ਸਦਭਾਵਨਾ ਬੀਜੋ ਤੇ ਸਦਭਾਵਨਾ ਕੱਟੋ

ਗੁਲਜ਼ਾਰ ਸਿੰਘ ਸੰਧੂ
ਮੈਂ ਰਾਜਨੀਤਿਕ ਟਿੱਪਣੀਕਾਰ ਨਹੀਂ ਪਰ ਸਾਹਿਤਕਾਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਤੇ ਖੱਬੇ ਪੱਖੀ ਪਾਰਟੀਆਂ ਦੇ ਰੋਸ ਪ੍ਰਗਟਾਵੇ ਅਤੇ ਸਦਭਾਵਨਾ ਬਣਾਈ ਰੱਖਣ ਦੇ ਸੱਦੇ ਨੇ ਹੱਥਲੀ ਟਿੱਪਣੀ ਕਰਨ ਲਈ ਝੰਜੋੜਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਮਾਹੌਲ ਕੇਂਦਰ ਵਿਚ ਮੋਦੀ ਸਰਕਾਰ ਦੀ ਸਥਾਪਨਾ ਦੀ ਉਪਜ ਹੈ।

ਮਾੜੀ ਗੱਲ ਇਹ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਆਰਥਿਕ ਤੇ ਸਮਾਜਿਕ ਸਾਂਝ ਦਾ ਜਿਹੜਾ ਸਮਤੋਲ ਬਣਾਈ ਰੱਖਿਆ ਸੀ, ਉਹ ਵਰਤਮਾਨ ਸਰਕਾਰ ਦੀਆਂ ਟਾਹਰਾਂ ਤੇ ਨੀਤੀਆਂ ਨੇ ਖੁਰਦ-ਬੁਰਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਪਹਿਲਾਂ ਦਿੱਲੀ ਤੇ ਹੁਣ ਬਿਹਾਰ ਦੇ ਚੋਣ ਨਤੀਜਿਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਮੰਤਰ ਦਾ ਪਰਦਾਫਾਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਖਾਸ ਕਰਕੇ ਏਸ ਲਈ ਕਿ ਇਨ੍ਹਾਂ ਦੋਨਾਂ ਰਾਜਾਂ ਦੀ ਆਰਥਿਕਤਾ ਤੇ ਮੱਧ ਸ੍ਰੇਣੀ ਦਾ ਚਲਣ ਇੱਕ ਦੂਜੀ ਤੋਂ ਬਿਲਕੁਲ ਉਲਟ ਹੈ। ਨਿਸ਼ਚੇ ਹੀ ਆਰਥਿਕ, ਰਾਜਨੀਤਿਕ ਤੇ ਸਮਾਜਕ ਤੌਰ ‘ਤੇ ਮੁਤਜ਼ਾਦ ਰਾਜਾਂ ਨੇ ਮੋਦੀ ਦੇ ਕੀਤੇ ਨੂੰ ਜੱਗ ਜ਼ਾਹਿਰ ਕਰਨ ਦੀ ਕੋਈ ਕਸਰ ਨਹੀਂ ਛੱਡੀ। ਪੱਛਮੀ ਬੰਗਾਲ ਤੇ ਹੋਰ ਰਾਜਾਂ ਦੀਆਂ ਆਉਣ ਵਾਲੀਆਂ ਚੋਣਾਂ ਤੱਕ ਕੇਂਦਰ ਸਰਕਾਰ ਆਪਣੇ ਕੀਤੇ ਨੂੰ ਕਿੰਨਾ ਕੁ ਅਣਕੀਤਾ ਕਰ ਸਕਦੀ ਹੈ, ਸਮੇਂ ਨੇ ਦੱਸਣਾ ਹੈ। ਪਰ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਕੀ ਗਰੀਬ ਤੇ ਕੀ ਅਮੀਰ ਪੈਸੇ ਦੀ ਗੁੱਥਲੀ ਖੁੱਲ੍ਹਣ ਨਾਲ ਨਹੀਂ ਪਸੀਜਦੇ। ਅਨੇਕਤਾ ਵਿਚ ਏਕਤਾ ਬਣਾਈ ਰੱਖਣ ਦੇ ਬਾਨੀ ਜਵਾਹਰ ਲਾਲ ਨਹਿਰੂ ਨੇ ਗਰੀਬ ਤੋਂ ਗਰੀਬ ਬੰਦੇ ਵਿਚ ਸਦਭਾਵਨਾ ਸਵੈ-ਮਾਣ ਤੇ ਅਮਨ ਸ਼ਾਂਤੀ ਦਾ ਅਜਿਹਾ ਬੀਜ ਬੀਜਿਆ ਕਿ ਉਹ ਔਖੀ ਤੋਂ ਔਖੀ ਘੜੀ ਵਿਚ ਵੀ ਕਿਸੇ ਕਿਸਮ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ।
ਹਰਿਭਜਨ ਸਿੰਘ ਸਿਮ੍ਰਤੀ ਗ੍ਰੰਥ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਮੁੱਚਾ ਜੀਵਨ ਸਾਹਿਤ ਦੀ ਸੇਵਾ ਵਿਚ ਗੁਜ਼ਾਰਨ ਵਾਲੇ ਸਾਹਿਤਕਾਰਾਂ ਦੀ ਯਾਦ ਵਿਚ ਸਿਮ੍ਰਤੀ ਗ੍ਰੰਥ ਪ੍ਰਕਾਸ਼ਿਤ ਕੀਤੇ ਗਏ ਹਨ। ਵਿਦਵਾਨ ਕਵੀ, ਆਲੋਚਕ ਤੇ ਅਧਿਆਪਕ ਹਰਿਭਜਨ ਸਿੰਘ ਉਨ੍ਹਾਂ ਵਿਚੋਂ ਇੱਕ ਹੈ। ਚਾਰ ਸੌ ਪੰਨਿਆਂ ਦੇ ਇਸ ਵੱਡ ਆਕਾਰੀ ਗ੍ਰੰਥ ਵਿਚ ਪੰਜ ਦਰਜਨ ਅਦੀਬਾਂ ਤੇ ਸਾਹਿਤ ਰਸੀਆਂ ਦੇ ਲੇਖ ਅਤੇ ਟਿੱਪਣੀਆਂ ਤੋਂ ਬਿਨਾਂ ਡੇਢ ਦਰਜਨ ਅਜਿਹੀਆਂ ਤਸਵੀਰਾਂ ਹਨ ਜੋ ਹਰਿਭਜਨ ਸਿੰਘ ਕਾਲ ਦੀ ਬਾਤ ਪਾਉਂਦੀਆਂ ਨੇ। ਸੰਪਾਦਕਾਂ ਨੇ ਇਨ੍ਹਾਂ ਲੇਖਾਂ ਨੂੰ ਹਰਿਭਜਨ ਸਿੰਘ ਦੇ ਖੁਦ ਪਸੰਦ ਨਾਂ ਦੇ ਕੇ ਸਿਮਰਤੀਆਂ, ਨਿਮਖ ਚਿਤਵੀਏ ਨਿਮਖ ਸੁਲਾਹੀਏ ਤੇ ਸਿਮਰ ਮਨਾਈ ਸਿਰਜਣਾ ਸਿਰਲੇਖਾਂ ਵਿਚ ਵੰਡਿਆ ਹੈ ਤੇ ਇਨ੍ਹਾਂ ਦੇ ਅੰਤ ਵਿਚ ਲੇਖਕ ਦੇ ਪਰਿਵਾਰਕ ਮੈਂਬਰਾਂ ਦੀਆਂ ਯਾਦਾਂ ਹੀ ਨਹੀਂ ਹਰਿਭਜਨ ਸਿੰਘ ਦੀ ਹੱਥ ਲਿਖਤ ਦੇ ਨਮੂਨੇ ਵੀ ਦਿਤੇ ਹਨ। ਭਾਸ਼ਾ ਵਿਕਾਸ ਵਿਭਾਗ ਦੀ ਮੁਖੀ ਡਾæ ਜਸਵੀਰ ਕੌਰ ਤੇ ਸਾਬਕਾ ਮੁਖੀ ਡਾæ ਧਨਵੰਤ ਕੌਰ ਨੇ ਇਸ ਗ੍ਰੰਥ ਨੂੰ ਤਿਆਰ ਕਰਨ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾæ ਜਸਪਾਲ ਸਿੰਘ ਦੀ ਚਾਹਨਾ ‘ਤੇ ਫੁੱਲ ਚੜਾਏ ਹਨ। ਨਿਸ਼ਚੇ ਹੀ ਇਹ ਗ੍ਰੰਥ ਪਿਛਲੀ ਸਦੀ ਦੇ ਦੂਜੇ ਅੱਧ ਦੀ ਸਮਾਜਕ ਤੇ ਸਭਿਆਚਾਰਕ ਤਸਵੀਰ ਦੇ ਰੂਪ ਵਿਚ ਉਭਰਿਆ ਹੈ। ਮੈਂ ਇਸ ਨੂੰ ਜਸਬੀਰ ਕੌਰ ਦੇ ਮੁਖੀ ਕਾਲ ਦੀ ਸਿਖਰਲੀ ਉਪਜ ਵਜੋਂ ਲੈਂਦਾ ਹਾਂ।
ਸਾਹਿਤ ਸਭਿਆਚਾਰ ਦਾ ਗੜ੍ਹ ਚੰਡੀਗੜ੍ਹ: ਪਿਛਲੇ ਦਿਨੀਂ ਚੰਡੀਗੜ੍ਹ ਵਿਚ ਸਾਹਿਤਕ ਤੇ ਸਭਿਆਚਾਰਕ ਮਹਿਫ਼ਲਾਂ ਦੀ ਛਹਿਬਰ ਲਗੀ ਰਹੀ ਹੈ। ਇਥੋਂ ਦੀ ਅਦਬ ਫਾਊਂਡੇਸ਼ਨ ਨੇ 5 ਤੋਂ 8 ਨਵੰਬਰ ਤੱਕ ਚੰਡੀਗੜ੍ਹ ਸਾਹਿਤਕ ਉਤਸਵ ਮਨਾਇਆ ਤੇ ਚੰਡੀਗੜ੍ਹ ਲਿਟਰੇਟੀ ਨੇ ਆਪਣਾ ਸਾਲਾਨਾ ਸਮਾਗਮ। ਅਦਬ ਫਾਉਂਡੇਸ਼ਨ ਵਾਲਿਆਂ ਦਾ ਉਤਸਵ ਚੰਡੀਗੜ੍ਹ ਕਲੱਬ ਵਿਚ ਸੀ ਤੇ ਚੰਡੀਗੜ੍ਹ ਲਿਟਰੇਟੀ ਵਾਲਿਆਂ ਦਾ ਲੇਕ ਕਲੱਬ ਵਿਚ। ਦੋਨਾਂ ਸਮਾਗਮਾਂ ਵਿਚ ਮੰਨੇ-ਪ੍ਰਮੰਨੇ ਸਾਹਿਤਕਾਰ ਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਇਹ ਸਬੱਬ ਦੀ ਗੱਲ ਹੈ ਕਿ ਇਹ ਸਮਾਂ ਚੰਡੀਗੜ੍ਹ ਨਾਟ ਉਤਸਵਾਂ ਲਈ ਜਾਣਿਆ ਜਾਂਦਾ ਹੈ। ਇਹ ਵੀ ਬੜੀ ਤਸੱਲੀ ਵਾਲੀ ਗੱਲ ਹੈ ਕਿ ਚੰਡੀਗੜ੍ਹ ਸੰਗੀਤ ਨਾਟਕ ਅਕਾਡਮੀ ਨੇ ਸਆਦਤ ਹਸਨ ਮੰਟੋ ਦੀ ਕਹਾਣੀ ‘ਖੋਲ੍ਹ ਦੋ’ ਨੂੰ ਆਧਾਰ ਬਣਾ ਕੇ ਵਧੀਆ ਨਾਟਕ ਰਚਣ ਤੋਂ ਬਿਨਾਂ ਡਾæ ਸਾਹਿਬ ਸਿੰਘ ਦਾ ਬਲਵਿੰਦਰ ਗਰੇਵਾਲ ਦੀ ਕਹਾਣੀ ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’ ਉਤੇ ਅਧਾਰਿਤ ਵਧੀਆ ਨਾਟਕ ਪੇਸ਼ ਕੀਤਾ। ਇੱਕ ਹੋਰ ਵਧੀਆ ਨਾਟਕ ਜਿਹੜਾ ਕੋਂਕਨੀ ਭਾਸ਼ਾ ਦਾ ਪੰਜਾਬੀਕਰਨ ਸੀ ‘ਮੌਤ ਦੀ ਟੀਸੀ’ ਬਹੁਤ ਹੀ ਨਾਜ਼ਕ ਵਿਸ਼ੇ ਉਤੇ ਅਧਾਰਿਤ ਸੀ ਜਿਹੜਾ ਸਾਰੇ ਦੁੱਖ ਸੁੱਖ ਭੁੱਲ ਕੇ ਜਿਊਂਦੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਕੀ ਕੋਈ ਸੋਚ ਸਕਦਾ ਹੈ ਕਿ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿਚ ਸਰੋਤਿਆਂ ਤੇ ਦਰਸ਼ਕਾਂ ਦੀ ਕੋਈ ਘਾਟ ਨਹੀਂ ਰਹੀ।
ਅੰਤਿਕਾ: ਹਰਿਭਜਨ ਸਿੰਘ
ਤੇਰੀ ਚਿਣਗ ਲਈ ਵੀ ਜਗ੍ਹਾ ਕਰ ਲਵਾਂਗਾ,
ਮੇਰੇ ਅਰਸ਼ ਉਂਝ ਤਾਂ ਅੰਗਾਰੇ ਬੜੇ ਨੇ।
ਲਿਆਵੋ ਕੋਈ ਜਾ ਕੇ ਪਰਵਾਨਿਆਂ ਨੂੰ,
ਮੈਂ ਦੀਵੇ ਤਾਂ ਥਾਂ ਥਾਂ ਸ਼ਿੰਗਾਰੇ ਬੜੇ ਨੇ।