ਸ਼ ਧੂੰਦਾ ਦੇ ਨਾਂ ਨਾਲ ਪ੍ਰੋਫੈਸਰ ਦੀ ਵਰਤੋਂ

ਪੰਜਾਬ ਟਾਈਮਜ਼ ਦੇ 5 ਜਨਵਰੀ 2013 ਦੇ ਕੈਲੀਫੋਰਨੀਆ ਐਡੀਸ਼ਨ ਦੇ ਪੰਨਾ 4 ‘ਤੇ ਤਥਾਕਥਿਤ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਦੀ ਅਮਰੀਕਾ ਫੇਰੀ ਸਬੰਧੀ ਖਬਰ ਪ੍ਰਕਾਸ਼ਿਤ ਹੋਈ ਹੈ। ਇਸ ਗੱਲ ‘ਤੇ ਹੈਰਾਨੀ ਹੋਈ ਕਿ ਉਨ੍ਹਾਂ ਦੇ ਨਾਂ ਦੇ ਨਾਲ ‘ਪ੍ਰੋਫੈਸਰ’ ਸ਼ਬਦ ਅੰਕਿਤ ਹੈ। ਕੈਲਫੋਰਨੀਆ ਦੀ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ ਉਹ ਕਿਸ ਯੁਨੀਵਰਸਿਟੀ ਵਿਚ, ਕਿਸ ਵਿਸ਼ੇ ਦੇ ਪ੍ਰੋਫੈਸਰ ਹਨ ਜਾਂ ਸਨ? ਇਹ ਇੱਕ ਨਿਕੰਮੀ ਪਰੰਪਰਾ ਰਹੀ ਹੈ ਕਿ ਕੁਝ ਘੁਮੱਕੜ ਪ੍ਰਚਾਰਕ ਕਿਸੇ ਯੋਗਤਾ ਤੋਂ ਬਿਨਾਂ ਹੀ ਆਪਣੇ ਨਾਂ ਦੇ ਅੱਗੇ ਜਾਂ ਪਿੱਛੇ ‘ਪ੍ਰੋਫੈਸਰ ਜਾਂ ਪ੍ਰਿੰਸੀਪਲ’ ਸ਼ਬਦ ਦਾ ਪ੍ਰਯੋਗ ਕਰਦੇ ਹਨ। ਇਹ ਪਰੰਪਰਾ ਤੁਰੰਤ ਬੰਦ ਹੋਣੀ ਚਾਹੀਦੀ ਹੈ ਤਾਂ ਜੋ ਇਹ ਤਥਾਕਥਿਤ ਬੁੱਧੀਜੀਵੀ ਲੋਕਾਈ ਨੂੰ ਗੁੰਮਰਾਹ ਨਾ ਕਰਨ।
ਸ਼ ਧੂੰਦਾ ਦੇ ਲੋਕ ਸੰਪਰਕ ਅਧਿਕਾਰੀ ਰਛਪਾਲ ਸਿੰਘ ਦੇ ਫੋਨ ਨੰਬਰ 559-994-3467 ‘ਤੇ ਸੰਪਰਕ ਕੀਤਾ ਅਤੇ ਪੁੱਛਿਆ ਕਿ ਇਹ ਪ੍ਰੋਫੈਸਰ ‘ਧੂੰਦਾ’ ਕਿੱਥੇ ਨਿਯੁਕਤ ਹਨ? ਉਸ ਨੇ ਦੱਸਿਆ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੇ ਅਤੇ ਵਧੇਰੇ ਜਾਣਕਾਰੀ ਲਈ ਉਸ ਨੇ ਸ਼ ਅੰਮ੍ਰਿਤਪਾਲ ਸਿੰਘ ਦਾ ਫੋਨ ਨੰਬਰ 559-909-2993 ਦੇ ਦਿੱਤਾ। ਇਸ ਸ਼ਖਸ ਨੇ ਦੱਸਿਆ ਕਿ ਉਹ ‘ਧੂੰਦਾ’ ਨੂੰ ਜ਼ਾਤੀ ਤੌਰ ‘ਤੇ ਜਾਣਦਾ ਹੈ ਅਤੇ ਉਹ ਸਾਲ ਵਿਚ ਇੱਕ ਵਾਰੀ ਮਿਸ਼ਨਰੀ ਕਾਲਜ ਜਾਂਦੇ ਹਨ ਜਿਥੇ ਉਹ ਨੌਜਵਾਨ ਵਿਦਿਆਰਥੀਆਂ ਨੁੰ ਸਿੱਖ ਧਰਮ ਬਾਰੇ ਪੜ੍ਹਾਉਂਦੇ ਹਨ। ਜਦੋਂ ਸ਼ ਅੰਮ੍ਰਿਤਪਾਲ ਸਿੰਘ ਨੂੰ ਇਹ ਜਾਣਕਾਰੀ ਦਿੱਤੀ ਕਿ ਪ੍ਰੋਫੈਸਰ ਦੀ ਉੁਪਾਧੀ ਹਾਸਿਲ ਕਰਨ ਲਈ ਕਾਫੀ ਸਮਾਂ ਲਗਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ, “ਪੰਨੂ ਸਾਹਿਬ, ਤੁਸੀਂ ਹੰਕਾਰਗ੍ਰਸਤ ਇਨਸਾਨ ਹੋ। ਇਸੇ ਕਰਕੇ ਤੁਹਾਨੂੰ ਆਪਣੀ ਪ੍ਰੋਫੈਸਰੀ ‘ਤੇ ਗੁਮਾਨ ਹੈ, ਨਹੀਂ ਤਾਂ ਇਸ ਵਿਚ ਕੁੱਝ ਗਲਤ ਨਹੀਂ ਕਿ ਕੋਈ ਵਿਅਕਤੀ ਆਪਣੇ ਨਾਂ ਦੇ ਅੱਗੇ ਪ੍ਰੋਫੈਸਰ ਲਗਾਉਂਦਾ ਹੈ।”
ਸਾਨੂੰ ਸ਼ ਧੂੰਦਾ ਵਰਗੇ ਅਯੋਗ ਪ੍ਰੋਫੈਸਰਾਂ ਦੀਆਂ ਗਤੀਵਿਧੀਆਂ ਤੋਂ ਚੇਤੰਨ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਸਿੱਖ ਅਦਾਰਿਆਂ ਵਿਚ ਸਵਾਗਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪੀæਐਚæਡੀæ ਡਿਗਰੀ ਹਾਸਿਲ ਕਰਨ ਅਤੇ ਯੂਨੀਵਰਸਿਟੀ ਗਰਾਂਟ ਕਮੀਸ਼ਨ ਦੇ ਟੈਸਟ ‘ਨੈਟ’ ਦੀ ਸ਼ਰਤ ਪੂਰੀ ਕਰਨ ਉਪਰੰਤ ਹੀ ਕੋਈ ਵਿਅਕਤੀ ਯੂਨੀਵਰਸਿਟੀ ਅਤੇ ਕਾਲਜ ਵਿਚ ਲੈਕਚਰਾਰ ਦੇ ਅਹੁਦੇ ਲਈ ਯੋਗ ਹੁੰਦਾ ਹੈ ਅਤੇ ਐਮæਏæ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ 8 ਸਾਲ ਦਾ ਤਜਰਬਾ ਹਾਸਿਲ ਕਰਨ ਤੋਂ ਬਾਅਦ ਉਹ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ‘ਤੇ ਨਿਯੁਕਤ ਹੋਣ ਲਈ ਯੋਗ ਉਮੀਦਵਾਰ ਬਣਦਾ ਹੈ। ਇਸੇ ਤਰ੍ਹਾਂ 15 ਸਾਲਾਂ ਦੇ ਅਧਿਆਪਨ/ਖੋਜ ਦੇ ਤਜਰਬੇ ਬਾਅਦ ਹੀ ਕੋਈ ਵਿਅਕਤੀ ਪ੍ਰੋਫੈਸਰ ਦੇ ਅਹੁਦੇ ‘ਤੇ ਨਿਯੁਕਤ ਹੋਣ ਦੇ ਯੋਗ ਬਣਦਾ ਹੈ। ਇੱਥੇ ਇਹ ਵੀ ਸਪੱਸ਼ਟ ਕਰਨਾ ਬਣਦਾ ਹੈ ਕਿ ਉਪਰੋਕਤ ਸ਼ਰਤਾਂ ਸਿਰਫ ਯੋਗਤਾਵਾਂ ਹਨ ਅਤੇ ਕਿਸੇ ਕੋਲ ਵੀ ਇਹ ਅਧਿਕਾਰ ਨਹੀਂ ਕਿ ਉਹ ਇਸ ਅਹੁਦੇ ‘ਤੇ ਨਿਯੁਕਤ ਹੋਣ ਤੋਂ ਪਹਿਲਾਂ ਆਪਣੇ ਨਾਂ ਦੇ ਅੱਗੇ ‘ਪ੍ਰੋਫੈਸਰ’ ਲਗਾਵੇ। ਕੀ ਸ਼ ਧੂੰਦਾ ਇਨ੍ਹਾਂ ਯੋਗਤਾਵਾਂ/ਸ਼ਰਤਾਂ ‘ਤੇ ਪੂਰੇ ਉਤਰਦੇ ਹਨ?
ਸਿੱਖ ਸੰਗਤ ਮਹਿਸੂਸ ਕਰਦੀ ਹੈ ਕਿ ਭਾਈ ਸਾਹਿਬ, ਰਾਗੀ ਸਿੰਘ, ਕਥਾਕਾਰ, ਵਿਆਖਿਆਕਾਰ ਸਿੱਖ ਪ੍ਰਚਾਰਕਾਂ ਦੁਆਰਾ ਵਰਤੇ ਜਾਂਦੇ ਅਤਿ ਸਤਕਾਰਿਤ ਖਿਤਾਬ ਹਨ ਅਤੇ ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਉਪਾਧੀ ਜਾਂ ਖਿਤਾਬ ਨੂੰ ਆਪਣੇ ਨਾਂ ਅੱਗੇ ਲਗਾਉਣਾ ਸਿੱਖ ਪਰੰਪਰਾ ਦਾ ਨਿਰਾਦਰ ਹੈ ਜੋ ਕਿ ਪ੍ਰੋਫੈਸਰਾਂ ਅਤੇ ਸਿੱਖ ਮਿਸ਼ਨਰੀਆਂ-ਦੋਵਾਂ ਦੇ ਮਾਣ ਨੂੰ ਘਟਾਉਂਦਾ ਹੈ। ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਅਪੀਲ ਹੈ ਕਿ ਉਹ ਇਸ ਘਟਨਾਕ੍ਰਮ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਅਣ-ਅਧਿਕਾਰਿਤ ਉਪਾਧੀਆਂ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਹਰ ਪ੍ਰਚਾਰਕ ਦਾ ਇਹ ਪਵਿੱਤਰ ਫਰਜ ਹੈ ਕਿ ਉਹ ਸੱਚ ਦਾ ਵਿਖਿਆਨ ਕਰੇ ਨਾ ਕਿ ਆਪਣੀ ਪਹਿਚਾਣ ਸਬੰਧੀ ਝੂਠ ਜਾਂ ਢੋਂਗ ਦਾ ਵਿਖਾਵਾ ਕਰੇ।
-ਪ੍ਰੋæ ਹਰਪਾਲ ਸਿੰਘ ਪੰਨੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Be the first to comment

Leave a Reply

Your email address will not be published.