ਚੰਡੀਗੜ੍ਹ: ਭਾਜਪਾ ਭਾਵੇਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਲੀ ਹਾਰ ਬਾਰੇ ਆਤਮ-ਮੰਥਨ ਕਰਨ ਵਿਚ ਜੁਟੀ ਹੋਈ ਹੈ, ਪਰ ਹਾਰ ਲਈ ਪਾਰਟੀ ਦੀ ਫਿਰਕੂ ਸੋਚ ਨੂੰ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਕ ਵਰ੍ਹੇ ਵਿਚ ਦੋ ਸੂਬਿਆਂ ਵਿਚ ਵੱਡੀਆਂ ਹਾਰਾਂ ਨੇ ਭਾਜਪਾ ਦੇ ਸਾਰੇ ਭਰਮ-ਭੁਲੇਖੇ ਤੋੜ ਦਿੱਤੇ ਹਨ। ਦਿੱਲੀ ਚੋਣਾਂ ਵਿਚ ਰਾਜਧਾਨੀ ਵਿਚੋਂ ਭਾਜਪਾ ਦੇ ਸਫਾਏ ਤੋਂ ਬਾਅਦ ਹੁਣ ਬਿਹਾਰ ਚੋਣ ਨਤੀਜਿਆਂ ਨੇ ਭਾਜਪਾ ਅੰਦਰ ਖਲਬਲੀ ਮਚਾ ਦਿੱਤੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਨ੍ਹਾਂ ਚੋਣਾਂ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਸੀ ਤੇ ਉਨ੍ਹਾਂ ਨੇ ਸੂਬੇ ਵਿਚ 30 ਤੋਂ ਵੱਧ ਰੈਲੀਆਂ ਕੀਤੀਆਂ ਸਨ, ਪਰ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ 53 ਸੀਟਾਂ ‘ਤੇ ਹੀ ਜਿੱਤ ਮਿਲ ਸਕੀ। ਬਿਹਾਰ ਵਿਚ 243 ਸੀਟਾਂ ਵਿਚੋਂ ਜਨਤਾ ਦਲ (ਯੂ)-ਆਰæਜੇæਡੀæ-ਕਾਂਗਰਸ ਦੇ ਮਹਾਗਠਜੋੜ ਨੂੰ 178 ਸੀਟਾਂ ਮਿਲੀਆਂ। ਮੋਦੀ ਧਿਰ ਨੇ ਇਨ੍ਹਾਂ ਚੋਣਾਂ ਵਿਚ ਹਰ ਹਰਬਾ ਵਰਤਿਆ। ਆਰੰਭ ਵਿਚ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਵਿਕਾਸ ਨੂੰ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਰਿਝਾਉਣ ਲਈ 1æ25 ਲੱਖ ਕਰੋੜ ਦਾ ਪੈਕੇਜ ਵੀ ਬਿਹਾਰ ਜਾ ਕੇ ਐਲਾਨਿਆ। ਇਸੇ ਦੌਰਾਨ ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁੱਖ ਸੰਚਾਲਕ ਮੋਹਨ ਭਗਵਤ ਦਾ ਰਾਖਵੇਂਕਰਨ ‘ਤੇ ਮੁੜ ਵਿਚਾਰ ਕਰਨ ਬਾਰੇ ਬਿਆਨ ਆ ਗਿਆ। ਇਹ ਵਿਚਾਰ ਨਿਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਨੂੰ ਰਾਸ ਆ ਗਿਆ ਤੇ ਉਨ੍ਹਾਂ ਇਹ ਪ੍ਰਚਾਰ ਤੇਜ਼ ਕਰ ਦਿੱਤਾ ਕਿ ਭਾਜਪਾ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨੂੰ ਮਿਲੇ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਨਾਲ ਬਿਹਾਰ ਦੀ ਚੋਣ ਮੁਹਿੰਮ ਵਿਚ ਜਾਤੀਵਾਦ ਦਾ ਮੁੱਦਾ ਤੂਲ ਫੜ ਗਿਆ। ਭਾਜਪਾ ਨੇ ਇਸ ਰਾਜਨੀਤਕ ਦਾਅ ਨੂੰ ਕੱਟਣ ਲਈ ਧਰਮ ਦੇ ਆਧਾਰ ‘ਤੇ ਫਿਰਕੂ ਕਤਾਰਬੰਦੀ ਕਰਨ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ। ਗਊ ਮਾਸ ਦਾ ਮੁੱਦਾ ਵੀ ਜ਼ੋਰ ਨਾਲ ਉਭਾਰਿਆ ਗਿਆ। ਇਥੋਂ ਤੱਕ ਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਲੋਕਾਂ ਵਿਚ ਪਾਕਿਸਤਾਨ ਵਿਰੋਧੀ ਭਾਵਨਾਵਾਂ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਦਾਦਰੀ ਘਟਨਾ ਵਾਪਰੀ ਤੇ ਜਿਸ ਤਰ੍ਹਾਂ ਦੇਸ਼ ਭਰ ਵਿਚ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸੋਇਮਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਸ਼ਿਵ ਸੈਨਾ ਆਦਿ ਦੇ ਆਗੂਆਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਘੱਟ-ਗਿਣਤੀਆਂ ਵਿਰੁੱਧ ਨਫਰਤ ਪੈਦਾ ਕਰਨ ਵਾਲੇ ਬਿਆਨ ਦਿੱਤੇ ਤੇ ਜਿਸ ਤਰ੍ਹਾਂ ਕੁਝ ਤਰਕਸ਼ੀਲ ਬੁੱਧੀਜੀਵੀਆਂ ਤੇ ਲੇਖਕਾਂ ਦੇ ਹੋਏ ਕਤਲਾਂ ਨੂੰ ਮੁੱਖ ਰੱਖ ਕੇ ਦੇਸ਼ ਭਰ ਵਿਚ ਲੇਖਕਾਂ ਤੇ ਕਲਾਕਾਰਾਂ ਨੇ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਤੇ ਅਸਹਿਣਸ਼ੀਲਤਾ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾ ਕੇ ਵੱਡੇ ਪੱਧਰ ‘ਤੇ ਸਨਮਾਨ ਵਾਪਸ ਕੀਤੇ, ਇਸ ਨੇ ਬਿਹਾਰ ਚੋਣਾਂ ਨੂੰ ਇਕ ਪਾਸੜ ਕਰ ਦਿੱਤਾ। ਲੋਕਾਂ ਵਿਚ ਇਹ ਪ੍ਰਭਾਵ ਗਿਆ ਕਿ ਭਾਰਤੀ ਜਨਤਾ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਦੇਸ਼ ਦਾ ਤੇਜ਼ੀ ਨਾਲ ਵਿਕਾਸ ਕਰਨ ਦੇ ਆਪਣੇ ਮੁੱਖ ਮੁੱਦੇ ਤੋਂ ਭਟਕ ਕੇ ਬਹੁ-ਗਿਣਤੀ ਉਤੇ ਆਧਾਰਿਤ ਫਿਰਕਾਪ੍ਰਸਤੀ ਨੂੰ ਉਭਾਰ ਰਹੀ ਹੈ।