‘ਸਿਆਸੀ ਸਵਾਰੀ ਦਾ ਸੰਕਟ’ ਵਿਚ ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਪਰਦੇਸੀਆਂ ਦਾ ਇਕ ਹੋਰ ਪੱਖ ਉਜਾਗਰ ਕੀਤਾ ਹੈ। ਬੰਦਾ ਕਿਵੇਂ ਆਪਣਾ ਕਸਬ ਭੁੱਲ ਕੇ ਮਨ-ਆਈਆਂ ਕਰਦਾ ਹੈ, ਇਸ ਦਾ ਸਹਿਜ ਵਰਨਣ ਇਸ ਲੇਖ ਵਿਚ ਹੋਇਆ ਹੈ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ।
ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ
ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189
ਉਸ ਦੇ ਕਾਲਾ ਲੰਮਾ ਕੋਟ ਪਾਇਆ ਹੋਇਆ ਸੀ। ਉਸ ਕੋਲ ਕੋਈ ਸੂਟਕੇਸ ਜਾਂ ਕੋਈ ਹੋਰ ਸਾਮਾਨ ਨਹੀਂ ਸੀ। ਉਸ ਨੇ ਹੱਥ ਚੁੱਕ ਕੇ ਇਸ਼ਾਰਾ ਕੀਤਾ। ‘ਮਿਲਗੀ ਸ਼ੌਰਟੀ’ ਸੋਚ ਕੇ ਮੈਂ ਬੇਦਿਲੀ ਨਾਲ ਟੈਕਸੀ ਦਰਵਾਜ਼ੇ ਦੇ ਨੇੜੇ ਉਸ ਆਦਮੀ ਕੋਲ ਲੈ ਗਿਆ। ਟੈਕਸੀ ‘ਹੋਟਲ ਵੈਨਕੂਵਰ’ ਦੇ ਮੂਹਰੇ ਲਾਈ ਹੋਈ ਸੀ। ਸਵੇਰ ਦੇ ਪੰਜ ਵਜੇ ਦਾ ਟਾਈਮ ਸੀ। ਉਸ ਨੂੰ ਦੇਖ ਕੇ ਮੈਨੂੰ ਹੈਰਾਨੀ ਹੋਈ। ਉਹ ਕੋਈ ਹੋਰ ਨਹੀਂ, ਸਗੋਂ ਬੀæਸੀæ ਦਾ ਸਾਬਕਾ ਪ੍ਰੀਮੀਅਰ ਤੇ ਮੈਂਬਰ ਪਾਰਲੀਮੈਂਟ ਉਜਲ ਦੁਸਾਂਝ ਸੀ। ਉਸ ਨੇ ਪਿਛਲਾ ਦਰਵਾਜ਼ਾ ਖੋਲ੍ਹ ਕੇ ਵਿਚ ਬੈਠਦੇ ਨੇ ਸਾਊਥ ਵੈਨਕੂਵਰ ਦਾ ਪਤਾ ਦੱਸਿਆ। ਮੇਰੇ ਲਈ ਅਚੇਤ ਹੀ ਉਹ ਖਾਸ ਸਵਾਰੀ ਬਣ ਗਈ। ਮੈਂ ਰਾਜਨੀਤਕ ਨੇਤਾਵਾਂ ਜਾਂ ਹੋਰ ਮਸ਼ਹੂਰ ਲੋਕਾਂ ਨਾਲ ਹੱਥ ਮਿਲਾਉਣ ਜਾਂ ਫੋਟੋ ਖਿਚਵਾਉਣ ਲਈ ਤੀਂਘੜ ਕੇ ਅਗਾਂਹ ਨਹੀਂ ਹੁੰਦਾ, ਸਗੋਂ ਇਕ-ਦੂਜੇ ਨੂੰ ਪਿਛਾਂਹ ਧੱਕ ਕੇ ਮੂਹਰੇ ਹੋਣ ਵਾਲਿਆਂ ‘ਤੇ ਚਿੱਤ ‘ਚ ਹੱਸਦਾ ਹਾਂ; ਪਰ ਉਜਲ ਦੁਸਾਂਝ ਦਾ ਟੈਕਸੀ ਵਿਚ ਬੈਠਣਾ ਪਤਾ ਨਹੀਂ ਕਿਉਂ ਮੈਨੂੰ ਅਚੰਭਿਤ ਕਰ ਰਿਹਾ ਸੀ। ਜਦੋਂ ਤੋਂ ਉਹ ਖੱਬੇਪੱਖੀ ਸਮਝੀ ਜਾਂਦੀ ਐਨæਡੀæਪੀæ ਛੱਡ ਕੇ ਸੈਂਟਰਲ ਅਖਵਾਉਂਦੀ ਲਿਬਰਲ ਪਾਰਟੀ ਵਿਚ ਚਲਾ ਗਿਆ ਸੀ, ਮੇਰੇ ਲਈ ਉਨਾ ਸਤਿਕਾਰਯੋਗ ਨਹੀਂ ਸੀ ਰਿਹਾ। ਫਿਰ ਵੀ ਪਤਾ ਨਹੀਂ ਕਿਉਂ, ਮੈਂ ਉਤੇਜਿਤ ਹੋ ਰਿਹਾ ਸੀ; ਸਗੋਂ ਮੈਂ ਤਾਂ ਕਿਰਾਏ ਵਾਲਾ ਮੀਟਰ ਚਲਾਉਣਾ ਵੀ ਭੁੱਲ ਗਿਆ। ਛੇਤੀ ਵਿਚ ਮੈਂ ਸੋਚਿਆ, ਉਸ ਨਾਲ ਕੀ ਗੱਲ ਕੀਤੀ ਜਾਵੇ; ਉਸ ਦਾ ਪਾਰਟੀ ਬਦਲਣਾ ਜਾਂ ਕੁਝ ਹਫ਼ਤੇ ਪਹਿਲਾਂ ਕਿਤਾਬ ਦੇ ਰਿਲੀਜ਼ ਸਮਾਰੋਹ ਮੌਕੇ ਦਿੱਤੀ ਉਸ ਦੀ ਤਕਰੀਰ ਜਿਸ ਨੂੰ ਸੁਣ ਕੇ ਮੈਨੂੰ ਦੁੱਖ ਹੋਇਆ ਸੀ। ਮੈਂ ਫੈਸਲਾ ਕੀਤਾ ਕਿ ਤਕਰੀਰ ਵਾਲੀ ਗੱਲ ਹੀ ਕਰਾਂ। ਪਾਰਟੀ ਬਦਲਣ ਵਾਲੀ ਗੱਲ ਬਾਰੇ ਉਹ ਕੋਈ ਰਾਜਨੀਤਕ ਜਿਹਾ ਜਵਾਬ ਹੀ ਦੇਵੇਗਾ, ਜਿਹੜਾ ਉਹ ਕਈ ਵਾਰ ਰੇਡੀਓ ਟੀæਵੀæ ਵਾਲਿਆਂ ਨੂੰ ਦੇ ਚੁੱਕਾ ਸੀ।
ਹਾਓ ਸਟਰੀਟ ‘ਤੇ ਟੈਕਸੀ ਮੋੜਦਿਆਂ ਮੈਂ ਬਿਨਾਂ ਕਿਸੇ ਭੂਮਿਕਾ ਦੇ ਆਖ ਦਿੱਤਾ, “ਦੁਸਾਂਝ ਸਾਹਿਬ, ਕੁਝ ਹਫ਼ਤੇ ਪਹਿਲਾਂ ਤੁਸੀਂ ਸੋਹਣ ਪੂੰਨੀ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਦੇ ਰਿਲੀਜ਼ ਸਮਾਗਮ ਮੌਕੇ ਕਿਹਾ ਸੀ ਕਿ ਉਹ ਪੰਜਾਬੀ ਦੀ ਪਹਿਲੀ ਕਿਤਾਬ ਹੈ ਜਿਹਨੂੰ ਲੇਖਕ ਨੇ ਪੱਲਿਓਂ ਖਰਚ ਕੇ ਨ੍ਹੀਂ ਛਪਵਾਇਆ, ਸਗੋਂ ਪਬਲਿਸ਼ਰ ਨੇ ਰੌਇਲਟੀ ਦਿੱਤੀ ਆ?”
“ਮੈਂ ਨਾਰਥ ਅਮੈਰਿਕਾ ਵਿਚ ਕਿਹਾ ਸੀ।”
“ਨਾਰਥ ਅਮੈਰਿਕਾ ਵਿਚ ਵੀ ਇਹ ਗੱਲ ਸਹੀ ਨ੍ਹੀਂ। ਏਹਦੇ ‘ਚ ਸ਼ੱਕ ਨ੍ਹੀਂ ਬਈ ਉਹ ਵਧੀਆ ਕਿਤਾਬ ਐ। ਮੇਰੀ ਕਿਤਾਬ ਤਿੰਨ ਸਾਲ ਪਹਿਲਾਂ ਛਪੀ ਸੀ। ਮੈਨੂੰ ਰੌਇਲਟੀ ਵਜੋਂ ਪੰਜਾਹ ਕਿਤਾਬਾਂ ਮਿਲੀਆਂ ਸੀ। ਇਹਦੀ ਤਸਦੀਕ ਤੁਸੀਂ ਆਪਣੇ ਦੋਸਤ ਦਰਸ਼ਨ ਗਿੱਲ ਕੋਲੋਂ ਕਰਵਾ ਸਕਦੇ ਓ। ਹੋਰ ਵੀ ਦੋਸਤਾਂ ਨੂੰ ਮੈਂ ਜਾਣਦੈਂ ਜਿਨ੍ਹਾਂ ਨੇ ਪੱਲਿਓਂ ਖਰਚ ਕੇ ਨਹੀਂ ਛਪਵਾਈਆਂ। ਗਿਆਨੀ ਕੇਸਰ ਸਿੰਘ ਹੋਰਾਂ ਨੂੰ ਵੀ ਮੇਰਾ ਖਿਆਲ ਨ੍ਹੀਂ, ਬਈ ਪਬਲਿਸ਼ਰਾਂ ਨੂੰ ਕੁਛ ਦੇਣਾ ਪਿਆ ਹੋਊ।” (ਬਾਅਦ ਵਿਚ ਮੈਂ ਪਛਤਾਇਆ ਕਿ ਕਾਹਲੀ ਵਿਚ ਮੈਂ ਆਪਣੀ ਹੀ ਗੱਲ ਕਰ ਗਿਆ। ਉਹ ਮੇਰੇ ਬਾਰੇ ਕੀ ਸੋਚਦਾ ਹੋਵੇਗਾ! ਮੈਨੂੰ ਸਗੋਂ ਕਿਸੇ ਹੋਰ ਲੇਖਕ ਦੇ ਹਵਾਲੇ ਨਾਲ ਗੱਲ ਕਰਨੀ ਚਾਹੀਦੀ ਸੀ)।
“ਮੇਰੀ ਜਾਣਕਾਰੀ ‘ਚ ਨਹੀਂ ਸੀ ਇਹ ਗੱਲ। ਆਈ ਐਮ ਸੌਰੀ।” ਉਸ ਨੇ ਕਿਹਾ।
“ਮੈਨੂੰ ਲੱਗਦਾ ਹੁੰਦੈ, ਬਈ ਜਦੋਂ ਅਸੀਂ ਕਿਸੇ ਕਿਤਾਬ ਨੂੰ ਸੈਲੀਬਰੇਟ ਕਰ ਰਹੇ ਹੁੰਨੇ ਆਂ, ਉਦੋਂ ਅਚੇਤ ਹੀ ਹੋਰ ਕਿਤਾਬਾਂ ਨੂੰ ਛੁਟਿਆਉਣ ਲੱਗ ਪੈਨੇ ਆਂ।”
“ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਹਾਂ, ਪਰ ਮੈਂ ਆਪ ਵਹਾਅ ‘ਚ ਆ ਕੇ ਕਦੇ ਤਕਰੀਰ ਨਹੀਂ ਕਰਦਾ ਹੁੰਦਾ। ਅਸਲ ‘ਚ ਮੈਂ ਇਹ ਗੈਸ ਕੀਤਾ ਸੀ। ਉਹ ਕਿਤਾਬ ਬਹੁਤ ਵਧੀਆ। ਆਈ ਐਮ ਸੌਰੀ ਅਗੇਨ ਤੁਹਾਨੂੰ ਠੇਸ ਪਹੁੰਚੀ ਆ; ਸਗੋਂ ਮੈਨੂੰ ਹੋਰ ਬੰਦਿਆਂ ਦੇ ਨਾਂ ਵੀ ਦੱਸੋ, ਜਿਹੜੇ ਤੁਹਾਡੇ ਵਾਂਗ ਸੋਚਦੇ ਆ, ਮੈਂ ਉਨ੍ਹਾਂ ਕੋਲੋਂ ਵੀ ਸੌਰੀ ਮੰਗਾਂਗਾ।”
ਉਸ ਦਾ ਫੋਨ ਵੱਜਣ ਲੱਗਾ। ਤੇ ਮੇਰੀ ਨਿਗ੍ਹਾ ਮੀਟਰ ‘ਤੇ ਪਈ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਮੈਂ ਮੀਟਰ ਚਲਾ ਦਿੱਤਾ। ਮੈਂ ਸੋਚਣ ਲੱਗਾ ਕਿ ਫੋਨ ਬੰਦ ਹੁੰਦਿਆਂ ਹੀ ਕਿਹੜੀ ਗੱਲ ਸ਼ੁਰੂ ਕਰਾਂ। ਫੋਨ ਉਸ ਨੇ ਛੇਤੀ ਹੀ ਬੰਦ ਕਰ ਦਿੱਤਾ। ਮੈਂ ਫਿਰ ਛੇੜ ਲਿਆ, “ਤੁਸੀਂ ਪਹਿਲਾਂ ਤਾਂ ਐਚæਐਸ਼ਟੀæ (ਨਵਾਂ ਟੈਕਸ) ਦੇ ਖਿਲਾਫ਼ ਬੜੇ ਧੜੱਲੇ ਨਾਲ ਬਿਆਨ ਦਿੰਦੇ ਸੀ, ਜਦੋਂ ਥੋਡੇ ਲੀਡਰ ਨੇ ਇਸ ਦੇ ਹੱਕ ‘ਚ ਸਟੈਂਡ ਲੈ ਲਿਆ। ਤੁਸੀਂ ਵੀ ਪਾਰਲੀਮੈਂਟ ਵਿਚ ਇਸ ਟੈਕਸ ਦੇ ਹੱਕ ‘ਚ ਵੋਟ ਪਾ ਦਿੱਤੀ।” “ਪਾਰਟੀ ‘ਚ ਰਹਿੰਦਿਆਂ ਤੁਸੀਂ ਪਾਰਟੀ ਲੀਡਰ ਦੇ ਉਲਟ ਨ੍ਹੀਂ ਜਾ ਸਕਦੇ। ਮਿਸਟਰ ਇਗਨਾਟੀਅਫ ਨੇ ਜਦੋਂ ਵ੍ਹਿੱਪ ਜਾਰੀ ਕਰ ਦਿੱਤਾ ਤਾਂ ਪਾਰਟੀ ਮੈਂਬਰ ਹੋਣ ਦੇ ਨਾਤੇ ਮੇਰਾ ਫ਼ਰਜ਼ ਸੀ ਕਿ ਮੈਂ ਉਸ ਦੇ ਆਦੇਸ਼ ਦਾ ਪਾਲਣ ਕਰਦਾæææਆਈ ਐਮ ਸੌਰੀ, ਮੈਂ ਕਾਲ ਕਰਨੀ ਆ।” ਅਤੇ ਉਹ ਆਪਣੇ ਬਲੈਕ ਬੈਰੀ ਉਪਰ ਉਂਗਲਾਂ ਮਾਰਨ ਲੱਗਾ। ਮੈਨੂੰ ਲੱਗਾ ਕਿ ਉਹ ਮੇਰੇ ਪ੍ਰਸ਼ਨ ਦਾ ਜਵਾਬ ਦੇਣ ਤੋਂ ਕਤਰਾ ਰਿਹਾ ਹੈ। ਮੈਨੂੰ ਖਿਝ ਚੜ੍ਹਨ ਲੱਗੀ। “ਫਿਰ ਜਿਹੜਾ ਬਿਆਨ ਤੁਸੀਂ ਪਹਿਲਾਂ ਐਚæਐਸ਼ਟੀæ ਦੇ ਵਿਰੋਧ ਵਿਚ ਦਿੱਤਾ ਸੀ, ਉਹ ਆਪਣੀ ਪਾਰਟੀ ਦੇ ਸਟੈਂਡ ਨੂੰ ਜਾਣੇ ਬਿਨਾਂ ਹੀ ਪਬਲਿਕ ਸਪੋਰਟ ਲੈਣ ਲਈ ਦਿੱਤਾ ਸੀ?” ਉਸ ਦੇ ਫੋਨ ਨੂੰ ਕੰਨ ਨਾਲ ਲਾਉਂਦਿਆਂ-ਲਾਉਂਦਿਆਂ ਹੀ ਮੈਂ ਇੱਕ ਹੋਰ ਗੋਲ਼ਾ ਦਾਗ ਦਿੱਤਾ। ਮੈਂ ਉਡੀਕ ਕਰਨ ਲੱਗਾ ਕਿ ਕਦੋਂ ਉਹ ਫ਼ੋਨ ਤੋਂ ਵਿਹਲਾ ਹੁੰਦਾ ਹੈ। ਉਸ ਦੇ ਫ਼ੋਨ ‘ਤੇ ਗੱਲ ਕਰਦਿਆਂ ਹੀ ਉਸ ਨੂੰ ਵਿਚੇ ਹੋਰ ਕਾਲ ਆ ਗਈ। ਉਸ ਦਾ ਟਿਕਾਣਾ ਨੇੜੇ ਆ ਰਿਹਾ ਸੀ, ਪਰ ਉਸ ਦਾ ਫੋਨ ਬੰਦ ਨਹੀਂ ਸੀ ਹੋ ਰਿਹਾ। ਮੈਨੂੰ ਇਹ ਸਮਾਂ ਅਜਾਈਂ ਜਾਂਦਾ ਲੱਗ ਰਿਹਾ ਸੀ। ਟਿਕਾਣੇ ‘ਤੇ ਪਹੁੰਚ ਕੇ ਜਦ ਉਸ ਨੇ ਫੋਨ ਕੰਨ ਨਾਲੋਂ ਲਾਹਿਆ ਤਾਂ ਮੈਂ ਕਿਹਾ, “ਤੁਸੀਂ ਮੇਰੇ ਐਚæਐਸ਼ਟੀæ ਵਾਲੇ ਸਵਾਲ ਦਾ ਜਵਾਬ ਤਾਂ ਦਿੱਤਾ ਨ੍ਹੀਂ।”
“ਓ, ਆਈ ਐਮ ਸੌਰੀ। ਕੁਝ ਇੰਪੌਰਟੈਂਟ ਟੈਲੀਫੋਨ ਆ ਗਏ। ਤੁਸੀਂ ਕਦੇ ਫਿਰ ਸਮਾਂ ਕੱਢ ਕੇ ਮਿਲ ਲਿਓ।” ਉਸ ਨੇ ਕਿਹਾ। ਫਿਰ ਪੂਰਾ ਕਿਰਾਇਆ ਦਿੰਦਿਆਂ ਬੋਲਿਆ, “ਮੈਨੂੰ ਪਤੈ ਐਨੇ ਕੁ ਚੱਲ ਜਾਂਦੇ ਆ। ਮੈਂ ਆਮ ਹੀ ਟੈਕਸੀ ਲੈਨਾ ਉਥੋਂ।” ਮੀਟਰ ਲੇਟ ਚਲਾਇਆ ਹੋਣ ਕਰ ਕੇ ਉਸ ਉਪਰ ਘੱਟ ਭਾੜਾ ਬਣਿਆ ਸੀ। ਪੂਰਾ ਕਿਰਾਇਆ ਲੈ ਕੇ ਵੀ ਮੈਨੂੰ ਕੋਈ ਖੁਸ਼ੀ ਨਾ ਹੋਈ।
ਇਸ ਬਾਰੇ ਮੈਂ ਕਾਫ਼ੀ ਦੇਰ ਸੋਚਦਾ ਰਿਹਾ। ਕੁਝ ਸਮੇਂ ਬਾਅਦ ਮੈਨੂੰ ਖਿਆਲ ਆਇਆ ਕਿ ਟੈਕਸੀ ਚਾਲਕ ਵਜੋਂ ਸਵਾਰੀ ਕੋਲ ਆਪਣੇ ਨਿੱਜੀ ਗਿਲੇ-ਸ਼ਿਕਵੇ ਕਰਨੇ ਜਾਇਜ਼ ਹਨ? ਮੈਨੂੰ ਕੁਝ ਹਫ਼ਤੇ ਪਹਿਲਾਂ ਪੜ੍ਹੀ ਪੀਟਰ ਮਕਸ਼ੈਰੀ ਦੀ ਕਿਤਾਬ ‘ਮੀਨ ਸਟਰੀਟਸ: ਕਨਫੈਸ਼ਨਸ ਆਫ਼ ਏ ਨਾਈਟ ਟਾਈਮ ਟੈਕਸੀ ਡਰਾਈਵਰ’ ਯਾਦ ਆਈ। ਉਸ ਵਿਚ ਲੇਖਕ ਨੇ ਕਿਹਾ ਹੈ ਕਿ ਟੈਕਸੀ ਡਰਾਈਵਰ ਨੂੰ ਮਸ਼ਹੂਰ ਹਸਤੀਆਂ ਨੂੰ ਸਵਾਰੀ ਵਜੋਂ ਬਣਦੀ ਸਰਵਿਸ ਦੇਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਪ੍ਰਤੀ ਆਪਣੇ ਗਿਲੇ ਜ਼ਾਹਰ ਕਰਨੇ ਚਾਹੀਦੇ ਹਨ। ਮੈਨੂੰ ਲੇਖਕ ਦੀ ਇਹ ਗੱਲ ਚੰਗੀ ਲੱਗੀ। ਮੈਂ ਸੋਚਣ ਲੱਗਾ ਕਿ ਉਜਲ ਦੁਸਾਂਝ ਨੇ ਇਸ ਰਾਈਡ ਦੀ ਕੀਮਤ ਤਾਰਨੀ ਸੀ, ਫਿਰ ਕੀ ਉਸ ਦਾ ਹੱਕ ਨਹੀਂ ਕਿ ਇਸ ਬਦਲੇ ਉਹ ਚੰਗੇ ਤੇ ਖੁਸ਼ਗਵਾਰ ਮਾਹੌਲ ਵਿਚ ਸਫ਼ਰ ਕਰਦਾ। ਮੈਂ ਬਾਕੀ ਸਵਾਰੀਆਂ ਨੂੰ ਖੁਸ਼ ਰੱਖਣ ਲਈ ਵੀ ਤਾਂ ਉਹੋ ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਿਸ ਨਾਲ ਉਨ੍ਹਾਂ ਦਾ ਟੈਕਸੀ ਵਿਚਲਾ ਸਫ਼ਰ ਚੰਗਾ ਹੋਵੇ। ਜੇ ਉਹ ਫੋਨ ਵਗੈਰਾ ‘ਤੇ ਰੁੱਝੇ ਹੋਣ ਤਾਂ ਮੈਂ ਚੁੱਪ ਕਰ ਜਾਂਦਾ ਹਾਂ। ਤੇ ਫਿਰ ਮੈ ਰਾਜਨੀਤੀਵਾਨ ਤੋਂ ਕਿਉਂ ਆਸ ਰੱਖੀ ਕਿ ਉਹ ਮੇਰੇ ਸਵਾਲਾਂ ਦਾ ਜ਼ਰੂਰ ਹੀ ਜਵਾਬ ਦੇਵੇ? ਉਸ ਨੇ ਸਵਾਰੀ ਵਜੋਂ ਮੇਰੇ ਕੀ ਮਾਂਹ ਮਾਰੇ ਸਨ?