ਐੱਸ ਅਸ਼ੋਕ ਭੌਰਾ
ਚੰਗੇ ਗੀਤ ਸੰਗੀਤ ਦੀ ਦੁਨੀਆਂ ਵਿਚ ਜਦੋਂ ਮਨੁੱਖ ਉਤਰਦਾ ਹੈ ਤਾਂ ਸਿਰ ਤੋਂ ਪੈਰਾਂ ਤੱਕ ਰਿਸ਼ਟ ਪੁਸ਼ਟ ਹੋ ਜਾਂਦਾ ਹੈ। ਇਸ ਲਈ ਦੁਨੀਆਂ ਵਿਚ ਕੋਈ ਅਜਿਹਾ ਮਨੁੱਖ ਨਹੀਂ ਜਿਸ ਨੂੰ ਸੰਗੀਤ ਨਾਲ ਪਿਆਰ ਨਹੀਂ। ਜੇਕਰ ਕੋਈ ਹੋਵੇਗਾ ਤਾਂ ਉਸ ਦੀ ਬਿਰਤੀ ਮਨੁੱਖਾਂ ਵਾਲੀ ਨਹੀਂ ਹੋਵੇਗੀ।
ਸਫਰ ਚਾਹੇ ਕਲਾ ਦਾ ਹੋਵੇ, ਚਾਹੇ ਜ਼ਿੰਦਗੀ ਦਾ ਤੈਅ ਤਾਂ ਤੁਸੀਂ ਆਪ ਹੀ ਕਰਨਾ ਹੁੰਦਾ ਹੈ। ਪਰ ਜਿਹੜੇ ਰਾਹ ਬਣਾ ਕੇ ਦੇਣ ਉਨ੍ਹਾਂ ਨੂੰ ਜੇ ਕਦੇ ਸਲਾਮ ਨਹੀਂ ਕਰ ਸਕਦੇ ਤਾਂ ਉਨ੍ਹਾਂ ਦੇ ਹੁੱਝ ਵੀ ਨਹੀਂ ਮਾਰਨੀ ਚਾਹੀਦੀ। ਮੈਂ ਯਤਨ ਉਵੇਂ ਕਰਨ ਲੱਗਾ ਹਾਂ ਜਿਵੇਂ ਸਿਆਣੀ ਔਰਤ ਰੋ ਕੇ ਹਟਣ ਤੋਂ ਬਾਅਦ ਹੋਰ ਸਿਆਣੀ ਲੱਗਣ ਲੱਗ ਪੈਂਦੀ ਹੈ।
ਪੰਜਾਬੀ ਗਾਇਕੀ ਦੇ ਪਿਛਲੇ ਦੋ ਦਹਾਕਿਆਂ ਵਿਚ ਮਨਮੋਹਨ ਵਾਰਿਸ ਦਾ ਨਾਂ ਪਿਆਰ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਇਸ ਕਰਕੇ ਵੀ ਕਿ ਉਹ ਸੁਨੱਖਾ ਹੈ, ਸੁਰੀਲਾ ਹੈ ਅਤੇ ਚੰਗਾ ਗਾਇਕ ਹੈ। ਉਹਨੇ ਹਾਲੇ ਤੱਕ ਕੁਝ ਵੀ ਅਜਿਹਾ ਨਹੀਂ ਗਾਇਆ ਜਿਸ Ḕਤੇ ਕੋਈ ਇਤਰਾਜ਼ ਉਠਿਆ ਹੋਵੇ। ਪਰ ਉਸ ਦਾ ਮੇਰੇ ਨਾਲ ਰਿਸ਼ਤਾ ਕਿਤੇ ਕਿਤੇ ਉਵੇਂ ਬਣਦਾ ਰਿਹਾ ਹੈ ਜਿਵੇਂ ਚਾਟੀ ਦਾ ਮਧਾਣੀ ਨਾਲ ਜਾਂ ਫਿਰ ਢੋਲਕੀ ਦਾ ਵਾਜੇ ਨਾਲ। ਇਸ ਕਰਕੇ ਇਹ ਕਹਾਣੀ ਥੋੜੀ ਥੋੜੀ ਦਿਲਚਸਪ ਵੀ ਲੱਗੇਗੀ ਤੇ ਕਿਤੇ ਕਿਤੇ ਕੁੜੱਤਣ ਵਾਲੀ ਵੀ।
ਗੱਲ 1993 ਦੀ ਹੈ। ਮੈਂ ਮਾਹਿਲ ਗਹਿਲਾਂ ਦੇ ਜਿਸ ਸਕੂਲ ਵਿਚ ਪੜ੍ਹਦਾ ਰਿਹਾ ਹਾਂ ਉਥੇ ਮੁੱਖ ਅਧਿਆਪਕ ਸ਼ ਗੁਰਮੇਲ ਸਿੰਘ ਦੀ ਸੇਵਾ ਮੁਕਤੀ ‘ਤੇ ਵਿਸ਼ੇਸ਼ ਸਮਾਗਮ ਹੋ ਰਿਹਾ ਸੀ। ਮਾਹਿਲਪੁਰ ਸਕੂਲ ਤੋਂ ਇਕ ਅਧਿਆਪਕ ਵਰਿੰਦਰ ਸਿੰਘ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੇਰੇ ਨਾਲ ਇਕ ਹੱਲੂਵਾਲ ਦਾ ਮੁੰਡਾ ਹੈ ਜਿਸ ਨੂੰ ਮੈਂ ਤੁਹਾਨੂੰ ਮਿਲਾਉਣਾ ਚਾਹੁੰਦਾ ਹਾਂ। ਮੇਰੇ ਕਿਉਂ ਕਹਿਣ ਤੋਂ ਪਹਿਲਾਂ ਹੀ ਉਹ ਬੋਲਿਆ, Ḕਇਹ ਗਾਉਂਦਾ ਹੈ ਤੇ ਵੈਨਕੂਵਰ ਤੋਂ ਆਇਆ ਹੈ।Ḕ ਉਸ ਨੇ ਮੈਨੂੰ ਇਕ ਟੇਪ ਦਿੱਤੀ। ਮੈਂ ਉਸ ਮੁੰਡੇ ਨੂੰ ਮਿਲਿਆ ਤੇ Ḕਕੁਝ ਕਰਾਂਗੇḔ ਕਹਿ ਕੇ ਉਸ ਨੂੰ ਤੋਰ ਦਿੱਤਾ। ਇਹ ਉਹੀ ਮੁੰਡਾ ਸੀ ਜਿਸ ਨੂੰ ਤੁਸੀਂ ਹੁਣ ਮਨਮੋਹਨ ਵਾਰਿਸ ਦੇ ਨਾਂ ਨਾਲ ਜਾਣਦੇ ਹੋ। ਕਈ ਦਿਨ ਗੁਜ਼ਰ ਗਏ। ਅਚਾਨਕ ਇਕ ਦਿਨ ਮੇਰੇ ਵੱਡੇ ਭਤੀਜੇ ਨੇ ਕਿਤੇ ਮੇਰੇ ਸਕੂਟਰ ਦੀ ਡਿੱਗੀ ਵਿਚੋਂ ਉਹ ਟੇਪ ਕੱਢ ਕੇ ਚਲਾਈ ਤਾਂ ਮੇਰੇ ਕੰਨ ਇਕ ਦਮ ਖੜ੍ਹੇ ਹੋ ਗਏ। ਗੀਤ ਦੇ ਬੋਲ ਸਨ,
ਸਮਝਿਆ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ,
ਛੱਡ ਪਰ੍ਹੇ ਹੁਣ ਭਰਨਾ ਨਹੀਂ ਰਿਸ਼ਤੇ ਵਿਚ ਆਈਆਂ ਤੇੜਾਂ ਨੂੰ,
ਸੰਭਲੇ ਦਿਲ ਨੂੰ ਮੇਲ ਤੇਰੇ ਦਾ ਝੂਠਾ ਲਾਰਾ ਕਿਉਂ ਦਈਏ,
ਗੈਰਾਂ ਨਾਲ ਪੀਂਘਾਂ ਝੂਟਦੀਏ ਤੈਨੂੰ ਅਸੀਂ ਹੁਲਾਰਾ ਕਿਉਂ ਦਈਏ।
ਗੀਤ ਦੇ ਬੋਲ ਅਤੇ ਆਵਾਜ਼ ਮਨ ਮੋਹ ਲੈਣ ਵਾਲੇ ਸਨ। ਇਥੋਂ ਹੀ ਮਨਮੋਹਨ ਵਾਰਿਸ ਨਾਲ ਮੇਰਾ ਪਿਆਰ ਸ਼ੁਰੂ ਹੋਇਆ। ਫਿਰ ਮੈਨੂੰ ਮਨਮੋਹਨ ਵਾਰਿਸ ਮਾਹਿਲਪੁਰ ਟੱਕਰਿਆ। ਅਚਾਨਕ ਹੀ ਏਦਾਂ ਹੋਇਆ ਕਿ ਜਾਗ੍ਰਿਤੀ ਕਲਾ ਕੇਂਦਰ ਔੜ ਦਾ ਮੇਲਾ ਆ ਗਿਆ। ਮੈਂ ਮਨਮੋਹਨ ਨੂੰ ਇਸ ਮੇਲੇ ਲਈ ਸਕੂਟਰ ‘ਤੇ ਬਿਠਾ ਕੇ ਲੈ ਗਿਆ। Ḕਕਿਤੇ ਰੰਗ ਨਾ ਵਟਾ ਲਈ ਕੁੜੀਏḔ ਅਤੇ Ḕਗੈਰਾਂ ਨਾਲ ਪੀਂਘਾਂ ਝੂਟਦੀਏḔ ਗੀਤਾਂ ਨਾਲ ਮਨਮੋਹਨ ਨੇ ਜਿਵੇਂ ਮੇਲੇ ਵਿਚ ਸਿਖਰ ਕਰ ਦਿੱਤੀ ਹੋਵੇ। Ḕਮਿੱਤਰਾਂ ਦੀ ਲੂਣ ਦੀ ਡਲੀḔ ਵਾਲਾ ਕਰਮਜੀਤ ਧੂਰੀ ਮੇਰੇ ਕੰਨ ਵਿਚ ਕਹਿਣ ਲੱਗਾ, Ḕਅਸ਼ੋਕ ਤੂੰ ਹੁਣ ਜੱਸੋਵਾਲ ਵਾਂਗ ਨਵੀਆਂ ਸੁਰਾਂ ਨੂੰ ਪੇਸ਼ ਕਰਨ ਵਿਚ ਵੀ ਨਿੱਤਰੇਂਗਾ।Ḕ
ਉਨ੍ਹਾਂ ਦਿਨਾਂ ਵਿਚ ਮੈਂ ਕੋਟ ਫਤੂਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਸਾਂ। ਪਲਾਜ਼ਮਾ ਦਾ ਹੁਣ ਵਾਲਾ ਐਮ ਡੀ ਦੀਪਕ ਬਾਲੀ ਤੇ ਮਨਮੋਹਨ ਵਾਰਿਸ ਫਿਰ ਇਥੇ ਮੇਰੇ ਕੋਲ ਗੇੜੇ ਮਾਰਨ ਲੱਗ ਪਏ। ਮਨਮੋਹਨ ਵਾਰਿਸ ਆਪਣੀ ਗੱਲ ਇਥੋਂ ਸ਼ੁਰੂ ਕਰਦਾ ਕਿ ਦੇਬੀ ਅਤੇ ਅਸੀਂ ਇਕੱਠੇ ਹਾਂ। ਮੈਂ ਬਹੁਤਾ ਮੈਟਰ ਦੇਬੀ ਦਾ ਹੀ ਗਾਇਆ ਕਰਾਂਗਾ। Ḕਗੈਰਾਂ ਨਾਲ ਪੀਂਘਾਂ ਝੂਟਦੀਏḔ ਐਲਬਮ ਨੂੰ ਮਨਿੰਦਰ ਗਿੱਲ ਨੇ ਰਾਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਸੀ। ਇੱਕ ਦਿਨ ਮਨਮੋਹਨ ਮੇਰੇ ਕੋਲ ਸਕੂਲ ਆਇਆ, ਸਕੂਟਰ ਸਕੂਲੇ ਖੜ੍ਹਾ ਕੀਤਾ ਤੇ ਮਰੂਤੀ ਵੈਨ ਲੈ ਕੇ ਮੈਂ ਉਸ ਨੂੰ ਅਜੀਤ ਅਖਬਾਰ ਦੇ ਦਫਤਰ ਭਾਜੀ ਬਰਜਿੰਦਰ ਸਿੰਘ ਨੂੰ ਮਿਲਾਉਣ ਲੈ ਗਿਆ। ਮੁਹੱਬਤ ਦੀ ਸਿਖਰ ਦੇਖੋ ਮੈਂ ਭਾਜੀ ਨੂੰ ਕਿਹਾ Ḕਭਾਜੀ ਅੱਜ ਸੋਮਵਾਰ ਹੈ ਤੇ ਇਸ ਨੂੰ ਬੁੱਧਵਾਰ ਦੇ ਫਿਲਮ ਅਡੀਸ਼ਨ ਦੇ ਪਿਛਲੇ ਪੰਨੇ ਤੇ ਮੁੱਖ ਰੂਪ ਵਿਚ ਛਾਪਣਾ ਹੈ।Ḕ ਖੈਰ ਚਾਹ ਦਾ ਕੱਪ ਪੀਣ ਤੋਂ ਬਾਅਦ ਮਨਮੋਹਨ ਤਾਂ ਦਫਤਰ ਵਿਚੋਂ ਬਾਹਰ ਆ ਗਿਆ ਪਰ ਭਾਜੀ ਨੇ ਮੈਨੂੰ ਅੰਦਰ ਬੁਲਾ ਕੇ ਕਿਹਾ, Ḕਅਸ਼ੋਕ ਛਾਪ ਵੀ ਬੁੱਧਵਾਰ ਨੂੰ ਦਿਆਂਗੇ, ਪਰ ਏਦਾਂ ਨਾ ਕਰਿਆ ਕਰ ਕਿਉਂਕਿ ਮਨਮੋਹਨ ਨੂੰ ਕੋਈ ਵੀ ਨਹੀਂ ਜਾਣਦਾ ਤੇ ਨਾ ਹੀ ਅਜੇ ਇਸ ਦਾ ਕੋਈ ਗੀਤ ਹਿੱਟ ਹੋਇਆ ਹੈ।Ḕ ਚਲੋ ਮੈਂ ਚੁੱਪ ਰਿਹਾ ਤੇ ਕੁਝ ਨਾ ਬੋਲਿਆ। ਬੁੱਧਵਾਰ ਨੂੰ ਫਿਲਮ ਅੰਕ ਦੇ ਪਿਛਲੇ ਪੰਨੇ ਤੇ ਜਿਹੜਾ ਲੇਖ ਛਪਿਆ ਉਹਦਾ ਸਿਰਲੇਖ ਸੀ Ḕਪੰਜਾਬੀ ਗਾਇਕੀ ਦਾ ਵਾਰਿਸ ਬਣੇਗਾ ਮਨਮੋਹਨ ਵਾਰਿਸḔ ਇਹ ਗੱਲ ਮੈਂ ਮਾਣ ਨਾਲ ਕਹਾਂਗਾ ਕਿ ਮੈਂ ਜੋਤਿਸ਼ੀ ਤਾਂ ਨਹੀਂ ਪਰ ਮੇਰੀ ਭਵਿੱਖ ਵਾਣੀ ਸੱਚ ਨਿਕਲੀ।
ਉਨ੍ਹਾਂ ਦਿਨਾਂ ਵਿਚ ਜਲੰਧਰ ਦੂਰਦਰਸ਼ਨ ਵਿਚ ਗੁਰਦੀਪ ਕੋਲ ਪ੍ਰੋਗਰਾਮ ਸੀ Ḕਇਕ ਲੱਪ ਸੁਰਮੇ ਦੀ।Ḕ ਇਸ ਪ੍ਰੋਗਰਾਮ ਵਿਚ ਗੁਰਦੀਪ ਸਿੰਘ ਨੇ ਮੇਰੇ ਕਹਿਣ ‘ਤੇ ਗੀਤ, “ਨਾਲ ਵਾਰਿਸ ਦੇ ਹੱਲੂਵਾਲ ਉਡ ਚੱਲ ਛੱਡ ਗੋਲੀ ਮਾਰ ਜੱਗ ਨੂੰ, ਤੈਨੂੰ ਰੱਖੂਗਾ ਬਣਾ ਕੇ ਰਾਣੀ ਦਿਲ ਦੀ ਤੇ ਸਾਂਭੂ ਸੰਗਤਾਰ ਜੱਗ ਨੂੰæææ” ਚਲਾ ਦਿਤਾ ਤੇ ਮਨਮੋਹਨ ਵਾਰਿਸ ਨੂੰ ਪਹਿਲੀ ਬਰੇਕ ਮਿਲ ਗਈ। ਮਾਹਿਲਪੁਰ ਨਾਲ ਸ਼ੌਂਕੀ ਮੇਲੇ ਕਰਕੇ ਮੇਰਾ ਰੱਜ ਕੇ ਮੋਹ ਸੀ ਤੇ ਮਾਹਿਲਪੁਰ ਤੋਂ ਚਾਰ ਕਿਲੋਮੀਟਰ ਮਨਮੋਹਨ ਦਾ ਪਿੰਡ ਹੱਲੂਵਾਲ। ਮੈਂ ਉਹਦੇ ਘਰ ਗਿਆ। ਉਹਦੀ ਮਾਤਾ ਨੇ ਮੈਨੂੰ ਕੋਟ ਪੈਂਟ ਲਈ ਕੱਪੜਾ ਤੇ ਪੰਜ ਸੌ ਰੁਪਿਆ ਉਪਰ ਰੱਖ ਕੇ ਦਿੱਤਾ, ਇਹ ਕਹਿ ਕੇ ਕਿ ਪੁੱਤ ਤੂੰ ਮੇਰੇ ਪੁੱਤ ਦਾ ਚਾਅ ਪੂਰਾ ਕੀਤਾ ਹੈ। ਮਨਮੋਹਨ ਵਾਰਿਸ ਨੇ ਉਦਣ ਮੈਨੂੰ ਇਹ ਵੀ ਦੱਸਿਆ ਕਿ ਗੁਰਦੀਪ ਸਿੰਘ ਨੂੰ ਅਸੀਂ ਇਸ ਗੀਤ ਨੂੰ ਚਲਾਉਣ ਦੇ ਧੰਨਵਾਦ ਵਿਚ ਇਕ ਤੋਲੇ ਸੋਨੇ ਦੀ ਮੁੰਦਰੀ ਵੀ ਦਿੱਤੀ ਹੈ।
ਕੈਟਰੈਕ ਕੰਪਨੀ ਦੇ ਗੌਰਵ ਤ੍ਰੇਹਨ ਨੂੰ ਮੈਂ Ḕਗੈਰਾਂ ਨਾਲ ਪੀਂਘਾਂ ਝੂਟਦੀਏḔ ਕੈਸਿਟ ਰਿਲੀਜ਼ ਕਰਨ ਦੀ ਬੇਨਤੀ ਕੀਤੀ। ਪੰਜਾਬੀ ਗਾਇਕੀ ਲਈ ਮਨਮੋਹਨ ਵਾਰਿਸ ਇਥੋਂ ਹੀ ਧੰਨਭਾਗ ਬਣ ਗਿਆ। ਗੱਲ ਇਕ ਹੋਰ ਬੜੀ ਦਿਲਚਸਪ ਹੈ। ਉਸ ਵੇਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ਼ ਦਿਲਬਾਗ ਸਿੰਘ ਸਨ। ਉਨ੍ਹਾਂ ਦਾ ਨਿਜੀ ਸਹਾਇਕ ਪਿੰਡ ਉਸਮਾਨਪੁਰ ਦਾ ਸੀ, ਉਹਦਾ ਵਿਆਹ ਆ ਗਿਆ। ਸਰਦਾਰ ਜੀ ਨੇ ਮੈਨੂੰ ਕਿਹਾ ਅਸ਼ੋਕ, ਇਸ ਮੁੰਡੇ ਦੇ ਵਿਆਹ ‘ਤੇ ਕੁਝ ਰੌਣਕਾਂ ਲਾ ਦੇ, ਮੈਨੂੰ ਉਨ੍ਹਾਂ ਤੋਂ ਕਹਾਇਆ ਉਸ ਵਿਆਹੁੰਦੜ ਨੇ ਹੀ ਸੀ। ਮੈਂ ਰਣਜੀਤ ਮਣੀ ਨੂੰ ਵਗਾਰ ਪਾਈ ਜੋ ਉਦੋਂ Ḕਚੰਨਾ ਪਾਸਪੋਰਟ ਬਣਾ ਲਿਆḔ ਨਾਲ ਸੁਪਰ ਹਿੱਟ ਸੀ। ਮਨਮੋਹਨ ਨੂੰ ਮੈਂ ਮਾਹਿਲਪੁਰੋਂ ਗੱਡੀ ਵਿਚ ਲੈਣ ਗਿਆ। ਇਸ ਕਰਕੇ ਕਿ ਇਸ ਵਿਆਹ Ḕਚ ਇਸ ਦੀ ਵੀ ਹਾਜ਼ਰੀ ਲੁਆ ਦਿਆਂਗੇ। ਮੈਨੂੰ ਯਾਦ ਹੈ, ਮਨਮੋਹਨ ਨੇ ਨਵਾਂ ਬਜਾਜ ਚੇਤਕ ਸਕੂਟਰ ਵੀ ਉਸੇ ਦਿਨ ਹੀ ਲਿਆ ਸੀ ਤੇ ਖੜ੍ਹਾ ਵੀ ਜੇਜੋਂ ਵਾਲੇ ਅੱਡੇ Ḕਚ ਇਕ ਬੇਕਰੀ ਦੀ ਦੁਕਾਨ ਮੋਹਰੇ ਕੀਤਾ ਤੇ ਉਥੋਂ ਮੇਰੇ ਨਾਲ ਬਹਿ ਕੇ ਉਸਮਾਨਪੁਰ ਪੁੱਜਿਆ। ਪਿੰਡ ਦੇ ਐਨ ਵਿਚਕਾਰ ਬੋਹੜ ਥੱਲੇ ਅਖਾੜਾ ਲੱਗਿਆ। ਰਣਜੀਤ ਮਣੀ ਟਾਈਮ ਨਾ ਦੇਵੇ। ਜਦੋਂ ਅਖੀਰ ਵਿਚ ਟਾਈਮ ਦਿੱਤਾ ਤਾਂ ਸੱਚ ਮੰਨਿਓ! ਮਨਮੋਹਨ ਨੇ ਦੱਸ ਦਿੱਤਾ ਕਿ ਗਾਇਕੀ Ḕਚ ਸਿਰਫ ਕੁਝ ਨਹੀਂ ਬਹੁਤ ਕੁਝ ਨਵਾਂ ਹੋਣ ਲੱਗਾ ਹੈ। Ḕਰਾਂਝਣਾਂ ਨੂਰਮਹਿਲ ਦੀ ਮੋਰੀḔ ਗਾ ਕੇ ਉਹਨੇ ਮੇਰੀ ਤੇ ਸ਼ੌਂਕੀ ਮੇਲੇ ਦੀ ਹਾਜ਼ਰੀ ਪ੍ਰਵਾਨ ਕਰਾ ਦਿੱਤੀ। ਮੈਨੂੰ ਇਹ ਦੱਸਣ ਵਿਚ ਝਿਜਕ ਨਹੀਂ ਕਿ ਵਿਆਹ ਵਾਲੇ ਮੁੰਡੇ ਨੇ ਮੇਰੀ ਗੱਡੀ ਵਿਚ ਧੱਕੇ ਨਾਲ Ḕਅਰਿਸਟੋਕਰੈਟ ਪ੍ਰੀਮੀਅਮḔ ਦੀ ਬੋਤਲ ਵੀ ਰੱਖੀ ਸੀ।
ਫਿਰ ਮਨਮੋਹਨ ਵਾਰਿਸ ਵਾਪਿਸ ਕੈਨੇਡਾ ਚਲਿਆ ਗਿਆ ਇਹ ਕਹਿ ਕੇ ਕਿ ਹੁਣ ਮਾਹਿਲਪੁਰ ਸ਼ੌਂਕੀ ਮੇਲੇ ‘ਤੇ ਹਾਜ਼ਰ ਹੋਵਾਂਗਾ। ਉਹ ਆ ਵੀ ਜਨਵਰੀ ਦੇ ਪਹਿਲੇ ਹਫਤੇ ਹੀ ਗਿਆ ਤੇ ਆਉਂਦੇ ਨੇ ਮੈਨੂੰ ਦੋ ਤਿੰਨ ਚਾਦਰੇ ਕੁੜਤੇ ਸਿਲਾਏ ਹੋਏ ਦਿਖਾਏ ਜਿਨ੍ਹਾਂ ਵਿਚੋਂ ਮੈਂ ਅਸਮਾਨੀ ਰੰਗ ਦਾ ਚਾਦਰਾ ਕੁੜਤਾ ਸ਼ੌਂਕੀ ਮੇਲੇ Ḕਤੇ ਪਾ ਕੇ ਗਾਉਣ ਲਈ ਚੋਣ ਕੀਤੀ। ਮੇਲਾ 28 ਤੇ 29 ਜਨਵਰੀ ਨੂੰ ਹੋਣਾ ਸੀ, 20 ਜਨਵਰੀ ਨੂੰ ਸੁਨੇਹਾ ਮਿਲਿਆ ਕਿ ਕੈਨੇਡਾ ਦੇ ਇਕ ਪ੍ਰੋਮੋਟਰ ਦਾ ਭਰਾ ਮੇਲੇ ਵਾਸਤੇ 20,000 ਰੁਪਿਆ ਦੇਣਾ ਚਾਹੁੰਦਾ ਹੈ। ਭਾਵੇਂ ਉਹ ਇਨਸਾਨ ਇਸ ਦੁਨੀਆਂ ‘ਤੇ ਨਹੀਂ ਰਿਹਾ ਪਰ ਉਸ ਦਾ ਜ਼ਿਕਰ ਮੈਂ ਇਸ ਕਰਕੇ ਵੀ ਕਰਨਾ ਚਾਹਾਂਗਾ ਕਿ ਪੰਜਾਬੀ ਗਾਇਕੀ ਦੇ ਈਰਖਾਵਾਦ ਦੀ ਘਟਨਾ ਇਹਦੇ ਵਿਚੋਂ ਹੀ ਨਿਕਲਦੀ ਹੈ। ਬਾਹਰ ਲੈ ਜਾਣ ਦੇ ਚੱਕਰ ਵਿਚੋਂ ਕੁਝ ਗਾਇਕਾਂ ਦੀ ਸ਼ੂਟਿੰਗ ਹੁਸ਼ਿਆਰਪੁਰ ਇਲਾਕੇ ਵਿਚ ਕਰ ਰਹੇ ਸਨ। ਉਸ ਨੂੰ ਮਿਲਣ ਲਈ ਮੈਂ ਹੁਸ਼ਿਆਰਪੁਰ ਦੇ ਇਕ ਹੋਟਲ ਵਿਚ ਗਿਆ ਜਿਥੇ ਉਹ ਠਹਿਰਿਆ ਹੋਇਆ ਸੀ। ਪੈਂਦੀ ਸੱਟੇ ਉਹ ਕਹਿਣ ਲੱਗਾ ਕਿ ਅਸੀਂ ਮੇਲੇ ਨੂੰ ਵੀਹ ਹਜ਼ਾਰ ਰੁਪਿਆ ਦੇਣਾ ਚਾਹੁੰਦੇ ਹਾਂ। ਮੈਂ ਧੰਨਵਾਦ ਕੀਤਾ ਤਾਂ ਉਹ ਕਹਿਣ ਲੱਗਾ, Ḕਸਾਡੀ ਇਕ ਸ਼ਰਤ ਹੈ।Ḕ ਮਨ ਵਿਚ ਮੈਂ ਸੋਚਿਆ ਕਿ ਸ਼ਾਇਦ ਇਹ ਕੋਈ ਵੀਡੀਓ ਫਿਲਮ ਬਣਾਉਣ ਲਈ ਕਹੇਗਾ। ਪਰ ਉਹਦੀ ਮੰਗ ਬੜੀ ਕਸੂਤੀ ਸੀ। ਇਹ ਗੱਲ 1994 ਦੇ ਸ਼ੌਂਕੀ ਮੇਲੇ ਦੀ ਹੈ। ਉਹ ਬੋਲਿਆ, Ḕਹਰਭਜਨ ਮਾਨ ਮੇਲੇ ਵਿਚ ਆ ਰਿਹਾ ਹੈ, ਉਸ ਨੂੰ ਉਦੋਂ ਟਾਈਮ ਦੇਣਾ ਜਦੋਂ ਖਾਲੀ ਕੁਰਸੀਆਂ ਰਹਿ ਜਾਣ, ਮਨਮੋਹਨ ਵਾਰਿਸ ਨੂੰ ਉਦੋਂ ਜਦੋਂ ਮੇਲੇ ਦੀ ਸਿਖਰ ਹੋਵੇ।Ḕ ਇਥੇ ਜ਼ਿਕਰਯੋਗ ਹੈ ਕਿ Ḕਜੱਗ ਜਿਊਂਦਿਆਂ ਦੇ ਮੇਲੇḔ ਨਾਲ ਹਰਭਜਨ ਮਾਨ ਉਨ੍ਹੀਂ ਦਿਨੀਂ ਸਿਖਰ ‘ਤੇ ਸੀ। ਜੋ ਉਤਰ ਮੈਂ ਉਸ ਨੂੰ ਦਿੱਤਾ, ਇੰਨ-ਬਿੰਨ ਉਸ ਦੀ ਇਬਾਰਤ ਦੱਸਣ ਲੱਗਾ ਹਾਂ, Ḕਹਰਭਜਨ ਮਾਨ ਨੇ ਮੇਰੀ ਬੇਨਤੀ ‘ਤੇ ਆਪਣੇ ਪੂਰੇ ਸੰਗੀਤ ਗਰੁਪ ਨਾਲ ਪਿੰਡ ਖੇਮੂਆਣੇ ਤੋਂ ਪਹੁੰਚਣਾ ਹੈ ਜਿਸ ਬਦਲੇ ਉਸ ਨੂੰ ਇਕ ਧੇਲਾ ਵੀ ਨਹੀਂ ਦੇ ਰਿਹਾ, ਮੈਂ ਹਰਭਜਨ ਨਾਲ ਧੋਖਾ ਨਹੀਂ ਕਰ ਸਕਦਾ ਤੇ ਮੈਨੂੰ ਤੁਹਾਡਾ ਵੀਹ ਹਜ਼ਾਰ ਰੁਪਿਆ ਨਹੀਂ ਚਾਹੀਦਾ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਹਰਭਜਨ ਮਾਨ ਦੇ ਗਾਉਣ ਤੋਂ ਪਹਿਲਾਂ ਮਨਮੋਹਨ ਵਾਰਿਸ ਨੂੰ ਟਾਈਮ ਦਿਆਂਗਾ, ਕਿਉਂਕਿ ਮੈਂ ਵੀ ਥੋਡੇ ਨਾਲੋਂ ਵੱਧ ਮਨਮੋਹਨ ਨੂੰ ਪਿਆਰ ਕਰਦਾ ਹਾਂ।Ḕ ਇਹ ਉਹੀ ਮੇਲਾ ਸੀ ਜਿਸ ਵਿਚ ਮੰਚ ਸੰਚਾਲਕਾ ਵਜੋਂ ਆਸ਼ਾ ਸ਼ਰਮਾ ਨੇ ਪਹਿਲੀ ਹਾਜ਼ਰੀ ਦੇਣੀ ਸੀ। ਸਾਰਾ ਕੁਝ ਸੁੱਖੀਂ ਸਾਂਦੀ ਨਿੱਬੜ ਗਿਆ। ਇਸੇ ਸਾਲ ਹੀ ਦੇਬੀ ਨੇ ਪਹਿਲੀ ਹਾਜ਼ਰੀ ਭਰੀ, ਮਨਮੋਹਨ ਵਾਰਿਸ ਨੇ ਵੀ, ਜੈਜ਼ੀ ਬੈਂਸ, ਕਮਲਜੀਤ ਨੀਰੂ ਤੇ ਹਰਭਜਨ ਨੇ ਵੀ। ਸੰਗੀਤ ਸਮਰਾਟ ਚਰਨਜੀਤ ਆਹੂਜਾ ਦਿੱਲੀ ਤੋਂ ਆਇਆ ਸੀ। ਇਸ ਮੇਲੇ ਦੀ ਇਕ ਘੰਟੇ ਦੀ ਰਿਪੋਰਟ ਜਲੰਧਰ ਦੂਰਦਰਸ਼ਨ ਨੇ ਉਚੇਚੇ ਤੌਰ ‘ਤੇ ਰਿਕਾਰਡ ਕਰਕੇ ਦਿਖਾਈ। ਇਤਫਾਕ ਇਹ ਸੀ ਕਿ ਇਸੇ ਵਰ੍ਹੇ ਹੀ ਵੀਹ ਫਰਵਰੀ ਨੂੰ ਮੇਰੇ ਪਿੰਡ ਗਾਇਕਾਂ ਨੇ ਮੇਰਾ ਮਾਰੂਤੀ ਕਾਰ ਨਾਲ ਸਨਮਾਨ ਕਰਨਾ ਸੀ। ਹਰਭਜਨ ਵੀ ਆਇਆ, ਸਰਦੂਲ ਵੀ ਤੇ ਗੁਰਸੇਵਕ ਵੀ। ਪਰਮਿੰਦਰ ਸੰਧੂ ਵੀ ਆਈ ਪਰ ਮਨਮੋਹਨ ਵਾਰਿਸ ਨਾ ਆਇਆ। ਮੈਨੂੰ ਰੰਜ ਸੀ ਕਿ ਜਿਸ ਮਨਮੋਹਨ ਨੂੰ ਮੈਂ ਬਿੱਲੀ ਦੇ ਬਲੂੰਗੜੇ ਵਾਂਗ ਹਿੱਕ ਨਾਲ ਲਾ ਕੇ ਥਾਂ ਥਾਂ ਘੁੰਮਦਾ ਰਿਹਾ, ਉਹ ਕਿਉਂ ਨਹੀਂ ਆਇਆ? ਦੂਰਦਰਸ਼ਨ ਤੋਂ ਆਏ ਦੋ ਮੁਲਾਜ਼ਮਾਂ ਨੇ, ਜੋ ਮਨਮੋਹਨ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸਨ, ਨਾਰਾਜ਼ਗੀ ਦੀ ਗੱਲ ਮੇਰੇ ਕੰਨ ਵਿਚ ਦੱਸੀ ਕਿ ਤੁਸੀਂ ਉਸ ਨੂੰ ਦੂਜਾ ਗੀਤ ਗਾਉਣ ਵੇਲੇ ਅੱਧ ਵਿਚੋਂ ਰੋਕ ਦਿੱਤਾ ਸੀ।
ਇਸ ਗੱਲ ਨੂੰ ਜੁੱਗੜੇ ਬੀਤ ਗਏ ਨੇ ਪਰ ਸੱਚ ਇਹ ਹੈ ਕਿ ਮੈਨੂੰ ਏਦਾਂ ਦਾ ਕੋਈ ਇਲਮ ਨਹੀਂ ਸੀ ਤੇ ਨਾ ਹੀ ਮੈਂ ਉਸ ਨੂੰ ਰੋਕਿਆ ਸੀ। ਕਿਉਂਕਿ ਗਾਇਕ ਬਹੁਤੇ ਸਨ, ਇਸ ਕਰਕੇ ਆਸ਼ਾ ਸ਼ਰਮਾ ਨੇ ਸ਼ਾਇਦ ਦੂਜਾ ਗੀਤ ਗਾਉਣ ਤੋਂ ਰੋਕ ਦਿੱਤਾ ਹੋਵੇ। ਇਥੋਂ ਹੀ ਸਾਡੇ ਦੋਵਾਂ ਵਿਚ ਇਕ ਨਾਰਾਜ਼ਗੀ ਦਾ ਘੁੱਗੂ ਘੂੰ ਘੂੰ ਕਰਨ ਲੱਗ ਪਿਆ ਸੀ।
ਫਿਰ ਮਨਮੋਹਨ ਵਾਰਿਸ ਮੈਥੋਂ ਦੂਰੀ ਬਣਾ ਕੇ ਰੱਖਣ ਲੱਗ ਪਿਆ। ਮੇਲੇ ਵਿਚ ਨਾਰਾਜ਼ਗੀਆਂ ਉਠਣ ਲੱਗ ਪਈਆਂ। ਸ਼ੌਂਕੀ ਦਾ ਪਰਿਵਾਰ ਅਗਲੇ ਮੇਲੇ ਵਿਚ ਨੱਕੋ ਨੱਕ ਵਿਰੋਧ ਵਿਚ ਖੜਾ ਹੋ ਗਿਆ। ਦੂਜਾ ਮੇਲਾ ਲੱਗਣ ਦਾ ਐਲਾਨ ਹੋ ਗਿਆ। ਜਿਸ ਆਸ਼ਾ ਸ਼ਰਮਾ ਨੂੰ ਮੈਂ ਲੱਭ ਕੇ ਲਿਆਇਆ ਸੀ, ਖੌਰੇ ਕਿਉਂ ਉਹਨੇ ਵੀ ਦੂਸਰੇ ਪਾਸੇ ਹੀ ਜਾਣਾ ਠੀਕ ਸਮਝਿਆ ਹੋਵੇਗਾ। ਫਿਰ ਅਸੀਂ ਕੁਝ ਵਰ੍ਹਿਆਂ ਤੱਕ ਚੁੱਪ ਚਾਪ ਰਹੇ। ਅਚਾਨਕ ਕਮਲ ਹੀਰ ਮੈਨੂੰ ਘਰ ਮਨਮੋਹਨ ਦੇ ਵਿਆਹ ਦਾ ਕਾਰਡ ਦੇਣ ਆਇਆ। ਉਸ ਦਿਨ ਮੈਨੂੰ ਪਤਾ ਲੱਗਾ ਸੀ ਕਿ ਮਨਮੋਹਨ ਢਾਡੀ ਅਮਰ ਸਿੰਘ ਸ਼ੌਂਕੀ ਦੇ ਪਿੰਡ ਗੜ੍ਹਸ਼ੰਕਰ ਲਾਗੇ ਭੱਜਲਾਂ ਵਿਚ ਵਿਆਹਿਆ ਜਾਵੇਗਾ। ਖੈਰ! ਮੈਂ ਵਿਆਹ Ḕਤੇ ਤਾਂ ਨਹੀਂ ਜਾ ਸਕਿਆ ਪਰ ਜਲੰਧਰ ਦੇ ਇਕ ਪੈਲੇਸ ਵਿਚ ਉਸ ਦੀ ਰਿਸੈਪਸ਼ਨ ਪਾਰਟੀ ‘ਤੇ ਜ਼ਰੂਰ ਪਹੁੰਚਿਆ। ਚੰਡੀਗੜ੍ਹੀਆ ਗਿੱਲ ਹਰਦੀਪ ਗਾ ਰਿਹਾ ਸੀ, ਮੈਂ ਹੰਸ ਰਾਜ ਹੰਸ ਤੇ ਭਾਜੀ ਬਰਜਿੰਦਰ ਸਿੰਘ ਪਹਿਲੀ ਕਤਾਰ ਵਿਚ ਬੈਠੇ ਸਾਂ। ਹੰਸ ਵੀ ਉਨ੍ਹਾਂ ਦਿਨਾਂ ਵਿਚ ਕੁਝ ਕਾਰਨਾਂ ਕਰਕੇ ਮੇਰੇ ਨਾਲ ਨਾਰਾਜ਼ ਸੀ। ਉਹ ਗਿੱਲ ਹਰਦੀਪ ਨੂੰ ਕੁਝ ਪੈਸੇ ਦੇਣ ਗਿਆ ਤੇ ਉਹਦੀ ਜੇਬ ਵਿਚੋਂ ਪੰਜ ਹਜ਼ਾਰ ਦੀ ਦੱਥੀ ਹੇਠਾਂ ਡਿੱਗ ਪਈ। ਮੈਂ ਚੁੱਕ ਕੇ ਉਹਨੂੰ ਫੜਾਈ ਤਾਂ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਮੈਨੂੰ ਯਾਦ ਹੈ, ਹੰਸ ਕਹਿਣ ਲੱਗਾ, Ḕਆਪਣੀ ਨਾਰਾਜ਼ਗੀ ਹੈ ਪਰ ਟੁੱਟੀ ਨਹੀਂ!Ḕ
ਫਿਰ ਕਈ ਵਰ੍ਹਿਆਂ ਬਾਅਦ ਮਨਮੋਹਨ ਮੇਰੇ ਭਾਣਜੇ ਦੀ ਲੋਹੜੀ ‘ਤੇ ਪਿੰਡ ਲੰਗੜੋਏ ਆਇਆ। ਉਹ ਸਾਡੇ ਵਿਆਹ ਦੀ ਵੀਹਵੀਂ ਵਰ੍ਹੇਗੰਢ ‘ਤੇ ਮੇਰੇ ਪਿੰਡ ਭੌਰੇ ਅੱਧੀ ਰਾਤ ਤੱਕ ਹਾਜ਼ਰ ਰਿਹਾ ਅਤੇ ਵਿਹੜੇ ਵਿਚ ਬੈਠ ਕੇ ਹਾਰਮੋਨੀਅਮ Ḕਤੇ ਗਾਉਂਦਾ ਰਿਹਾ।
ਅਮਰੀਕਾ ਆ ਕੇ ਜਦੋਂ ਮੈਂ ਵੈਨਕੂਵਰ ਗਿਆ ਤਾਂ ਉਸੇ ਹੀ ਮਾਂ ਨਾਲ ਅਤੇ ਮਨਮੋਹਨ ਵਾਰਿਸ ਦੇ ਪਰਿਵਾਰ ਨਾਲ ਬੈਠ ਕੇ ਉਸੇ ਮੁਹੱਬਤ ਨਾਲ ਖਾਣਾ ਖਾਧਾ। ਉਹ ਮੈਨੂੰ ਟੋਰਾਂਟੋ ਜਾਣ ਲਈ ਏਅਰਪੋਰਟ ‘ਤੇ ਛੱਡਣ ਵੀ ਆਇਆ। ਪਰ ਉਸ ਤੋਂ ਬਾਅਦ ਖੌਰੇ ਪਤਾ ਨਹੀਂ ਕੀ ਹੋਇਆ ਕਿ ਦੋ ਹਜ਼ਾਰ ਬਾਰਾਂ ਵਿਚ ਕੁਲਦੀਪ ਮਾਣਕ ਦੀ ਮੌਤ ਤੋਂ ਬਾਅਦ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਚ ਨਾਜਰ ਸਹੋਤਾ ਨੇ ਮੇਲੇ ਦੇ ਰੂਪ ਵਿਚ ਉਹਦੇ Ḕਪੰਜਾਬੀ ਵਿਰਸੇḔ ਦੀ ਸ਼ੂਟਿੰਗ ਵੇਲੇ ਮੈਨੂੰ ਇਸ ਕਰਕੇ ਬੁਲਾਇਆ ਕਿ ਇਹ ਮੇਲਾ ਕੁਲਦੀਪ ਮਾਣਕ ਨੂੰ ਸਮਰਪਿਤ ਕੀਤਾ ਗਿਆ ਸੀ ਅਤੇ ਮੇਰੀ ਤੇ ਕੁਲਦੀਪ ਮਾਣਕ ਦੀ ਯਾਰੀ ਜੱਗ ਜ਼ਾਹਰ ਸੀ। ਸਟੇਜ ‘ਤੇ ਬੁਲਾ ਕੇ ਤਿੰਨਾ ਭਰਾਵਾਂ-ਮਨਮੋਹਨ, ਸੰਗਤਾਰ ਤੇ ਕਮਲ ਹੀਰ ਦੇ ਹੱਥੋਂ ਮੇਰਾ ਸਨਮਾਨ ਵੀ ਕਰਵਾਇਆ ਪਰ ਮੈਨੂੰ ਦੁੱਖ ਇਸ ਗੱਲ ਦਾ ਸੀ ਕਿ ਜਿਸ ਮਨਮੋਹਨ ਨਾਲ ਮੈਂ ਆਪਣੇ ਵਲੋਂ ਸ਼ਾਇਦ ਇਕ ਵੀ ਵਧੀਕੀ ਨਹੀਂ ਕੀਤੀ, ਉਸ ਨੇ ਤਾਂ ਕੀ ਉਸ ਦੇ ਦੋ ਭਰਾਵਾਂ ਨੇ ਵੀ ਆਪਣੀ ਜ਼ੁਬਾਨ ਤੋਂ ਮੇਰਾ ਨਾਂ ਤੱਕ ਨਹੀਂ ਲਿਆ।
ਆਪਣੇ ਹੱਥਾਂ ਦੀਆਂ ਰੇਖਾਵਾਂ ਆਪ ਕਿਸੇ ਤੋਂ ਵੀ ਨਹੀਂ ਪੜ੍ਹੀਆਂ ਜਾਂਦੀਆਂ। ਜੇ ਪੜ੍ਹੀਆਂ ਜਾਂਦੀਆਂ ਹੁੰਦੀਆਂ ਤਾਂ ਜੋਤਿਸ਼ ਸ਼ਬਦ ਦੇ ਕੋਈ ਅਰਥ ਨਹੀਂ ਰਹਿਣੇ ਸਨ। ਮੈਨੂੰ ਸਮਝ ਹਾਲੇ ਤੱਕ ਨਹੀਂ ਆਈ ਕਿ ਮੈਂ ਏਦਾਂ ਦਾ ਕੀ ਕੀਤਾ ਸੀ ਕਿ ਮਨਮੋਹਨ ਦੂਰੀ ਰੱਖਦਾ ਰਿਹਾ ਤੇ ਮੈਂ ਖੂਹ ਵਿਚੋਂ ਲੱਜ ਖਿੱਚਣ ਵਾਂਗ ਉਸ ਨੂੰ ਆਪਣੇ ਵੱਲ ਖਿੱਚਦਾ ਰਿਹਾ। ਖੈਰ! ਇਹ ਹੁਣ ਉਹ ਵਰਕੇ ਨੇ ਜਿਨ੍ਹਾਂ Ḕਤੇ ਸ਼ਾਇਦ ਸਿਆਹੀ ਡੁੱਲ੍ਹ ਗਈ ਹੈ ਪਰ ਇਕ ਗੱਲ ਜ਼ਰੂਰ ਹੈ ਕਿ ਮੇਰੇ ਕੋਲ ਮਨਮੋਹਨ ਵਾਰਿਸ ਨਾਲ ਆਉਣ ਵਾਲਾ ਦੀਪਕ ਬਾਲੀ ਅੱਜਕੱਲ੍ਹ ਪੰਜਾਬੀ ਮਾਂ ਬੋਲੀ ਦਾ ਵਫਾਦਾਰ ਸਿਪਾਹੀ ਹੀ ਨਹੀਂ ਬਣਿਆ ਇਕ ਸੁਹਿਰਦ, ਗੰਭੀਰ ਬੁਲਾਰਾ ਵੀ ਬਣ ਗਿਆ ਹੈ।
ਮੈਂ ਜਾਣਦਾ ਹਾਂ ਕਿ ਗਾਇਕੀ, ਗਾਇਕੀ ਦਾ ਖੇਤਰ ਅਤੇ ਗਾਇਕਾਂ ਦਾ ਕਾਫਲਾ ਬਹੁਤਾ ਵਫਾਦਾਰ ਨਹੀਂ ਤੇ ਇਹ ਗੱਲ ਭਾਵੇਂ ਕੁਝ ਵੀ ਨਾ ਹੋਵੇ ਪਰ ਮੈਂ ਇਸ ਨੂੰ ਇਕ ਝਟਕਾ ਸਮਝ ਕੇ ਗਾਇਕੀ ਅਤੇ ਗਾਇਕਾਂ ਵੱਲ ਇਕ ਤਰ੍ਹਾਂ ਨਾਲ ਉਚੀ ਕੰਧ ਕਰ ਲਈ। ਇਨ੍ਹਾਂ ਬਾਰੇ ਬਹੁਤੀ ਗੱਲ ਕਰਨ ਤੋਂ ਪਾਸਾ ਵੱਟ ਲਿਆ। ਮੈਂ ਜ਼ਿੰਦਗੀ ਦੀਆਂ ਇਨ੍ਹਾਂ ਪ੍ਰਸਥਿਤੀਆਂ ਨਾਲ ਕੋਈ ਵੀ ਬਹਿਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿਨ੍ਹਾਂ ਨੇ ਵਿਕਾਸ ਕਰਨਾ ਹੁੰਦਾ ਹੈ ਉਹ ਨਵੇਂ ਰਾਹ ਵੀ ਲੱਭ ਲੈਂਦੇ ਹਨ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਚੁਬਾਰੇ ਚੜ੍ਹਨ ਲਈ ਸਾਰੀਆਂ ਪੌੜ੍ਹੀਆਂ ਅੱਗੇ ਹੀ ਬਣੀਆਂ ਹੋਣ।