ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਤਰਸੇਮ ਜਦੋਂ ਵੀ ਮਿਲਦਾ, ਲੰਮਾ ਹਉਕਾ ਭਰ ਕੇ ਕਹਿੰਦਾ, “ਜੱਗਿਆ, ਸਾਨੂੰ ਇਥੇ ਆਇਆਂ ਦਸ ਸਾਲ ਹੋ ਗਏ, ਪਰਿਵਾਰ ਛੱਡੀ ਬੈਠੇ ਹਾਂ। ਹੋਰ ਕਿੰਨਾ ਚਿਰ ਵਿਛੋੜੇ ਦੀ ਭੱਠੀ ਵਿਚ ਭੁੱਜਾਂਗੇ। ਹੋਰ ਨਹੀਂ ਜਰਿਆ ਜਾਂਦਾ। ਮੈਂ ਐਤਕੀਂ ਦੀਵਾਲੀ ਨੂੰ ਪਿੰਡ ਜਾ ਵੜਨੈਂ, ਆਪਣੇ ਬੱਚਿਆਂ ਕੋਲ, ਟੱਬਰ ਕੋਲ। ਬੱਸ ਤੂੰ ਰੋਕੀਂ ਨਾ।” ਉਹ ਰੋਣ ਲੱਗ ਪੈਂਦਾ।
ਮੈਂ ਤੇ ਤਰਸੇਮ ਪਹਿਲੀ ਵਾਰ ਲੁਧਿਆਣੇ ਬੱਸ ਅੱਡੇ ‘ਤੇ ਮਿਲੇ ਸਾਂ। ਦੋਵਾਂ ਦਾ ਏਜੰਟ ਇਕੋ ਸੀ। ਉਹ ਸੰਗਰੂਰੀਆ ਤੇ ਮੈਂ ਲੁਧਿਆਣਵੀ। ਏਜੰਟ ਵੱਲੋਂ ਦਿਖਾਈਆਂ ਫੋਟੋਆਂ ਤੋਂ ਹੀ ਅਸੀਂ ਇਕ-ਦੂਜੇ ਨੂੰ ਪਛਾਣ ਲਿਆ ਸੀ। ਦੋਵੇਂ ਕਬੀਲਦਾਰ ਸਾਂ। ਇਕ-ਦੂਜੇ ਦਾ ਦੁੱਖ ਸਮਝ ਤੇ ਵੰਡਾ ਸਕਦੇ ਸਾਂ। ਪਹਿਲੀ ਮੁਲਾਕਾਤ ਤੋਂ ਹੀ ਭਰਾਵਾਂ ਵਾਲਾ ਪਿਆਰ ਬਣ ਗਿਆ। ਦਿੱਲੀ ਤੱਕ ਦੇ ਅੱਠ ਘੰਟਿਆਂ ਦੇ ਸਫਰ ਵਿਚ ਅਸੀਂ ਇਕ-ਦੂਜੇ ਦੇ ਬਹੁਤ ਨੇੜੇ ਆ ਗਏ। ਦਿੱਲੀ ਹੋਰ ਮੁੰਡਿਆਂ ਨੂੰ ਮਿਲੇ ਤੇ ਫਿਰ ਏਜੰਟਾਂ ਨੂੰ। ਬਿਜਨਸ ਵੀਜ਼ੇ ‘ਤੇ ਚਾਰ-ਚਾਰ ਮੁੰਡਿਆਂ ਦਾ ਗਰੁਪ ਸਿੱਧਾ ਅਮਰੀਕਾ ਆ ਰਿਹਾ ਸੀ। ਜਦੋਂ ਸਾਡੀ ਵਾਰੀ ਆਈ, ਏਜੰਟ ਨੇ ਮੈਨੂੰ ਤੇ ਤਰਸੇਮ ਨੂੰ ਵੱਖ ਕਰ ਦਿੱਤਾ, ਪਰ ਦੋਵਾਂ ਦੀ ਬੇਨਤੀ ਉਤੇ ਅਸੀਂ ਇਕੱਠੇ ਹੋ ਗਏ ਤੇ ਦੋ ਮੁੰਡੇ ਹਰਿਆਣੇ ਤੋਂ ਸਾਡੇ ਨਾਲ ਅਮਰੀਕਾ ਪਹੁੰਚੇ। ਅਮਰੀਕਾ ਅਸੀਂ ਮੇਰੇ ਇਕ ਰਿਸ਼ਤੇਦਾਰ ਨੂੰ ਫੋਨ ਕਰ ਕੇ ਮਦਦ ਮੰਗੀ। ਉਸ ਨੇ ਪਹਿਲਾਂ ਤਾਂ ਲੰਮਾ ਭਾਸ਼ਣ ਦਿੱਤਾ, ਫਿਰ ਕਿਸੇ ਨੂੰ ਭੇਜ ਕੇ ਏਅਰਪੋਰਟ ਤੋਂ ਚੁੱਕਿਆ। ਚੌਥੇ ਦਿਨ ਉਹ ਸਾਨੂੰ ਕਿਸੇ ਪਾਕਿਸਤਾਨੀ ਰੈਸਟੋਰੈਂਟ ਛੱਡ ਆਇਆ।
ਰੈਸਟੋਰੈਂਟ ਦੇ ਮਾਲਕ ਜਮਾਲ ਨੇ ਬੜੀ ਮਦਦ ਕੀਤੀ, ਕੰਮ ਦਿੱਤਾ, ਰਹਿਣ ਲਈ ਛੱਤ ਦਿੱਤੀ ਤੇ ਖਾਣਾ-ਪਾਣੀ ਮੁਫਤ। ਜਿਥੇ ਰਹਿੰਦੇ ਸਾਂ, ਉਥੇ ਚਾਰ ਹੋਰ ਪਾਕਿਸਤਾਨੀ ਮੁੰਡੇ ਵੀ ਸਨ।
ਸਾਡੇ ਮੁਲਕ ਦੇ ਸਬੰਧ ਪਾਕਿਸਤਾਨ ਨਾਲ ਕਦੇ ਵੀ ਚੰਗੇ ਨਹੀਂ ਰਹੇ। ਡਰ ਸੀ ਕਿ ਇਥੇ ਸਾਡੀ ਇਨ੍ਹਾਂ ਮੁੰਡਿਆਂ ਨਾਲ ਖੜਕ ਨਾ ਪਵੇ, ਪਰ ਇੰਜ ਕਦੇ ਨਾ ਹੋਇਆ। ਅਸੀਂ ਇਕ-ਦੂਜੇ ਦੇ ਧਰਮਾਂ ਨੂੰ ਸੀਸ ਝੁਕਾਉਂਦੇ ਸੀ। ਜਮਾਲ ਭਾਈਜਾਨ ਦੀ ਮਦਦ ਨਾਲ ਅਸੀਂ ਦੋਵਾਂ ਨੇ ਅਸਾਈਲਮ ਦਾ ਕੇਸ ਕਰ ਦਿੱਤਾ। ਮੇਰਾ ਕੇਸ ਤਿੰਨ ਮਹੀਨਿਆਂ ਵਿਚ ਹੀ ਪਾਸ ਹੋ ਗਿਆ, ਪਰ ਤਰਸੇਮ ਦਾ ਕੇਸ ਲਟਕ ਗਿਆ। ਉਸ ਨੂੰ ਵਰਕ ਪਰਮਿਟ ਵੀ ਨਾ ਮਿਲਿਆ ਤੇ ਉਹ ਜਮਾਲ ਕੋਲ ਟਿਕਿਆ ਰਿਹਾ। ਵਰਕ ਪਰਮਿਟ ਮਿਲਦਿਆਂ ਹੀ ਮੈਂ ਟਰੱਕ ਦਾ ਲਾਇਸੰਸ ਲੈ ਲਿਆ। ਕੱਪੜਿਆਂ ਵਾਲਾ ਬੈਗ ਟਰੱਕ ਵਿਚ ਹੀ ਰੱਖ ਲਿਆ। ਹਫਤੇ ਬਾਅਦ ਆਉਂਦਾ ਤਾਂ ਤਰਸੇਮ ਕੋਲ ਠਹਿਰ ਜਾਂਦਾ। ਸਾਲ ਪਿਛੋਂ ਮੇਰੀ ਘਰਵਾਲੀ ਦੋਹਾਂ ਪੁੱਤਰਾਂ ਸਮੇਤ ਅਮਰੀਕਾ ਪਹੁੰਚ ਗਈ। ਮੈਂ ਵੱਖ ਅਪਾਰਟਮੈਂਟ ਲੈ ਲਈ ਤੇ ਪਰਿਵਾਰ ਵਿਚ ਬਿਜ਼ੀ ਹੋ ਗਿਆ। ਹੌਲੀ-ਹੌਲੀ ਦੋਵਾਂ ਦੀ ਮੁਲਾਕਾਤ ਵਿਚ ਵਕਫਾ ਪੈਣ ਲੱਗਾ।
ਜਮਾਲ ਭਾਈਜਾਨ ਨੇ ਤਰਸੇਮ ਨੂੰ ਵਧੀਆ ਕੁੱਕ ਬਣਾ ਦਿੱਤਾ। ਪਰਿਵਾਰ ਨਾਲ ਮੇਰੇ ਖਰਚੇ ਜ਼ਿਆਦਾ ਸਨ, ਪਰ ਤਰਸੇਮ ਦੀ ਸਾਰੀ ਤਨਖਾਹ ਬਚ ਜਾਂਦੀ ਸੀ, ਉਹ ਪਿੰਡ ਵੀਹ ਕਿੱਲੇ ਜ਼ਮੀਨ ਬਣਾ ਗਿਆ, ਕੋਠੀ ਪਾ ਲਈ। ਹੁਣ ਉਹ ਪੈਸਿਆਂ ਵੱਲੋਂ ਸੌਖਾ ਸੀ, ਪਰ ਪੇਪਰਾਂ ਦੀ ਘਾਟ ਉਸ ਨੂੰ ਅੱਠੇ ਪਹਿਰ ਚਿੰਤਾ ਵਿਚ ਪਾਈ ਰੱਖਦੀ। ਅਦਾਲਤ ਦੀਆਂ ਤਰੀਕਾਂ ‘ਤੇ ਜਾਂਦਾ ਤੇ ਵਾਪਸ ਮੂੰਹ ਲਟਕਾ ਕੇ ਆ ਜਾਂਦਾ। ਮੇਰੇ ਬੱਚੇ ਪੜ੍ਹਨ ਲੱਗ ਗਏ ਸਨ, ਪਰ ਘਰਵਾਲੀ ਨੂੰ ਦਿਲ ਦੀ ਬਿਮਾਰੀ ਨੇ ਘੇਰ ਲਿਆ।
ਤਰਸੇਮ ਦਾ ਪੁੱਤ ਤੇ ਧੀ ਵਧੀਆ ਸਕੂਲ ਵਿਚ ਪੜ੍ਹਦੇ। ਜਦੋਂ ਵੀ ਮੈਂ ਤਰਸੇਮ ਨੂੰ ਮਿਲਣ ਜਾਂਦਾ, ਉਹ ਤਿੰਨਾਂ ਪਾਕਿਸਤਾਨੀ ਮੁੰਡਿਆਂ ਨੂੰ ਬੁੱਕਲ ਵਿਚ ਲੈ ਕੇ ਕਹਿੰਦਾ, “ਜੱਗਿਆ, ਹੋਰ ਕਿੰਨਾ ਚਿਰ ਅਸੀਂ ਤੜਫਾਂਗੇ ਪਰਿਵਾਰਾਂ ਤੋਂ ਬਿਨਾਂ, ਸਾਨੂੰ ਵਾਪਸ ਮੁੜ ਜਾਣਾ ਚਾਹੀਦਾ ਹੈ। ਤੂੰ ਮੈਨੂੰ ਐਤਕੀਂ ਨਾ ਰੋਕੀ ਬੱਸ।”
ਤਰਸੇਮ ਨੇ ਪੱਕੀ ਠਾਣ ਲਈ ਸੀ ਕਿ ਐਤਕੀਂ ਦੀਵਾਲੀ ਨੂੰ ਪਿੰਡ ਜਾਣਾ ਹੈ। ਉਸ ਨੇ ਜਮਾਲ ਭਾਈਜਾਨ ਨੂੰ ਦੱਸ ਦਿੱਤਾ ਸੀ। ਜਾਣ ਤੋਂ ਦਸ ਦਿਨ ਪਹਿਲਾਂ ਉਸ ਨੇ ਕੰਮ ਛੱਡ ਦਿੱਤਾ। ਪਰਿਵਾਰ ਲਈ ਸਾਮਾਨ ਖਰੀਦਿਆ। ਜਿਸ ਦਿਨ ਜਾਣਾ ਸੀ, ਰੈਸਟੋਰੈਂਟ ਗਿਆ, ਸਾਰੇ ਮਿੱਤਰਾਂ ਨੂੰ ਮਿਲਿਆ ਜਿਨ੍ਹਾਂ ਨਾਲ ਕਦੇ ਈਦ ਤੇ ਦੀਵਾਲੀ ਮਨਾਈ ਸੀ। ਬੇਗਾਨੇ ਮੁਲਕ ਦੇ ਹੁੰਦਿਆਂ ਵੀ ਉਸ ਨੂੰ ਭਰਾਵਾਂ ਤੋਂ ਵੱਧ ਪਿਆਰ ਮਿਲਿਆ ਸੀ। ਜਮਾਲ ਭਾਈਜਾਨ ਦੀ ਗਲਵੱਕੜੀ ਨੇ ਤਾਂ ਸਭ ਨੂੰ ਰੁਆ ਦਿੱਤਾ ਸੀ। ਉਸ ਨੇ ਪੰਜ ਸੌ ਡਾਲਰ ਤਰਸੇਮ ਦੀ ਜੇਬ ਵਿਚ ਪਾਉਂਦਿਆਂ ਕਿਹਾ ਸੀ, “ਤਰਸੇਮ ਸਿਆਂ! ਤੇਰੀ ਇਮਾਨਦਾਰੀ ਤੇ ਵਫਾ ਦਾ ਮੁੱਲ ਤਾਂ ਮੈਂ ਉਤਾਰ ਨਹੀਂ ਸਕਦਾ, ਪਰ ਵੱਡੇ ਭਾਈਜਾਨ ਦਾ ਪਿਆਰ ਨਾ ਮੋੜੀਂ।” ਅਸੀਂ ਗਿੱਲੀਆਂ ਅੱਖਾਂ ਨਾਲ ਕਾਰ ਵਿਚ ਬੈਠ ਗਏ। ਸਾਡੇ ਨਾਲ ਦੋ ਹੋਰ ਪਾਕਿਸਤਾਨੀ ਮੁੰਡੇ ਵੀ ਆ ਗਏ।
ਜਮਾਲ ਭਾਈਜਾਨ ਕਈ ਵਾਰ ਕਹਿੰਦਾ ਹੁੰਦਾ ਸੀ, “ਮੈਨੂੰ ਵੀਹ ਸਾਲ ਹੋ ਗਏ ਹਨ, ਰੈਸਟੋਰੈਂਟ ‘ਤੇ ਬਹੁਤ ਮੁੰਡੇ ਆਏ ਤੇ ਗਏ। ਮੈਂ ਹਮੇਸ਼ਾ ਆਪਣਾ ਸਟਾਫ ਦੋਵਾਂ ਮੁਲਕਾਂ ਦਾ ਸਾਂਝਾ ਰੱਖਦਾ ਆਇਆਂ ਤਾਂ ਕਿ ਇੰਜ ਲੱਗੇ ਕਿ ਸਰਹੱਦ ਦੀ ਕੰਡਿਆਲੀ ਤਾਰ ਵੀ ਸਾਨੂੰ ਵੰਡ ਨਹੀਂ ਸਕੀ ਤੇ ਅਸੀਂ ਅੱਜ ਵੀ ਇਕ ਹਾਂ।”
ਇਕ-ਦੂਜੇ ਦੇ ਗਲ ਲੱਗ ਰੋਂਦਿਆਂ ਅਸੀਂ ਤਰਸੇਮ ਨੂੰ ਜਹਾਜ਼ ਬਿਠਾ ਆਏ। ਕਈ ਦਿਨ ਮੇਰਾ ਦਿਲ ਨਾ ਲੱਗਾ। ਉਸ ਨੇ ਪਹੁੰਚ ਕੇ ਫੋਨ ਕੀਤਾ, ਖੁਸ਼ੀ ਉਸ ਦੇ ਬੋਲਾਂ ਤੋਂ ਝਲਕਦੀ ਸੀ। ਮੈਂ ਸੋਚਦਾ, ਤਰਸੇਮ ਨੇ ਸਹੀ ਫੈਸਲਾ ਕੀਤਾ ਸੀ। ਕਾਸ਼! ਮੈਂ ਵੀ ਇੰਜ ਕਰ ਸਕਦਾ। ਉਂਜ ਮੈਂ ਦੋ ਵਾਰ ਪਿੰਡ ਜਾ ਆਇਆ ਸੀ, ਪਰ ਪਿੰਡ ਕੁਝ ਬਣਾ ਨਾ ਸਕਿਆ। ਭਰਾਵਾਂ ਦੀ ਖਿੱਚ-ਧੂਹ ਨੇ ਇਕੱਠਿਆਂ ਨਾ ਹੋਣ ਦਿੱਤਾ। ਮੈਂ ਨਵਾਂ ਟਰੱਕ ਲੈ ਲਿਆ ਤੇ ਫਿਰ ਘਰ ਖਰੀਦ ਲਿਆ। ਬੱਸ, ਕਿਸ਼ਤਾਂ ਲਾਹੁੰਦਾ ਰਿਹਾ ਸਾਰੀ ਉਮਰ।
ਤਰਸੇਮ ਦੇ ਦੋਵੇਂ ਬੱਚੇ ਕਾਲਜ ਜਾਣ ਲੱਗੇ। ਕਦੇ ਸੋਚਿਆ ਵੀ ਨਹੀਂ ਸੀ ਕਿ ਕਬਾਬ ਭੁੰਨਣ ਵਾਲਾ ਤੇ ਕੁੱਕੜ ਤੇ ਬੱਕਰੇ ਨੂੰ ਤੜਕਾ ਲਾਉਣ ਵਾਲਾ ਤਰਸੇਮ ਕਦੇ ਗੁਰੂ ਦਾ ਸਿੰਘ ਬਣ ਜਾਵੇਗਾ। ਉਸ ਨੇ ਦਾੜ੍ਹੀ-ਕੇਸ ਰੱਖ ਲਏ। ਦੋਵਾਂ ਜੀਆਂ ਨੇ ਅੰਮ੍ਰਿਤ ਛਕ ਲਿਆ। ਜ਼ਮੀਨ ਉਸ ਨੇ ਮਾਮਲੇ ‘ਤੇ ਦਿੱਤੀ ਹੋਈ ਸੀ। ਆਪ ਉਹ ਗੁਰਦੁਆਰੇ ਜਾ ਕੇ ਸੇਵਾ ਕਰ ਲੈਂਦਾ। ਤਰਸੇਮ ਦੀ ਧੀ ਨੇ ਆਈਲੈਟਸ ਕਰ ਲਿਆ ਤੇ ਉਸ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ ਮਿਲ ਗਿਆ। ਉਹ ਆਪਣੇ ਮਾਸੜ ਕੋਲ ਪਹੁੰਚ ਗਈ। ਫਿਰ ਦੋ ਸਾਲ ਬਾਅਦ ਤਰਸੇਮ ਦਾ ਪੁੱਤ ਵੀ ਆਪਣੀ ਭੈਣ ਵਾਂਗ ਹੀ ਕੈਨੇਡਾ ਦਾ ਵੀਜ਼ਾ ਲੈ ਕੇ ਆਪਣੀ ਭੈਣ ਕੋਲ ਆ ਗਿਆ।
ਤਰਸੇਮ ਦੀ ਸਾਂਢੂ ਨਾਲ ਸਾਂਢੂ ਵਾਲੀ ਨਹੀਂ, ਸਗੋਂ ਭਰਾਵਾਂ ਵਰਗੀ ਸਾਂਝ ਸੀ। ਧੀ ਦੀ ਪੜ੍ਹਾਈ ਖਤਮ ਹੁੰਦਿਆਂ ਹੀ ਉਸ ਦੇ ਮਾਸੜ ਨੇ ਆਪਣੇ ਮਿੱਤਰ ਦੇ ਪੁੱਤ ਨਾਲ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ। ਦੋਵੇਂ ਪਰਿਵਾਰ ਪਿੰਡ ਜਾ ਕੇ ਵਿਆਹ ਕਰਨ ਬਾਰੇ ਸਹਿਮਤ ਹੋ ਗਏ। ਤਰਸੇਮ ਦੇ ਪੁੱਤ ਨੂੰ ਵੀ ਪੀæਆਰæ ਮਿਲ ਗਈ। ਮੈਂ ਤਰਸੇਮ ਦੇ ਸੱਦੇ ਉਤੇ ਵਿਆਹ ਵਿਚ ਪਰਿਵਾਰ ਸਮੇਤ ਪਹੁੰਚਿਆ। ਤਰਸੇਮ ਨੂੰ ਚੜ੍ਹਦੀ ਕਲਾ ਵਿਚ ਦੇਖ ਕੇ ਮੈਂ ਬੜਾ ਖੁਸ਼ ਹੋਇਆ। ਦਿਲ ਵਿਚ ਸੋਚਿਆ, ਜੇ ਤਰਸੇਮ ਦਾ ਕੇਸ ਮੇਰੇ ਵਾਂਗ ਝੱਟ ਪਾਸ ਹੋ ਜਾਂਦਾ, ਸ਼ਾਇਦ ਹੁਣ ਵਾਲੀ ਕਹਾਣੀ ਨਾ ਬਣਦੀ। ਉਹਨੇ ਵੀ ਬੱਸ, ਮੇਰੇ ਵਾਂਗ ਗਿਣਤੀਆਂ-ਮਿਣਤੀਆਂ ਦੇ ਚੱਕਰਾਂ ਵਿਚ ਪਿਆ ਰਹਿਣਾ ਸੀ। ਤਰਸੇਮ ਦੀ ਧੀ ਦੇ ਵਿਆਹ ਵਿਚ ਅਗਲਿਆਂ ਦਾਜ ਵਿਚ ਇਕ ਰੁਪਏ ਦੀ ਚੀਜ਼ ਵੀ ਨਾ ਲਈ।
ਮੈਂ ਵਾਪਸ ਅਮਰੀਕਾ ਆ ਗਿਆ। ਅਜੇ ਚਾਰ ਮਹੀਨੇ ਹੀ ਹੋਏ ਸਨ, ਘਰ ਵਾਲੀ ਸਦੀਵੀ ਵਿਛੋੜਾ ਦੇ ਗਈ। ਦੋਵੇਂ ਪੁੱਤਰ ਵਿਆਹੁਣ ਵਾਲੇ ਸਨ। ਮੈਂ ਘਰ ਵਾਲੀ ਦੇ ਫੁੱਲ ਲੈ ਕੇ ਪਿੰਡ ਪਹੁੰਚਿਆ। ਮੈਂ ਤੇ ਤਰਸੇਮ ਇਕ-ਦੂਜੇ ਦੇ ਗਲ ਲੱਗ ਕੇ ਧਾਹੀਂ ਰੋਏ। ਕੋਈ ਸੱਚ ਨਾ ਮੰਨੇ ਕਿ ਜੋ ਚਾਰ ਮਹੀਨੇ ਪਹਿਲਾਂ ਹਸੂੰ-ਹਸੂੰ ਕਰਦੀ ਗਈ ਸੀ, ਅੱਜ ਪੋਟਲੀ ਵਿਚ ਵਾਪਸ ਆ ਗਈ ਹੈ। ਮੈਂ ਤੇ ਤਰਸੇਮ ਕੀਰਤਪੁਰ ਸਾਹਿਬ ਗਏ। ਬਿਤਾਈ ਜ਼ਿੰਦਗੀ ਫਿਲਮ ਵਾਂਗ ਅੱਖਾਂ ਅੱਗੇ ਆ ਗਈ।
ਵੱਡੇ ਪੁੱਤ ਨਾਲ ਰਾਏ ਕੀਤੀ, ਵਿਆਹ ਕਰ ਦੇਈਏ। ਉਹ ਕਹਿੰਦਾ, ਮੇਰੀ ਤਾਂ ਗੋਰੀ ਨਾਲ ਗੱਲਬਾਤ ਹੈ। ਛੋਟਾ ਕਹਿੰਦਾ, ਕੁੜੀ ਲੱਭੀ ਹੋਈ ਹੈ। ਜ਼ੋਰ ਪਾਉਣ ‘ਤੇ ਉਹ ਵਿਆਹ ਲਈ ਮੰਨ ਗਿਆ। ਫਿਰ ਇਥੇ ਹੀ ਉਸ ਪੰਜਾਬਣ ਕੁੜੀ ਨਾਲ ਵਿਆਹ ਕਰ ਦਿੱਤਾ। ਵੱਡਾ ਪੁੱਤ ਗੋਰੀ ਨਾਲ ਬਾਹਰ ਹੀ ਰਹਿਣ ਲੱਗ ਪਿਆ। ਛੋਟਾ ਪੁੱਤ ਤੇ ਨੂੰਹ ਵੀ ਕਹਿਣੇ ਤੋਂ ਬਾਹਰ ਹੋ ਗਏ। ਮੈਂ ਪਹਿਲਾਂ ਘਰ ਤੇ ਫਿਰ ਟਰੱਕ ਵੇਚ ਕੇ ਪਿੰਡ ਪਹੁੰਚ ਗਿਆ। ਤਰਸੇਮ ਨੂੰ ਸਾਰੀ ਕਹਾਣੀ ਸੁਣਾਈ। ਉਸ ਨੇ ਰਾਏ ਦਿੱਤੀ, ਦੁਬਾਰਾ ਵਿਆਹ ਕਰਵਾ ਲਵਾਂ। ਮੈਂ ਤਰਸੇਮ ਦੇ ਜ਼ੋਰ ਦੇਣ ‘ਤੇ ਮੰਨ ਗਿਆ। ਚਾਲੀ ਸਾਲ ਦੀ ਤਲਾਕਸ਼ੁਦਾ ਔਰਤ ਮਿਲ ਗਈ ਜਿਸ ਦੇ ਬੱਚਾ ਨਹੀਂ ਸੀ ਹੁੰਦਾ। ਤਲਾਕ ਵੀ ਸ਼ਾਇਦ ਤਾਂਹੀਓਂ ਹੋਇਆ ਸੀ!
ਫਿਰ ਤਰਸੇਮ ਨੇ ਮੇਰਾ ਵਿਆਹ ਕਰਵਾ ਦਿੱਤਾ। ਸਾਲ ਬਾਅਦ ਅਸੀਂ ਅੰਮ੍ਰਿਤ ਛਕ ਲਿਆ। ਦੋਹਾਂ ਬੱਚਿਆਂ ਨਾਲ ਪਿਆਰ ਟੁੱਟਦਾ ਗਿਆ। ਨਵੀਂ ਘਰਵਾਲੀ ਨੂੰ ਸਾਰੀ ਕਹਾਣੀ ਸੁਣਾਈ। ਮੈਂ ਸਿਟੀਜ਼ਨ ਹੋਣ ਕਰ ਕੇ ਉਸ ਨੂੰ ਇਥੇ ਲੈ ਆਇਆ। ਉਹ ਦੋਹਾਂ ਪੁੱਤਰਾਂ ਨੂੰ ਮਿਲੀ। ਪਤਾ ਨਹੀਂ, ਉਸ ਨੇ ਦੋਹਾਂ ਨੂੰ ਕੀ ਸਮਝਾਇਆ, ਉਹ ਵਾਪਸ ਮੇਰੇ ਕੋਲ ਆ ਗਏ ਤੇ ਇਕੱਠੇ ਰਹਿਣਾ ਵੀ ਮੰਨ ਗਏ। ਵੱਡੇ ਨੇ ਗੋਰੀ ਛੱਡ ਦਿੱਤੀ ਤੇ ਪਿੰਡ ਜਾ ਕੇ ਵਿਆਹ ਕਰਵਾਉਣਾ ਮੰਨ ਗਿਆ। ਉਸ ਦਾ ਵਿਆਹ ਕਰ ਦਿੱਤਾ। ਫਿਰ ਦੋਹਾਂ ਪੁੱਤਰਾਂ ਨੂੰ ਘਰ ਲੈ ਦਿੱਤਾ। ਦੋਵੇਂ ਖੁਸ਼ ਨੇ। ਮੈਂ ਤੇ ਘਰਵਾਲੀ ਨੇ ਪੱਕੇ ਡੇਰੇ ਪਿੰਡ ਹੀ ਲਾ ਲਏ। ਟੁੱਟੀ ਮਾਲਾ ਦੇ ਮਣਕੇ ਫਿਰ ਪਰੋ ਲਏ। ਹੁਣ ਮੈਂ ਤੇ ਤਰਸੇਮ ਆਪੋ-ਆਪਣੇ ਪਰਿਵਾਰਾਂ ਨਾਲ ਖੁਸ਼ ਹਾਂ।