ਜਲੰਧਰ: ਪੰਜਾਬ ਦੀਆਂ ਚਾਰ ਖੱਬੀਆਂ ਰਾਜਨੀਤਕ ਪਾਰਟੀਆਂ ਸੀæਪੀæਆਈæ, ਸੀæਪੀæਆਈæ (ਐਮæ), ਸੀæਪੀæਐਮæ ਪੰਜਾਬ ਤੇ ਸੀæਪੀæਆਈæ (ਐਮæਐਲ਼) ਲਿਬਰੇਸ਼ਨ ਦੇ ਸੱਦੇ ਉਤੇ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਸੂਬਾਈ ਕਨਵੈਨਸ਼ਨ ਕੀਤੀ ਗਈ। ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਨੂੰ ਦਰਪੇਸ਼ ਭਖਦੀਆਂ ਸਮੱਸਿਆਵਾਂ ਵਿਰੁੱਧ ਇਨ੍ਹਾਂ ਪਾਰਟੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ ਗਿਆ।
ਇਸ ਕਨਵੈਨਸ਼ਨ ਵਿਚ ਚੌਹਾਂ ਪਾਰਟੀਆਂ ਦੇ 3000 ਦੇ ਕਰੀਬ ਸਰਗਰਮ ਵਰਕਰਾਂ ਤੇ ਹਮਦਰਦਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਲਾਨ ਕੀਤਾ ਕਿ ਖੱਬੀਆਂ ਪਾਰਟੀਆਂ ਦੇ 15 ਨੁਕਾਤੀ ਮੰਗ-ਪੱਤਰ ਵਿਚ ਦਰਜ ਮੰਗਾਂ ਦੀ ਪ੍ਰਾਪਤੀ ਲਈ ਸੂਬੇ ਅੰਦਰ ਇਕ ਬੱਝਵਾਂ ਤੇ ਜ਼ੋਰਦਾਰ ਜਨਤਕ ਸੰਘਰਸ਼ ਚਲਾਇਆ ਜਾਵੇਗਾ, ਜਿਸ ਦੇ ਅਗਲੇ ਪੜਾਅ ਵਜੋਂ ਪਹਿਲੀ ਤੋਂ ਸੱਤ ਦਸੰਬਰ ਤੱਕ ਸਾਰੇ ਜ਼ਿਲ੍ਹਿਆਂ ਅੰਦਰ ਜਥਾ ਮਾਰਚ ਕਰਕੇ ਇਸ ਫੈਸਲਾਕੁੰਨ ਸੰਘਰਸ਼ ਵਿਚ ਆਮ ਲੋਕਾਂ ਨੂੰ ਸਰਗਰਮ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਤੇ ਲਾਮਬੰਦ ਕੀਤਾ।
ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਹੀ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਢੁਕਵੇਂ ਕਦਮ ਪੁੱਟਣ ਦੀ ਬਜਾਏ ਫਿਰਕੂ ਤੇ ਬੇਲੋੜੇ ਧਾਰਮਿਕ ਮੁੱਦੇ ਉਭਾਰ ਕੇ ਰਾਜਸੀ ਵਾਤਾਵਰਨ ਨੂੰ ਗਿਣਮਿੱਥ ਕੇ ਗੰਧਲਾ ਕਰ ਰਹੀਆਂ ਹਨ। ਬਾਦਲ ਸਰਕਾਰ ਵੱਲੋਂ ਧਰਮ ਤੇ ਰਾਜਨੀਤੀ ਨੂੰ ਰਲਗੰਢ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸਾਜ਼ਿਸ਼ੀ ਘਟਨਾਵਾਂ ਨਾਲ ਨਜਿੱਠਣ ਵਿਚ ਸਰਕਾਰ ਵੱਲੋਂ ਦਿਖਾਈ ਗਈ ਸਿਰੇ ਦੀ ਮੌਕਾਪ੍ਰਸਤੀ ਦੀ ਨਿਖੇਧੀ ਕੀਤੀ। ਕਨਵੈਨਸ਼ਨ ਵਿਚ ਪਾਸ ਕੀਤੇ ਗਏ ਮਤਿਆਂ ਤੇ ਭਾਸ਼ਣਾਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੀ ਮੰਡੀਆਂ ਵਿਚ ਹੋ ਰਹੀ ਬੇਕਦਰੀ ਰੋਕੀ ਜਾਵੇ, ਬਾਸਮਤੀ 1509 ਦਾ ਸਮਰਥਨ ਮੁੱਲ 4500 ਰੁਪਏ ਤੇ ਬਾਸਮਤੀ 1121 ਦਾ ਭਾਅ 5000 ਰੁਪਏ ਤੈਅ ਕਰਕੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ, ਸਰਕਾਰ ਵੱਲੋਂ ਸਪਲਾਈ ਕੀਤੀ ਗਈ ਨਕਲੀ ਦਵਾਈ ਕਾਰਨ ਨਰਮੇ ਦੀ ਮਾਰੀ ਗਈ ਫਸਲ ਦਾ 40,000 ਰੁਪਏ ਪ੍ਰਤੀ ਏਕੜ ਤੇ ਨਰਮਾ ਚੁੱਕਣ ਵਾਲੇ ਮਜ਼ਦੂਰਾਂ ਲਈ 20,000 ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ, ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਤੇ ਘਰ ਬਣਾਉਣ ਲਈ ਤਿੰਨ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਕੀਤੀ ਜਾਵੇ ਅਤੇ ਘੱਟੋ ਘੱਟ 200 ਦਿਨਾਂ ਲਈ ਰੁਜ਼ਗਾਰ ਦਿੱਤਾ ਜਾਵੇ, ਬੁਢਾਪਾ ਤੇ ਵਿਧਵਾ ਪੈਨਸ਼ਨ 3000 ਹਜ਼ਾਰ ਰੁਪਏ ਮਾਸਿਕ ਕੀਤੀ ਜਾਵੇ, ਅਣਸਿੱਖਿਅਤ ਮਜ਼ਦੂਰਾਂ ਲਈ ਘੱਟੋ ਘੱਟ ਤਨਖਾਹ 15000 ਰੁਪਏ ਮਹੀਨਾ ਨਿਸ਼ਚਿਤ ਕੀਤੀ ਜਾਵੇ।
ਕਨਵੈਨਸ਼ਨ ਵਿਚ ਇਹ ਐਲਾਨ ਵੀ ਕੀਤਾ ਗਿਆ ਕਿ ਜ਼ਿਲ੍ਹਾ ਪੱਧਰੀ ਜਥਾ ਮਾਰਚਾਂ ਤੋਂ ਬਾਅਦ ਦਸੰਬਰ ਤੇ ਜਨਵਰੀ ਮਹੀਨਿਆਂ ਵਿਚ ਪ੍ਰਾਂਤ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਘੱਟੋ ਘੱਟ 500 ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਤੇ ਫਰਵਰੀ 2016 ਦੇ ਆਰੰਭ ਵਿਚ ਜ਼ਿਲ੍ਹਾ ਕੇਂਦਰਾਂ ਤੇ ਵਿਸ਼ਾਲ ਜਨਤਕ ਮੁਜ਼ਾਹਰੇ ਕਰਕੇ ਇਸ ਘੋਲ ਨੂੰ ਬੱਝਵਾਂ ਰੂਪ ਦਿੱਤਾ ਜਾਵੇਗਾ। ਕਨਵੈਨਸ਼ਨ ਉਪਰੰਤ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਪ੍ਰਭਾਵਸ਼ਾਲੀ ਅਮਨ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਫਿਰਕੂ ਤੇ ਫੁੱਟ ਪਾਊ ਅਨਸਰਾਂ ਪ੍ਰਤੀ ਸਾਵਧਾਨ ਤੇ ਸਤਰਕ ਹੋਣ ਦਾ ਸੱਦਾ ਦਿੱਤਾ ਗਿਆ।
______________________________
ਮੁਲਾਜ਼ਮਾਂ ਵੱਲੋਂ ‘ਘੇਰਾ ਪਾਓ’ ਸੰਘਰਸ਼ ਦਾ ਐਲਾਨ
ਚੰਡੀਗੜ੍ਹ: ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਪੰਥਕ ਮੁੱਦਿਆਂ ਉਤੇ ਬੁਰੀ ਤਰ੍ਹਾਂ ਘਿਰੀ ਬਾਦਲ ਸਰਕਾਰ ਵਿਰੁੱਧ ‘ਘੇਰਾ ਪਾਓ’ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਹੈ। ਮੁਲਾਜ਼ਮਾਂ ਨੇ ਤਿੰਨ ਕੈਬਨਿਟ ਮੰਤਰੀਆਂ ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਰਣਨੀਤੀ ਬਣਾਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਪੰਜਾਬ ਤੇ ਯੂæਟੀæ ਮੁਲਾਜ਼ਮ ਸੰਘਰਸ਼ ਕਮੇਟੀ ਦੀ ਮੀਟਿੰਗ ਦੌਰਾਨ ਇਹ ਕਦਮ ਚੁੱਕਣ ਦਾ ਫੈਸਲਾ ਲਿਆ ਗਿਆÏ ਸੰਘਰਸ਼ ਕਮੇਟੀ ਨੇ ਸਰਕਾਰ ਦੇ ਇਸ ਰਵੱਈਏ ਨੂੰ ਮੁੱਖ ਰੱਖਦਿਆਂ 19 ਤੋਂ 30 ਨਵੰਬਰ ਤੱਕ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫਤਰ ਅੱਗੇ ਸੱਤ ਰੋਜ਼ਾ ਮੋਰਚਾ ਲਾਉਣ ਦਾ ਫੈਸਲਾ ਲਿਆ ਹੈ, ਜਿਥੇ ਮੌਕੇ ਮੁਤਾਬਕ ਹੋਰ ਐਲਾਨ ਕੀਤੇ ਜਾਣਗੇ।