ਅਸਹਿਣਸ਼ੀਲਤਾ ਖਿਲਾਫ ਮੁਹਿੰਮ ਨੇ ਸਰਕਾਰ ਦੇ ਨਾਸੀਂ ਧੂੰਆਂ ਕੱਢਿਆ

ਮੁੰਬਈ: ਅਸਹਿਣਸ਼ੀਲਤਾ ਤੇ ਫਿਰਕੂਵਾਦ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਰਕਾਰ ਦੀ ਮੁਸ਼ਕਲਾਂ ਮੁੱਕਣ ਦਾ ਨਾਂ ਨਹੀਂ ਲੈ ਰਹੀਆਂ। ਉੱਘੇ ਫਿਲਮ ਨਿਰਮਾਤਾ ਕੁੰਦਨ ਸ਼ਾਹ, ਸਈਦ ਮਿਰਜ਼ਾ ਤੇ ਲੇਖਿਕਾ ਅਰੁੰਧਤੀ ਰਾਏ ਸਣੇ ਫਿਲਮ ਨਗਰੀ ਦੀਆਂ 24 ਹੋਰ ਹਸਤੀਆਂ ਨੇ ਦੇਸ਼ ਵਿਚ ਅਸਹਿਣਸ਼ੀਲਤਾ ਖਿਲਾਫ ਤੇ ਐਫ਼ਟੀæਆਈæਆਈæ ਦੇ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਆਪਣੇ ਕੌਮੀ ਪੁਰਸਕਾਰ ਵਾਪਸ ਕਰ ਦਿੱਤੇ। ਇਸ ਮੁਹਿੰਮ ਦੀ ਸ਼ੁਰੂਆਤ ਲੇਖਕਾਂ ਨੇ ਆਪਣੇ ਸਾਹਿਤ ਅਕਾਦਮੀ ਪੁਰਸਕਾਰ ਮੋੜ ਕੇ ਕੀਤੀ ਸੀ।

ਕੁੰਦਨ ਸ਼ਾਹ ਨੇ ਕਿਹਾ ਕਿ ਆਪਣੀ ਫਿਲਮ ‘ਜਾਨੋ ਭੀ ਦੋ ਯਾਰੋ’ ਲਈ ਉਨ੍ਹਾਂ ਨੂੰ ਜੋ ਇਕੋ ਇਕ ਕੌਮੀ ਪੁਰਸਕਾਰ ਮਿਲਿਆ ਸੀ, ਉਸ ਨੂੰ ਮੋੜਨ ਦਾ ਬੇਹੱਦ ਦੁੱਖ ਹੈ, ਪਰ ਐਫ਼ਟੀæਆਈæਆਈæ ਦੇ ਮੁਖੀ ਵੱਜੋਂ ਗਜੇਂਦਰ ਚੌਹਾਨ ਦੀ ਨਿਯੁਕਤੀ ਖਿਲਾਫ ਇਹ ਫੈਸਲਾ ਜ਼ਰੂਰੀ ਸੀ, ਕਿਉਂਕਿ ਉਹ ਵੀ ਕਦੇ ਇਸ ਸੰਸਥਾ ਦੇ ਵਿਦਿਆਰਥੀ ਸਨ। ਐਫ਼ਟੀæਆਈæ ਆਈæ ਦੇ ਸਾਬਕਾ ਮੁਖੀ ਤੇ ‘ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ’ ਵਰਗੀਆਂ ਫਿਲਮਾਂ ਤੇ ਟੀæਵੀæ ਲੜੀਵਾਰ ‘ਨੱਕੜ’ ਲਈ ਮਸ਼ਹੂਰ ਮਿਰਜ਼ਾ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੇ ਜੋ ਅੰਦੋਲਨ ਸ਼ੁਰੂ ਕੀਤਾ ਸੀ, ਉਹ ਹੁਣ ਵੱਡਾ ਹੋ ਗਿਆ ਹੈ ਤੇ ਇਹ ਹੁਣ ਅਸਹਿਣਸ਼ੀਲਤਾ, ਵੰਡ ਤੇ ਨਫਰਤ ਖਿਲਾਫ ਅੰਦੋਲਨ ਬਣ ਗਿਆ ਹੈ। ਇਸ ਦੌਰਾਨ ਲੇਖਿਕਾ ਅਰੁੰਧਤੀ ਰਾਏ ਜਿਸ ਨੂੰ ਸਰਵੋਤਮ ਪਟਕਥਾ ਲਈ 1989 ਵਿਚ ਕੌਮੀ ਪੁਰਸਕਾਰ ਮਿਲਿਆ ਸੀ, ਨੇ ਵੀ ਆਪਣਾ ਇਹ ਪੁਰਸਕਾਰ ਮੋੜ ਦਿੱਤਾ ਹੈ। ਪੁਰਸਕਾਰ ਮੋੜਨ ਵਾਲਿਆਂ ਵਿਚ ਦਸਤਾਵੇਜ਼ੀ ਫਿਲਮ ਨਿਰਮਾਤਾ ਅਨਵਰ ਜਮਾਲ, ਨਿਰਦੇਸ਼ਕ ਵਰਿੰਦਰ ਸੈਣੀ, ਪ੍ਰਦੀਪ ਕ੍ਰਿਸ਼ਨਨ, ਮਨੋਜ ਲੋਬੋ, ਵਿਵੇਕ ਸਚਿਦਾਨੰਦ ਪੀæਐਮæ ਸਤੀਸ਼, ਅਜੈ ਰਾਣਾ, ਨਿਰਦੇਸ਼ਕ ਸੁਧਾਕਰ ਰੈਡੀ ਯਾਕਾਂਤੀ, ਸੰਪਾਦਕ ਧਰ ਮਲਿਕ, ਸਿਨਮੈਟੋਗਰਾਫਰ ਸਤਿਆ ਰਾਏ ਨਾਗਪਾਲ, ਨਿਰਦੇਸ਼ਕ ਅਮਿਤਾਭ ਚਕਰਵਰਤੀ, ਫਿਲਮ ਨਿਰਮਾਤਾ ਤਪਨ ਬੋਸ ਤੇ ਮਧੂਸ੍ਰੀ ਦੱਤਾ, ਮੇਘਾਲਿਆ ਦੇ ਫਿਲਮ ਨਿਰਮਾਤਾ ਤਰੁਣ ਭਾਰਤੀ ਸ਼ਾਮਲ ਹਨ।
______________________
ਭਾਜਪਾ ਵੱਲੋਂ ਅਸਹਿਣਸ਼ੀਲਤਾ ਬਾਰੇ ਬਹਿਸ ਦਾ ਸੱਦਾ
ਨਵੀਂ ਦਿੱਲੀ: ਦੇਸ਼ ਵਿਚ ਫੈਲ ਰਹੀ ਨਫਰਤ ਤੇ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਘਿਰੀ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਮੁੱਦੇ ‘ਤੇ ਸੰਸਦ ਵਿਚ ਬਹਿਸ ਕਰਾਉਣ ਨੂੰ ਤਿਆਰ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਸੰਸਦ ਵਿਚ ਇਸ ‘ਤੇ ਬਹਿਸ ਹੋ ਸਕਦੀ ਹੈ ਕਿ ਕੌਣ ਸਹਿਣਸ਼ੀਲ ਹੈ, ਕਿਸ ਨੇ ਐਮਰਜੈਂਸੀ ਥੋਪੀ, ਮੀਡੀਆ ‘ਤੇ ਰੋਕ ਕਿਸ ਨੇ ਲਾਈ, ਜੱਜਾਂ ਦਾ ਵੱਕਾਰ ਕਿਸ ਨੇ ਦਾਅ ‘ਤੇ ਲਾਇਆ ਤੇ ਸਿੱਖ ਕਤਲੇਆਮ ਲਈ ਕੌਣ ਜ਼ਿੰਮੇਵਾਰ ਸੀ? ਕਸ਼ਮੀਰੀ ਪੰਡਤਾਂ ਨਾਲ ਕੀ ਭਾਣਾ ਵਾਪਰਿਆ? ਇਨ੍ਹਾਂ ਸਾਰੇ ਮਸਲਿਆਂ ‘ਤੇ ਸੰਸਦ ਵਿਚ ਆਰਾਮ ਨਾਲ ਬਹਿਸ ਹੋ ਸਕਦੀ ਹੈ।
_____________________________
ਸਰਕਾਰ ਦੇ ਪੱਖ ਵਿਚ ਨਿੱਤਰੇ ਅਦਾਕਾਰ ਅਨੁਪਮ ਖੇਰ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਲੇਖਕਾਂ, ਕਲਾਕਾਰਾਂ ਤੋ ਹੋਰਾਂ ਵੱਲੋਂ ਵੱਧ ਰਹੀ ਅਸਹਿਣਸ਼ੀਲਤਾ ਖਿਲਾਫ ਆਵਾਜ਼ ਬੁਲੰਦ ਕਰਨ ਦੀ ਧਾਰ ਨੂੰ ਖੁੰਡਾ ਕਰਨ ਲਈ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢਿਆ। ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਪੁਰਸਕਾਰ ਮੋੜ ਕੇ ਭਾਰਤ ਦੀ ਗਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਸ੍ਰੀ ਖੇਰ ਦੇ ਨਾਲ ਡਾਇਰੈਕਟਰ ਮਧੁਰ ਭੰਡਾਰਕਰ, ਪੇਂਟਰ ਵਾਸੂਦੇਵ ਕਾਮਥ ਸਮੇਤ 11 ਹੋਰ ਮੈਂਬਰਾਂ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਸ ਬਾਰੇ ਮੰਗ ਪੱਤਰ ਵੀ ਸੌਂਪਿਆ।
___________________________
ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਵਾਪਸ ਲੈਣ ਦੀ ਅਪੀਲ
ਮੁੰਬਈ: ਸਾਹਿਤ ਅਕਾਦਮੀ ਨੇ ਫਿਰ ਲੇਖਕਾਂ ਨੂੰ ਇਹ ਕਹਿੰਦੇ ਹੋਏ ਪੁਰਸਕਾਰ ਵਾਪਸ ਲੈਣ ਦੀ ਅਪੀਲ ਕੀਤੀ ਹੈ ਕਿ ਇਹ ਪਿਆਰ ਤੇ ਸਤਿਕਾਰ ਦਾ ਪ੍ਰਤੀਕ ਹਨ ਤੇ ਅਜਿਹੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇਥੇ ਭਾਰਤੀ ਕਵੀ ਮੇਲੇ ਵਿਚ ਸਾਹਿਤ ਅਕਾਦਮੀ ਦੇ ਪ੍ਰਧਾਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਸਾਹਿਤ ਅਕਾਦਮੀ ਲੇਖਕਾਂ ਦੀ ਆਪਣੀ ਸੰਸਥਾ ਹੈ ਤੇ ਹਮੇਸ਼ਾਂ ਬੋਲਣ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ। ਇਹ ਲੇਖਕਾਂ ਦੇ ਖਿਲਾਫ ਨਹੀਂ। ਦੇਸ਼ ਵਿਚ ਦੁਖਦਾਈ ਘਟਨਾਵਾਂ ਵਾਪਰਨ ਕਰਕੇ ਸਾਹਿਤਕਾਰਾਂ ਵੱਲੋਂ ਐਵਾਰਡ ਵਾਪਸ ਕਰਨ ਨਾਲ ਸਾਨੂੰ ਬਹੁਤ ਦੁੱਖ ਪਹੁੰਚਿਆ ਹੈ।
___________________________
ਮਨਮੋਹਨ ਸਿੰਘ ਨੇ ਵੀ ਖਾਮੋਸ਼ੀ ਤੋੜੀ
ਨਵੀਂ ਦਿੱਲੀ: ਦੇਸ਼ ਵਿਚ ਅਸਹਿਣਸ਼ੀਲਤਾ ਬਾਰੇ ਚੱਲ ਰਹੀ ਬਹਿਸ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਆਪਣੀ ਖਾਮੋਸ਼ੀ ਤੋੜ ਦਿੱਤੀ ਹੈ। ਉਨ੍ਹਾਂ ਕੁਝ ਵੱਖਵਾਦੀ ਗੁੱਟਾਂ ਵੱਲੋਂ ਵਿਚਾਰਾਂ ਦੀ ਆਜ਼ਾਦੀ ਦੇ ਹੱਕ ‘ਤੇ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਦੇਸ਼ ‘ਤੇ ਹਮਲੇ ਵਾਂਗ ਹੈ। ਉਨ੍ਹਾਂ ਤਾਕੀਦ ਕੀਤੀ ਹੈ ਕਿ ਜੇਕਰ ਵਨਸੁਵੰਨਤਾ, ਧਰਮ ਨਿਰਪੇਖ ਤੇ ਬਹੁਲਵਾਦ ਪ੍ਰਤੀ ਏਕਤਾ ਤੇ ਸਤਿਕਾਰ ਨਹੀਂ ਹੈ ਤਾਂ ਗਣਤੰਤਰ ਨੂੰ ਖਤਰਾ ਪੈਦਾ ਹੋ ਸਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਮ ਨਿੱਜੀ ਮਾਮਲਾ ਹੈ ਅਤੇ ਰਾਜ ਸਮੇਤ ਕੋਈ ਵੀ ਇਸ ਵਿਚ ਦਖਲ ਨਹੀਂ ਦੇ ਸਕਦਾ।