ਰਾਹੁਲ ਗਾਂਧੀ ਦੀ ਫੇਰੀ ਨੇ ਪੰਜਾਬ ‘ਚ ਮਚਾਈ ਸਿਆਸੀ ਹਲਚਲ

ਚੰਡੀਗੜ੍ਹ: ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੇ ਸੂਬੇ ਵਿਚ ਸਿਆਸੀ ਹਲਚਲ ਮਚਾ ਦਿੱਤੀ ਹੈ। ਅਕਾਲੀ ਦਲ ਨੇ ਰਾਹੁਲ ਦੀ ਫੇਰੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਦੋ ਦਿਨਾਂ ਦੌਰੇ ਨੇ ਜਿਥੇ ਕਾਂਗਰਸੀਆਂ ਵਿਚ ਜੋਸ਼ ਭਰਿਆ ਹੈ, ਉਥੇ ਸਿੱਖ ਤੇ ਕਿਸਾਨ ਮਸਲਿਆਂ ਬਾਰੇ ਗੰਭੀਰਤਾ ਵਿਖਾ ਕੇ ਰਾਹੁਲ ਨੇ ਅਕਾਲੀ ਦਲ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਉਹ ਆਪਣੇ ਇਸ ਦੌਰੇ ਦੌਰਾਨ ਕਾਂਗਰਸੀਆਂ ਨੂੰ ਇਕਜੁੱਟ ਹੋਣ ਦਾ ਪਾਠ ਵੀ ਪੜ੍ਹਾ ਗਏ ਹਨ।

ਰਾਹੁਲ ਗਾਂਧੀ ਦਾ ਦੋ ਦਿਨਾਂ ਪੰਜਾਬ ਦੌਰਾ ਆਮ ਲੋਕਾਂ ਤੇ ਸਿਆਸੀ ਹਲਕਿਆਂ ਦਾ ਧਿਆਨ ਖਿੱਚਣ ਵਿਚ ਸਫਲ ਰਿਹਾ ਹੈ। ਉਨ੍ਹਾਂ ਦੇ ਪ੍ਰੋਗਰਾਮ ਨੂੰ ਸੂਬੇ ਵਿਚ ਪੈਦਾ ਹੋਈ ਸਥਿਤੀ ਦਾ ਸਿਆਸੀ ਲਾਭ ਲੈਣ ਦੇ ਉਦੇਸ਼ ਨਾਲ ਹੀ ਉਲੀਕਿਆ ਗਿਆ ਸੀ। ਪਿਛਲੇ ਦਿਨੀਂ ਪੰਜਾਬ ਵਿਚ ਸਿਆਸੀ, ਸਮਾਜਿਕ ਤੇ ਧਾਰਮਿਕ ਪੱਧਰ ਉਤੇ ਬਹੁਤ ਕੁਝ ਅਜਿਹਾ ਵਾਪਰਿਆ ਹੈ, ਜਿਸ ਨੇ ਸੂਬੇ ਵਿਚ ਨਾਖੁਸ਼ਗਵਾਰ ਹਾਲਾਤ ਪੈਦਾ ਕੀਤੇ ਹਨ। ਬਹਿਬਲ ਕਲਾਂ ਗੋਲੀ ਕਾਂਡ ਵਿਚ ਸ਼ਹੀਦ ਹੋਏ ਨੌਜਵਾਨਾਂ ਦੇ ਘਰਾਂ ਵਿਚ ਜਾ ਕੇ ਸਬੰਧਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਾ, ਕਿਸਾਨਾਂ ਦੀ ਆਰਥਿਕ ਤੰਗੀ ਨੂੰ ਉਜਾਗਰ ਕਰਨ ਲਈ ਨਰਮਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਇਸੇ ਕੜੀ ਦਾ ਹੀ ਇਕ ਹਿੱਸਾ ਕਿਹਾ ਜਾ ਸਕਦਾ ਹੈ।
ਰਾਹੁਲ ਨੇ ਆਉਂਦੇ ਸਮੇਂ ਲਈ ਆਪਣੀ ਪਾਰਟੀ ਨੂੰ ਬਦਲ ਵਜੋਂ ਪੇਸ਼ ਕਰਨ ਲਈ ਯਤਨ ਆਰੰਭ ਦਿੱਤੇ ਹਨ। ਪਾਟੋਧਾੜ ਹੋਈ ਪਾਰਟੀ ਦੇ ਆਗੂਆਂ ਦਾ ਇਕੱਠੇ ਹੋ ਕੇ ਇਕ ਸਟੇਜ ‘ਤੇ ਆਉਣਾ ਇਸ ਪਹਿਲ ਦਾ ਹੀ ਪ੍ਰਭਾਵ ਮੰਨਿਆ ਜਾ ਸਕਦਾ ਹੈ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਪਾਹ ਪੱਟੀ ਵਿਚ ਪੈਦਲ ਯਾਤਰਾ ਕਰਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸਿਆਸੀ ਬਦਲਾਅ ਦਾ ਹੋਕਾ ਦਿੱਤਾ। ਸ੍ਰੀ ਰਾਹੁਲ ਦੀ ਦੂਸਰੇ ਦਿਨ ਦੀ ਪੰਜਾਬ ਫੇਰੀ ਦੌਰਾਨ ਬਾਦਲ ਪਰਿਵਾਰ ਨਿਸ਼ਾਨੇ ਉਤੇ ਰਿਹਾ ਤੇ ਨਸ਼ਿਆਂ ਦੀ ਦਿਨ ਭਰ ਚਰਚਾ ਚੱਲਦੀ ਰਹੀ।
ਉਨ੍ਹਾਂ ਨੇ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਦੇ ਫਸਲ ਦੀ ਬਰਬਾਦੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨ ਜਗਦੇਵ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਇਸ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਕੌਮੀ ਮੀਤ ਪ੍ਰਧਾਨ ਕੋਲ ਪਿੰਡ ਦੁੱਨੇਵਾਲਾ ਦੀ ਵਿਧਵਾ ਕੁਲਵਿੰਦਰ ਕੌਰ ਨੇ ਆਪਣਾ ਦੁੱਖੜਾ ਰੋਇਆ, ਜਿਸ ਦੇ ਪਰਿਵਾਰ ਦੇ ਚਾਰ ਕਮਾਊ ਜੀਅ ਖੇਤੀ ਸੰਕਟ ਕਾਰਨ ਖੁਦਕੁਸ਼ੀ ਕਰ ਗਏ ਹਨ। ਸ੍ਰੀ ਰਾਹੁਲ ਨੇ ਪਿੰਡ ਭਗਵਾਨਗੜ੍ਹ ਤੋਂ ਪਿੰਡ ਮੱਲਵਾਲਾ ਤੱਕ ਪੈਦਲ ਯਾਤਰਾ ਦੌਰਾਨ ਰਸਤੇ ਵਿਚ ਕਿਸਾਨ ਕੁਲਬੀਰ ਸਿੰਘ ਦੇ ਚਿੱਟੇ ਮੱਛਰ ਕਾਰਨ ਤਬਾਹ ਹੋਈ ਫਸਲ ਨੂੰ ਵੇਖਿਆ। ਇਸ ਮਗਰੋਂ ਖੇਤਾਂ ਵਿਚ ਨਰਮਾ ਚੁਗ ਰਹੀ ਬਲਜੀਤ ਕੌਰ ਤੇ ਦਲੀਪ ਕੌਰ ਨੇ ਨਰਮੇ ਦੀ ਪੈਦਾਵਾਰ ਦੇ ਚੰਗੇ ਦਿਨਾਂ ਦੀ ਕਹਾਣੀ ਸੁਣਾਈ ਤੇ ਮੌਜੂਦਾ ਸਮੇਂ ਖਾਲੀ ਹੋਏ ਖੇਤਾਂ ਕਾਰਨ ਠੰਢੇ ਹੋਏ ਚੁਲ੍ਹਿਆਂ ਦੀ ਗੱਲ ਕੀਤੀ।
____________________________
ਤਖਤ ਤੋਂ ਰਾਹੁਲ ਨੂੰ ਸਿਰੋਪਾਓ ਨਾ ਦਿੱਤਾ
ਅੰਮ੍ਰਿਤਸਰ: ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਾਹੁਲ ਗਾਂਧੀ ਨੂੰ ਸਿਰੋਪਾਓ ਨਹੀਂ ਦਿੱਤਾ ਗਿਆ, ਜਦੋਂ ਸ਼੍ਰੋਮਣੀ ਕਮੇਟੀ ਨੇ ਸਿਰੋਪਾਓ ਨਾ ਦਿੱਤਾ ਤਾਂ ਦਰਬਾਰ ਸਾਹਿਬ ਤੋਂ ਬਾਹਰ ਇਕ ਗੁਰਸਿੱਖ ਵਿਅਕਤੀ ਨੇ ਰਾਹੁਲ ਨੂੰ ਸਿਰੋਪਾਓ ਭੇਟ ਕੀਤਾ। ਤਖਤ ਦੇ ਮੈਨੇਜਰ ਜਗਪਾਲ ਸਿੰਘ ਨੇ ਦੱਸਿਆ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਤਖਤ ਤੋਂ ਸਿਰੋਪਾਓ ਦੇਣਾ ਬੰਦ ਕੀਤਾ ਹੋਇਆ ਹੈ।
____________________________
ਕੈਪਟਨ ਤੇ ਬਾਜਵਾ ਵਿਚਕਾਰ ਸੁਲ੍ਹਾ?
ਚੰਡੀਗੜ੍ਹ: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਡਾæ ਸ਼ਕੀਲ ਅਹਿਮਦ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਦੋ ਦਿਨਾਂ ਪੰਜਾਬ ਦੌਰੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ, ਦੋਹਾਂ ਵਿਚ ਏਕਤਾ ਕਰਾ ਦਿੱਤੀ ਗਈ ਤੇ ਹੁਣ ਇਹ ਦੋਵੇਂ ਆਗੂ ਵੱਖਰੇ-ਵੱਖਰੇ ਤੌਰ ਉਤੇ ਨਹੀਂ, ਇਕੱਠੇ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨਗੇ ਤੇ ਇਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਵੀ ਨਹੀਂ ਕਰਨਗੇ। ਡਾਕਟਰ ਅਹਿਮਦ ਜੋ ਸ੍ਰੀ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਸਮੇਂ ਉਨ੍ਹਾਂ ਦੇ ਨਾਲ ਸਨ, ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੈਪਟਨ ਤੇ ਬਾਜਵਾ ਦੀਆਂ ਜੱਫੀਆਂ ਪੁਆ ਦਿੱਤੀਆਂ ਹਨ। ਸ੍ਰੀ ਰਾਹੁਲ ਦੇ ਪੰਜਾਬ ਦੌਰੇ ਨਾਲ ਰਾਜ ਦੇ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਗਰੁੱਪ ਬਾਜ਼ੀ ਦੀ ਬਿਜਾਏ ਏਕਤਾ ਦਾ ਸੁਨੇਹਾ ਗਿਆ ਹੈ।
____________________________
ਰਾਹੁਲ ਦੀ ਫੇਰੀ ਉਤੇ ਮਜੀਠੀਆ ਨੂੰ ਇਤਰਾਜ਼
ਅੰਮ੍ਰਿਤਸਰ: ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਰਾਹੁਲ ਪਰਿਵਾਰਕ ਰਵਾਇਤ ਜਾਰੀ ਰੱਖਦਿਆਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੜਕਾਉਣ ਲਈ ਆਇਆ ਸੀ। ਮਜੀਠੀਆ ਨੇ ਕਿਹਾ ਕਿ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਨੇ ਆਪਣੀ ਸਤਾ ਸਥਾਪਤ ਕਰਨ ਲਈ ਪੰਜਾਬ ਨੂੰ ਲਾਂਬੂ ਲਾਇਆ ਸੀ, ਜਿਸ ਦਾ ਸੰਤਾਪ ਅੱਜ ਤੱਕ ਪੰਜਾਬ ਭੁਗਤ ਰਿਹਾ ਹੈ।