ਟੋਰਾਂਟੋ: ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਟੋਰਾਂਟੋ ਰਹਿੰਦੇ ਪੁੱਤਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਕੇ ਭਰਾਵਾਂ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ ਗਿੱਲ ਤੇ ਮੁਹਾਲੀ ਦੇ ਗਾਇਕ ਨੇ ਸਿਆਸੀ ਅਸਰ-ਰਸੂਖ ਵਰਤ ਕੇ ਪਿੰਡ ਰਾਮੂਵਾਲਾ (ਮੋਗਾ) ਸਥਿਤ ਉਨ੍ਹਾਂ ਦੇ ਚਾਰ ਕਨਾਲਾਂ ਦੇ ਜੱਦੀ ਘਰ ਤੋਂ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਹੈ। ਦੂਜੇ ਪਾਸੇ ਸ਼ ਰਾਮੂਵਾਲੀਆ ਨੇ ਆਪਣੇ ਭਰਾਵਾਂ ਲੇਖਕ ਇਕਬਾਲ ਗਿੱਲ ਤੇ ਡਾæ ਰਛਪਾਲ ਗਿੱਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮਾਮਲੇ ਨੂੰ ਗਲਤ ਰੰਗਤ ਦੇ ਕੇ ਉਨ੍ਹਾਂ ਨੂੰ ਰਾਜਸੀ ਤੌਰ ‘ਤੇ ਬਦਨਾਮ ਕੀਤਾ ਜਾ ਰਿਹਾ ਹੈ ।
ਸ਼ਿਕਾਇਤਕਰਤਾਵਾਂ ਮੁਤਾਬਕ ਪਹਿਲਾਂ ਤਾਂ ਸ਼ ਰਾਮੂਵਾਲੀਆ ਤੇ ਹੋਰਾਂ ਨੇ ਆਪਣਾ ਰਾਜਸੀ ਪ੍ਰਭਾਵ ਵਰਤ ਕੇ ਉਨ੍ਹਾਂ ਦੇ ਜੱਦੀ ਘਰ ਦੀ ਵੰਡ ਨੂੰ ਮਰਹੂਮ ਪਿਤਾ ਬਾਪੂ ਪਾਰਸ ਦੀ ਵਸੀਅਤ ਮੁਤਾਬਕ ਕਰਨ ਲਈ ਵੱਡੇ ਭਰਾ ਨੂੰ ਦਿੱਤੇ ਮੁਖਤਿਆਰਨਾਮੇ ਨੂੰ ਗਲਤ ਢੰਗ ਨਾਲ ਤਸਦੀਕ ਕਰਾ ਲਿਆ ਤੇ ਫਿਰ ਸਾਰੀ ਜ਼ਮੀਨ-ਜਾਇਦਾਦ ਦਾ ਇੰਤਕਾਲ ਕਰਵਾ ਲਿਆ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ 2009 ਵਿਚ ਚੱਲ ਵਸੇ ਸਨ। ਉਦੋਂ ਤੋਂ ਹੀ ਉਨ੍ਹਾਂ ਦੇ ਛੇ ਪੁੱਤਾਂ-ਧੀਆਂ ਵਿਚ ਜਾਇਦਾਦ ਲਈ ਖਿੱਚੋਤਾਣ ਚੱਲ ਰਹੀ ਹੈ।
ਉਨ੍ਹਾਂ ਮੁਤਾਬਕ ਮੋਗਾ ਦੇ ਮਾਲ ਮਹਿਕਮੇ ਦੇ ਕਰਮਚਾਰੀਆਂ/ਅਫ਼ਸਰਾਂ ਦੀ ਮਦਦ ਨਾਲ ਜ਼ਮੀਨੀ ਰਿਕਾਰਡ ਵਿਚ ਵੀ ਛੇੜ-ਛਾੜ ਕੀਤੀ ਗਈ। ਪੀੜਤਾਂ ਵੱਲੋਂ ਮੁਖ਼ਤਿਆਰਨਾਮੇ ਦੀ ਦੁਰਵਰਤੋਂ ਬਾਬਤ ਸਬੰਧਤ ਅਧਿਕਾਰੀਆਂ ਤੱਕ ਗੁਹਾਰ ਲਾਈ ਪਰ ਰਾਜਸੀ ਦਬਾਅ ਕਾਰਨ ਕੋਈ ਸੁਣਵਾਈ ਨਹੀਂ ਹੋਈ। ਇਕਬਾਲ ਗਿੱਲ ਮੁਤਾਬਕ ਹਰਚਰਨ ਸਿੰਘ ਨੇ ਉਸ ਨੂੰ ਝੂਠੇ ਪੁਲਿਸ ਕੇਸ ਵਿਚ ਫਸਾ ਕੇ ਭੈਭੀਤ ਤੇ ਖ਼ੱਜਲ਼ ਕਰਨ ਦੀ ਮਨਸ਼ਾ ਨਾਲ਼ ਇਕ ਦਰਖਾਸਤ ਐਸ਼ਐਸ਼ਪੀ ਮੋਗਾ ਨੂੰ ਦਿੱਤੀ ਜਿਸ ਦੀ ਤਫ਼ਤੀਸ਼ ਕਰਦਿਆਂ ਅਜੀਤਵਾਲ ਦੇ ਐਸ਼ਐਚæਓ ਨੇ ਦਰਖ਼ਾਸਤ ਵਿਚਲੇ ਦੋਸ਼ਾਂ ਨੂੰ ਝੂਠੇ ਕਰਾਰ ਦਿੱਤਾ। ਆਖ਼ਰ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਦਖ਼ਲ ਕਾਰਨ ਉਨ੍ਹਾਂ ਦੇ ਹਿੱਸੇ ਆਉਂਦੀ ਜ਼ਮੀਨ ਦਾ ਵੰਡ ਵੰਡਾਰਾ ਤਾਂ ਨਿਬੜ ਗਿਆ ਪਰ ਚਾਰ ਕਨਾਲਾਂ ਵਿਚ ਫੈਲੇ 17-ਕਮਰਿਆਂ ਵਾਲ਼ੇ ਵਿਸ਼ਾਲ ਫਾਰਮ ਹਾਊਸ ਲਈ ਖਿੱਚੋਤਾਣ ਅਜੇ ਵੀ ਬਣੀ ਹੋਈ ਹੈ।
ਦੋਵਾਂ ਭਰਾਵਾਂ ਮੁਤਾਬਕ ਉਨ੍ਹਾਂ ਨੂੰ ਝੂਠੇ ਅਦਾਲਤੀ ਕੇਸਾਂ ਵਿਚ ਫਸਾਉਣ ਤੇ ਏਅਰਪੋਰਟ ‘ਤੇ ਝੂਠੀਆਂ ਸ਼ਿਕਾਇਤਾਂ ਨਾਲ਼ ਬਲੈਕ ਲਿਸਟ ਕਰਾ ਕੇ ਭਾਰਤ ਦੇ ਵੀਜ਼ਿਆਂ ਤੋਂ ਵਾਂਝਾ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਰਾਜਸੀ ਪ੍ਰਭਾਵ ਵਾਲੇ ਭਰਾਵਾਂ ਵੱਲੋਂ ਅਫ਼ਸਰਾਂ ਦੀ ਮਿਲ਼ੀ-ਭੁਗਤ ਰਾਹੀਂ ਕਰਾਈਆਂ ਬੇਨਿਯਮੀਆਂ ਤੇ ਝੂਠੀਆਂ ਦਰਖ਼ਾਸਤਾਂ ਦੀ ਜਾਂਚ ਕਰਾ ਕੇ ਇਨਸਾਫ਼ ਦੁਆਇਆ ਜਾਵੇ।
ਉਧਰ ਬਲਵੰਤ ਸਿੰਘ ਰਾਮੂਵਾਲੀਆ ਨੇ ਕੈਨੇਡਾ ਰਹਿੰਦੇ ਆਪਣੇ ਭਰਾਵਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਤਾਂ ਆਪਣੇ ਭਰਾਵਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਵਿਚੋਂ ਵੀ ਰਾਹ ਦੇਣ ਲਈ ਤਿਆਰ ਹੈ ਪਰ ਉਹ ਝੂਠੇ ਦੋਸ਼ ਲਾ ਰਹੇ ਹਨ। ਇਸ ਪਰਿਵਾਰਕ ਝਗੜੇ ਵਿਚ ਸਾਲਸੀ ਬਣੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਪ੍ਰੋæ ਬਾਵਾ ਸਿੰਘ ਨੇ ਵੀ ਬਲਵੰਤ ਸਿੰਘ ਰਾਮੂਵਾਲੀਆ ਦੇ ਪੱਖ ਦੀ ਤਾਈਦ ਕੀਤੀ।
ਹਰਚਰਨ ਸਿੰਘ ਨੇ ਪਿੰਡ ਰਾਮੂਵਾਲਾ ਵਿਚ ਘਰ ਦੇ ਬਾਹਰ ਦਾਖਲਾ ਮਨ੍ਹਾ ਹੋਣ ਦੇ ਬੋਰਡ ਲਾਉਣ ਦੀ ਗੱਲ ਤਾਂ ਸਵੀਕਾਰ ਕੀਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਪਿੰਡ ਵਿਚਲਾ ਘਰ ਬੇਸ਼ੱਕ ਉਨ੍ਹਾਂ (ਹਰਚਰਨ) ਦੇ ਹਿੱਸੇ ਦੀ ਜ਼ਮੀਨ ਵਿਚ ਬਣਿਆ ਹੋਇਆ ਹੈ ਪਰ ਭਰਾਵਾਂ ਦੇ ਦਾਖ਼ਲ ਹੋਣ ‘ਤੇ ਕੋਈ ਇਤਰਾਜ਼ ਨਹੀਂ।
Leave a Reply