾ ਪੂਰੀ ਕੀਤੀ। ਪੈਸੇ-ਟਕੇ ਪੱਖੋਂ ਪਿਤਾ ਕੋਲ ਕੋਈ ਘਾਟ ਨਹੀਂ ਸੀ। ਬਗੈਰ ਕਿਸੇ ਤਜਰਬੇ ਦੇ ਕਹਿ ਦਿੱਤਾ ਕਿ ਅਖਬਾਰ ਕੱਢਣਾ ਹੈ, ਪਿਤਾ ਨੇ ਪੈਸੇ ਦੇ ਦਿੱਤੇ। ਅਖਬਾਰ ਦੇ ਕਿਸੇ ਵੱਡੇ ਅਦਾਰੇ ਨੇ ਉਸ ਦੀ ਪ੍ਰਤਿਭਾ ਪਛਾਣ ਕੇ ਉਸ ਵਾਸਤੇ ਖਾਸ ਆਸਾਮੀ ਪੈਦਾ ਕਰ ਕੇ ਨੌਕਰੀ Ḕਤੇ ਰੱਖ ਲਿਆ। ਯਹੂਦੀਆਂ ਦੇ ਹੱਕ ਵਿਚ ਤਿਆਰ ਕੀਤੀਆਂ ਖਬਰਾਂ ਅਤੇ ਲੇਖ ਅਖਬਾਰ ਦੇ ਮਾਲਕਾਂ ਵਾਸਤੇ ਖਤਰਨਾਕ ਸਨ, ਪਰ ਉਸ ਦੀ ਬੌਧਿਕ ਤੀਖਣਤਾ ਅੱਗੇ ਝੁਕ ਜਾਂਦੇ। ਪ੍ਰਧਾਨ ਮੰਤਰੀ ਨੇ ਪੇਸ਼ਕਸ਼ ਕੀਤੀ, ਜੇ ਰਤਾ ਕੁ ਸਰਕਾਰੀ ਪਾਲਿਸੀ ਮੁਤਾਬਕ ਚੱਲਂੇ, ਸਰਕਾਰ ਅਖਬਾਰ ਦੀ ਛਪਾਈ ਦਾ ਖਰਚਾ ਝੱਲਣ ਲਈ ਤਿਆਰ ਹੈ।
ਹਰਜ਼ਲ ਦੇ ਜਿਸ ਮੁਢਲੇ ਲੇਖ ਦਾ ਪਾਠਕਾਂ ਨੇ ਨੋਟਿਸ ਲਿਆ, ਉਸ ਦਾ ਸਿਰਲੇਖ ਸੀ- ਯਹੂਦੀ ਸਵਾਲ ਤੇ ਇਸ ਦਾ ਹੱਲ। ਇਸ ਵਿਚ ਉਸ ਨੇ ਕਿਹਾ, ਮੈਂ ਪੋਪ ਪਾਸ ਜਾ ਕੇ ਬੇਨਤੀ ਕਰਾਂਗਾ ਕਿ ਵੱਡੀ ਗਿਣਤੀ ਵਿਚ ਯਹੂਦੀ ਕਾਫਲੇ ਦੀ ਸ਼ਕਲ ਵਿਚ ਖੁਸ਼ੀ-ਖੁਸ਼ੀ ਈਸਾਈ ਧਰਮ ਵਿਚ ਸ਼ਾਮਲ ਹੋਣ ਵਾਸਤੇ ਚਰਚ ਵੱਲ ਤੁਰਨ। ਯਹੂਦੀ ਪੁਜਾਰੀਆਂ ਸਮੇਤ ਮੈਂ ਸੜਕ ਦੇ ਨਾਲ-ਨਾਲ ਕਤਾਰ ਵਿਚ ਖਲੋਵਾਂਗਾ। ਐਤਵਾਰ ਦੁਪਹਿਰ ਨੂੰ ਦੁਨੀਆਂ ਇਹ ਸ਼ਾਨਦਾਰ ਰਸਮ ਦੇਖੇ। ਵੱਜਦੀਆਂ ਘੰਟੀਆਂ ਦੌਰਾਨ ਇਹ ਕਾਰਵਾਂ ਸੇਂਟ ਸਟੀਫਨ ਦੇ ਚਰਚ ਵੱਲ ਤੁਰੇ; ਜਿਵੇਂ ਹੁਣ ਤਕ ਤੁਰਦੇ ਰਹੇ। ਇਸ ਕਾਰਵਾਂ ਵਿਚ ਯਹੂਦੀ ਸ਼ਰਮਿੰਦਗੀ ਨਾਲ ਸਿਰ ਝੁਕਾ ਕੇ ਨਾ ਤੁਰਨ, ਫਖਰ ਨਾਲ ਸਿਰ ਉਚਾ ਕਰ ਕੇ, ਛਾਤੀ ਤਾਣ ਕੇ ਚੱਲਣ। ਯਹੂਦੀ ਲੀਡਰ ਅਤੇ ਪੁਜਾਰੀ ਸ਼ਾਂਤੀ ਨਾਲ ਇਹ ਕਾਰਵਾਈ ਦੇਖਦੇ ਰਹਿਣ ਤਾਂ ਇਸ ਜਸ਼ਨ ਦੀਆਂ ਸੰਸਾਰ ਵਿਚ ਧੁੰਮਾਂ ਪੈ ਜਾਣ। ਇਹ ਸਾਰਾ ਜਸ਼ਨ ਪੂਰਨ ਸ਼ਾਂਤੀ ਤੇ ਜਲੌਅ ਨਾਲ ਸਮਾਪਤ ਹੋਵੇ। ਯਹੂਦੀ ਮਸਲੇ ਦਾ ਇਹ ਸਰਬ ਪ੍ਰਵਾਨਿਤ ਹੱਲ ਹੋਵੇਗਾ।
ਤੁਹਾਡੇ ਵਿਚੋਂ ਕਈਆਂ ਨੇ ਸੁਣਿਆ ਹੋਵੇਗਾ, ਹਰਜ਼ਲ ਨਾਮ ਦਾ ਇਹ ਬੰਦਾ ਯਹੂਦੀ ਸਟੇਟ ਲੱਭਦਾ ਫਿਰਦਾ ਹੈ। ਤੁਸੀਂ ਇਸ ਵਿਚਿਤਰ ਦਿਲਚਸਪ ਬੰਦੇ ਨੂੰ ਦੇਖਣ ਇਸ ਹਾਲ ਵਿਚ ਆ ਗਏ। ਕਈਆਂ ਨੇ ਜ਼ਿਓਨਿਜ਼ਮ ਲਹਿਰ ਬਾਰੇ ਵੀ ਸ਼ਾਇਦ ਸੁਣਿਆ ਹੋਵੇ। ਕਿਹਾ ਜਾਂਦਾ ਹੈ ਕਿ ਇਸ ਲਹਿਰ ਦੇ ਸਹਾਰੇ ਇਕ ਦਿਨ ਦੁਨੀਆਂ ਦੇ ਸਾਰੇ ਯਹੂਦੀ ਸਭ ਦੇਸਾਂ ਵਿਚੋਂ ਆਪੋ-ਆਪਣਾ ਬੋਰੀਆ-ਬਿਸਤਰ ਚੁੱਕਣਗੇ ਤੇ ਕਿਸੇ ਅਜਨਬੀ ਦੇਸ ਵਿਚ ਵਸਣ ਵਾਸਤੇ ਤੁਰ ਪੈਣਗੇ। ਸੱਜਣੋ ਤੇ ਸਹੇਲੀਓ! ਦੁਸ਼ਮਣਾਂ ਦਾ ਦਿਲ ਦੁਖਾਉਣ ਦਾ ਮੇਰਾ ਕੋਈ ਇਰਾਦਾ ਨਹੀਂ। ਜੇ ਯਹੂਦੀ ਚੁੱਪ-ਚਾਪ ਲੋਪ ਹੋ ਗਏ, ਫਿਰ ਤੁਸੀਂ ਮਜ਼ਾਕ ਕਿਸ ਦਾ ਉਡਾਇਆ ਕਰੋਗੇ? ਫਿਰ ਕਿਸ ਦੇ ਖਿਲਾਫ ਸ਼ੋਰ-ਸ਼ਰਾਬਾ ਹੋਇਆ ਕਰੇਗਾ? ਮਸਖਰਿਆਂ ਦੀ ਗੈਰ ਹਾਜ਼ਰੀ ਨਾਲ ਤੁਹਾਡੇ ਦੇਸ ਨੀਰਸ ਨਾ ਹੋ ਜਾਣਗੇ?
ਹਰਜ਼ਲ ਦੀਆਂ ਟਿੱਪਣੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ: ਮੈਂ ਨਾਟਕ ਲਿਖਿਆ। ਪਾਤਰਾਂ ਨੇ ਆਪੋ-ਆਪਣੇ ਕਿਰਦਾਰਾਂ ਵਾਸਤੇ ਰਿਹਰਸਲ ਕੀਤੀ। ਇਹ ਤਾਂ ਸਰਕਾਰ ਇੰਨੀ ਮਿਹਰਬਾਨ ਹੋ ਗਈ ਕਿ ਇਸ ਦੇ ਖੇਡਣ ਉਪਰ ਪਾਬੰਦੀ ਲਾ ਕੇ ਇਸ ਨੂੰ ਫਲਾਪ ਹੋਣੋਂ ਬਚਾ ਲਿਆ।
ਫਰਾਂਸੀਸੀਆਂ ਬਾਰੇ ਲਿਖਿਆ: ਕੋਈ ਸਮਾਂ ਸੀ, ਯਹੂਦੀਆਂ ਨੂੰ ਭੀੜਾਂ ਅੱਗੇ ਸੁੱਟ ਦਿੱਤਾ ਜਾਂਦਾ। ਇਥੇ ਫਰਾਂਸ ਦੇ ਲੋਕ ਚੁੱਪ-ਚਾਪ ਤੁਰੇ ਜਾਂਦੇ ਯਹੂਦੀਆਂ ਨੂੰ ਦੇਖ ਕੇ ਨਜ਼ਰ-ਅੰਦਾਜ਼ ਕਰ ਦਿੰਦੇ ਹਨ। ਇਨ੍ਹਾਂ ਨੂੰ ਪਤਾ ਹੀ ਨਹੀਂ, ਯਹੂਦੀਆਂ ਨਾਲ ਕੀ ਕਰਨਾ ਹੁੰਦੈ! ਇਨ੍ਹਾਂ ਨਾਲ ਨਫਰਤ ਕਰਨ ਦੀ ਅਕਲ ਫਰਾਂਸੀਸੀਆਂ ਨੂੰ ਕਦੋਂ ਆਏਗੀ?
ਇਕ ਹੋਰ ਲਿਖਤ: ਸ਼ੁਕਰ ਹੈ, ਫਰਾਂਸੀਸੀ ਲੋਕ ਯਹੂਦੀਆਂ ਨੂੰ ਆਦਮ ਜਾਤ ਵਿਚੋਂ ਮੰਨਦੇ ਹਨ। ਯਹੂਦੀ ਦੀ ਜੇਬ ਖਾਲੀ ਹੈ ਤਾਂ ਉਸ ਨਾਲ ਝਗੜਾ ਨਹੀਂ ਕਰਦੇ। ਯਹੂਦੀਆਂ ਦੀਆਂ ਲਿਸ਼ਕਦੀਆਂ ਸੁਹਣੀਆਂ ਅੱਖਾਂ ਨਾਲ ਇਨ੍ਹਾਂ ਨੂੰ ਈਰਖਾ ਹੁੰਦੀ ਹੈ, ਪਰ ਜਦ ਇਹ ਅੱਖਾਂ ਸਦਾ ਲਈ ਬੰਦ ਹੋ ਜਾਣ ਤਾਂ ਲਾਸ਼ ਨੂੰ ਆਗਿਆ ਦੇ ਦਿੰਦੇ ਹਨ, ਭਾਵੇਂ ਸਾਡੇ ਈਸਾਈ ਕਬਰਿਸਤਾਨ ਵਿਚ ਦਫਨਾ ਦਿਉ। ਕਬਰਿਸਤਾਨ ਵਿਚ ਪੂਰਾ ਮਿਲਵਰਤਣ। ਕਬਰਿਸਤਾਨ ਵਿਚ ਕੋਈ ਦੇਖੇ, ਲਾਸ਼ਾਂ ਦਾ ਕਿੰਨਾ ਸਤਿਕਾਰ ਹੁੰਦਾ ਹੈ; ਫਿਰ ਸੋਚੇ, ਜਿਉਂਦੇ ਯਹੂਦੀਆਂ ਦਾ ਵੀ ਈਸਾਈ ਇਸੇ ਤਰ੍ਹਾਂ ਆਦਰ ਕਰਦੇ ਹੋਣਗੇ, ਦੋਹਾਂ ਵਿਚ ਜਿਵੇਂ ਕੋਈ ਫਰਕ ਨਹੀਂ।
ਆਪਣੀ ਡਾਇਰੀ ਵਿਚ ਲਿਖਿਆ, ਕਿਸੇ ਵੱਡੀ ਜ਼ਿੰਮੇਵਾਰੀ ਨੇ ਮੈਨੂੰ ਘੇਰਿਆ ਹੋਇਆ ਹੈ। ਕੁਝ ਕਰ ਸਕਾਂਗਾ ਕਿ ਨਾ, ਨਹੀਂ ਪਤਾ। ਸੁਫਨੇ ਵਰਗਾ ਹੈ ਇਹ। ਜਿਥੇ ਜਾਂਦਾ ਹਾਂ, ਨਾਲ-ਨਾਲ ਤੁਰਦਾ ਹੈ। ਲਿਖਦਾ ਹਾਂ ਤਾਂ ਮੇਰੇ ਮੋਢੇ ਉਪਰ ਦੀ ਕਮਜ਼ੋਰ ਹਾਸੋ-ਹੀਣੀ ਲਿਖਤ ਦੇਖ ਕੇ ਸ਼ਰਾਰਤ ਨਾਲ ਮੁਸਕਾਉਂਦਾ ਹੈ। ਮੈਨੂੰ ਬੇਚੈਨ ਵੀ ਕਰਦਾ ਹੈ, ਝੂਮਣ ਵੀ ਲਾ ਦਿੰਦਾ ਹੈ।
ਪਿਤਾ ਨੇ 30 ਸਾਲ ਦੇ ਹਰਜ਼ਲ ਨੂੰ ਸਲਾਹ ਦਿੱਤੀ, ਅਮੀਰਾਂ, ਰਸੂਖਵਾਨ ਬੰਦਿਆਂ ਉਪਰ ਆਸ ਨਾ ਰੱਖੀਂ। ਆਮ ਆਦਮੀ ਨਾਲ ਗੱਲ ਕਰੀਂ, ਆਮ ਆਦਮੀ ਵਾਸਤੇ ਲਿਖੀਂ। ਅਮੀਰਾਂ ਨੂੰ ਗਾਹੇ-ਬਗਾਹੇ ਅਹਿਸਾਸ ਵੀ ਕਰਵਾਉਂਦਾ ਰਹੀਂ ਕਿ ਤੈਨੂੰ ਉਨ੍ਹਾਂ ਦੀ ਕੋਈ ਲੋੜ ਨਹੀਂ; ਕਿ ਤੂੰ ਉਨ੍ਹਾਂ ਦੇ ਆਸਰੇ ਨਹੀਂ। ਅਮੀਰਾਂ ਨੂੰ ਤੇਰੀ ਅਤੇ ਤੇਰੀ ਯਹੂਦੀ ਸਟੇਟ ਦੀ ਕੋਈ ਲੋੜ ਨਹੀਂ। ਆਮ ਆਦਮੀ ਕੋਲ ਜਾਏਂਗਾ, ਤੈਨੂੰ ਉਸ ਦੀ ਤਾਕਤ ਦਾ ਪਤਾ ਲੱਗੇਗਾ।
ਲੰਮਾ ਲੇਖ ‘ਯਹੂਦੀ ਸਵਾਲ ਅਤੇ ਇਸ ਦਾ ਹੱਲ’ ਛਪਿਆ ਤਾਂ ਯੂਰਪ ਵਿਚ ਹਿਲਜੁਲ ਹੋਈ। ਜ਼ਿੰਮੇਵਾਰ ਦੋਸਤਾਂ ਨੇ ਸਲਾਹ ਦਿੱਤੀ, ਬਜਾਏ ਇਸ ਦੇ ਕਿ ਅਖਬਾਰ ਦੇ ਮਾਲਕ ਤੈਨੂੰ ਨੌਕਰੀਓਂ ਜਵਾਬ ਦੇਣ, ਤੂੰ ਅਸਤੀਫਾ ਦੇਹ। ਹਰਜ਼ਲ ਨੇ ਅਸਤੀਫਾ ਨਹੀਂ ਦਿੱਤਾ। ਅਖਬਾਰ ਦੇ ਮਾਲਕਾਂ ਨੇ ਸਲਾਹ ਦਿੱਤੀ, ਇਕ ਹੋਰ ਲੇਖ ਲਿਖ ਜਿਸ ਵਿਚ ਭੁੱਲਾਂ ਦੀ ਸੋਧ ਹੋਵੇ। ਹਰਜ਼ਲ ਨੇ ਕਿਹਾ, ਮੈਂ ਬੱਚਾ ਨਹੀਂ ਹਾਂ, ਮੈਂ ਭੁੱਲਾਂ ਨਹੀਂ ਕੀਤੀਆਂ। ਜਿਨ੍ਹਾਂ ਨੂੰ ਤੁਸੀਂ ਭੁੱਲਾਂ ਆਖਦੇ ਹੋ, ਉਹ ਗੁਸਤਾਖੀਆਂ ਹੋ ਸਕਦੀਆਂ, ਸਜ਼ਾ ਲਈ ਤਿਆਰ ਹਾਂ। ਮਾਲਕ ਚੁੱਪ। ਆਲੋਚਕਾਂ ਨੇ ਟਿੱਪਣੀ ਦਿੱਤੀ, ਹੁਣ ਤੱਕ ਚਿੰਤਕ ਬਿਮਾਰੀ ਦੇ ਕਾਰਨ ਅਤੇ ਲੱਛਣ ਲੱਭਦੇ ਰਹੇ ਹਨ, ਹਰਜ਼ਲ ਨੇ ਇਲਾਜ ਲੱਭਿਆ ਹੈ। ਇਸ ਲੇਖ ਦੀਆਂ 17 ਐਡੀਸ਼ਨਾਂ ਹਰਜ਼ਲ ਦੇ ਜਿਉਂਦੇ ਜੀਅ 1896 ਤੋਂ 1904 ਤਕ ਛਪ ਕੇ ਵਿਕ ਚੁੱਕੀਆਂ ਸਨ। ਇਸ ਵਿਚ ਅਜਿਹੇ ਵਾਕ ਸਨ: ਯਹੂਦੀਆਂ ਦੀ ਕਹਾਣੀ ਪੁਰਾਣੀ ਹੈ। ਉਨ੍ਹਾਂ ਨਾਲ ਹਮਦਰਦੀ ਨਾ ਜਤਾਉ। ਮੈਨੂੰ ਦਾਨੀ ਅਮੀਰ ਚੰਗੇ ਨਹੀਂ ਲਗਦੇ ਜਿਨ੍ਹਾਂ ਦੀ ਬਦੌਲਤ ਯਹੂਦੀ ਮੰਗਤੇ ਹੋ ਜਾਣ। ਰੱਬ ਤੋਂ ਇਲਾਵਾ ਯਹੂਦੀ ਦਾ ਕੋਈ ਮਾਲਕ ਨਹੀਂ। ਉਨ੍ਹਾਂ ਨੂੰ ਆਪਣੇ ਗੁਲਾਮ ਸਮਝਣ ਦੀ ਗਲਤੀ ਨਾ ਕਰੋ। ਉਜੜ ਕੇ ਜਾ ਰਹੇ ਹਨ, ਚੰਗਾ ਹੈ। ਜਿਨ੍ਹਾਂ ਦੇਸਾਂ ਵਿਚੋਂ ਕੂਚ ਕਰਨਗੇ, ਉਨ੍ਹਾਂ ਖਾਲੀ ਥਾਵਾਂ ਉਪਰ ਈਸਾਈ ਕਾਬਜ਼ ਹੋਣਗੇ ਤੇ ਵਧੀਕ ਖੁਸ਼ਹਾਲੀ ਆਵੇਗੀ। ਨਵੀਂ ਥਾਂ ਰਾਸ ਨਾ ਆਈ, ਤੁਹਾਡੇ ਦੇਸ ਜਿਹੜੇ ਵਾਪਸ ਪਰਤਣ, ਉਨ੍ਹਾਂ ਦਾ ਆਦਰ ਕਰਿਓ, ਜਿਵੇਂ ਸਭਿਅਕ ਕੌਮਾਂ ਵਿਦੇਸੀ ਮਹਿਮਾਨਾਂ ਦਾ ਕਰਦੀਆਂ ਹਨ। ਮੇਰੀ ਗੱਲ ਯਹੂਦੀਆਂ ਨੂੰ ਅਜੇ ਨਾ ਸਮਝ ਆਈ, ਕੋਈ ਗੱਲ ਨਹੀਂ; ਅਗਲੀ ਪੀੜ੍ਹੀ ਸਮਝ ਲਵੇਗੀ। ਜਿਹੜੇ ਯਹੂਦੀ ਆਪਣੇ ਰਾਜ ਦੇ ਇੱਛੁਕ ਹੋਏ, ਉਨ੍ਹਾਂ ਨੂੰ ਕਿਤੇ ਕੋਈ ਦੇਸ ਮਿਲ ਜਾਵੇਗਾ।
ਹਰਜ਼ਲ ਦੇ ਮਨ ਉਪਰ ਆਪਣੇ ਹਮਧਰਮੀ ਲੋਕਾਂ ਦੇ ਪ੍ਰਭਾਵ ਇਸ ਤਰ੍ਹਾਂ ਦੇ ਸਨ: ਯਹੂਦੀਆਂ ਨੂੰ ਸੰਸਾਰ ਵਿਚ ਹਰ ਥਾਂ ਤ੍ਰਿਸਕਾਰਿਆ ਕਿਉਂ ਜਾਂਦੈ? ਹੋਇਆ ਇਹ ਕਿ ਭਾਰੀ ਦਬਾਉ ਦੇ ਬਾਵਜੂਦ ਮੱਧ ਯੁਗ ਵਿਚ ਯਹੂਦੀ ਵੱਡੀਆਂ ਕੌਮਾਂ ਵਿਚ ਜਜ਼ਬ ਨਾ ਹੋਏ। ਅੱਜ ਸਾਡੇ ਅਮੀਰ ਕਾਰੋਬਾਰੀ ਬੇਚੈਨ ਹਨ। ਮੱਧਵਰਗ ਵਿਚ ਉਤਸੁਕਤਾ ਹੈ, ਉਮੀਦਾਂ ਹਨ। ਹੇਠਲਾ ਤਬਕਾ ਘੋਰ ਨਿਰਾਸਾ ਵਿਚ ਹੈ। ਕਾਰਨ ਇਹ ਕਿ ਅਸੀਂ ਦਰਮਿਆਨੇ ਦਰਜੇ ਦੇ ਬੁੱਧੀਜੀਵੀ ਪੈਦਾ ਕਰ ਰਹੇ ਹਾਂ ਜਿਨ੍ਹਾਂ ਨੂੰ ਪਤਾ ਨਹੀਂ ਲਗਦਾ, ਅੱਗੇ ਜਾਈਏ ਕਿ ਪਿਛੇ ਮੁੜੀਏ। ਸਾਡੇ ਵਿਚ ਆਪਸੀ ਮਿਲਵਰਤਣ ਕੇਵਲ ਇਸ ਕਰ ਕੇ ਹੋਇਆ ਕਿਉਂਕਿ ਹਰ ਇਕ ਤੋਂ ਮਾਰ ਖਾਧੀ। ਦੁਸ਼ਮਣ ਨੇ ਸਾਡੀ ਸਲਾਹ ਲੈਣ ਤੋਂ ਬਗੈਰ ਸਾਨੂੰ ਇਕਜੁਟ ਕਰ ਦਿੱਤਾ। ਸਾਨੂੰ ਕਿਹਾ ਜਾ ਰਿਹੈ, ਦਫਾ ਹੋਵੋ। ਦਫਾ ਹੋਣ ਲਈ ਤਿਆਰ ਹਾਂ, ਪਰ ਪਤਾ ਨਹੀਂ ਲਗਦਾ, ਜਾਈਏ ਕਿਥੇ? ਜਦੋਂ ਯਹੂਦੀ ਡੁੱਬਣ ਲਗਦੇ ਹਨ, ਉਹ ਹਕੂਮਤਾਂ ਦੇ ਸਲਾਹਕਾਰ ਲੱਗ ਜਾਂਦੇ ਹਨ। ਜਦੋਂ ਉਨਤੀ ਕਰਨ ਲੱਗਣ, ਨੋਟਾਂ ਦੀਆਂ ਬੋਰੀਆਂ ਭਰਨ ਲਗਦੇ ਹਨ। ਸੁਖ-ਸਹੂਲਤਾਂ ਖਾਤਰ ਇਨ੍ਹਾਂ ਨੇ ਬਹੁ-ਗਿਣਤੀ ਵਿਚ ਘੁਲ ਜਾਣਾ ਸੀ, ਬੁਰਾ ਹੋਵੇ ਇਨ੍ਹਾਂ ਦੇ ਸ਼ਾਨਦਾਰ ਇਤਿਹਾਸ ਦਾ ਜੋ ਇਸ ਰਸਤੇ ਵਿਚ ਰੁਕਾਵਟ ਬਣਦਾ ਰਿਹਾ। ਉਜੜ-ਉਖੜ ਕੇ ਇਹ ਇੰਨੀ ਮਿਹਨਤ ਕਰਦੇ ਹਨ ਕਿ ਫਿਰ ਖੁਸ਼ਹਾਲ ਹੋ ਜਾਂਦੇ ਹਨ ਤੇ ਈਰਖਾਲੂ ਗੁਆਂਢੀ ਇਨ੍ਹਾਂ ਨੂੰ ਫਿਰ ਉਜਾੜ ਦਿੰਦਾ ਹੈ। ਇਸ ਮੁਸ਼ਕਿਲ ਦਾ ਇਕੋ ਹੱਲ ਹੈ, ਪ੍ਰਚੂਨ ਵਿਚ ਨਹੀਂ, ਥੋਕ ਵਿਚ ਉਜੜ ਜਾਣ। ਵੱਖ-ਵੱਖ ਥਾਵਾਂ ਉਪਰ ਨਹੀਂ, ਇਕ ਦੇਸ ਵਿਚ ਵੱਸਣ।
ਉਸ ਦੀ ਸਟੇਟ ਦਾ ਨਕਸ਼ਾ ਨੁਕਸ ਰਹਿਤ ਹੈ, ਸਿਆਸੀ ਅਤੇ ਤਕਨੀਕੀ ਹਰ ਪੱਖ ਸ਼ਾਨਦਾਰ। ਮਕਾਨ ਉਸਾਰੀ ਘੱਟ ਪੈਸਿਆਂ ਨਾਲ ਹੋਵੇਗੀ, ਪਰ ਯਹੂਦੀ ਇਮਾਰਤਸਾਜ਼ ਆਪਣੀ ਹੁਣ ਤਕ ਦਬੀ ਪਈ ਕਲਾ ਪ੍ਰਗਟ ਕਰਨਗੇ। ਵਸੋਂ ਬਾਗਾਂ ਵਿਚਕਾਰ ਘਿਰੀ ਹੋਵੇਗੀ ਤੇ ਹਰ ਬਸਤੀ ਵਿਚ ਉਚਾ ਮੰਦਰ ਹੋਵੇਗਾ ਜੋ ਦੂਰੋਂ ਦਿਸੇæææ ਮੰਦਰ ਸਦਕਾ ਜੀਵਨ ਬਚ ਸਕੇਗਾ। ਮਜਬੂਰ ਪਰਵਾਸੀਆਂ ਨੂੰ ਜਬਰਨ ਨਹੀਂ ਵਸਾਵਾਂਗੇ, ਮਾੜੀ ਜ਼ਮੀਨ ਵਿਚੋਂ ਗਾਚੀ ਕੱਢ ਕੇ ਜਿਵੇਂ ਉਪਜਾਊ ਜ਼ਮੀਨ ਵਿਚ ਲਾਉਣ ਨਾਲ ਬੂਟਾ ਫੈਲਦਾ ਹੈ, ਯਹੂਦੀ ਇਉਂ ਫੈਲਣਗੇ।
ਹਰਜ਼ਲ ਨੇ ਆਪਣੀ ਯੋਜਨਾ ਵਿਚ ਪਰਵਾਸ ਵਾਸਤੇ ਮਨਮਰਜ਼ੀ ਦਾ ਦੇਸ ਨਹੀਂ ਠੋਸਿਆ। ਉਸ ਨੇ ਅਰਜਨਟਾਈਨਾ, ਦੱਖਣੀ ਅਮਰੀਕਾ ਅਤੇ ਇਜ਼ਰਾਈਲ ਦੇ ਨਾਮ ਸੁਝਾਏ। ਇਹ ਫੈਸਲਾ ਕੌਮਾਂਤਰੀ ਯਹੂਦੀ ਸੰਗਤ ਕਰੇ, ਕਿਥੇ ਵਸਣਾ ਠੀਕ ਰਹੇਗਾ! ਚੁਣੇ ਹੋਏ ਨੁਮਾਇੰਦੇ ਇਨ੍ਹਾਂ ਤਿੰਨ ਦੇਸਾਂ ਦੀਆਂ ਸਰਕਾਰਾਂ ਨੂੰ ਇਹ ਸਮਝਾਉਣ ਵਿਚ ਕਾਮਯਾਬ ਹੋ ਜਾਣਗੇ ਕਿ ਤੁਹਾਡੇ ਦੇਸ ਵਿਚ ਵਸਣ ਵਾਲੇ ਯਹੂਦੀ ਦੇਸ ਦੀ ਆਰਥਿਕ ਸਥਿਤੀ ਸ਼ਾਨਦਾਰ ਬਣਾਉਣਗੇ ਤੇ ਜਿਨ੍ਹਾਂ ਦੇਸਾਂ ਵਿਚੋਂ ਹਿਜਰਤ ਕਰਨਗੇ, ਉਨ੍ਹਾਂ ਨੂੰ ਵੀ ਲਾਭ ਹੋਵੇਗਾ। ਹਰਜ਼ਲ ਨੇ ਕਿਹਾ ਕਿ ਮੇਰਾ ਮਨ ਇਜ਼ਰਾਈਲ ਵਿਚ ਵਸਣ ਦੇ ਹੱਕ ਵਿਚ ਹੈ, ਬੇਸ਼ਕ ਉਥੇ ਬੰਜਰ ਪਥਰੀਲੀ ਜ਼ਮੀਨ ਹੈ ਤੇ ਯੂਰਪੀ ਪਰਵਾਸੀਆਂ ਦੇ ਰਹਿਣ ਯੋਗ ਆਬੋ-ਹਵਾ ਨਹੀਂ ਹੈ, ਪਰ ਕਿਉਂਕਿ ਇਸ ਨਾਲ ਸਾਡੇ ਨਬੀ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ, ਇਥੋਂ ਦੀ ਸਖਤ ਜ਼ਿੰਦਗੀ ਵੀ ਸੁਖਦਾਈ ਹੋਏਗੀ। ਤੁਰਕੀ ਦੀ ਮਾਇਕ ਹਾਲਤ ਮਾੜੀ ਹੈ, ਜੇ ਸੁਲਤਾਨ ਸਾਨੂੰ ਵਸਣ ਦੀ ਆਗਿਆ ਦੇ ਦਏ, ਅਸੀਂ ਕਾਇਆ ਕਲਪ ਕਰ ਸਕਦੇ ਹਾਂ।
ਇਕ ਮਿੱਤਰ ਨੂੰ ਖ਼ਤ ਵਿਚ ਲਿਖਿਆ, ਮੈਂ ਹਵਾ ਵਿਚੋਂ ਤਿਣਕੇ ਫੜ-ਫੜ ਆਲ੍ਹਣਾ ਬਣਾ ਰਿਹਾਂ। ਜਦੋਂ ਦਾ ਯਹੂਦੀ ਸਵਾਲ ਵਾਲਾ ਲੇਖ ਛਪਿਆ ਹੈ, ਉਦੋਂ ਦੇ ਅਣਗਿਣਤ ਵਿਰੋਧੀ ਅਤੇ ਪਿਆਰ ਕਰਨ ਵਾਲੇ ਪ੍ਰਗਟ ਹੋ ਗਏ ਹਨ। ਯਹੂਦੀਆਂ ਦੇ ਦੁਸ਼ਮਣਾਂ ਤੋਂ ਵਧੀਕ ਮੇਰੀ ਆਲੋਚਨਾ ਧਨਾਢ ਯਹੂਦੀਆਂ ਨੇ ਕੀਤੀ ਹੈ। ਇੰਨਾ ਹੀ ਕਾਫੀ ਹੈ ਕਿ ਜਿਹੜੀ ਗੱਲ ਤੁਰੀ ਹੈ, ਉਹ ਦੇਸਾਂ ਦੀਆਂ ਪਾਰਲੀਮੈਂਟਾਂ ਵਿਚ ਵਿਚਾਰੀ ਜਾਏਗੀ।
ਯਹੂਦੀ ਪੁਜਾਰੀਆਂ ਅਤੇ ਵਿਦਵਾਨਾਂ ਨੇ ਇਸ ਲਿਖਤ ਦਾ ਡਟ ਕੇ ਵਿਰੋਧ ਕੀਤਾ। ਲਿਓਨ ਨੇ ਸਮਰਥਨ ਪੱਤਰ ਵਿਚ ਲਿਖਿਆ: ਤੇਰੀ ਲਿਖਤ ਦੋ ਵਾਰ ਪੜ੍ਹੀ, ਕਲਾਸਿਕ ਰਚਨਾ ਹੈ। ਤੂੰ ਹੁਣ ਤਕ ਪਹਿਲਾਂ ਇਕ ਸਤਰ ਨਾ ਲਿਖੀ ਹੁੰਦੀ, ਅੱਗਿਉਂ ਇਕ ਸਤਰ ਵੀ ਨਾ ਲਿਖਂੇ, ਤੂੰ ਵੱਡੇ ਨਾਇਕ ਵਜੋਂ ਸਰਬ ਕਾਲ ਵਿਚ ਥਿਰ ਹੋ ਗਿਆ ਹੈਂ। ਤਾਕਤਵਰ ਦਲੀਲ ਕਿਸ ਸੁਹਜ ਅਤੇ ਸਹਿਜ ਨਾਲ ਪ੍ਰਗਟ ਕਰਨੀ ਹੈ, ਕੋਈ ਤੈਥੋਂ ਸਿੱਖੇ। ਤੂੰ ਜਰਮਨ ਲੇਖਕ ਨਹੀਂ ਰਿਹਾ, ਵਿਸ਼ਵਾਤਮਾ ਹੋ ਗਿਆ ਹੈਂ। ਸਾਡੀਆਂ ਦੱਬੀਆਂ ਆਸਾਂ ਉਮੀਦਾਂ ਤੇਰੀ ਕਲਮ ਰਾਹੀਂ ਪ੍ਰਗਟ ਹੋਣੀਆਂ ਸਨ। ਲਿਖਤ ਕਿੰਨੀ ਕੁ ਅਸਰ ਅੰਦਾਜ਼ ਹੁੰਦੀ ਜਾਏਗੀ, ਅਜੇ ਕਹਿ ਨਹੀਂ ਸਕਦਾ, ਤੂੰ ਅਸਰ ਅੰਦਾਜ਼ ਹੋ ਗਿਐਂ।
ਸਨਾਤਨੀ ਯਹੂਦੀਆਂ ਨੇ ਇਸ ਤਰ੍ਹਾਂ ਆਲੋਚਨਾ ਵੀ ਕੀਤੀ: ਹਰਜ਼ਲ ਮੁਤਾਬਕ ਇਜ਼ਰਾਈਲ ਵਿਚ ਵਸ ਜਾਓ ਭਾਵੇਂ ਅਰਜਨਟਾਈਨਾ ਵਿਚ, ਇਕੋ ਗੱਲ ਹੈ। ਜਿਸ ਬੰਦੇ ਨੂੰ ਇਜ਼ਰਾਈਲ ਦੀ ਅਹਿਮੀਅਤ ਦਾ ਪਤਾ ਨਹੀਂ, ਜਿਹੜਾ ਇਜ਼ਰਾਈਲ ਤੇ ਅਰਜਨਟਾਈਨਾ ਨੂੰ ਇਕੋ ਸਮਝਦਾ ਹੈ, ਉਹ ਯਹੂਦੀਆਂ ਨੂੰ ਕੀ ਸਿਖਾਏਗਾ?
ਪੇਪਰ ਤੋਂ ਪੈਦਾ ਹੋਏ ਵਿਵਾਦਾਂ ਦੌਰਾਨ ਹਰਜ਼ਲ ਨੇ ਕਿਹਾ, ਜੇ ਅਸੀਂ ਥੋੜ੍ਹੀ-ਥੋੜ੍ਹੀ ਕਰ ਕੇ ਜ਼ਮੀਨ ਖਰੀਦਦੇ ਗਏ, ਜ਼ਮੀਨ ਦੇ ਭਾਅ ਵਧ-ਵਧ ਕੇ ਅਸਮਾਨ ਛੋਹਣ ਲੱਗਣਗੇ, ਸਾਡੀ ਖਰੀਦ ਸਮਰੱਥਾ ਮੁੱਕ ਜਾਏਗੀ। ਜੇ ਇਜ਼ਰਾਈਲ ਉਪਰ ਸਿਆਸੀ ਦਾਅਵਾ ਕਰਦਿਆਂ ਹੱਕ ਜਤਾਇਆ ਤਾਂ ਸੰਸਾਰ ਸ਼ਕਤੀਆਂ ਸਮਰਥਨ ਨਹੀਂ ਦੇਣਗੀਆਂ। ਯੋਰੋਸ਼ਲਮ ਸ਼ਹਿਰ ਦੀ ਪਵਿੱਤਰ ਭੂਮੀ ਉਪਰ ਆਪਣਾ ਧਰਮੀ ਹੱਕ ਜਤਾਉਣਾ ਚਾਹੀਦਾ ਹੈ ਤੇ ਕੌਮਾਂਤਰੀ ਸ਼ਕਤੀਆਂ ਦੀ ਨਿਗਰਾਨੀ ਹੇਠ ਸਾਨੂੰ ਮੰਦਰਾਂ ਦੀ ਸੇਵਾ ਦਾ ਹੱਕ ਮਿਲਣਾ ਚਾਹੀਦਾ ਹੈ। ਮੇਰੇ ਪਾਸ ਅਜਿਹੀਆਂ ਦਲੀਲਾਂ ਹਨ ਕਿ ਇਸ ਮਕਸਦ ਲਈ ਦੁਨੀਆਂ ਨੂੰ ਮਨਾ ਸਕਦਾ ਹਾਂ।
ਲੇਖ ਛਪਣ ਤੋਂ ਸਾਲ ਬਾਅਦ ਬੋਦਨਹੀਮਰ ਉਸ ਨੂੰ ਮਿਲਣ ਪਿਛੋਂ ਲਿਖਦਾ ਹੈ, ਦੇਖਦਿਆਂ ਹੀ ਜਾਣ ਗਿਆ, ਇਹ ਸਾਡਾ ਨਾਇਕ ਹੈ। ਉਸ ਦੀ ਹਾਜ਼ਰੀ ਵਿਚ ਮੈਂ ਖੁਸ਼ੀ ਅਤੇ ਸਵੈਮਾਣ ਨਾਲ ਤ੍ਰਿਪਤ ਹੋ ਗਿਆ। ਸਕੂਲੀਆ ਕਿਤਾਬਾਂ ਪੜ੍ਹਦਿਆਂ ਜਿਹੋ ਜਿਹਾ ਟਰਾਇ ਦਾ ਹੀਰੋ ਹੈਕਟਰ ਲਗਦਾ ਹੁੰਦਾ, ਇਸ ਤਰ੍ਹਾਂ ਦਾ ਹੈ ਹਰਜ਼ਲ। ਸਖਤੀ ਤੇ ਨਰਮਾਈ, ਹਮਦਰਦੀ ਤੇ ਹੌਸਲਾ; ਉਸ ਵਿਚ ਸਾਰੇ ਉਤਮ ਗੁਣ ਹਨ।
ਆਲੋਚਕਾਂ ਨੇ ਸਵਾਲ ਕੀਤਾ, ਤੁਹਾਡਾ ਕਿਸੇ ਦੇਸ ਉਪਰ ਕਬਜ਼ਾ ਕਰ ਕੇ ਸਰਕਾਰ ਸਥਾਪਤ ਕਰਨ ਦਾ ਇਰਾਦਾ ਹੈ? ਉਸ ਨੇ ਕਿਹਾ, ਮੇਰਾ ਮਤਲਬ ਹੈ, ਯਹੂਦੀ ਸਟੇਟ ਕਾਇਮ ਹੋਵੇ ਜਿਸ ਦਾ ਬਾਦਸ਼ਾਹ ਹੋਵੇ, ਪਾਰਲੀਮੈਂਟ ਹੋਵੇ, ਵਿਧਾਨ ਹੋਵੇ, ਅਫਸਰ ਹੋਣ, ਪਰਜਾ ਹੋਵੇ; ਮਤਲਬ, ਆਧੁਨਿਕ ਸਟੇਟ ਦੇ ਸਾਰੇ ਗੁਣ-ਲੱਛਣ ਹੋਣ।
ਵਿਰੋਧੀਆਂ ਨੇ ਦੇਖਿਆ, ਹਰਜ਼ਲ ਤੁਰਕੀ ਦੇ ਸੁਲਤਾਨ, ਫਰਾਂਸ, ਜਰਮਨੀ, ਇੰਗਲੈਂਡ ਅਤੇ ਰੂਸ ਦੀਆਂ ਹਕੂਮਤਾਂ ਨਾਲ ਆਪਣੇ ਮਨੋਰਥ ਦੀ ਸਿੱਧੀ ਵਾਸਤੇ ਰਾਬਤਾ ਕਾਇਮ ਕਰਨ ਲੱਗਾ ਹੈ। ਉਨ੍ਹਾਂ ਕਿਹਾ, ਹਰਜ਼ਲ ਦੀ ਵਿਉਂਤ ਸਾਰੇ ਯਹੂਦੀਆਂ ਨੂੰ ਸੰਸਾਰ ਵਿਚੋਂ ਉਜਾੜ ਕੇ ਇਜ਼ਰਾਈਲ ਵਿਚ ਵਸਾਉਣ ਦੀ ਹੈ। ਉਸ ਦੀ ਗੱਲ ਮੰਨ ਕੇ ਯਹੂਦੀ ਜੇ ਪਰਵਾਸ ਕਰਨ ਲੱਗ ਪਏ ਤਾਂ ਦੁਨੀਆਂ ਦੇਖੇਗੀ ਤੇ ਕਹੇਗੀ, ਇਹ ਜਿਹੜੇ ਆਪੋ-ਆਪਣੀ ਮਾਤਭੂਮੀ ਦੇ ਦੇਸ ਭਗਤ ਅਖਵਾਉਂਦੇ ਸਨ, ਗੱਦਾਰ ਨਿਕਲੇ। ਯਹੂਦੀ ਸਟੇਟ ਬਣੇਗੀ ਕਿ ਨਾ, ਪਤਾ ਨਹੀਂ; ਯਹੂਦੀ ਸੰਸਾਰ ਵਿਚ ਬਦਨਾਮੀ ਖੱਟਣਗੇ। ਹੁਣ ਤਕ ਮੁਸਲਮਾਨਾਂ ਨਾਲ ਚੰਗੇ ਸਬੰਧ ਹਨ, ਜਦੋਂ ਦੇਖਣਗੇ, ਜ਼ਮੀਨ ‘ਤੇ ਕਬਜ਼ਾ ਕਰਨ ਆ ਰਹੇ ਨੇ, ਉਹ ਵੀ ਦੁਸ਼ਮਣ ਹੋ ਜਾਣਗੇ।
ਹਰਜ਼ਲ ਸੁਲਤਾਨ ਦੇ ਦਰਬਾਰ ਤੱਕ ਪੁੱਜਣ ਤੇ ਗੁਫਤਗੂ ਕਰਨ ਵਿਚ ਕਾਮਯਾਬ ਹੋ ਗਿਆ। ਇਹ ਸਹੂਲਤ ਇਸ ਕਰ ਕੇ ਨਹੀਂ ਮਿਲੀ ਕਿ ਉਹਨੂੰ ਯਹੂਦੀਆਂ ਦਾ ਲੀਡਰ ਮੰਨਿਆ, ਉਹ ਵੱਡੇ ਅਖਬਾਰ ਦਾ ਪੱਤਰਕਾਰ ਸੀ, ਇਸ ਕਰ ਕੇ ਮੌਕਾ ਮਿਲਿਆ। ਸਿਵਾਇ ਟਾਲ-ਮਟੋਲ, ਕੂਟਨੀਤਕ ਲਾਰੇ-ਲੱਪੇ ਦੇ ਹੋਰ ਕੁਝ ਨਹੀਂ ਮਿਲਿਆ।
ਬਿਨਾਂ ਕਿਸੇ ਪ੍ਰਾਪਤੀ ਦੇ ਉਹ ਵਾਪਸੀ ਵਕਤ ਗੱਡੀ ਫੜਨ ਲਈ ਸਟੇਸ਼ਨ ‘ਤੇ ਪੁੱਜਾ। ਸੋਫੀਆ ਕਸਬੇ ਵਿਚੋਂ ਦੀ ਗੱਡੀ ਲੰਘਣੀ ਸੀ। ਦੋ-ਤਿੰਨ ਦੋਸਤਾਂ ਨੂੰ ਦੱਸਿਆ ਹੋਇਆ ਸੀ ਕਿ ਲੰਘਣ ਵੇਲੇ ਮਿਲਾਂਗੇ। ਉਸ ਦੇਖਿਆ, ਹਜ਼ਾਰਾਂ ਯਹੂਦੀ, ਛੋਟੇ-ਵਡੇ, ਪੜ੍ਹੇ-ਅਨਪੜ੍ਹ, ਸਵਾਗਤ ਲਈ ਖਲੋਤੇ ਸਨ। ਉਹ ਅਚਾਨਕ ਯਹੂਦੀ ਜਹਾਨ ਦਾ ਲੀਡਰ ਹੋ ਗਿਆ। ਜੋ ਵਿਸ਼ੇਸ਼ਣ ਉਸ ਦੀ ਇਜ਼ਤ ਵਿਚ ਕਹੇ ਗਏ, ਸੁਣ ਕੇ ਅਵਾਕ ਰਹਿ ਗਿਆ।
ਹਰਜ਼ਲ ਵਾਪਸ ਪੁੱਜਿਆ, ਕੁਝ ਦਿਨਾਂ ਬਾਅਦ ਤੁਰਕ ਸੁਲਤਾਨ ਦੇ ਮੁਨਸ਼ੀ ਦਾ ਫਰਮਾਨ ਮਿਲਿਆ। ਲਿਖਿਆ ਸੀ: ਸੁਲਤਾਨ ਨੇ ਕਿਹੈ, ਹਰਜ਼ਲ ਨੂੰ ਕਹੋ- ਇਹੀ ਗੱਲ ਦੁਹਰਾਉਣ ਵਾਸਤੇ ਨਾ ਆਵੇ। ਯੋਰੋਸ਼ਲਮ ਤਾਂ ਕੀ, ਮੈਂ ਤੁਰਕੀ ਦੀ ਕਿਧਰੇ ਹੋਰ ਵੀ ਇਕ ਗਿਠ ਜ਼ਮੀਨ ਦੇਣ ਵਾਸਤੇ ਤਿਆਰ ਨਹੀਂ। ਦੇਸ ਮੇਰਾ ਨਹੀਂ, ਮੇਰੇ ਲੋਕਾਂ ਦਾ ਹੈ। ਮੇਰੀ ਪਰਜਾ ਨੇ ਆਪਣੇ ਖੂਨ ਨਾਲ ਇਹ ਧਰਤੀ ਹਾਸਲ ਕੀਤੀ, ਖੂਨ ਨਾਲ ਸਿੰਜ ਕੇ ਉਪਜਾਊ ਬਣਾਈ। ਜੇ ਸਾਥੋਂ ਇਹ ਧਰਤੀ ਕੋਈ ਖੋਹਣ ਦਾ ਯਤਨ ਕਰੇਗਾ, ਅਸੀਂ ਮੁੜ ਇਸ ਨੂੰ ਖੂਨ ਨਾਲ ਰੰਗ ਦਿਆਂਗੇ। ਸੀਰੀਆ ਅਤੇ ਫਲਸਤੀਨ ਦੀਆਂ ਮੇਰੀਆਂ ਦੋ ਰਜਮੈਂਟਾਂ ਪੂਰੀਆਂ ਖਪ ਗਈਆਂ ਸਨ, ਇਕ ਵੀ ਸਿਪਾਹੀ ਨਹੀਂ ਬਚਿਆ, ਪਰ ਹਥਿਆਰ ਨਹੀਂ ਸੁੱਟੇ। ਤੁਰਕੀ ਸਲਤਨਤ ਤੁਰਕਾਂ ਦੀ ਹੈ, ਮੈਂ ਇਸ ਦਾ ਕੋਈ ਹਿੱਸਾ ਵੰਡ ਕੇ ਨਹੀਂ ਦੇ ਸਕਦਾ। ਆਪਣੇ ਕਰੋੜਾਂ ਡਾਲਰ ਯਹੂਦੀ ਆਪਣੇ ਕੋਲ ਸੰਭਾਲ ਕੇ ਰੱਖਣ। ਜਦੋਂ ਮੇਰੀ ਸਲਤਨਤ ਦੇ ਟੁਕੜੇ ਹੋਣਗੇ, ਫਿਰ ਵੰਡ ਕੇ ਆਪਣੇ ਹਿੱਸੇ ਦਾ ਫਲਸਤੀਨ ਯਹੂਦੀ ਭਾਵੇਂ ਮੁਫਤ ਮੱਲ ਲੈਣ। ਚੇਤੇ ਰੱਖਣਾ, ਜੇ ਵੰਡ ਹੋਈ ਤਾਂ ਕੇਵਲ ਲਾਸ਼ਾਂ ਵੰਡੀਆਂ ਜਾਣਗੀਆਂ। ਮੈਂ ਦੇਸ ਦੇ ਟੁਕੜੇ ਵੰਡਣ ਨਹੀਂ ਦਿਆਂਗਾ।
ਖ਼ਤ ਪੜ੍ਹ ਕੇ ਹਰਜ਼ਲ ਖੁਸ਼ ਹੋ ਗਿਆ। ਇਸ ਖ਼ਤ ਵਿਚ ਸ਼ਾਇਰੀ ਵਰਗਾ ਰੰਗ ਹੈ। ਉਹ ਚੰਗੀ ਤਰ੍ਹਾਂ ਜਾਣ ਗਿਆ ਸੀ, ਸਿਪਾਹੀ ਤੋਂ ਲੈ ਕੇ ਸੁਲਤਾਨ ਤੱਕ, ਹਰ ਅਰਬ ਭ੍ਰਿਸ਼ਟ ਹੈ। ਖ਼ਤ ਵਿਚਲੀ ਸ਼ੇਖੀ ਗੁੱਝੀ ਨਾ ਰਹੀ ਜਦੋਂ ਸੁਲਤਾਨ ਦੇ ਏਲਚੀਆਂ ਨੇ ਕਰਜ਼ੇ ਦੀ ਵੱਡੀ ਰਕਮ ਮੰਗੀ। ਕਰਜ਼ਾ ਤਾਂ ਕਹਿਣ-ਸੁਣਨ ਦਾ ਲਫਜ਼ ਸੀ, ਰਿਸ਼ਵਤ ਮੰਗੀ ਗਈ ਸੀ ਜਿਸ ਨੂੰ ਅਰਬ ਬਖਸ਼ੀਸ਼ ਕਹਿੰਦੇ ਸਨ। ਵੀਹ ਲੱਖ ਪੌਂਡ ਮੰਗੇ ਸਨ। ਕਿਹਾ ਸੀ, ਬੰਦਰਗਾਹਾਂ ਤੋਂ ਚੁੰਗੀ ਦੀ ਉਗਰਾਹੀ ਨਾਲ ਕਰਜ਼ਾ ਮੋੜ ਦਿਆਂਗੇ। ਸੁਲਤਾਨ ਨੇ ਆਰਮੀਨੀਆਂ ‘ਤੇ ਜ਼ੁਲਮ ਕੀਤੇ ਸਨ। ਬਹੁਤ ਸਾਰੇ ਆਰਮੀਨੀ ਦੇਸ ਛਡ ਗਏ ਜਿਸ ਕਾਰਨ ਹਕੂਮਤ ਦੀ ਬਦਨਾਮੀ ਹੋਈ। ਸੁਲਤਾਨ ਨੇ ਚਾਹਿਆ, ਹਰਜ਼ਲ ਆਰਮੀਨੀਆਂ ਨੂੰ ਦੇਸ ਵਾਪਸੀ ਲਈ ਮਨਾਵੇ ਅਤੇ ਯੂਰਪੀ ਪ੍ਰੈਸ ਨੂੰ ਕਹੇ ਕਿ ਸੁਲਤਾਨ ਵਿਰੁਧ ਭੰਡੀ ਪੂਰਨ ਸਮੱਗਰੀ ਨਾ ਛਾਪਣ।
ਦੱਸਣਾ ਜ਼ਰੂਰੀ ਹੈ ਕਿ 19ਵੀਂ ਸਦੀ ਦੇ ਆਖਰੀ ਦਹਾਕੇ, ਜਦੋਂ ਇਹ ਗੱਲਬਾਤ ਹੋਈ, ਤੇਲ ਦੇ ਭੰਡਾਰ ਨਹੀਂ ਮਿਲੇ ਸਨ। ਅਰਬ ਦੇਸਾਂ ਦੀ ਪਰਜਾ ਗਰੀਬ ਸੀ ਤੇ ਸੁਲਤਾਨ ਪੈਸੇ ਲੈ ਕੇ ਕਈ ਕਿਸਮ ਦੇ ਸੌਦੇ ਕਰ ਲੈਂਦੇ ਸਨ।
ਹਰਜ਼ਲ ਸੋਚਣ ਲੱਗਾ, ਮੈਂ ਸੁਲਤਾਨ ਨਾਲ ਬਿਨਾਂ ਕਿਸੇ ਤਾਕਤ ਦੇ ਯਹੂਦੀਆਂ ਦੇ ਹੱਕਾਂ ਲਈ ਗੱਲ ਚਲਾਈ। ਮੇਰਾ ਮਜ਼ਾਕ ਨਹੀਂ ਉਡਾਇਆ ਗਿਆ, ਗੱਲ ਕਰਨ ਵਾਸਤੇ ਲੋੜੀਂਦੀ ਮੇਰੀ ਔਕਾਤ ਦਾ ਜ਼ਿਕਰ ਨਹੀਂ ਹੋਇਆ। ਜੋ ਮਸਲਾ ਵਿਚਾਰਨ ਲਈ ਪੇਸ਼ ਕੀਤਾ, ਉਹ ਰੱਦ ਨਹੀਂ ਹੋਇਆ, ਸੁਲਤਾਨ ਨੇ ਪੈਸੇ ਮੰਗੇ ਹਨ। ਪੈਸੇ ਦੇ ਕੇ ਜੇ ਸਿਆਸੀ ਤਾਕਤ ਖਰੀਦੀ ਜਾ ਸਕੀ, ਯਹੂਦੀ ਖਰੀਦ ਲੈਣਗੇ। ਹੁਣ ਧਨਾਢ ਦਾਨੀ ਸਾਹਮਣੇ ਗਰੀਬ ਯਹੂਦੀ ਮੰਗਤੇ ਨਹੀਂ ਹੋਣਗੇ; ਹੁਣ ਦਾਨੀ ਯਹੂਦੀ ਕੌਮ ਅੱਗੇ ਸੁਲਤਾਨ ਮੰਗਤਾ ਹੋਵੇਗਾ। ਜਿਹੜੇ ਅਮੀਰ ਯਹੂਦੀਆਂ ਨੂੰ ਭੀੜਾਂ ਲੁੱਟ ਲੈਂਦੀਆਂ ਸਨ, ਹੋ ਸਕਦੈ, ਉਹ ਆਪਣੇ ਇਸ ਧਨ ਨਾਲ ਆਜ਼ਾਦੀ ਖਰੀਦ ਲੈਣ। ਸੁਲਤਾਨ ਨਾਲ ਗੁਫਤਗੂ ਸ਼ੁਰੂ ਹੋਣ ਪਿਛੋਂ ਯੂਰਪੀ ਤਾਕਤਾਂ ਨਾਲ ਗਲ ਕਰਨ ਦੇ ਸਮਰੱਥ ਹੋ ਗਏ ਹਾਂ। ਹਰਜ਼ਲ ਜਾਣਦਾ ਸੀ, ਪ੍ਰਾਪਤ ਕੀ ਕੀਤਾ। ਹਰਜ਼ਲ ਕੋਲ ਅਮੀਰ ਸਿਆਸੀ ਸਮਰੱਥਾ ਸੀ।
ਸਲਾਹਕਾਰਾਂ ਨੇ ਹਰਜ਼ਲ ਨੂੰ ਕਿਹਾ, ਬਰਤਾਨੀਆ ਕੋਲ ਕੇਸ ਰੱਖਣ ਦਾ ਕੋਈ ਫਾਇਦਾ ਨਹੀਂ ਹੋਣਾ, ਇਹ ਕੱਖ ਨਹੀਂ ਦਿਵਾਏਗਾ। ਹਰਜ਼ਲ ਨੇ ਕਿਹਾ, ਗੱਲ ਤੋਰਾਂਗਾ। ਬਰਤਾਨੀਆ ਨਾਲ ਹੀ ਨਹੀਂ, ਫਰਾਂਸ ਤੇ ਜਰਮਨੀ ਨਾਲ ਵੀ। ਬਗੈਰ ਖਰਚ ਯਹੂਦੀਆਂ ਨੂੰ ਦੇਸ ਦੀ ਮਾਲਕੀ ਲੈ ਕੇ ਦਿਆਂਗਾ।
ਉਸ ਨੇ ਕੁਝ ਅੰਗਰੇਜ਼ ਸੰਸਦ ਮੈਂਬਰਾਂ ਨਾਲ ਗੱਲ ਕੀਤੀ। ਉਤਰ ਮਿਲਿਆ, ਨਾ ਯਹੂਦੀਆਂ ਨੂੰ ਕਿਸੇ ਸਟੇਟ ਦੀ ਲੋੜ ਹੈ, ਨਾ ਉਨ੍ਹਾਂ ਨੂੰ ਮਿਲਣੀ ਹੈ। ਅਸੰਭਵ ਬਾਰੇ ਮਗਜ਼ ਖਪਾਈ ਕੀ ਕਰਨੀ ਹੋਈ! ਉਸ ਨੇ ਲੰਮਾ ਬਿਆਨ ਪ੍ਰੈਸ ਵਿਚ ਭੇਜਿਆ। ਪਾਠਕਾਂ ਨੇ ਹੁੰਗਾਰਾ ਦਿੱਤਾ। ਉਹਨੇ ਲਿਖਿਆ, ਅੱਜ ਪਤਾ ਲੱਗ ਗਿਆ, ਜਹਾਨ ਕੱਲ੍ਹ ਨੂੰ ਜਾਣ ਜਾਏਗਾ ਕਿ ਆਜ਼ਾਦ ਨਾਗਰਿਕਾਂ ਵਜੋਂ ਜਿਉਣ ਵਾਸਤੇ ਯਹੂਦੀਆਂ ਨੂੰ ਖੁਦ ਮੁਖਤਾਰ ਸਟੇਟ ਦੀ ਜ਼ਰੂਰਤ ਹੈ।
ਸਮਰਥਕਾਂ ਨੇ ਦੇਖਿਆ ਕਿ ਜਿੰਨੀ ਗਤੀ ਹਰਜ਼ਲ ਦੀ ਲਹਿਰ ਨੂੰ ਮਿਲਣੀ ਚਾਹੀਦੀ ਸੀ, ਨਹੀਂ ਮਿਲ ਰਹੀ। ਸੁਝਾਅ ਆਇਆ, ਹਜ਼ਾਰ ਆਤਮਘਾਤੀ ਜਵਾਨਾਂ ਦਾ ਦਸਤਾ ਇਜ਼ਰਾਈਲ ਵਿਚ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਏ, ਤਾਂ ਦੁਨੀਆਂ ਦਾ ਧਿਆਨ ਖਿੱਚਿਆ ਜਾਵੇਗਾ। ਹਰਜ਼ਲ ਨੇ ਕਿਹਾ, ਹਜ਼ਾਰ ਤਾਂ ਕੀ, ਲੱਖ ਜਵਾਨ ਮਰਨ ਲਈ ਤਿਆਰ ਹੋ ਜਾਣਗੇ, ਪਰ ਅੱਠ ਪਹਿਰ ਵਿਚ ਅਰਬਾਂ ਹੱਥੋਂ ਇਉਂ ਝੰਬੇ ਜਾਣਗੇ ਜਿਵੇਂ ਸਕੂਲੀ ਛੋਕਰੇ ਚੁੱਪ-ਚਾਪ ਮਾਸਟਰਾਂ ਦੀ ਮਾਰ ਖਾ ਲੈਂਦੇ ਹਨ। ਮੈਂ ਸ਼ੁਗਲ ਮੇਲਾ ਦਿਖਾਉਣ ਨਹੀਂ ਆਇਆ। ਪਤਾ ਲੱਗਾ ਕਿ ਇਕੱਲਾ ਬੇਰੋਨ ਦਸ ਲੱਖ ਪੌਂਡ ਦਾਨ ਰਾਸ਼ੀ ਦੇਣ ਵਾਸਤੇ ਤਿਆਰ ਹੈ। ਹੋਰ ਵੀ ਬਥੇਰੇ ਹਨ। ਹਰਜ਼ਲ ਨੇ ਕਿਹਾ, ਪੈਸੇ ਨਾਲ ਆਜ਼ਾਦੀ ਖਰੀਦੀ ਜਾ ਸਕਦੀ, ਤਾਂ ਇਹ ਬੜਾ ਸੌਖਾ ਤੇ ਸਸਤਾ ਸੌਦਾ ਹੈ, ਪਰ ਮੈਨੂੰ ਸੁਲਤਾਨ ਦੇ ਕਿਰਦਾਰ ਉਪਰ ਭਰੋਸਾ ਨਹੀਂ, ਉਹ ਪੈਸੇ ਵੀ ਲੈ ਲਏ ਤੇ ਫਿਰ ਮੁੱਕਰ ਜਾਏ? ਸੰਸਾਰ ਦੀਆਂ ਵੱਡੀਆਂ ਸਿਆਸੀ ਤਾਕਤਾਂ ਜ਼ਾਮਨ ਹੋ ਜਾਣ, ਆਪਾਂ ਦੇਸ ਖਰੀਦ ਲਵਾਂਗੇ।
ਇੰਗਲੈਂਡ ਵਿਚ ਕਈ ਥਾਂ ਸਭਾਵਾਂ ਵਿਚ ਬੋਲਿਆ, ਇਸ ਨਤੀਜੇ ‘ਤੇ ਪੁੱਜਾ ਹਾਂ, ਕੇਵਲ ਇਜ਼ਰਾਈਲ ਸਾਡਾ ਮੁਲਕ ਹੋਵੇਗਾ। ਬੰਜਰ ਹੈ ਤਾਂ ਕੀ, ਕਦੀ ਉਪਜਾਊ ਹੁੰਦਾ ਸੀ। ਫਿਰ ਉਪਜਾਊ ਕਰ ਲਵਾਂਗੇ। ਦੁਨੀਆਂ ਦੀ ਇਹ ਗਲਤਫਹਿਮੀ ਵੀ ਦੂਰ ਹੋ ਜਾਏਗੀ ਕਿ ਯਹੂਦੀ ਹੱਥੀਂ ਕੰਮ ਕਰਨ ਤੋਂ ਕਤਰਾਉਂਦੇ ਹਨ। ਜਦੋਂ ਮੈਨੂੰ ਵਿਸ਼ਵਾਸ ਹੋ ਗਿਆ, ਮੈਥੋਂ ਵਧੀਆ ਲੀਡਰ ਤੁਹਾਨੂੰ ਮਿਲ ਗਿਆ, ਮੈਂ ਪਿਛੇ ਹਟ ਜਾਵਾਂਗਾ। ਮੈਨੂੰ ਪਤਾ ਹੈ, ਤੁਹਾਡੇ ਵਿਚੋਂ ਬਹੁਤੇ ਮੈਨੂੰ ਜਾਣਦੇ ਨਹੀਂ। ਮੇਰੀਆਂ ਸਾਰੀਆਂ ਗੱਲਾਂ ਨਹੀਂ ਸਮਝਦੇ, ਤਾਂ ਵੀ ਮੇਰੇ ਉਪਰ ਇਤਬਾਰ ਕਰਦਿਆਂ ਮੈਨੂੰ ਆਪਣਾ ਹੀਰੋ ਮੰਨ ਲਿਆ ਹੈ। ਮੈਨੂੰ ਡਰ ਹੈ, ਇਸੇ ਤਰ੍ਹਾਂ ਕਿਤੇ ਤੁਸੀਂ ਬਿਨਾਂ ਸੋਚੇ ਸਮਝੇ, ਕਿਸੇ ਦਗੇਬਾਜ਼ ਨੂੰ ਆਪਣਾ ਹੀਰੋ ਜਾਣ ਕੇ ਉਸ ਦੇ ਪਿਛੇ ਨਾ ਲੱਗ ਤੁਰੋ।
ਇਸ ਦਿਨ ਸ਼ਾਮ ਨੂੰ ਡਾਇਰੀ ਵਿਚ ਲਿਖਿਆ, ਮੇਰੀ ਕੌਮ ਮੈਥੋਂ ਧੋਖਾ ਨਹੀਂ ਖਾਏਗੀ, ਮੇਰਾ ਕ੍ਰਿਸ਼ਮਾ ਚੱਲ ਪਿਆ ਹੈ। ਸਰੋਤਿਆਂ ਦੀਆਂ ਅੱਖਾਂ ਵਿਚ ਇਤਬਾਰਾਂ ਦੀ ਰੌਸ਼ਨੀ ਦੇਖੀ, ਉਨ੍ਹਾਂ ਦਾ ਵਿਸ਼ਵਾਸ ਕਾਇਮ ਰਹੇਗਾ।
18 ਜੁਲਾਈ 1896 ਨੂੰ ਉਸ ਨੇ ਪੈਰਿਸ ਦੇ ਧਨਾਢਾਂ ਅੱਗੇ ਭਾਸ਼ਣ ਦਿੱਤਾ। ਸਿੱਧਮ-ਸਿੱਧੀਆਂ ਗੱਲਾਂ ਆਮ ਆਦਮੀ ਦੇ ਦਿਲ ਨੂੰ ਧੂੰਹਦੀਆਂ ਗਈਆਂ। ਅਮੀਰ ਸਰੋਤੇ ਬੇਚੈਨ ਹੋ ਕੇ ਇਸ ਨਵੇਂ ਸੰਤ ਬਰਨਰਡ ਨੂੰ ਸੁਣਦੇ ਰਹੇ। ਇਕ-ਦੂਜੇ ਨੂੰ ਕਹਿੰਦੇ ਸੁਣੇ ਗਏ, ਇਸ ਪਾਗਲ ਦੇ ਆਖੇ ਲੱਗ ਕੇ ਮੰਨ ਲਉ, ਲੱਖ ਡੇਢ ਲੱਖ ਹੋਰ ਯਹੂਦੀ ਇਜ਼ਰਾਈਲ ਵਿਚ ਚਲੇ ਜਾਣ, ਇੰਨੇ ਮੰਗਤਿਆਂ ਨੂੰ ਰੋਟੀ ਕੌਣ ਖੁਆਏਗਾ?
ਹਰਜ਼ਲ ਨੇ ਮੇਜ਼ ਤੋਂ ਆਪਣੀ ਛਤਰੀ ਚੁੱਕ ਕੇ ਹਵਾ ਵਿਚ ਲਹਿਰਾਈ ਤੇ ਕਿਹਾ, ਤੁਸੀਂ ਮੇਰੀ ਫੌਲਾਦੀ ਤਾਕਤ ਹੋ, ਮੇਰੀਆਂ ਮਜ਼ਬੂਤ ਬੁਨਿਆਦਾਂ। ਤੁਸੀਂ ਹਿੱਲ ਗਏ ਤਾਂ ਮੇਰਾ ਮਹਿਲ ਤਿੜਕ ਜਾਏਗਾ। ਸਿੱਧਾ ਉਤਰ ਦਿਉ, ਹਾਂ ਜਾਂ ਨਾਂਹ। ਧਨੀ ਲੋਕ ਨੀਵੀਂ ਪਾਈ ਅਹਿਲ ਖਾਮੋਸ਼ ਬੈਠੇ ਰਹੇ, ਸੋਚਦੇ ਰਹੇ- ਇਹ ਮੁੰਡਾ ਕੋਈ ਬਿਪਤਾ ਖੜ੍ਹੀ ਕਰੇਗਾ। ਸ਼ਾਂਤ ਬੈਠੇ ਯਹੂਦੀਆਂ ਵਿਚ ਤਕੜੀ ਹਿਲਜੁਲ ਹੋਏਗੀ ਜਿਸ ਨਾਲ ਸੁਰੱਖਿਅਤ ਸੰਤੁਲਨ ਵਿਗੜੇਗਾ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਾ ਇਸ ਜੁਆਨ ਤੋਂ ਡਰ ਕਿਸ ਗੱਲ ਦਾ?
ਪਹਿਲੇ ਜ਼ਾਰ ਦੀ ਮੌਤ ਪਿਛੋਂ ਉਸ ਦਾ ਸ਼ਹਿਜ਼ਾਦਾ ਨਿਕੋਲਸ ਦੂਜਾ ਗੱਦੀ ‘ਤੇ ਬੈਠਾ ਤਾਂ ਹਰਜ਼ਲ ਨੇ ਯਹੂਦੀਆਂ ਨੂੰ ਯਿਦਿਸ਼ ਜ਼ੁਬਾਨ ਦਾ ਅਖਾਣ ਸੁਣਾਇਆ, ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਵਕਤ ਖੁਸ਼ ਨਾ ਹੋਵੋ; ਜਿਹੋ ਜਿਹਾ ਪਹਿਲਾ, ਉਹੋ ਜਿਹਾ ਅਗਲਾ।
ਇਸ ਦੌਰ ਵਿਚ ਰੂਸੀ ਯਹੂਦੀਆਂ ਵਿਚੋਂ ਕਰੀਬ ਇਕ ਦਰਜਨ ਲੇਖਕ, ਚਿੰਤਕ ਅਤੇ ਲੀਡਰ ਪੈਦਾ ਹੋਏ ਜਿਹੜੇ ਹਰਜ਼ਲ ਦੇ ਪ੍ਰਛਾਵਿਆਂ ਵਾਂਗ ਸਨ। ਹਰਜ਼ਲ ਜਾਣਦਾ ਸੀ ਕਿ ਫੈਸਲਾਕੁਨ ਘੜੀ ਵਕਤ ਪੱਛਮੀ ਵਿੰਗ ਦੇ ਯਹੂਦੀ ਲੀਡਰ ਅਸਰ ਅੰਦਾਜ਼ ਹੋਣਗੇ, ਪੂਰਬੀਆਂ ਦੀ ਵੱਡੀ ਗਿਣਤੀ ਪ੍ਰਭਾਵ ਪਾਏਗੀ। ਰੂਸੀ ਕਾਮਿਆਂ ਦੀ ਦਸ਼ਾ ਬਦ ਤੋਂ ਬਦਤਰ ਹੋ ਰਹੀ ਸੀ। ਮਜ਼ਦੂਰ, ਮੰਗਤੇ ਹੋ ਰਹੇ ਸਨ। ਦਾਨੀਆਂ ਦੇ ਰਹਿਮੋ-ਕਰਮ ਉਤੇ ਸਨ। ਇਸੇ ਸਮੇਂ ਕਮਿਊਨਿਸਟ, ਮਜ਼ਦੂਰ ਜਥੇਬੰਦੀਆਂ ਵਿਚ ਦਖਲ ਦੇ ਕੇ ਚੇਤੰਨ ਕਰਨ ਲੱਗੇ। ਬਾਕੀ ਰੂਸੀ ਕਾਮਿਆਂ ਦੀ ਦਸ਼ਾ ਵੀ ਬੇਸ਼ਕ ਉਹੀ ਸੀ ਜੋ ਯਹੂਦੀਆਂ ਦੀ, ਤਾਂ ਵੀ ਉਨ੍ਹਾਂ ਨੂੰ ਦੰਗਿਆਂ ਦਾ ਡਰ ਨਹੀਂ ਸੀ। ਖੱਬੀ ਲਹਿਰ ਵਿਚ ਯਹੂਦੀਆਂ ਨੂੰ ਵੀ ਆਸ ਦੀ ਕਿਰਨ ਨਜ਼ਰ ਆਈ।
ਰੂਸੀ ਲੀਡਰ ਸਕੋਲੋਵ ਨੂੰ ਹਰਜ਼ਲ ਦੇ ਕੰਮ-ਕਾਜ ਸ਼ੱਕੀ ਲੱਗੇ। ਉਸ ਨੂੰ ਲੱਗਾ ਜਿਵੇਂ ਕੋਈ ਰਾਹੀ ਆਖੇ- ਮੈਥੋਂ ਨ੍ਹੀਂ ਹੋਰ ਤੁਰਿਆ ਜਾਂਦਾ; ਪਰ ਮੈਂ ਪਹੁੰਚਣਾ ਬਹੁਤ ਜਲਦੀ ਹੈ। ਇਸ ਮਹਾਂਪੁਰਖ ਨੂੰ ਪਤਾ ਨਹੀਂ, ਇਜ਼ਰਾਈਲ ਜਾਣਾ ਹੈ ਕਿ ਅਰਜਨਟਾਈਨਾ, ਪਰ ਚੱਲ ਪਿਆ ਹੈ। ਇਸ ਬੰਦੇ ਦੀ ਕਹਿਣੀ ਅਤੇ ਕਥਨੀ ਵਿਚ ਸਿਆਸਤ ਹੈ। ਸਿਆਸਤ ਕਰਨਾ ਸਰਕਾਰਾਂ ਦਾ ਕੰਮ ਹੈ, ਇਸ ਨੂੰ ਸਿਆਸਤ ਕਰਨ ਦਾ ਹੱਕ ਕਿਵੇਂ ਮਿਲ ਗਿਆ? ਹਰਜ਼ਲ ਪੱਕੇ ਖੇਤ ਖਲਿਹਾਨਾਂ ਵਿਚਕਾਰ ਆਤਿਸ਼ਬਾਜ਼ੀ ਚਲਾ ਰਿਹਾ ਹੈ, ਮਰੇਗਾ ਤੇ ਮਰਵਾਏਗਾ। ਅਰਬ ਪਹਿਲੋਂ ਹੀ ਇਧਰ-ਉਧਰ ਦੀਆਂ ਬਗਾਵਤਾਂ ਕਾਰਨ ਤਪੇ ਪਏ ਹਨ, ਰਹਿੰਦੀ ਕਸਰ ਇਹ ਨਵਾਂ ਨੇਤਾ ਪੂਰੀ ਕਰ ਦਏਗਾ। ਇਸ ਵਕਤ ਲੋੜ ਇਸ ਗੱਲ ਦੀ ਹੈ, ਅਰਬਾਂ ਨੂੰ ਯਕੀਨ ਦਿਵਾਈਏ ਕਿ ਸਾਡਾ ਸਿਆਸਤ ਨਾਲ ਕੋਈ ਲਾਗਾ-ਦੇਗਾ ਨਹੀਂ। ਤੁਸੀਂ ਰਾਜ ਕਰੋ, ਸਾਨੂੰ ਮਜ਼ਦੂਰੀ ਕਰਨ ਦਿਉ। ਹਰਜ਼ਲ ਵੱਡਾ ਲੇਖਕ ਹੋ ਸਕਦਾ ਹੈ, ਪਰ ਸਾਨੂੰ ਮੂਰਖ ਨਾ ਬਣਾਏ। ਉਹ ਸੁਲਤਾਨ ਤੇ ਹੋਰ ਧਨਾਢਾਂ ਨੂੰ ਮਿਲਦਾ ਫਿਰਦਾ ਹੈ, ਸਾਡੇ ਨਾਲ ਹੱਥ ਮਿਲਾਉਣ ਦੀ ਕੀ ਲੋੜ?
ਇਕ ਹੋਰ ਆਲੋਚਕ ਲੁਦਵੀ ਪੋਲ ਨੇ ਲਿਖਿਆ, ਕੁਸਤੁਨਤੁਨੀਆਂ, ਲੰਡਨ ਅਤੇ ਪੈਰਿਸ ਵਿਚ ਝਖ ਮਾਰਨ ਦਾ ਉਸ ਨੂੰ ਕੀ ਮਿਲਿਆ? ਝੂਠੀਆਂ ਅਫਵਾਹਾਂ ਉਡਾਈਆਂ ਕਿ ਸੁਲਤਾਨ ਨੂੰ ਮਿਲ ਕੇ ਆਇਐ। ਮੈਨੂੰ ਤਾਂ ਲਗਦੈ, ਕਿਸੇ ਵਜ਼ੀਰ ਨੇ ਵੀ ਉਸ ਨੂੰ ਮੂੰਹ ਨਹੀਂ ਲਾਇਆ। ਜੇ ਉਹ ਯਹੂਦੀ ਹੈ ਤਾਂ ਯਹੂਦੀ ਮੁਖ ਧਾਰਾ ਵਿਚ ਆ ਕੇ ਸਾਡੀ ਗੱਲ ਸੁਣੇ, ਹੋਰ ਚੰਗਾ ਯਹੂਦੀ ਬਣੇ। ਜੇ ਯਹੂਦੀ ਨਹੀਂ ਹੈ ਤਾਂ ਸਾਡਾ ਭਲਾ ਕਰਨ ਦਾ ਕਸ਼ਟ ਕਿਉਂ ਉਠਾ ਰਿਹੈ ਖਾਹਮਖਾਹ?
ਹਰਜ਼ਲ ਦੁਨੀਆਂ ਦੇ ਹਰ ਕੋਨੇ ਦੀ ਖਬਰ ਰੱਖਦਾ, ਉਸ ਬਾਰੇ ਕੀ ਕਿਹਾ-ਸੁਣਿਆ ਜਾ ਰਿਹੈ। ਅਹਿਮ ਤੱਥ ਸਪਸ਼ਟ ਕਰਨ ਦੀ ਲੋੜ ਪੈਂਦੀ, ਉਤਰ ਦੇ ਦਿੰਦਾ। ਜੋ ਉਸ ਦਾ ਆਪਣਾ ਸਟੈਂਡ ਸੀ, ਉਹ ਥਿਰ ਸੀ। ਮੁਲਾਕਾਤੀਆਂ ਤੇ ਖਤਾਂ ਦੀ ਗਿਣਤੀ ਬੇਸ਼ੁਮਾਰ ਹੋ ਗਈ। ਖ਼ਤਾਂ ਦੇ ਜਵਾਬਾਂ ਅਤੇ ਮੁਲਾਕਾਤੀਆਂ ਨੂੰ ਭੁਗਤਾਉਣ ਵਾਸਤੇ ਵਾਲੰਟੀਅਰ ਆ ਗਏ। ਬੈਲਕੋਵਸਕੀ ਦਾ ਖ਼ਤ ਪੜ੍ਹਿਆ, ਲਿਖਿਆ ਸੀ, ਰੂਸੀ ਯਹੂਦੀਆਂ ਨੂੰ ਤੁਹਾਡੇ ‘ਤੇ ਭੋਰਾ ਇਤਬਾਰ ਨਹੀਂ, ਕੀ ਕਰਾਂ? ਹਰਜ਼ਲ ਨੇ ਉਤਰ ਦਿੱਤਾ, ਉਨ੍ਹਾਂ ਦਾ ਸ਼ੁਕਰਾਨਾ ਕਰ। ਹੱਥ ਵਿਚ ਫੜਿਆ ਕੰਮ ਕਰਦਾ ਰਹਾਂਗਾ। ਜੇ ਮੇਰੇ ਉਤੇ ਭਰੋਸਾ ਰੱਖੋਗੇ ਤਾਂ ਦੱਸਦਾ ਰਹਾਂਗਾ ਕਿ ਕੀ ਕਰ ਰਿਹਾ ਹਾਂ। ਹੁਣ ਤਕ ਵੱਡੇ ਬੰਦਿਆਂ ਨੂੰ ਮਿਲਦਾ ਰਿਹਾ, ਹੁਣ ਸੰਗਤ ਵਿਚ ਜਾਵਾਂਗਾ।
ਫਿਰ ਵੀ, ਸੰਗਤ ਦੀ ਥਾਂ ਅਜੇ ਉਸ ਨੇ ਖਾਸ ਬੰਦਿਆਂ ਨੂੰ ਮਿਲਣਾ ਸੀ। ਸ਼ਹਿਜ਼ਾਦੇ ਫਰਦੀਨੰਦ (ਜੋ ਬਾਅਦ ਵਿਚ ਬਾਦਸ਼ਾਹ ਬੁਲਗਾਰੀਆ ਹੋਇਆ) ਨਾਲ ਸਫਲ ਮੀਟਿੰਗ ਹੋਈ, ਓਟੋਮਾਨ ਦੇ ਸੁਲਤਾਨ ਦਾ ਰਾਜਦੂਤ ਆਇਆ ਤੇ ਕਿਹਾ, ਸੁਲਤਾਨ ਨਾਲੋਂ ਗੱਲਬਾਤ ਤੋੜੋ ਨਾ। ਸਤੰਬਰ 1896 ਵਿਚ ਕੈਸਰ ਨੂੰ ਮਿਲਿਆ, ਉਸ ਦੇ ਜੰਗੀ ਵਜ਼ੀਰ ਨੂੰ ਮਿਲਣਾ ਚਾਹਿਆ, ਨਹੀਂ ਮਿਲ ਸਕਿਆ। ਜਰਮਨੀ ਦੇ ਪ੍ਰਧਾਨ ਮੰਤਰੀ ਬਿਸਮਾਰਕ ਨੇ ਉਸ ਦਾ ਪੇਪਰ ‘ਯਹੂਦੀ ਸਟੇਟ’ ਪੜ੍ਹ ਲਿਆ ਸੀ, ਕਿਹਾ, ਨਿਰੋਲ ਕਲਪਨਾ, ਸੁਫਨਸਾਜ਼ੀ। ਬਿਸਮਾਰਕ ਨੂੰ ਜਦੋਂ ਪਤਾ ਲੱਗਾ ਕਿ ਯਹੂਦੀ ਧਨਾਢ ਤੁਰਕੀ ਵਿਚ ਪੈਸਾ ਲਾ ਰਹੇ ਹਨ ਤਾਂ ਬੇਚੈਨ ਹੋਇਆ। ਫਿਰ ਪਤਾ ਲੱਗਾ ਕਿ ਇਸ ਵਿਚ ਕੋਈ ਸਿਆਸਤ ਨਹੀਂ, ਵਪਾਰੀ ਮਹਿਜ਼ ਵਪਾਰ ਕਰ ਰਹੇ ਹਨ।
ਪੈਸੇ ਦੀ ਘਾਟ ਮਹਿਸੂਸ ਹੋਣ ਲੱਗੀ, ਦੋਸਤ ਹਾਸ ਨੂੰ ਲਿਖਿਆ, ਬੁਰਾ ਫੰਧਾ ਹੈ ਇਹ। ਪੈਸੇ ਬਿਨਾਂ ਪ੍ਰਚਾਰ ਨਹੀਂ ਤੇ ਪ੍ਰਚਾਰ ਬਗੈਰ ਪੈਸਾ ਨਹੀਂ। ਆਪਣਾ ਅਖਬਾਰ ਚਾਹੀਦੈ, ਬੇਗਾਨਾ ਅਖਬਾਰ ਦਿਲ ਦੀ ਗੱਲ ਨਹੀਂ ਕਰਨ ਦਿੰਦਾ। ਮੇਰੇ ਵਰਗੇ ਬੰਦੇ ਨੂੰ ਮਾਲਕ ਬਰਦਾਸ਼ਤ ਕਰਦੇ ਹਨ, ਤਾਂ ਰੋਟੀ ਪਾਣੀ ਚੱਲ ਰਿਹੈ। ਸਰਕਾਰਾਂ ਵੱਡੇ ਅਖਬਾਰ ਨਾਲ ਇਸ ਤਰ੍ਹਾਂ ਗੱਲ ਕਰਦੀਆਂ ਹਨ ਜਿਵੇਂ ਕਿਸੇ ਵੱਡੇ ਦੇਸ ਨਾਲ ਗੁਫਤਗੂ ਹੋਵੇ। ਵਧੀਆ ਅਖਬਾਰ ਵਾਸਤੇ ਦਸ ਲੱਖ ਡਾਲਰ ਚਾਹੀਦੈ। ਪਿਤਾ ਨੇ ਕਿਹਾ, ਚਾਰ ਲੱਖ ਮੈਂ ਦਿੰਨਾਂ, ਬਾਕੀ ਹਮਦਰਦਾਂ ਤੋਂ ਇਕੱਠਾ ਕਰ, ਪਰ ਕੋਈ ਹਮਦਰਦ ਨਹੀਂ ਪੈਸੇ ਦੇ ਮਸਲੇ ਵਿਚ! ਦਿਨ ਤਾਂ ਕੰਮ ਕਰਨ ਵਾਸਤੇ ਹੁੰਦਾ, ਮੈਨੂੰ ਸੌਣਾ ਪੈ ਰਿਹੈ।
ਦੋਸਤ ਦਾ ਖ਼ਤ ਆਇਆ, ਨਿਰਾਸ ਨਾ ਹੋਈਂ ਹਰਜ਼ਲ! ਤੇਰੇ ਕਾਰਨ ਅਸੀਂ ਦੌੜੇ ਫਿਰਦੇ ਹਾਂ। ਤੈਨੂੰ ਪਤੈ, ਜਦੋਂ ਯਹੂਦੀ ਆਪਣੇ ਦੁਸ਼ਮਣ ਵਿਰੁਧ ਕੈਨਾਨ ਵਿਚ ਲੜ ਰਹੇ ਸਨ, ਹੌਸਲਾ ਦੇਣ ਵਾਸਤੇ ਨਬੀ ਦੀਆਂ ਕਮਜ਼ੋਰ ਬਾਹਵਾਂ ਉਠ ਨਾ ਸਕੀਆਂ। ਮੁਰੀਦਾਂ ਨੇ ਉਦੋਂ ਤੱਕ ਪਾਕਿ ਬਾਹਵਾਂ ਸਿਰਾਂ ਉਪਰ ਉਚੀਆਂ ਚੁੱਕੀ ਰੱਖੀਆਂ ਜਦੋਂ ਤਕ ਫਤਿਹਯਾਬ ਨਹੀਂ ਹੋਏ। ਅਸੀਂ ਜਿੱਤਾਂਗੇ।
(ਚਲਦਾ)