ਬਿਹਾਰ ਚੋਣਾਂ ਵਿਚ ਭਾਜਪਾ ਚਾਰੇ ਖਾਨੇ ਚਿੱਤ

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਨੇ ਭਾਜਪਾ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਸੂਬੇ ਵਿਚ ਮਹਾਗਠਜੋੜ ਨੇ ਦੋ-ਤਿਹਾਈ ਬਹੁਮਤ ਹਾਸਲ ਕਰ ਲਿਆ। ਜਨਤਾ ਦਲ (ਯੂ) ਆਗੂ ਨਿਤੀਸ਼ ਕੁਮਾਰ ਤੀਜੀ ਵਾਰ ਮੁੱਖ ਮੰਤਰੀ ਬਣਨਗੇ। ਬਿਹਾਰ ਵਿਚ 243 ਸੀਟਾਂ ਵਿਚੋਂ ਜਨਤਾ ਦਲ (ਯੂ)-ਆਰæਜੇæਡੀæ-ਕਾਂਗਰਸ ਦੇ ਮਹਾਗਠਜੋੜ ਨੂੰ 178 ਸੀਟਾਂ ਮਿਲੀਆਂ। ਭਾਜਪਾ ਨੂੰ ਸਿਰਫ 53 ਸੀਟਾਂ ਹੀ ਨਸੀਬ ਹੋਈਆਂ।

ਪਿਛਲੇ ਸਾਲ ਲੋਕ ਸਭਾ ਚੋਣਾਂ ਵਿਚ ਮਿਲੀ ਵੱਡੀ ਹਾਰ ਤੋਂ ਬਾਅਦ ਮਹਾਗਠਜੋੜ ਨੇ ਜ਼ਬਰਦਸਤ ਵਾਪਸੀ ਕੀਤੀ। ਲਾਲੂ ਯਾਦਵ ਦੀ ਅਗਵਾਈ ਹੇਠਲੇ ਰਾਸ਼ਟਰੀ ਜਨਤਾ ਦਲ ਨੇ 80 ਜਦਕਿ ਜਨਤਾ ਦਲ (ਯੂ) ਨੇ 71 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਦੋਹਾਂ ਪਾਰਟੀਆਂ ਨੇ 101-101 ਸੀਟਾਂ ਉਤੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ। ਮਹਾਗਠਜੋੜ ਦੀ ਤੀਜੀ ਪਾਰਟੀ ਕਾਂਗਰਸ ਨੇ 27 ਸੀਟਾਂ ਹਾਸਲ ਕੀਤੀਆਂ ਜਦਕਿ ਉਸ ਨੇ 41 ਸੀਟਾਂ ‘ਤੇ ਚੋਣ ਲੜੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਿਰਫ ਚਾਰ ਸੀਟਾਂ ਹੀ ਮਿਲੀਆਂ ਸਨ।
ਭਾਜਪਾ ਦੀ ਅਗਵਾਈ ਹੇਠਲੇ ਐਨæਡੀæਏæ ਲਈ ਪ੍ਰਧਾਨ ਮੰਤਰੀ ਮੋਦੀ ਨੇ ਤਿੱਖਾ ਪ੍ਰਚਾਰ ਕਰਦਿਆਂ 30 ਤੋਂ ਵੱਧ ਰੈਲੀਆਂ ਕੀਤੀਆਂ ਸਨ, ਪਰ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ 53 ਸੀਟਾਂ ‘ਤੇ ਹੀ ਜਿੱਤ ਮਿਲ ਸਕੀ। ਭਾਜਪਾ ਨੇ 157 ਸੀਟਾਂ ‘ਤੇ ਚੋਣ ਲੜੀ ਸੀ ਜਦਕਿ ਉਨ੍ਹਾਂ ਦੇ ਭਾਈਵਾਲਾਂ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨਸ਼ਕਤੀ ਪਾਰਟੀ ਤੇ ਉਪਿੰਦਰ ਕੁਸ਼ਵਾਹਾ ਦੀ ਆਰæਐਲ਼ਐਸ਼ਪੀæ ਨੂੰ ਦੋ-ਦੋ ਸੀਟਾਂ ਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਹਿੰਦੁਸਤਾਨ ਅਵਾਮ ਮੋਰਚਾ ਨੂੰ ਇਕ ਸੀਟ ਮਿਲੀ। ਸ੍ਰੀ ਮਾਂਝੀ ਦੀ ਪਾਰਟੀ 19 ਸੀਟਾਂ ‘ਤੇ ਬੁਰੀ ਤਰ੍ਹਾਂ ਹਾਰੀ ਜਦਕਿ ਉਹ ਖੁਦ ਦੋ ਸੀਟਾਂ ਤੋਂ ਚੋਣ ਲੜੇ ਸਨ ਤੇ ਆਪਣੀ ਇਕ ਸੀਟ ਹੀ ਬਚਾਉਣ ਵਿਚ ਕਾਮਯਾਬ ਰਹੇ।
ਬਿਹਾਰ ਚੋਣਾਂ ਦੇ ਨਤੀਜੇ ਸ੍ਰੀ ਮੋਦੀ ਲਈ ਪਿਛਲੇ 10 ਮਹੀਨਿਆਂ ਵਿਚ ਦੂਜਾ ਵੱਡਾ ਝਟਕਾ ਹਨ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਸਿਰਫ ਤਿੰਨ ਸੀਟਾਂ ਤੱਕ ਸੀਮਤ ਕਰ ਦਿੱਤਾ ਸੀ। ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਜਨਤਾ ਦਲ (ਯੂ), ਆਰæਜੇæਡੀæ ਤੇ ਕਾਂਗਰਸ ਨੇ ਮਹਾਗਠਜੋੜ ਬਣਾਉਣ ਦਾ ਫੈਸਲਾ ਕੀਤਾ ਸੀ।
ਇਨ੍ਹਾਂ ਚੋਣਾਂ ਵਿਚ ਸੀæਪੀæਆਈæ (ਐਮæਐਲ਼-ਐਲ) ਦੇ ਤਿੰਨ ਤੇ ਆਜ਼ਾਦ ਚਾਰ ਸੀਟਾਂ ‘ਤੇ ਚੋਣ ਜਿੱਤੇ। ਅਸਦ-ਉਦ-ਦੀਨ ਓਵਾਇਸੀ ਦੀ ਏæਆਈæਐਮæ ਆਈæਐਮæ ਤੇ ਲੋਕ ਸਭਾ ਮੈਂਬਰ ਪੱਪੂ ਯਾਦਵ ਦੀ ਜਨ ਅਧਿਕਾਰ ਪਾਰਟੀ ਦਾ ਖਾਤਾ ਹੀ ਨਹੀਂ ਖੁੱਲ੍ਹਿਆ।
ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ਦੇ ਤਕਰੀਬਨ ਸਾਰੇ ਮੰਤਰੀ ਚੋਣ ਜਿੱਤਣ ਵਿਚ ਕਾਮਯਾਬ ਰਹੇ। ਲਾਲੂ ਯਾਦਵ ਦੇ ਦੋਵੇਂ ਪੁੱਤਰਾਂ ਤੇਜਸਵੀ ਪ੍ਰਸਾਦ ਤੇ ਤੇਜ ਪ੍ਰਤਾਪ ਨੇ ਕ੍ਰਮਵਾਰ ਰਾਘੋਪੁਰ ਤੇ ਮਹੂਆ ਹਲਕਿਆਂ ਤੋਂ ਜਿੱਤ ਨਾਲ ਆਪਣੀ ਸਿਆਸੀ ਪਾਰੀ ਦਾ ਆਗਾਜ਼ ਕੀਤਾ। ਉਧਰ ਐਨæਡੀæਏæ ਦੇ ਆਗੂਆਂ ਦੇ ਪਰਿਵਾਰਕ ਮੈਂਬਰ ਇੰਨੇ ਖੁਸ਼ਕਿਸਮਤ ਨਹੀਂ ਰਹੇ ਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕੇਂਦਰੀ ਮੰਤਰੀ ਤੇ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਦਾ ਭਰਾ ਪਸ਼ੂਪਤੀ ਕੁਮਾਰ ਪਾਰਸ ਅਲੌਲੀ ਸੀਟ ਤੋਂ ਚੋਣ ਹਾਰ ਗਿਆ ਜਦਕਿ ਪਾਸਵਾਨ ਦਾ ਇਕ ਹੋਰ ਨੇੜਲਾ ਰਿਸ਼ਤੇਦਾਰ ਪ੍ਰਿੰਸ ਰਾਜ ਕਲਿਆਣਪੁਰ ਵਿਚ ਜਿੱਤ ਦਾ ਡੰਕਾ ਨਹੀਂ ਵਜਾ ਸਕਿਆ। ਜੀਤਨ ਰਾਮ ਮਾਂਝੀ ਦੇ ਪੁੱਤਰ ਸੰਤੋਸ਼ ਕੁਮਾਰ ਸੁਮਨ ਨੂੰ ਕੁਟੁੰਬਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰਾਜੇਸ਼ ਕੁਮਾਰ ਨੇ ਹਰਾਇਆ। ਸੂਬੇ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਜਗਨਨਾਥ ਮਿਸ਼ਰਾ ਦਾ ਪੁੱਤਰ ਨਿਤੀਸ਼ ਮਿਸ਼ਰਾ ਝੰਜਾਰਪੁਰ ਤੋਂ ਚੋਣ ਹਾਰ ਗਿਆ।
_____________________________________
ਦੁਨੀਆਂ ਭਰ ‘ਚ ਮੋਦੀ ਦੀ ਹਾਰ ਉਤੇ ਚਰਚਾ
ਨਵੀਂ ਦਿੱਲੀ: ਦੁਨੀਆਂ ਭਰ ਦੇ ਮੀਡੀਆ ਦੀ ਬਿਹਾਰ ਨਤੀਜਿਆਂ ਉਤੇ ਨਜ਼ਰ ਬਣੀ ਹੋਈ ਸੀ। ਨਤੀਜਿਆਂ ਤੋਂ ਬਾਅਦ ਪੂਰੀ ਦੁਨੀਆਂ ਵਿਚ ਮੋਦੀ ਦੀ ਹਾਰ ਉਤੇ ਚਰਚਾ ਹੋ ਰਹੀ ਹੈ। ਅਖਬਾਰਾਂ ਤੇ ਵੈੱਬ ਸਾਈਟਾਂ ਉਤੇ ਮੋਦੀ ਦੀ ਹਾਰ ਹੈੱਡਲਾਈਨ ਬਣੀ ਹੈ। ਇਸ ਦੇ ਨਾਲ ਹੀ ਭਾਰਤ ਦੇ ਆਰਥਿਕ ਵਿਕਾਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਪਾਕਿਸਤਾਨ ਦੇ ਅਖਬਾਰ ‘ਦ ਡਾਨ’ ਨੇ ਪਹਿਲੇ ਪੰਨੇ ਉਤੇ ਨਿਤਿਸ਼ ਤੇ ਲਾਲੂ ਨੂੰ ਸਥਾਨ ਦਿੱਤਾ ਹੈ। ਇਸ ਦੇ ਨਾਲ ਹੀ ਤਨਜ਼ ਕੱਸਦਿਆਂ ‘ਦ ਡਾਨ’ ਲਿਖਿਆ ਹੈ ਕਿ ਬਿਹਾਰ ਨੇ ਮੋਦੀ ਦੇ ਪਟਾਕੇ ਚੋਰੀ ਕਰ ਲਏ ਹਨ। ਦਰਅਸਲ, ਬੀਤੇ ਦਿਨੀਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇਕਰ ਬਿਹਾਰ ਵਿਚ ਮੋਦੀ ਹਾਰੇ ਤਾਂ ਪਾਕਿਸਤਾਨ ਵਿਚ ਪਟਾਕੇ ਚਲਾਏ ਜਾਣਗੇ। ਅਮਰੀਕੀ ਮੀਡੀਆ ਨੇ ਬਿਹਾਰ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਈ ਗੰਭੀਰ ਰਾਜਸੀ ਝਟਕਾ ਕਰਾਰ ਦਿੱਤਾ ਹੈ ਜਦ ਕਿ ਇਕ ਅਮਰੀਕੀ ਮਾਹਿਰ ਨੇ ਕਿਹਾ ਹੈ ਕਿ ਚੋਣ ਨਤੀਜੇ ਪਿਛਲੇ ਇਕ ਸਾਲ ਦੀ ਭਾਜਪਾ ਦੀ ਕਾਰਗੁਜ਼ਾਰੀ ਦਾ ਸਿੱਧਾ ਤੇ ਨਾਂਹ ਪੱਖੀ ਮੁਲਾਂਕਣ ਹੈ। ਇਸ ਵਿਚਾਲੇ ਵਸਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਟੈਲੀਗ੍ਰਾਫ ਵਰਗੇ ਅਖਬਾਰਾਂ ਨੇ ਆਰਥਿਕ ਸੁਧਾਰਾਂ ਨੂੰ ਲੈ ਕੇ ਚਿੰਤਾ ਜਤਾਈ ਹੈ। ਬਿਹਾਰ ਵਿਚ ਮੋਦੀ ਦੀ ਹਾਰ ਦਾ ਦੇਸ਼ ‘ਤੇ ਵੀ ਅਸਰ ਪਿਆ ਹੈ। ਸ਼ੇਅਰ ਬਾਜ਼ਾਰ ਵਿਚ ਹਾਹਾਕਾਰ ਦੇ ਨਾਲ ਕਾਰੋਬਾਰ ਸ਼ੁਰੂ ਹੋਇਆ।
_______________________________________
ਹਾਰ ਪਿਛੋਂ ਭਾਜਪਾ ਵਿਚ ਬਾਗੀ ਸੁਰਾਂ ਹੋਈਆਂ ਤੇਜ਼
ਨਵੀਂ ਦਿੱਲੀ: ਭਾਜਪਾ ਦੇ ਬਜ਼ੁਰਗ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੇ ਆਪਣੀ ਹੀ ਪਾਰਟੀ ਖਿਲਾਫ ਝੰਡਾ ਚੁੱਕ ਦਿੱਤਾ। ਦੋਵਾਂ ਆਗੂਆਂ ਨੇ ਕਿਹਾ ਕਿ ਬੀਤੇ ਇਕ ਸਾਲ ਵਿਚ ਪਾਰਟੀ ਨਕਾਰਾ ਹੋ ਗਈ ਹੈ। ਪਾਰਟੀ ਨੂੰ ਕੁਝ ਮੁੱਠੀ ਭਰ ਆਗੂ ਮਨਮਰਜ਼ੀ ਨਾਲ ਚਲਾ ਰਹੇ ਹਨ ਜਿਸ ਨਾਲ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ। ਅਡਵਾਨੀ ਤੇ ਜੋਸ਼ੀ ਤੋਂ ਪਹਿਲਾਂ ਸੰਸਦ ਮੈਂਬਰ ਸ਼ਾਂਤਾ ਕੁਮਾਰ ਤੇ ਯਸ਼ਵੰਤ ਸਿਨਹਾ ਵੀ ਪਾਰਟੀਆਂ ਦੀਆਂ ਨੀਤੀਆਂ ਨੂੰ ਲੈ ਕੇ ਜਨਤਕ ਤੌਰ ‘ਤੇ ਮੋਦੀ ਸਰਕਾਰ ਨੂੰ ਭੰਡ ਚੁੱਕੇ ਹਨ। ਬਿਆਨ ਜਾਰੀ ਕਰਨ ਤੋਂ ਪਹਿਲਾਂ ਮੁਰਲੀ ਮਨੋਹਰ ਜੋਸ਼ੀ ਨੇ ਸ਼ੋਰੀ ਤੇ ਗੋਵਿੰਦਾਚਾਰੀਆ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਪਾਰਟੀ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਹੱਥੋਂ ਮਿਲੀ ਕਰਾਰੀ ਹਾਰ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ।
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਝੰਬੀ ਭਾਜਪਾ ਹੁਣ ਇਸ ਦੇ ਕਾਰਨ ਲੱਭਣ ਵਿਚ ਜੁਟ ਗਈ ਹੈ, ਹਾਲਾਂਕਿ ਪਾਰਟੀ ਨੇ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਦੀ ਰਾਖਵੇਂਕਰਨ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀਆਂ ਵਿਵਾਦਤ ਟਿੱਪਣੀਆਂ ਨੂੰ ਹਾਰ ਦਾ ਵੱਡਾ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਰ ਨੂੰ ਮੋਦੀ ਸਰਕਾਰ ਖਿਲਾਫ ਰਾਇਸ਼ੁਮਾਰੀ ਨਾ ਮੰਨਦਿਆਂ ਇਹ ਕਿਹਾ ਗਿਆ ਕਿ ਇਹ ਪੱਤਰਕਾਰਾਂ ਵੱਲੋਂ ਘੜੀ ਗਈ ਭਾਸ਼ਾ ਹੈ ਤੇ ਸਾਰੀਆਂ ਚੋਣਾਂ ਵੱਖ-ਵੱਖ ਮੁੱਦਿਆਂ ‘ਤੇ ਲੜੀਆਂ ਜਾਂਦੀਆਂ ਹਨ।
ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਸੰਸਦੀ ਬੋਰਡ ਦੀ ਬੈਠਕ ਹੋਈ ਜਿਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਆਗੂਆਂ ਨੇ ਹਾਰ ਦੇ ਕਾਰਨਾਂ ਦੀ ਪੜਚੋਲ ਕੀਤੀ। ਭਾਜਪਾ ਨੇ ਮੰਨਿਆ ਕਿ ਉਨ੍ਹਾਂ ਨੂੰ ਇਸ ਲਈ ਹਾਰ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮਹਾਗਠਜੋੜ ਦੀਆਂ ‘ਸਮਾਜਿਕ ਗਿਣਤੀਆਂ-ਮਿਣਤੀਆਂ’ ਦਾ ਘੇਰਾ ਐਨæਡੀæਏæ ਤੋਂ ਵੱਡਾ ਸੀ ਤੇ ਪਾਰਟੀ ਦਾ ਇਹ ਅੰਦਾਜ਼ਾ ਗਲਤ ਸਾਬਿਤ ਹੋਇਆ ਕਿ ਜਨਤਾ ਦਲ (ਯੂ), ਆਰæਜੇæਡੀæ ਤੇ ਕਾਂਗਰਸ ਨੂੰ ਇਕ-ਦੂਜੇ ਦੇ ਵੋਟ ਨਹੀਂ ਮਿਲਣਗੇ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਲੋਕ ਸਭਾ ਚੋਣਾਂ ਦੀ ਸਫਲਤਾ ਤੋਂ ਬਾਅਦ ਭਾਜਪਾ ਨੇ ਚਾਰ ਸੂਬਿਆਂ ਦੀਆਂ ਚੋਣਾਂ ਵਿਚ ਜਿੱਤ ਹਾਸਲ ਕੀਤੀ ਤੇ ਕਈ ਹੋਰ ਸੂਬਿਆਂ ਵਿਚ ਸਥਾਨਕ ਚੋਣਾਂ ਵਿਚ ਮੱਲ੍ਹਾਂ ਵੀ ਮਾਰੀਆਂ। ਦਿੱਲੀ ਦੀ ਹਾਰ ਤੋਂ ਬਾਅਦ ਦੂਜੇ ਵੱਡੇ ਝਟਕੇ ਨਾਲ ਅਮਿਤ ਸ਼ਾਹ ਦੀ ਲੀਡਰਸ਼ਿਪ ‘ਤੇ ਅਸਰ ਪੈਣ ਦੀ ਸੰਭਾਵਨਾ ਦੇ ਸਵਾਲ ਉਤੇ ਸ੍ਰੀ ਜੇਤਲੀ ਨੇ ਉਨ੍ਹਾਂ ਦਾ ਮਜ਼ਬੂਤੀ ਨਾਲ ਬਚਾਅ ਕੀਤਾ। ਸ੍ਰੀ ਸ਼ਾਹ ਦਾ ਭਾਜਪਾ ਪ੍ਰਧਾਨ ਵਜੋਂ ਕਾਰਜਕਾਲ ਆਉਂਦੇ ਜਨਵਰੀ ਮਹੀਨੇ ਵਿਚ ਖਤਮ ਹੋ ਰਿਹਾ ਹੈ।
ਉਨ੍ਹਾਂ ਸ੍ਰੀ ਸ਼ਾਹ ਤੇ ਆਰæਐਸ਼ਐਸ਼ ਮੁਖੀ ਮੋਹਨ ਭਾਗਵਤ ਦਾ ਬਚਾਅ ਕਰਦਿਆਂ ਕਿਹਾ ਕਿ ਇੱਕਾ-ਦੁੱਕਾ ਬਿਆਨਾਂ ਨਾਲ ਚੋਣਾਂ ਦਾ ਫੈਸਲਾ ਨਹੀਂ ਹੁੰਦਾ। ਪਾਰਟੀ ਦੇ ਹਿੰਦੁਤਵ ਪੱਖੀ ਵਿਚਾਰਧਾਰਾ ਵਾਲੇ ਆਗੂਆਂ ਵੱਲੋਂ ਦਿੱਤੇ ਗਏ ਵਿਵਾਦਤ ਬਿਆਨਾਂ ਬਾਰੇ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਹਰ ਕਿਸੇ ਨੂੰ ਤਹਿਜ਼ੀਬ ਨਾਲ ਬੋਲਣਾ ਚਾਹੀਦਾ ਹੈ। ਤਿੰਨ ਭਾਈਵਾਲਾਂ ਦੀ ਖਰਾਬ ਕਾਰਗੁਜ਼ਾਰੀ ਨੂੰ ਅਣਗੌਲਿਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਭਾਜਪਾ ਨੂੰ ਆਪਣੇ ਵੋਟ ਪਵਾਉਣ ਵਿਚ ਕਾਮਯਾਬ ਰਹੀਆਂ। ਜ਼ਿਕਰਯੋਗ ਹੈ ਕਿ ਤਿੰਨ ਪਾਰਟੀਆਂ ਨੇ 84 ਸੀਟਾਂ ‘ਤੇ ਚੋਣ ਲੜੀ ਸੀ, ਪਰ ਉਨ੍ਹਾਂ ਦੇ ਸਿਰਫ ਤਿੰਨ ਉਮੀਦਵਾਰ ਹੀ ਵਿਧਾਨ ਸਭਾ ਵਿਚ ਪਹੁੰਚ ਸਕੇ ਹਨ। ਇਸੇ ਕਰ ਕੇ ਸੀਟਾਂ ਦੀ ਗਿਣਤੀ ਸਿਮਟ ਕੇ ਰਹਿ ਗਈ।