ਬੋਲੀ ਬੰਦੇ ਦੀ ਸਭਿਆਚਾਰਕ ਪਛਾਣ ਹੁੰਦੀ ਹੈ ਨਾ ਕਿ ਧਾਰਮਕ ਪਛਾਣ, ਪਰੰਤੂ ਸਵਾਰਥੀ ਤੇ ਸਿਆਸੀ ਹਿਤਾਂ ਨੇ ਪੰਜਾਬ ਵਿਚ ਇਸ ਨੂੰ ਧਰਮ ਨਾਲ ਜੋੜ ਦਿਤਾ। ‘ਕੋਈ ਹਰਿਆ ਬੂਟ ਰਹਿਓ ਰੀ’ ਦੀ ਉਕਤੀ ‘ਤੇ ਪੂਰਾ ਢੁਕਦੇ ਕਈ ਅਜਿਹੇ ਜਿਊੜੇ ਹਨ ਜਿਨ੍ਹਾਂ ਨੇ ਨਾ ਸਿਰਫ ਖੁਦ ਮਾਂ ਬੋਲ ਨਾਲ ਵਫਾ ਨਿਭਾਈ ਸਗੋਂ ਇਸ ਖਾਤਰ ਜਦੋ-ਜਹਿਦ ਵੀ ਕੀਤੀ।
ਅਜਿਹਾ ਹੀ ਇਕ ਜਿਊੜਾ ਹੈ-ਐਨ ਆਰ ਗੋਇਲ, ਜਿਸ ਨੇ ਦਿੱਲੀ ਵਿਚ ਪੰਜਾਬੀ ਖਾਤਰ ਹਰ ਭਾਸ਼ਾਈ ਯੁੱਧ ਸਮੇਂ “ਸਾਥੀਓ, ਹੱਲਾ ਬੋਲੋ” ਦੀ ਲਲਕਾਰ ਮਾਰੀ। ਪੰਜਾਬੀ ਮਾਂ ਦੇ ਇਸੇ ਸਰਵਣ ਪੁੱਤਰ ਬਾਰੇ ਸ਼ ਗੁਰਬਚਨ ਸਿੰਘ ਭੁੱਲਰ ਨੇ ਇਹ ਲੇਖ ਲਿਖਿਆ ਹੈ-ਸੰਪਾਦਕ
ਗੁਰਬਚਨ ਸਿੰਘ ਭੁੱਲਰ
ਫੋਨ: 01191-1142502364
ਭਾਸ਼ਾ ਕਿਸੇ ਧਰਮ ਜਾਂ ਫ਼ਿਰਕੇ ਨਾਲ ਜੁੜੀ ਹੋਈ ਨਹੀਂ ਹੁੰਦੀ। ਇਹ ਕਿਸੇ ਇਲਾਕੇ ਵਿਚ ਵਸਦੇ ਸਭਨਾਂ ਲੋਕਾਂ ਦੀ ਸਾਂਝੀ ਸਭਿਆਚਾਰਕ ਧਰੋਹਰ ਹੁੰਦੀ ਹੈ। ਇਹ ਅਣਹੋਣੀ ਸਾਡੇ ਦੇਸ ਵਿਚ ਹੀ ਹੋਈ ਹੈ ਕਿ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜ ਦਿੱਤਾ ਗਿਆ ਹੈ। ਇਥੇ ਰਾਜਨੀਤਕ ਜ਼ੋਰਾਵਰਾਂ ਨੇ ਆਪਣੀ ਖ਼ੁਦਗਰਜ਼ੀ ਅਤੇ ਚੌਧਰ ਵਾਸਤੇ ਹਿੰਦੀ ਨੂੰ ਹਿੰਦੂਆਂ, ਉਰਦੂ ਨੂੰ ਮੁਸਲਮਾਨਾਂ ਅਤੇ ਪੰਜਾਬੀ ਨੂੰ ਸਿੱਖਾਂ ਨਾਲ ਜੋੜ ਦਿੱਤਾ ਹੈ। ਪੰਜਾਬ ਵਿਚ ਤਾਂ ਭਾਸ਼ਾ ਦੀਆਂ ਵੰਡੀਆਂ ਤੋਂ ਅੱਗੇ ਵਧ ਕੇ ਲਿਪੀਆਂ ਵੀ ਵੰਡ ਦਿੱਤੀਆਂ ਗਈਆਂ। ਗੁਰਮੁਖੀ ਸਿੱਖਾਂ ਨਾਲ, ਦੇਵਨਾਗਰੀ ਹਿੰਦੂਆਂ ਨਾਲ ਤੇ ਸ਼ਾਹਮੁਖੀ ਮੁਸਲਮਾਨਾਂ ਨਾਲ ਟਾਂਕ ਦਿੱਤੀ ਗਈ।
ਕੁਝ ਦਹਾਕੇ ਪਹਿਲਾਂ ਤੱਕ ਦਿੱਲੀ ਨੂੰ ਪੰਜਾਬੀਆਂ ਦਾ ਸਭ ਤੋਂ ਵੱਡਾ ਸ਼ਹਿਰ ਕਿਹਾ ਜਾਂਦਾ ਸੀ। ਦੇਸ-ਵੰਡ ਕਾਰਨ ਪੱਛਮੀ ਪੰਜਾਬ ਤੋਂ ਉਜੜ ਕੇ ਦਿੱਲੀ ਆ ਟਿਕੇ ਲੱਖਾਂ ਪੰਜਾਬੀਆਂ ਨਾਲ ਇਹਦੇ ਨੈਣ-ਨਕਸ਼ ਪੂਰੀ ਤਰ੍ਹਾਂ ਪੰਜਾਬੀ ਹੋ ਗਏ। ਉਸ ਸਮੇਂ ਪਾਕਿਸਤਾਨ ਦੇ ਹਿੱਸੇ ਆਏ ਪੱਛਮੀ ਪੰਜਾਬ ਵਿਚੋਂ ਬੇਘਰ-ਬੇਦਰ ਹੋ ਕੇ ਦਿੱਲੀ ਆਏ ਲੋਕਾਂ ਵਿਚ ਅਨੇਕ ਉਘੇ ਪੰਜਾਬੀ ਲੇਖਕ ਵੀ ਸ਼ਾਮਲ ਸਨ ਜਿਨ੍ਹਾਂ ਸਦਕਾ ਇਹ ਪੰਜਾਬੀ ਸਾਹਿਤ ਤੇ ਸਭਿਆਚਾਰ ਦਾ ਇਕ ਮੁੱਖ ਜਾਂ ਸਗੋਂ ਪ੍ਰਮੁੱਖ ਸ਼ਹਿਰ ਬਣ ਗਿਆ। ਵਧਦੀ-ਫ਼ੈਲਦੀ Ḕਪੰਜਾਬੀ ਦਿੱਲੀ’ ਵਿਚ ਆਪੋ-ਆਪਣੇ ਕਾਰਨਾਂ ਕਰਕੇ ਆ ਵਸੇ ਅਨੇਕ ਇਧਰਲੇ ਪੰਜਾਬ ਦੇ ਲੇਖਕਾਂ ਸਦਕਾ ਸ਼ਹਿਰ ਦਾ ਇਹ ਪੰਜਾਬੀ ਸਰੂਪ ਹੋਰ ਬਹੁਤਾ ਉਭਰ-ਨਿੱਖਰ ਆਇਆ। ਇਕ ਸਮਾਂ ਅਜਿਹਾ ਆਇਆ ਕਿ ਦਿੱਲੀ ਵਿਚ ਵੱਡੀ ਗਿਣਤੀ ਮੋਹਰੀ ਪੰਜਾਬੀ ਲੇਖਕ ਕਲਮ ਦਾ ਜੌਹਰ ਦਿਖਾ ਰਹੇ ਸਨ। ਸਾਹਿਤ ਨੂੰ ਉਨ੍ਹਾਂ ਸਭ ਦੀ ਦੇਣ ਅਨਮੋਲ ਰਹੀ। ਪੱਤਰਕਾਰੀ ਵੱਲ ਨਜ਼ਰ ਮਾਰੀਏ ਤਾਂ ਇਥੋਂ ਛਪਦੇ ਤ੍ਰੈਮਾਸਕ, ਮਾਸਕ ਅਤੇ ਖਾਸ ਕਰਕੇ ਸਪਤਾਹਿਕ ਪੰਜਾਬੀ ਅਖ਼ਬਾਰਾਂ-ਰਸਾਲਿਆਂ ਦੀ ਗਿਣਤੀ ਵੀ ਬੜੀ ਵੱਡੀ ਰਹੀ।
ਪਰ ਇਸ ਸਾਹਿਤਕ ਅਤੇ ਪੱਤਰਕਾਰੀ ਪੱਖ ਤੋਂ ਇਲਾਵਾ ਭਾਸ਼ਾ ਦਾ ਇਕ ਹੋਰ ਬਹੁਤ ਅਹਿਮ ਪੱਖ ਹੁੰਦਾ ਹੈ। ਉਹ ਹੈ, ਵਿਦਿਅਕ-ਅਕਾਦਮਿਕ ਪੱਖ। ਸਕੂਲਾਂ-ਕਾਲਜਾਂ ਵਿਚ ਮਾਧਿਅਮ ਵਜੋਂ, ਨਹੀਂ ਤਾਂ ਘੱਟੋ-ਘੱਟ ਇਕ ਅਹਿਮ ਵਿਸ਼ੇ ਵਜੋਂ ਪੜ੍ਹਾਈ। ਸਾਹਿਤਕਾਰਾਂ ਦੀ ਰਚਨਾਕਾਰੀ ਅਤੇ ਪੱਤਰਕਾਰਾਂ ਦੇ ਵਿਚਾਰ-ਪ੍ਰਗਟਾਵੇ ਉਤੇ ਰੋਕ ਲਾਉਣ ਦਾ ਜੇਰਾ ਤਾਂ ਕੋਈ ਕਰ ਨਹੀਂ ਸੀ ਸਕਦਾ ਪਰ ਫਿਰਕੂ-ਸਿਆਸੀ ਕਾਰਨਾਂ ਕਰਕੇ ਪੰਜਾਬੀ ਨੂੰ ਕੌੜੀ ਅੱਖ ਨਾਲ ਦੇਖਣ ਵਾਲੇ ਸਿਆਸਤਦਾਨਾਂ, ਫਿਰਕੂ ਆਗੂਆਂ ਤੇ ਉਨ੍ਹਾਂ ਦੀ ਅੱਖ ਪਛਾਣਨ ਵਾਲੇ ਅਧਿਕਾਰੀਆਂ ਵਾਸਤੇ ਵਿਦਿਅਕ-ਅਕਾਦਮਿਕ ਖੇਤਰ ਇਕ ਅਜਿਹਾ ਪਿੜ ਸੀ ਜਿਥੇ ਉਹ ਪੰਜਾਬੀ ਦੇ ਵਿਕਾਸ ਦਾ ਰਾਹ ਰੋਕਣ ਦੀ ਗੰਦੀ ਖੇਡ ਖੁੱਲ੍ਹ ਕੇ ਖੇਡ ਸਕਦੇ ਸਨ, ਉਨ੍ਹਾਂ ਨੇ ਇਹ ਖੇਡ ਖੁੱਲ੍ਹ ਕੇ ਹੀ ਖੇਡੀ। ਇਹਦੇ ਨਾਲ ਹੀ ਭਾਸ਼ਾ ਤੇ ਲਿਪੀ ਦੀਆਂ ਉਪਰੋਕਤ ਵੰਡੀਆਂ ਕਾਰਨ ਪੰਜਾਬੀਆਂ ਦੇ ਵੱਡੇ ਹਿੱਸੇ ਆਪਣੀ ਮਾਤਭਾਸ਼ਾ ਤੋਂ ਮੂੰਹ ਮੋੜਨ ਲੱਗੇ।
ਹੌਲ਼ੀ ਹੌਲ਼ੀ ਸਕੂਲੀ ਖੇਤਰ ਵਿਚ ਪੰਜਾਬੀ ਨਾਲ ਪ੍ਰਤੱਖ ਵਿਤਕਰਾ ਕੀਤਾ ਜਾਣ ਲਗਿਆ ਜੋ ਦਿਨੋ-ਦਿਨ ਵਧਣ ਲਗਿਆ। ਨੇਮਾਂ ਨੂੰ ਬੇਅਸਰ ਕੀਤਾ ਜਾਣ ਲਗਿਆ। ਮਿਸਾਲ ਵਜੋਂ ਦਿੱਲੀ ਵਿਚ ਬੜੀ ਜਦੋਜਹਿਦ ਨਾਲ ਇਹ ਨੇਮ ਹੋਂਦ ਵਿਚ ਆਇਆ ਸੀ ਕਿ ਜੇ ਕਿਸੇ ਸਕੂਲ ਦੀ ਕਿਸੇ ਜਮਾਤ ਵਿਚ ਛੇ ਵਿਦਿਆਰਥੀ ਪੰਜਾਬੀ ਵਿਸ਼ਾ ਮੰਗਦੇ ਹਨ ਤਾਂ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇਗੀ। ਅਮਲ ਵਿਚ ਇਹ ਹੋਣ ਲਗਿਆ ਕਿ ਜਦੋਂ ਕੋਈ ਵਿਦਿਆਰਥੀ ਪੰਜਾਬੀ ਵਿਸ਼ਾ ਮੰਗਦਾ, ਉਹਦੀ ਬੇਨਤੀ ਪ੍ਰਵਾਨ ਕਰ ਕੇ ਇਹ ਨਹੀਂ ਸੀ ਕਿਹਾ ਜਾਂਦਾ ਕਿ ਪੰਜ ਵਿਦਿਆਰਥੀ ਹੋਰ ਆ ਜਾਣ ਦੀ ਸੂਰਤ ਵਿਚ ਤੈਨੂੰ ਪੰਜਾਬੀ ਵਿਸ਼ਾ ਜ਼ਰੂਰ ਮਿਲ ਜਾਵੇਗਾ, ਨਹੀਂ ਤਾਂ ਤੈਨੂੰ ਕਿਸੇ ਹੋਰ ਵਿਸ਼ੇ ਦੀ ਚੋਣ ਕਰਨੀ ਪਵੇਗੀ। ਇਸ ਦੇ ਉਲਟ ਉਹਨੂੰ ਉਸੇ ਸਮੇਂ ਇਹ ਆਖ ਦਿੱਤਾ ਜਾਂਦਾ ਕਿ ਹੋਰ ਕੋਈ ਵਿਦਿਆਰਥੀ ਤਾਂ ਪੰਜਾਬੀ ਵਾਲਾ ਹੈ ਨਹੀਂ, ਇਸ ਲਈ ਤੂੰ ਜਾਂ ਹੋਰ ਕੋਈ ਵਿਸ਼ਾ ਚੁਣ ਲੈ ਜਾਂ ਕਿਸੇ ਪੰਜਾਬੀ ਵਾਲੇ ਸਕੂਲ ਵਿਚ ਚਲਿਆ ਜਾ। ਵਿਦਿਆਰਥੀ ਦਿੱਲੀ ਵਰਗੇ ਸ਼ਹਿਰ ਵਿਚ ਘਰੋਂ ਦੂਰ ਦੇ ਪੰਜਾਬੀ ਵਾਲੇ ਸਕੂਲ ਤੱਕ ਆਵਾਜਾਈ ਦੀਆਂ ਮੁਸ਼ਕਲਾਂ ਦੇਖਦਿਆਂ ਪੰਜਾਬੀ ਦੀ ਥਾਂ ਕੁਝ ਹੋਰ ਪੜ੍ਹਨਾ ਹੀ ਬਿਹਤਰ ਸਮਝਦਾ। ਅਜਿਹੀਆਂ ਸਾਜ਼ਿਸ਼ਾਂ ਦੇਖਦਿਆਂ ਦਿੱਲੀ ਵਿਚ ਪੰਜਾਬੀ ਅਧਿਆਪਕ ਐਸੋਸੀਏਸ਼ਨ ਹੋਂਦ ਵਿਚ ਆਈ, ਜਿਸ ਨੇ ਸਕੂਲੀ ਵਿਦਿਆ ਦੇ ਖੇਤਰ ਵਿਚ ਪੰਜਾਬੀ ਦੇ ਹਿਤਾਂ ਦੀ ਰਾਖੀ ਲਈ ਨਿਸ਼ਕਾਮ ਸੰਘਰਸ਼ ਸ਼ੁਰੂ ਕੀਤਾ ਜੋ ਅੱਜ ਵੀ ਜਾਰੀ ਹੈ।
ਬਿਨਾਂ-ਸ਼ੱਕ ਉਨ੍ਹਾਂ ਲੋਕਾਂ ਦੀ ਕਰਨੀ ਨੂੰ ਧੰਨ ਕਹਿਣਾ ਬਣਦਾ ਹੈ ਜਿਨ੍ਹਾਂ ਨੇ ਇਹ ਲੰਮੀ, ਔਖੀ, ਬੇਗ਼ਰਜ਼ ਅਤੇ ਅਕਾਊ-ਥਕਾਊ ਲੜਾਈ ਅੱਕੇ-ਥੱਕੇ ਤੋਂ ਬਿਨਾਂ, ਹੌਸਲੇ, ਹਿੰਮਤ, ਸਬਰ ਤੇ ਠਰ੍ਹੰਮੇ ਨਾਲ, ਦ੍ਰਿੜ੍ਹ ਤੇ ਸਿਰੜੀ ਰਹਿੰਦਿਆਂ ਲਗਾਤਾਰ ਜਾਰੀ ਰੱਖੀ। ਇਕ ਨਾਂ ਅਜਿਹਾ ਹੈ ਜੋ ਇਸ ਸੰਘਰਸ਼ ਨਾਲ ਆਰੰਭ ਤੋਂ ਲੈ ਕੇ ਹੁਣ ਤੱਕ ਜੁੜਿਆ ਹੋਇਆ ਹੈ। ਉਹ ਹੈ ਐਨæਆਰæ ਗੋਇਲ। ਉਹ ਆਪ ਹੀ ਸਰਗਰਮ ਨਾ ਹੋਇਆ ਸਗੋਂ ਐਸੋਸੀਏਸ਼ਨ ਵਿਚ ਹੋਰਾਂ ਨੂੰ ਸਰਗਰਮ ਕਰਨ ਵਿਚ ਵੀ ਉਹਦੀ ਭੂਮਿਕਾ ਪ੍ਰਮੁੱਖ ਰਹੀ। ਉਹ ਪੰਜਾਬ ਤੋਂ ਮੇਰਾ ਗੁਆਂਢੀ ਹੈ ਅਤੇ ਮੈਥੋਂ ਡੇਢ ਕੁ ਸਾਲ ਵੱਡਾ ਲਗਭਗ ਮੇਰਾ ਹਾਣੀ ਹੈ। ਉਹਦਾ ਪਿੰਡ ਮੇਰੇ ਪਿੰਡ ਤੋਂ ਕੁੱਲ ਪੰਜ ਕੋਹ ਵਾਟ ਹੈ। ਉਨ੍ਹਾਂ ਦਿਨਾਂ ਵਿਚ ਸਾਡੇ ਇਲਾਕੇ ਵਿਚ ਸਕੂਲ ਵਿਰਲੇ-ਟਾਂਵੇਂ ਹੀ ਹੁੰਦੇ ਸਨ। ਜਿਸ ਪਿੰਡ ਵਿਚ ਸਕੂਲ ਹੁੰਦਾ ਵੀ ਸੀ, ਉਹ ਆਮ ਕਰਕੇ ਚਾਰ ਜਮਾਤਾਂ ਦਾ ਪ੍ਰਾਇਮਰੀ ਸਕੂਲ ਹੀ ਹੁੰਦਾ। ਚਾਰ ਜਮਾਤਾਂ ਪਾਸ ਕਰ ਕੇ ਬਹੁਤੇ ਵਿਦਿਆਰਥੀ ਕਿਰ ਜਾਂਦੇ। ਵਿਦਿਆ ਦੇ ਮਹੱਤਵ ਤੋਂ ਅਨਜਾਣ ਉਸ ਜ਼ਮਾਨੇ ਵਿਚ ਅਗਲੀ ਪੜ੍ਹਾਈ ਵਾਸਤੇ ਬੱਚੇ ਨੂੰ ਦੂਰ ਦੇ ਸਕੂਲ ਕੌਣ ਭੇਜੇ! ਘਰ-ਵਾਲੇ, ਖਾਸ ਕਰਕੇ ਕਿਸਾਨ ਪਰਿਵਾਰ ਆਖਦੇ, “ਬਹੁਤ ਪੜ੍ਹ ਲਿਆ। ਹੋਰ ਪੜ੍ਹ ਕੇ ਤੂੰ ਕੀ ਡੀਸੀ ਬਣ ਜਾਏਂਗਾ। ਅਸੀਂ ਨਹੀਂ ਤੈਨੂੰ ਕਿਸੇ ਸ਼ਹਿਰ-ਸ਼ੂਹਰ ਭੇਜਣਾ।” ਜਿਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੜ੍ਹਾਈ ਦੀ ਕਦਰ ਹੁੰਦੀ, ਉਹ ਹੀ ਕਿਸੇ ਸ਼ਹਿਰੀ ਮਿਡਲ ਜਾਂ ਹਾਈ ਸਕੂਲ ਦਾ ਰੁਖ਼ ਕਰਦੇ।
ਗੋਇਲ ਨੇ ਤੇ ਮੈਂ ਆਪਣੇ ਆਪਣੇ ਪਿੰਡ ਤੋਂ ਪ੍ਰਾਇਮਰੀ ਪਾਸ ਕੀਤੀ ਤਾਂ ਮੈਂ ਰਾਮਪੁਰਾ ਫੂਲ ਦੇ ਸਟੇਟ ਹਾਈ ਸਕੂਲ ਵਿਚ ਪਹੁੰਚ ਗਿਆ ਅਤੇ ਉਹਨੇ ਬਰਨਾਲੇ ਦੇ ਸਟੇਟ ਹਾਈ ਸਕੂਲ ਦਾ ਰਾਹ ਫੜ ਲਿਆ। ਸਾਡੀ ਪਹਿਲੀ ਮੁਲਾਕਾਤ ਹੋਈ ਤਾਂ ਦਿੱਲੀ ਦੀ ਧਰਤੀ ਉਤੇ, ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਦੇ ਮੇਰੇ ਦਫ਼ਤਰ ਵਿਚ। ਮੈਂ ਮਈ 1967 ਵਿਚ ਦਿੱਲੀ ਆਇਆ ਤਾਂ ਗੋਇਲ ਪਹਿਲਾਂ ਹੀ ਕੋਈ ਸਾਢੇ ਦਸ ਸਾਲ ਤੋਂ ਦਿੱਲੀ-ਵਾਸੀ ਬਣਿਆ ਹੋਇਆ ਸੀ। ਸਬੱਬ ਨਾਲ ਉਹ ਮੇਰੇ ਦਫ਼ਤਰ ਵਾਲੇ ਪਾਸੇ ਹੀ ਰਹਿੰਦਾ ਸੀ। ਇਸੇ ਕਰਕੇ ਇਕ ਦਿਨ ਇਕ ਲੇਖਕ ਮਿੱਤਰ ਨੇ ਉਹਨੂੰ ਇਕ ਪੁਸਤਕ ਮੇਰੇ ਤੱਕ ਪੁਜਦੀ ਕਰਨ ਲਈ ਦੇ ਦਿੱਤੀ। ਉਸ ਪਹਿਲੀ ਮੁਲਾਕਾਤ ਵਿਚ ਜਿਉਂ ਹੀ ਅਸੀਂ ਇਕ ਦੂਜੇ ਦੇ ਭੂਗੋਲ-ਇਤਿਹਾਸ ਤੋਂ ਜਾਣੂ ਹੋਏ, ਬਚਪਨ ਦੇ ਗੁਆਂਢੀ ਹੋਣ ਦੀ ਭਾਵਨਾ ਦੋਵਾਂ ਦਿਲਾਂ ਵਿਚ ਲਗਰਾਂ ਛੱਡਣ ਲੱਗੀ। ਪਰ ਇਸ ਪੁਰਾਣੀ ਸਾਂਝ ਦੀ ਨਵੀਂ-ਨਰੋਈ ਸੁਰਜੀਤੀ ਤੋਂ ਵੀ ਪਹਿਲਾਂ ਗੋਇਲ ਲਈ ਉਸ ਗੱਲ ਨੂੰ ਤਰਜੀਹ ਦੇਣੀ ਜ਼ਰੂਰੀ ਸੀ ਜੋ ਉਹਦੇ ਜੀਵਨ ਦਾ ਧੁਰਾ ਹੈ, ਭਾਵ ਦਿੱਲੀ ਵਿਚ ਪੰਜਾਬੀ ਮਾਤਭਾਸ਼ਾ ਦਾ ਸਥਾਨ! ਗੱਲਬਾਤ ਦੇ ਸ਼ੁਰੂ ਵਿਚ ਹੀ ਉਹ ਬੋਲਿਆ, “ਮੈਨੂੰ ਪਤਾ ਲਗਿਆ ਹੈ, ਤੁਸੀਂ ਇਥੇ ਇਕ ਰਸਾਲੇ ਵਿਚ ਨਿਯੁਕਤ ਹੋਏ ਹੋ। ਉਸ ਵਿਚ ਦਿੱਲੀ ਵਿਚ, ਖਾਸ ਕਰਕੇ ਸਕੂਲਾਂ ਵਿਚ ਮਾਤ ਭਾਸ਼ਾ ਪੰਜਾਬੀ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਜ਼ਰੂਰ ਲਿਖਿਆ ਕਰੋ।”
ਮੈਂ ਬੇਨਤੀ ਕੀਤੀ, “ਗੋਇਲ ਜੀ, ਸਾਡਾ ਰਸਾਲਾ ਰੂਸੀਆਂ ਦਾ ਹੈ ਤੇ ਇਸ ਵਿਚ ਆਪਣੇ ਦੇਸ ਬਾਰੇ ਕੁਝ ਨਹੀਂ ਛਪਦਾ।” ਉਹ ਮੇਰੀ ਨਾਂਹ ਨਾਲ ਨਿਰਾਸ ਨਹੀਂ ਹੋਇਆ। ਬੜੇ ਸਹਿਜ ਨਾਲ ਉਹਨੇ ਮੈਥੋਂ ਮੰਗੇ ਸਹਿਯੋਗ ਦਾ ਰੂਪ ਬਦਲ ਦਿੱਤਾ, “ਤੁਸੀਂ ਪੰਜਾਬੀ ਮਾਤ ਭਾਸ਼ਾ ਦੇ ਲੇਖਕ ਤਾਂ ਹੋ ਨਾ, ਆਪਣੇ ਦਿੱਲੀ ਤੇ ਪੰਜਾਬ ਦੇ ਅਖ਼ਬਾਰਾਂ-ਰਸਾਲਿਆਂ ਵਿਚ ਲਿਖੋ।” ਮੈਂ ਇਕਦਮ ਬੋਲਿਆ, “ਹਾਂ, ਇਹ ਠੀਕ ਹੈ। ਦਿੱਲੀ ਵਿਚ ਪੰਜਾਬੀ ਦੀਆਂ ਸਮੱਸਿਆਵਾਂ ਬਾਰੇ ਮੈਥੋਂ ਜੋ ਵੀ ਲਿਖਿਆ ਜਾ ਸਕਿਆ, ਜ਼ਰੂਰ ਲਿਖਿਆ ਕਰਾਂਗਾ।” ਉਹ ਸੰਤੁਸਟ ਤੇ ਖ਼ੁਸ਼ ਹੋ ਗਿਆ। ਉਹਦੀ ਮੁੱਖ ਪਛਾਣ ਹੀ ਪੰਜਾਬੀ ਲਈ ਦਿਨ-ਰਾਤ ਦਾ ਸੰਗਰਾਮੀਆ ਹੋਣਾ ਹੈ।
ਮੇਰੇ ਦਿੱਲੀ ਆਉਣ ਤੋਂ ਵੀ ਪਹਿਲਾਂ, 1965 ਵਿਚ ਪੰਜਾਬੀ ਅਧਿਆਪਕ ਲੱਗਿਆ ਗੋਇਲ ਤੀਹ ਸਾਲ ਤੱਕ ਮਾਣਯੋਗ ਕੰਮ ਕਰ ਕੇ ਨੌਕਰੀ ਤੋਂ ਤਾਂ 1995 ਵਿਚ ਸੇਵਾ-ਮੁਕਤ ਹੋ ਗਿਆ ਪਰ ਮਾਤ ਭਾਸ਼ਾ ਦੀ ਸੇਵਾ ਤੋਂ ਉਹਨੂੰ ਕੋਈ ਮਾਈ ਦਾ ਲਾਲ ਮੁਕਤ ਨਹੀਂ ਕਰ ਸਕਦਾ। ਜਦੋਂ ਤੱਕ ਸਵਾਸ ਹਨ ਤਦ ਤੱਕ ਉਹ ਮਾਤ ਭਾਸ਼ਾ ਦੀ ਸੇਵਾ ਵਿਚ ਹੈ। ਅੱਜ ਵੀ ਉਹਦਾ ਬਹੁਤਾ ਸਮਾਂ ਇਸੇ ਪਾਸੇ ਲਗਦਾ ਹੈ। ਉਹਦੀ ਸਰਗਰਮ ਸਹਾਇਤਾ ਨਾਲ ਬਣੀ ਸੰਸਥਾ Ḕਪੰਜਾਬੀ ਹੈਲਪਲਾਈਨ’ ਉਸ ਦੇ ਮਿਸ਼ਨ ਨੂੰ ਹੋਰ ਅੱਗੇ ਵਧਾ ਰਹੀ ਹੈ। ਉਹ ਐਸੋਸੀਏਸ਼ਨ ਤੇ ਹੈਲਪਲਾਈਨ ਦੀ ਮਦਦ ਨਾਲ ਅੱਜ ਵੀ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਨਿਰਾਸ਼ ਕਰਨ ਵਾਲੇ ਮੁੱਖ ਅਧਿਆਪਕਾਂ ਨਾਲ ਟੱਕਰ ਲੈਂਦਾ ਹੈ ਅਤੇ ਵਿਦਿਆਰਥੀਆਂ ਦੀ ਲੋੜੀਂਦੀ ਗਿਣਤੀ ਪੂਰੀ ਕਰਨ ਲਈ ਪੰਜਾਬੀ ਮਾਪਿਆਂ ਨੂੰ ਘਰ ਘਰ ਜਾ ਕੇ ਮਿਲਦਾ ਤੇ ਸਮਝਾਉਂਦਾ ਹੈ। ਜਿਹੜੇ ਸਕੂਲ ਮੁਖੀ ਫੇਰ ਵੀ ਕਾਬੂ ਨਹੀਂ ਆਉਂਦੇ ਅਤੇ ਵਿਭਾਗ ਤੋਂ ਪੰਜਾਬੀ ਅਧਿਆਪਕ ਮੰਗਣ ਦੀ ਥਾਂ ਖਾਨਾ-ਪੂਰਤੀ ਲਈ ਜਮਾਤ ਦਾ ਸਮਾਂ ਪੂਰਾ ਕਰਨ ਵਾਸਤੇ ਪੰਜਾਬੀ ਨਾ ਜਾਣਨ ਵਾਲੇ ਕਿਸੇ ਵਿਹਲੇ ਅਧਿਆਪਕ ਜਾਂ ਪੀæਟੀæ ਮਾਸਟਰ ਨੂੰ ਭੇਜ ਛਡਦੇ ਹਨ, ਉਨ੍ਹਾਂ ਦੀ ਖੇਡ ਖ਼ਤਮ ਕਰਨ ਲਈ ਉਹ ਅੱਜ ਵੀ ਡਾਇਰੈਕਟੋਰੇਟ ਦਾ ਬੂਹਾ ਜਾ ਖੜਕਾਉਂਦਾ ਹੈ। ਪਰ ਦਿੱਲੀ ਦੇ ਵਿਦਿਅਕ ਢਾਂਚੇ ਵਿਚ ਪੰਜਾਬੀ ਦਾ (ਤੇ ਉਰਦੂ ਦਾ) ਵਿਰੋਧ ਏਨਾ ਜ਼ੋਰਾਵਰ ਹੈ ਕਿ ਇਸ ਸਖ਼ਤ ਜਦੋਜਹਿਦ ਦੇ ਬਾਵਜੂਦ ਹਾਲਤ ਬਹੁਤੀ ਸੁਧਰਦੀ ਨਹੀਂ। ਹੁਣੇ ਹੁਣੇ ਆਈ ਦਿੱਲੀ ਘੱਟ-ਗਿਣਤੀ ਕਮਿਸ਼ਨ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਾਰੀ ਦਿੱਲੀ ਦੇ ਸਰਕਾਰੀ ਸਕੂਲਾਂ ਲਈ ਮਨਜ਼ੂਰ ਪੰਜਾਬੀ ਅਧਿਆਪਕਾਂ ਦੀਆਂ 28 ਨੌਕਰੀਆਂ ਵਿਚੋਂ 10 (ਤੇ ਉਰਦੂ ਦੀਆਂ 29 ਵਿਚੋਂ 12) ਖਾਲੀ ਪਈਆਂ ਹਨ!
ਜੇ ਇਸ ਮੋਰਚੇ ਉਤੇ ਗੋਇਲ ਆਪ ਹਰ ਵੇਲ਼ੇ ਨੇਮਾਂ-ਕਾਨੂੰਨਾਂ ਤੇ ਅੰਕੜਿਆਂ ਦੇ ਆਪਣੇ ਸ਼ਸਤਰ ਰੇਤ-ਮਾਂਜ ਕੇ ਨਾ ਰਖਦਾ ਅਤੇ ਅਗਵਾਈ ਦਾ ਪ੍ਰਚਮ ਲਹਿਰਾਉਂਦਾ ਹੋਇਆ ਹਰ ਭਾਸ਼ਾਈ ਯੁੱਧ ਸਮੇਂ “ਸਾਥੀਓ, ਹੱਲਾ ਬੋਲੋ” ਦੀ ਲਲਕਾਰ ਨਾਲ ਦੂਜਿਆਂ ਨੂੰ ਲਗਾਤਾਰ ਹੱਲਾਸ਼ੇਰੀ ਨਾ ਦਿੰਦਾ ਰਹਿੰਦਾ, ਇਹ ਗੱਲ ਪੂਰੇ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ਨੂੰ ਉਹ ਮਾੜੀ-ਮੋਟੀ ਹੈਸੀਅਤ ਵੀ ਹਾਸਲ ਨਾ ਹੁੰਦੀ ਜੋ ਅੱਜ ਹੈ। ਇਸੇ ਕਰਕੇ ਦਿੱਲੀ ਦੇ ਪੰਜਾਬੀ ਹਲਕਿਆਂ ਵਿਚ ਉਹਨੂੰ ਸਰਬਸੰਮਤੀ ਨਾਲ Ḕਪੰਜਾਬੀ ਮਾਂ ਦਾ ਸਰਵਣ ਪੁੱਤਰ’ ਆਖਿਆ ਜਾਂਦਾ ਹੈ!
ਉਹਦੀ ਇਸ ਪੰਜਾਬੀ ਸੇਵਾ ਤੇ ਘਾਲਣਾ ਸਦਕਾ ਹੀ ਸੀ ਕਿ ਕੁਝ ਦਿਨ ਪਹਿਲਾਂ ਦਿੱਲੀ ਦੀਆਂ ਪੰਜਾਬੀ ਸਾਹਿਤ ਤੇ ਸਭਿਆਚਾਰ ਨਾਲ ਜੁੜੀਆਂ ਕਈ ਸੰਸਥਾਵਾਂ ਨੇ ਮਿਲ ਕੇ ਅੱਸੀਵੇਂ ਜਨਮ-ਦਿਨ ਸਮੇਂ ਉਹਦਾ ਜਨਤਕ ਆਦਰ-ਮਾਣ ਕੀਤਾ। ਇਸ ਸਮੇਂ ਵੱਖ ਵੱਖ ਵਿਅਕਤੀਆਂ ਦੇ ਉਸ ਬਾਰੇ ਲਿਖੇ ਲੇਖਾਂ ਦੀ ਇਕ ਪੁਸਤਕ ਵੀ ਪਾਠਕਾਂ ਨੂੰ ਭੇਟ ਕੀਤੀ ਗਈ ਜਿਸ ਦੇ ਸੰਪਾਦਨ ਦਾ ਜ਼ਿੰਮਾ ਮੈਨੂੰ ਸੌਂਪਿਆ ਗਿਆ ਸੀ ਅਤੇ ਜਿਸ ਦਾ ਨਾਂ Ḕਪੰਜਾਬੀ ਮਾਂ ਦਾ ਸਰਵਣ ਪੁੱਤਰ’ ਤੋਂ ਬਿਨਾਂ ਭਲਾ ਹੋਰ ਕੁਝ ਕਿਵੇਂ ਹੋ ਸਕਦਾ ਸੀ!