ਸਲੀਮ ਲੰਗੜੇ ਪੇ ਮਤ ਰੋ

ਕੁਲਦੀਪ ਕੌਰ
ਫਿਲਮ ‘ਸਲੀਮ ਲੰਗੜੇ ਪੇ ਮਤ ਰੋ’ ਆਪਣੀ ਸਾਦਗੀ ਤੇ ਗਲੀਆਂ-ਮੁਹੱਲਿਆਂ ਦੀ ਹਕੀਕੀ ਪੇਸ਼ਕਾਰੀ ਨਾਲ ਕੀਲਦੀ ਹੈ। ਫਿਲਮ ਨਾਟਕਕਾਰ ਸਫਦਰ ਹਾਸ਼ਮੀ ਨੂੰ ਸਮਰਪਿਤ ਸੀ। ਸਈਦ ਅਖਤਰ ਮਿਰਜ਼ਾ ਇਸ ਫਿਲਮ ਰਾਹੀ ਸਲੀਮ ਦੀ ਜ਼ਿੰਦਗੀ ਦੀ ਨਬਜ਼ ਫੜਦਾ ਹੈ। ਸਲੀਮ ਜਿਸ ਜਗ੍ਹਾ ਪੈਦਾ ਹੋਇਆ, ਉਥੇ ਜੁਰਮ ਤੇ ਕੰਮ-ਧੰਦੇ ਵਿਚਾਲੇ ਫਰਕ ਦੀ ਪਛਾਣ ਜਿਉਂਦੇ ਰਹਿਣ ਦੀ ਕਸ਼ਮਕਸ਼ ਅੱਗੇ ਹਾਰ ਚੁੱਕੀ ਹੈ। ਸਲੀਮ ਵੀ ਅਜਿਹੇ ਮੁੰਡਿਆਂ ਵਿਚੋਂ ਇਕ ਹੈ ਜੋ ਮੁੰਬਈ ਦੇ ਮਾਫੀਆ ਲਈ ਚੋਰੀ, ਲੁੱਟ-ਖਸੁੱਟ ਅਤੇ ਠੱਗੀ-ਠੋਰੀ ਕਰ ਕੇ ਗੁਜ਼ਾਰਾ ਕਰਦੇ ਹਨ।

ਫਿਲਮ ਸ਼ਹਿਰੀ ਪਿੱਠਭੂਮੀ ਵਿਚ ਘੱਟ-ਗਿਣਤੀ ਦੇ ਰੂਪ ਵਿਚ ਜਿਉਣ ਅਤੇ ਉਪਰੋਂ ਗਰੀਬ ਹੋਣ ਦੇ ਦਵੰਦਾਂ ਬਾਬਤ ਹੈ। ਫਿਲਮ ਵਿਚ ਦਿਸਦੀਆਂ ਗਲੀਆਂ, ਮੁਹੱਲੇ ਅਤੇ ਚੁਬਾਰੇ ਵੀ ਕਿਰਦਾਰ ਬਣ ਕੇ ਟੱਕਰਦੇ ਹਨ ਜਿਨ੍ਹਾਂ ਨੇ ਇਨ੍ਹਾਂ ਮੁੰਡਿਆਂ ਨੂੰ ਜ਼ਲਾਲਤ ਅਤੇ ਗੁਰਬਤ ਨਾਲ ਘੁਲਦਿਆਂ ਤੱਕਿਆ ਹੈ।
ਫਿਲਮ ਦਾ ਮੁੱਖ ਕਿਰਦਾਰ ਸਲੀਮ ਇਨ੍ਹਾਂ ਗਲੀ-ਮੁਹੱਲਿਆਂ ਵਿਚ ਖੇਡ ਕੇ ਜਵਾਨ ਹੋਇਆ ਹੈ। ਫਿਰ ਉਸ ਲਈ ਆਪਣੀ ਹੋਂਦ ਦਾ ਸਵਾਲ ਆਣ ਖੜ੍ਹਦਾ ਹੈ। ਉਸ ਦੀ ਜ਼ਿੰਦਗੀ ਦਾ ਮਕਸਦ ਕੀ ਹੈ? ਕੀ ਜਿਹੜੀ ਜ਼ਿੰਦਗੀ ਉਹ ਜੀ ਰਿਹਾ ਹੈ, ਉਹੀ ਉਸ ਦੀ ਹੋਣੀ ਹੈ? ਅਜਿਹੇ ਸਵਾਲ ਉਸ ਨੂੰ ਪ੍ਰੇਸ਼ਾਨ ਕਰਦੇ ਹਨ। ਪ੍ਰੇਸ਼ਾਨੀ ਵਧ ਕੇ ਮਕਸਦ ਦੀ ਤਲਾਸ਼ ਵੱਲ ਲੈ ਤੁਰਦੀ ਹੈ। ਦਰਸ਼ਕ ਇਸ ਫਿਲਮ ਵਿਚੋਂ ‘ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’ ਵਾਲੇ ਪਿੰਟੋ ਦੀਆਂ ਝਲਕਾਂ ਲੱਭ ਸਕਦਾ ਹੈ। ਮੁਹੱਲੇ ਵਿਚ ਮੁੰਡਿਆਂ ਨਾਲ ਅਵਾਰਾ ਘੁੰਮਣਾ ਉਸ ਨੂੰ ਪਸੰਦ ਹੈ, ਪਰ ਅੰਦਰੋਂ ਰੜਕਦਾ ਵੀ ਹੈ। ਘਰ ਉਸ ਲਈ ਪਨਾਹਗਾਹ ਹੈ, ਪਰ ਉਥੇ ਉਹਨੂੰ ਕੋਈ ਸਿਆਣਦਾ ਨਹੀਂ। ਇਉਂ ਫਿਲਮਸਾਜ਼ ਸੁਰੱਖਿਅਤ ਮਹਿਸੂਸ ਕਰਨ ਦੀਆਂ ਭਾਵਨਾਵਾਂ ਵਿਚਲੀਆਂ ਬੇਵਸਾਹੀਆਂ ਉਤੇ ਉਂਗਲ ਧਰਦਾ ਹੈ। ਕਿਸੇ ਸੁਰੱਖਿਅਤ ਅਤੇ ਤਾਕਤਵਰ ਰਾਸ਼ਟਰ ਦੇ ਬਾਸ਼ਿੰਦੇ ਕਿੰਨੇ ਅਸੁਰੱਖਿਅਤ ਤੇ ਸੰਸਿਆਂ ਨਾਲ ਘਿਰੇ ਹੋ ਸਕਦੇ ਹਨ, ਫਿਲਮ ਇਸ ਮੁੱਦੇ ਨਾਲ ਸੰਵਾਦ ਰਚਾਉਂਦੀ ਹੈ। ਭਾਰਤ ਵਰਗੇ ਬਹੁ-ਭਾਂਤੀ ਮੁਲਕਾਂ ਵਿਚ ਇਨ੍ਹਾਂ ਬੇਵਸਾਹੀਆਂ ਤੇ ਸੰਸਿਆਂ ਦਾ ਕੀ ਅਰਥ ਹੈ? ਇਹ ਸਵਾਲ ਫਿਲਮ ਦਰਸ਼ਕ ਨੂੰ ਵਾਰ-ਵਾਰ ਪੁੱਛਦੀ ਹੈ।
ਦਿਲਚਸਪ ਮੁੱਦਾ ਇਹ ਹੈ ਕਿ ਸਲੀਮ ਦੇ ਮਨ ਦੀ ਠਾਹਰ ਬਣਦਾ ਹੈ ਇਲਾਕੇ ਦਾ ਥਾਣਾ ਜਿਥੇ ਰੋਜ਼ ਉਸ ਨੂੰ ਹਾਜ਼ਰੀ ਭਰਨੀ ਪੈਂਦੀ ਹੈ। ਇਹੀ ਰੁਟੀਨ ਉਹਦੀ ਜ਼ਿੰਦਗੀ ਨੂੰ ਲੈਅ-ਬੱਧ ਕਰਦਾ ਹੈ। ਥਾਣੇ ਦਾ ਸਟਾਫ ਉਸ ਦਾ ਜਾਣੂ ਹੈ ਤੇ ਉਹਨੂੰ ਆਪਣੇ-ਆਪ ਦਾ ਹੀ ਵਾਧਾ ਲਗਦਾ ਹੈ। ਥਾਣੇ ਨਾਲ ਲਗਾਉ ‘ਤੇ ਉਹਨੂੰ ਮਾਣ ਵੀ ਹੈ। ਦੂਜੇ ਪਾਸੇ ਮੁੰਬਈ ਦੇ ਜਿਹੜੇ ਮਾਫੀਆ ਨਾਲ ਜੁੜੇ ਬੰਦਿਆਂ ਲਈ ਉਹ ਕੰਮ ਕਰਦਾ ਹੈ, ਉਨ੍ਹਾਂ ਵਰਗਾ ਹੀ ‘ਸਫਲ’ ਖੁਦ ਬਣਨਾ ਚਾਹੁੰਦਾ ਹੈ। ਉਸ ਦੀ ਸੋਚ ਉਦੋਂ ਮੋੜ ਕੱਟਦੀ ਹੈ ਜਦੋਂ ਉਹਦੀ ਭੈਣ ਦੀ ਜ਼ਿੰਦਗੀ ਵਿਚ ਅਸਲਮ ਆਉਂਦਾ ਹੈ ਜੋ ਇਸ ਫਿਲਮ ਦੀ ਚੇਤਨਾ ਹੈ। ਅਸਲਮ ਸਲੀਮ ਨੂੰ ਹਕੀਕਤ ਸਮਝਾਉਂਦਾ ਹੈ ਤੇ ਉਹਦੀ ਜ਼ਿੰਦਗੀ ਦੇ ਨਵੇਂ ਪੰਨੇ ਖੁੱਲ੍ਹਦੇ ਹਨ। ਉਹ ਇਨ੍ਹਾਂ ਪੰਨਿਆਂ ‘ਤੇ ਲਿਖੀ ਇਬਾਰਤ ਪੜ੍ਹਨ ਪਿਛੋਂ ਮਾਫੀਆ ਲਈ ਕੰਮ ਕਰਨ ਤੋਂ ਨਾਬਰ ਹੋ ਜਾਂਦਾ ਹੈ। ਉਸ ਨੂੰ ਮਿੱਲ ਬੰਦ ਹੋਣ ਤੋਂ ਬਾਅਦ ਘਰੇ ਬੇਰੁਜ਼ਗਾਰ ਬੈਠੇ ਪਿਉ ਦੀ ਤੜਫਾਹਟ, ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ ਮਾਂ ਦੀ ਖਿਝ ਅਤੇ ਅਸਲਮ ਦੀ ਕੀਤੀ ਸਮਾਜਕ ਵਿਆਖਿਆ ਸਮਝ ਆਉਣ ਲੱਗਦੀ ਹੈ। ਅਸਲਮ ਪੱਤਰਕਾਰੀ ਕਰਦਾ ਹੈ। ਮੁਸਲਿਮ ਕੁੜੀਆਂ ਦੀ ਪੜ੍ਹਾਈ ਬਾਰੇ ਲਿਖੇ ਲੇਖ ਕਾਰਨ ਉਹ ਮੁਲਾਣਿਆਂ ਦੀ ਨਿਗ੍ਹਾ ਚੜ੍ਹ ਜਾਂਦਾ ਹੈ ਜਿਥੋਂ ਉਸ ਨੂੰ ਸਲੀਮ ਆਪਣੀ ਹਿੰਮਤ ਨਾਲ ਬਚਾ ਲੈਂਦਾ ਹੈ।
ਇਹ ਫਿਲਮ ਉਨ੍ਹਾਂ ਜਾਗਰੂਕ ਮਨੁੱਖਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਵੀ ਹੈ ਜਿਨ੍ਹਾਂ ਦੀ ਲੜਾਈ ਕਿਸੇ ਓਪਰੇ ਦੁਸ਼ਮਣ ਦੀ ਥਾਂ ਆਪਣਿਆਂ ਦੀ ਜੜ੍ਹਤਾ, ਮੂੜ੍ਹਮੱਤ ਅਤੇ ਨਾ-ਅਹਿਲੀਅਤ ਖਿਲਾਫ ਹੈ। ਅਸਲਮ ਇਹ ਲੜਾਈ ਤਰਕ ਅਤੇ ਸੰਵਾਦ ਨਾਲ ਲੜਦਾ ਹੈ। ਸਲੀਮ ਲਈ ਅਸਲਮ ਅੱਗੇ ਆਪਣੇ-ਆਪ ਨੂੰ ਸਾਬਤ ਕਰਨ ਦੀ ਵੰਗਾਰ ਹੈ। ਸਲੀਮ ਨੂੰ ਇਸ ਵਿਚ ਆਪਣਾ ਸਰੀਰ ਹਾਰਨਾ ਪੈਂਦਾ ਹੈ, ਪਰ ਫਿਲਮ ਨਾਬਰੀ ਦੀਆਂ ਸ਼ਾਨਦਾਰ ਪ੍ਰੰਪਰਾਵਾਂ ਦੀ ਜਿੱਤ ਦਰਜ ਕਰਦੀ ਹੈ। ਇੱਕ ਇੰਟਰਵਿਊ ਵਿਚ ਸਈਦ ਅਖਤਰ ਮਿਰਜ਼ਾ ਸਿਨੇਮਾ ਕਹਾਣੀਆਂ ਚੁਣਨ ਨੂੰ ਦੇਖਣ ਵਾਲੇ ਦੀ ਅੱਖ ‘ਤੇ ਛੱਡਦਾ ਹੈ। ਉਸ ਅਨੁਸਾਰ- “ਤੁਸੀਂ ਰੋਜ਼ ਸੜਕਾਂ ‘ਤੇ, ਗਲੀਆਂ ਤੇ ਘਰਾਂ ਵਿਚ ਲੋਕਾਂ ਨੂੰ ਨੀਝ ਲਾ ਕੇ ਦੇਖੋæææ ਤੁਹਾਨੂੰ ਉਨ੍ਹਾਂ ਦੀ ਹਾਲਤ ‘ਤੇ ਜ਼ਰੂਰ ਗੁੱਸਾ ਆਏਗਾ, ਰੰਜ਼ ਹੋਏਗਾ। ਬੱਸ ਫਿਲਮਸਾਜ਼ ਨੇ ਇਹੀ ਗੁੱਸਾ, ਇਹੀ ਰੰਜ਼ ਪਰਦੇ ‘ਤੇ ਦਿਖਾਉਣਾ ਹੁੰਦਾ ਹੈ। ਗੁੱਸਾ ਆਉਣਾ ਹੀ ਤਾਂ ਸਭ ਤੋਂ ਵੱਧ ਜ਼ਰੂਰੀ ਹੈ।”