ਸਰਬੱਤ ਖਾਲਸਾ ਵੱਲੋਂ ਜਥੇਦਾਰਾਂ ਦੀ ਛੁੱਟੀ

ਅੰਮ੍ਰਿਤਸਰ (ਗੁਰਵਿੰਦਰ ਸਿੰਘ ਵਿਰਕ): ਸਿੱਖ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਸਮਾਗਮ ਵਿਚ ਚਾਰ ਤਖਤਾਂ ਦੇ ਜਥੇਦਾਰਾਂ ਨੂੰ ਬਰਤਰਫ ਕਰਦਿਆਂ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਸਜ਼ਾਯਾਫਤਾ ਖਾੜਕੂ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਥਾਪ ਦਿੱਤਾ ਗਿਆ ਹੈ। ਸਰਬਸੰਮਤੀ ਨਾਲ ਹਟਾਏ ਗਏ ਇਨ੍ਹਾਂ ਜਥੇਦਾਰਾਂ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ਾਮਲ ਹਨ।

ਹਟਾਏ ਗਏ ਜਥੇਦਾਰਾਂ ਉਪਰ ਤਖਤ ਸਾਹਿਬਾਨ ਦੀ ਮਾਣ-ਮਰਿਆਦਾ ਕਾਇਮ ਨਾ ਰੱਖਣ ਤੇ ਆਪਣੇ ਨਿੱਜੀ ਹਿੱਤਾਂ, ਸਵਾਰਥਾਂ ਤੇ ਸਿਆਸੀ ਲਾਲਸਾਵਾਂ ਕਾਰਨ ਸਰਵਉਚ ਸਿੱਖ ਸੰਸਥਾ ਦੇ ਸਿਧਾਂਤ ਤੇ ਹੋਂਦ ਨੂੰ ਢਾਹ ਲਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਬਾਰੇ ਡੇਰਾ ਸਿਰਸਾ ਦੇ ਮੁਖੀ ਨੂੰ ਪਹਿਲਾਂ ਮੁਆਫ ਕਰਨਾ ਤੇ ਫਿਰ ਮੁਆਫੀ ਰੱਦ ਕਰਨ ਦੇ ਫੈਸਲੇ ਇਨ੍ਹਾਂ ਘਟਨਾਵਾਂ ਦਾ ਸਿਖਰ ਸਨ। ਇਕੱਠ ਵਿਚ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਅਤੇ ਉਸ ਦੀ ਗੈਰਹਾਜ਼ਰੀ ਵਿਚ ਸਾਬਕਾ ਸੰਸਦ ਮੈਂਬਰ ਤੇ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਵਜੋਂ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਬਲਜੀਤ ਸਿੰਘ ਦਾਦੂਵਾਲ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ। ਇਕ ਮਤੇ ਰਾਹੀਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਤੇ ਸਮੁੱਚੀ ਕਾਰਜ ਪ੍ਰਣਾਲੀ ਵਾਸਤੇ ਪਾਰਦਰਸ਼ੀ ਵਿਧੀ ਵਿਧਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਾਸਤੇ 30 ਨਵੰਬਰ ਤੱਕ ਸ੍ਰੀ ਅਕਾਲ ਤਖਤ ਵੱਲੋਂ ਨਾਮਜ਼ਦ ਦੇਸ਼-ਵਿਦੇਸ਼ ਦੇ ਸਿੱਖ ਨੁਮਾਇੰਦਿਆਂ ਦਾ ਪੈਨਲ ਤਿਆਰ ਕੀਤਾ ਜਾਵੇਗਾ ਜੋ ਇਸ ਬਾਰੇ ਖੁਦ-ਮੁਖਤਾਰ ਪ੍ਰਸ਼ਾਸਨਿਕ ਢਾਂਚੇ ਦਾ ਖਰੜਾ ਤਿਆਰ ਕਰੇਗਾ। ਇਸ ਖਰੜੇ ਨੂੰ ਅਗਲੀ ਵਿਸਾਖੀ ਮੌਕੇ ਹੋਣ ਵਾਲੇ ਸਰਬੱਤ ਖਾਲਸਾ ਵਿਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਸਰਬੱਤ ਖਾਲਸਾ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ‘ਫਖ਼ਰ-ਏ-ਕੌਮ’ ਤੇ ‘ਪੰਥ ਰਤਨ’ ਦਾ ਖਿਤਾਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਦਿੱਤਾ ਗਿਆ ‘ਸ਼੍ਰੋਮਣੀ ਸੇਵਕ’ ਦਾ ਖਿਤਾਬ ਵੀ ਵਾਪਸ ਲਿਆ ਜਾਵੇਗਾ। ਇਕੱਠ ਵੱਲੋਂ ਦੋਵਾਂ ਸਿੱਖ ਆਗੂਆਂ ਉਤੇ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਨੇ ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਢਾਹ ਲਾਈ ਹੈ।
ਇਕੱਠ ਵੱਲੋਂ ਸਾਬਕਾ ਪੁਲਿਸ ਮੁਖੀ ਕੇæਪੀæਐਸ਼ ਗਿੱਲ ਤੇ ਸੇਵਾਮੁਕਤ ਫੌਜੀ ਜਰਨੈਲ ਕੁਲਦੀਪ ਸਿੰਘ ਬਰਾੜ ਨੂੰ ਸਿੱਖ ਨਸਲਕੁਸ਼ੀ ਲਈ ਦੋਸ਼ੀ ਗਰਦਾਨਦਿਆਂ ਤਨਖਾਹੀਆ ਕਰਾਰ ਦਿੱਤਾ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦੋਸ਼ਾਂ ਬਾਰੇ 30 ਨਵੰਬਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ। ਸਰਬੱਤ ਖਾਲਸਾ ਵੱਲੋਂ ਸਰਕਾਰ ਨੂੰ ਤਾਕੀਦ ਕੀਤੀ ਗਈ ਹੈ ਕਿ ਜੇਲ੍ਹਾਂ ਵਿਚ ਬੰਦ ਸਿੱਖ ਰਾਜਸੀ ਕੈਦੀ ਜਿਨ੍ਹਾਂ ਵਿਚੋਂ ਕਈ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਚੋਣ ਤੁਰੰਤ ਕਰਵਾ ਕੇ ਇਸ ਦੀ ਜਮਹੂਰੀਅਤ ਬਹਾਲ ਕਰਨ, ਕੌਮ ਲਈ ਸਰਵ-ਪ੍ਰਵਾਨਿਤ ਕੈਲੰਡਰ ਤਿਆਰ ਕਰਨ ਵਾਸਤੇ ਯਤਨ ਕਰਨ, ਸਿੱਖ ਰਾਜ ਦੀ ਆਜ਼ਾਦੀ ਦੇ ਸੰਘਰਸ਼ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦ-ਮੁਖਤਾਰੀ ਦੀ ਬਹਾਲੀ ਤੱਕ ਸਿੱਖਾਂ ਦੇ ਅੰਦਰੂਨੀ ਵਖਰੇਵੇਂ ਵਾਲੇ ਧਾਰਮਿਕ ਮੁੱਦੇ ਨਾ ਉਠਾਉਣ, ਸਮੂਹਿਕ ਰਾਏ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਵਿਸ਼ਵ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ।
______________________________________
ਟਕਰਾਅ ਦਾ ਖਦਸ਼ਾ
ਚੰਡੀਗੜ੍ਹ: ਸਰਬੱਤ ਖਾਲਸਾ ਵਿਚ ਪਾਸ ਕੀਤੇ ਗਏ ਮਤਿਆਂ ਤੋਂ ਬਾਅਦ ਪੰਥ ਵਿਚ ਟਕਰਾਅ ਵਧਣ ਦਾ ਖਦਸ਼ਾ ਬਣ ਗਿਆ ਹੈ। ਬਹੁਤ ਸਾਰੇ ਪੰਥਕ ਵਿਦਵਾਨ ਮਿਸਾਲੀ ਇਕੱਠ ਦੇ ਬਾਵਜੂਦ ਆਗੂਆਂ ਦੀ ਕਾਬਲੀਅਤ ਉਤੇ ਸਵਾਲ ਉਠਾ ਰਹੇ ਹਨ। ਪਹਿਲਾਂ ਹੀ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ, ਧਾਰਮਿਕ ਆਗੂ ਤੇ ਪ੍ਰਚਾਰਕ ਇਸ ਇਕੱਠ ਤੋਂ ਬਾਹਰ ਸਨ। ਉਨ੍ਹਾਂ ਦਾ ਮੱਤ ਸੀ ਕਿ ਸਰਬੱਤ ਖਾਲਸਾ ਲਈ ਪਹਿਲਾਂ ਵਿਧੀ ਵਿਧਾਨ ਬਣਾਏ ਜਾਣ ਦੀ ਲੋੜ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਤੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਸਰਬੱਤ ਖਾਲਸਾ ਵਿਚ ਪਾਸ ਮਤਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
_________________________________________
ਸਰਬੱਤ ਖਾਲਸਾ ਵਿਚ ਪਾਸ ਮਤੇ
ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਤੇ ‘ਪੰਥ ਰਤਨ’ ਦੇ ਖਿਤਾਬ ਵਾਪਸ ਲਏ।
ਕੇæਪੀæਐਸ਼ ਗਿੱਲ ਤੇ ਜਨਰਲ ਕੁਲਦੀਪ ਸਿੰਘ ਬਰਾੜ ਅਕਾਲ ਤਖਤ ਉਤੇ ਤਲਬ।
ਜਥੇਦਾਰਾਂ ਦੀ ਨਿਯੁਕਤੀ ਤੇ ਕਾਰਜ ਪ੍ਰਣਾਲੀ ਲਈ ਵਿਧੀ ਵਿਧਾਨ ਬਣਾਈ ਜਾਵੇ।
ਸਿੱਖ ਰਾਜ ਲਈ ਦ੍ਰਿੜਤਾ, ਏਕਤਾ ਤੇ ਅਨੁਸ਼ਾਸਨ ਨਾਲ ਸੰਘਰਸ਼ ਕਰਨ ਦਾ ਅਹਿਦ।
ਅਗਲਾ ਸਰਬੱਤ ਖਾਲਸਾ 2016 ਦੀ ਵਿਸਾਖੀ ਮੌਕੇ ਸੱਦਿਆ।
ਸਿੱਖ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਉਤੇ ਜ਼ੋਰ।
ਚਾਰ ਜਥੇਦਾਰਾਂ ਉਤੇ ਤਖਤ ਦੀ ਮਰਿਆਦਾ ਕਾਇਮ ਨਾ ਰੱਖਣ ਦਾ ਦੋਸ਼।
ਸ੍ਰੀ ਹਰਿਮੰਦਰ ਸਾਹਿਬ ਸਮੂਹ ਨੂੰ ਵੈਟੀਕਨ ਸਿਟੀ ਵਰਗਾ ਦਰਜਾ ਦੇਣ ਤੇ ਇਸ ਦੇ ਕੰਪਲੈਕਸ ਵਿਚ ਕੋਈ ਵੀ ਕਾਨੂੰਨ ਲਾਗੂ ਨਾ ਕਰਨਾ।
ਜਾਤਾਂ ਦੇ ਆਧਾਰ ਉਤੇ ਬਣੇ ਗੁਰਦੁਆਰੇ ਤੇ ਸ਼ਮਸ਼ਾਨਘਾਟ ਖਤਮ ਕਰਨਾ।
ਬੇਅਦਬੀ ਦੇ ਦੋਸ਼ੀਆਂ ਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾਵਾਂ ਦੇਣ ਦਾ ਐਲਾਨ।
ਸ਼੍ਰੋਮਣੀ ਕਮੇਟੀ ਦੀ ਚੋਣ ਤੁਰੰਤ ਕਰਵਾ ਕੇ ਜਮਹੂਰੀਅਤ ਬਹਾਲ ਕਰਨਾ।
ਕੌਮ ਲਈ ਸਰਵ-ਪ੍ਰਵਾਨਿਤ ਕੈਲੰਡਰ ਤਿਆਰ ਕਰਨ ਵਾਸਤੇ ਯਤਨ।
ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਵਿਸ਼ਵ ਸਿੱਖ ਪਾਰਲੀਮੈਂਟ ਦਾ ਗਠਨ।