ਬਾਦਲਾਂ ਲਈ ਪੰਜਾਬ ਵਿਚ ਅਕਸ ਸੁਧਾਰ ਮੁਹਿੰਮ ਬਣੀ ਚੁਣੌਤੀ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਦੀ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਕਰਕੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਏ ਸਿਆਸੀ ਨੁਕਸਾਨ ਦੀ ਪੂਰਤੀ ਦਾ ਕੰਮ ਸੁਖਾਲਾ ਨਹੀਂ ਲੱਗ ਰਿਹਾ। ਹੁਣ ਤੱਕ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਜਮਾਤ ਹੋਣ ਦਾ ਖਿਤਾਬ ਹਾਸਲ ਸੀ, ਪਰ ਇਸ ਵੇਲੇ ਇਹ ਪਾਰਟੀ ਪੰਥ ਦੀ ਸਭ ਤੋਂ ਵੱਡੇ ‘ਮੁਲਜ਼ਮ’ ਦੇ ਰੂਪ ਵਿਚ ਨਜ਼ਰ ਆ ਰਹੀ ਹੈ। ਸੀਨੀਅਰ ਅਕਾਲੀ ਲੀਡਰਾਂ, ਇਥੋਂ ਤੱਕ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਨਣਾ ਹੈ ਕਿ ਅਕਾਲੀ ਦੇ ਅਕਸ ਨੂੰ ਵੱਡੀ ਢਾਹ ਲੱਗੀ ਹੈ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸਭ ਤੋਂ ਵੱਧ ਨੁਕਸਾਨ ਬਾਦਲ ਪਰਿਵਾਰ ਦਾ ਹੋਇਆ ਹੈ। ਪਾਰਟੀ ਵੱਲੋਂ ਸ਼ ਬਾਦਲ ਨੂੰ ਹੁਣ ਤੱਕ ਸਭ ਤੋਂ ਵੱਡੇ ਪੰਥਪ੍ਰਸਤ ਵਜੋਂ ਪੇਸ਼ ਕੀਤਾ ਜਾ ਰਿਹਾ ਸੀ, ਪਰ ਹੁਣ ਇਹ ਸਭ ਢਹਿ-ਡੇਰੀ ਹੋ ਗਿਆ ਲੱਗਦਾ ਹੈ। ਦਰਅਸਲ, ਸਿੱਖ ਮਸਲਿਆਂ ਨੂੰ ਲੈ ਕੇ ਸਿੱਖ ਸੰਗਤ ਦੇ ਗੁੱਸੇ ਦਾ ਸਭ ਤੋਂ ਵੱਧ ਸ਼ਿਕਾਰ ਬਾਦਲ ਪਰਿਵਾਰ ਹੋ ਰਿਹਾ ਹੈ।
ਪੰਜਾਬ ਤੇ ਖਾਸਕਰ ਵਿਦੇਸ਼ਾਂ ਵਿਚ ਵੱਸਦੇ ਸਿੱਖ ਮੌਜੂਦਾ ਸਥਿਤੀ ਲਈ ਸਿੱਧਾ ਬਾਦਲ ਪਰਿਵਾਰ ਨੂੰ ਹੀ ਜ਼ਿੰਮੇਵਾਰ ਮੰਨ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਬਾਦਲਾਂ ਖਿਲਾਫ ਹੀ ਭੜਾਸ ਕੱਢੀ ਜਾ ਰਹੀ ਹੈ। ਉਧਰ, ਡੇਰਾ ਮੁਖੀ ਨੂੰ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਹੋਰ ਸੀਨੀਅਰ ਅਕਾਲੀ ਲੀਡਰ ਖਾਮੋਸ਼ ਹਨ। ਅਕਾਲੀ ਲੀਡਰ ਮੀਟਿੰਗਾਂ ਵਿਚ ਪਹੁੰਚਦੇ ਹਨ, ਪਰ ਇਸ ਮਸਲੇ ਨਾਲ ਨਜਿੱਠਣ ਲਈ ਕੋਈ ਬਾਹਲੀ ਸਰਗਰਮੀ ਨਹੀਂ ਵਿਖਾ ਰਹੇ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਇਸ ਔਖੇ ਦੌਰ ਵਿਚੋਂ ਨਿਕਲਣ ਲਈ ਹਰ ਹਰਬਾ ਵਰਤ ਰਹੇ ਹਨ।
ਪੰਜਾਬ ਸਰਕਾਰ ਨੇ ਖੁੱਸੀ ਹੋਈ ਭਰੋਸੇਯੋਗਤਾ ਬਹਾਲ ਕਰਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ‘ਤੇ ਟੇਕ ਰੱਖੀ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਵਿਭਾਗ ਦੇ ਉੱਚ ਅਫਸਰਾਂ ਤੇ ਮੁੱਖ ਸਕੱਤਰ ਤੱਕ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪੰਜ ਸਾਲਾਂ ਦੇ ਵਕਫੇ ਬਾਅਦ ਪੁਲਿਸ ਨਾਲ ਮੀਟਿੰਗ ਕੀਤੀ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਕਿਹਾ ਕਿ ਝੂਠੇ ਕੇਸ ਦਰਜ ਨਾ ਕੀਤੇ ਜਾਣ, ਸਗੋਂ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ ਜਿਸ ਨਾਲ ਸਰਕਾਰ ਦੀ ਲੋਕਾਂ ਵਿਚ ਭਰੋਸੇਯੋਗਤਾ ਬਹਾਲ ਹੋਵੇ। ਸੂਤਰਾਂ ਮੁਤਾਬਕ ਡੀæਜੀæਪੀæ ਸੁਰੇਸ਼ ਅਰੋੜਾ ਤੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਦੋਹਾਂ ਬਾਦਲਾਂ ਨੂੰ ਇਹ ਵੀ ਦੱਸਿਆ ਕਿ ਪ੍ਰਤੀਬੱਧ ਤੇ ਯੋਗ ਪੁਲਿਸ ਅਫਸਰਾਂ ਨੂੰ ਅਹੁਦਿਆਂ ‘ਤੇ ਟਿਕਣ ਨਹੀਂ ਦਿੱਤਾ ਜਾਂਦਾ ਤੇ ਜਿਨ੍ਹਾਂ ਅਫਸਰਾਂ ਦੀ ਲੋਕਾਂ ਵਿਚ ਚੰਗੀ ਭੱਲ ਨਹੀਂ, ਅਜਿਹੇ ਅਫਸਰਾਂ ਨੂੰ ਸਿਆਸਤਦਾਨਾਂ ਵੱਲੋਂ ਅਹਿਮ ਅਹੁਦਿਆਂ ‘ਤੇ ਤਾਇਨਾਤ ਕਰਨ ਦਾ ਜ਼ੋਰ ਦਿੱਤਾ ਜਾਂਦਾ ਹੈ। ਬਾਦਲਾਂ ਨੇ ਇਹ ਪ੍ਰਭਾਵ ਦੇਣ ਦਾ ਯਤਨ ਵੀ ਕੀਤਾ ਕਿ ਭਵਿੱਖ ਵਿਚ ਪੁਲਿਸ ‘ਤੇ ਰਾਜਸੀ ਪ੍ਰਭਾਵ ਨਹੀਂ ਹੋਵੇਗਾ।
___________________________
ਅਕਾਲੀ ਦਲ ਨੂੰ ਜਥੇਦਾਰਾਂ ਦਾ ਫੈਸਲਾ ਗਲਤ ਲੱਗਿਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੀ ਮੰਨਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਹੋਰ ਸਿੰਘ ਸਾਹਿਬਾਨ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ ਕਰਨ ਦਾ ਤਰੀਕਾ ਗਲਤ ਸੀ ਤੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੂੰ ਸੂਬੇ ਵਿਚਲੀਆਂ ਘਟਨਾਵਾਂ ਨਾਲ ਠੀਕ ਢੰਗ ਨਾਲ ਨਾ ਨਜਿੱਠਣ ਕਾਰਨ ਲਾਂਭੇ ਕੀਤਾ ਹੈ। ਪੰਜਾਬ ਵਿਚ ਪਾਵਨ ਬੀੜਾਂ ਦੀ ਲਗਾਤਾਰ ਬੇਅਦਬੀ ਕਾਰਨ ਪੈਦਾ ਹੋਏ ਹਾਲਾਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਉਸ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਾਂਝ ਪੱਕੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸੇ ਕੀਤੇ ਗਏ ਹਨ। ਪ੍ਰੈਸ ਕਾਨਫਰੰਸ ਵਿਚ ਸ਼ਾਮਲ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ ਅਤੇ ਸਿੱਖਿਆ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੰਨਿਆ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਲਈ ਗਲਤ ਤਰੀਕਾ ਅਪਣਾਇਆ ਸੀ।