‘ਪੰਜ ਪਿਆਰਿਆਂ ਦਾ ਸਿੱਖ ਪ੍ਰਸੰਗ’ ਨਾਂ ਦੇ ਇਸ ਅਹਿਮ ਲੇਖ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੰ੍ਰਥ ਸਾਹਿਬ ਵਿਭਾਗ ਦੇ ਸਾਬਕਾ ਮੂਖੀ ਪ੍ਰੋæ ਬਲਕਾਰ ਸਿੰਘ ਨੇ ਪੰਜ ਪਿਆਰਿਆਂ ਦੀ ਚਰਚਾ ਇਤਿਹਾਸਕ ਪ੍ਰਸੰਗ ਤਹਿਤ ਕੀਤੀ ਹੈ ਅਤੇ ਮੌਜੂਦਾ ਸੰਕਟ ਦੌਰਾਨ ਇਨ੍ਹਾਂ ਦੀ ਭੂਮਿਕਾ ਨਾਲ ਖੜ੍ਹੇ ਹੋਏ, ਤੇ ਹੋ ਰਹੇ ਸਵਾਲਾਂ ਦੀ ਬਾਰੀਕੀ ਨਾਲ ਪੁਣ-ਛਾਣ ਕੀਤੀ ਹੈ। ਨਾਲ ਹੀ ਇਹ ਚੇਤਾ ਇਕ ਵਾਰ ਫਿਰ ਕਰਵਾਇਆ ਹੈ ਕਿ
ਸਿੱਖ ਭਾਈਚਾਰਾ ਵਿਰੋਧੀਆਂ ਦੀਆਂ ਚੁਣੌਤੀਆਂ ਨਾਲ ਤਾਂ ਸਦਾ ਜੂਝਦਾ ਤੇ ਜਿੱਤਦਾ ਵੀ ਰਿਹਾ ਹੈ, ਪਰ ਆਪਣਿਆਂ ਵੱਲੋਂ ਖੜ੍ਹੀਆਂ ਕੀਤੀਆਂ ਮੁਸ਼ਕਿਲਾਂ ਤੇ ਔਕੜਾਂ ਅੱਗੇ ਬੇਵੱਸ ਹੋ ਜਾਂਦਾ ਰਿਹਾ ਹੈ। ਮੌਜੂਦਾ ਸੰਕਟ ਨੂੰ ਉਨ੍ਹਾਂ ਇਸੇ ਪ੍ਰਸੰਗ ਵਿਚ ਸਮਝਣ-ਸਮਝਾਉਣ ਦਾ ਯਤਨ ਕੀਤਾ ਹੈ ਤਾਂ ਕਿ ਸਿੱਖੀ ਨੂੰ ਸਿਆਸਤ ਨਾਲੋਂ ਪਹਿਲ ਮਿਲ ਸਕੇ। -ਸੰਪਾਦਕ
ਪ੍ਰੋæ ਬਲਕਾਰ ਸਿੰਘ
ਫੋਨ: +91-93163-01328
ਮੌਜੂਦਾ ਸਿੱਖ ਸੰਕਟ ਵਿਚ ਪੰਜ ਪਿਆਰਿਆਂ ਦੀ ਭੂਮਿਕਾ ਨੇ ਅਜਿਹੇ ਪ੍ਰਸ਼ਨ ਪੈਦਾ ਕਰ ਦਿੱਤੇ ਹਨ ਜੋ ਹਾਲਾਤ ਨੂੰ ਸੰਭਾਲਣ ਵਿਚ ਮਦਦ ਕਰਦੇ ਨਹੀਂ ਜਾਪਦੇ। ਇਹ ਲੱਗਣ ਲੱਗ ਪਿਆ ਹੈ ਕਿ ਪੰਜ ਪਿਆਰਿਆਂ ਦੀ ਸਿਧਾਂਤਕਤਾ, ਪਰੰਪਰਾ ਤੇ ਵਰਤਮਾਨ, ਇਕਸੁਰਤਾ ਵਿਚੋਂ ਨਿਕਲ ਕੇ ਟਕਰਾਉ ਵਿਚ ਆ ਗਏ ਹਨ। ਪੰਜ ਪਿਆਰਿਆਂ ਦੀ ਸੰਸਥਾ, ਗੁਰੂ-ਜੋਤਿ ਨੂੰ ਪੰਥਕ-ਜੁਗਤਿ ਵਿਚ ਉਸਾਰਨ ਵਾਸਤੇ ਨਵੀਂ ਵਿਧੀ ਵਜੋਂ ਸਾਹਮਣੇ ਆਈ ਸੀ ਅਤੇ ਇਸ ਦਾ ਪ੍ਰਗਟਾਵਾ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਨਾਨਕ ਦੀ ਅਗਵਾਈ ਵਿਚ ਹੀ ਸ਼ੁਰੂ ਹੋ ਗਿਆ ਸੀ। ਇਸ ਨੂੰ ਸਿੱਖ-ਲੋਕਤੰਤਰ ਦੀ ਸਿਧਾਂਤਕਤਾ ਦੇ ਅਮਲੀ ਪ੍ਰਗਟਾਵੇ ਵਜੋਂ ਵੀ ਸਮਝਿਆ ਜਾ ਸਕਦਾ ਹੈ। ਪੰਜ ਪਿਆਰਿਆਂ ਦੀ ਨਿਸਚਿਤ ਪਛਾਣ 1699 ਦੀ ਵਿਸਾਖੀ ਵਾਲੇ ਦਿਨ ਸਾਹਮਣੇ ਆਈ ਸੀ। ਜਦੋਂ ਵੀ ਪੰਜ ਪਿਆਰਿਆਂ ਦੀ ਗੱਲ ਹੁੰਦੀ ਹੈ ਤਾਂ ਸ਼ੁਰੂਆਤ ਆਮ ਤੌਰ ‘ਤੇ ਇਥੋਂ ਹੀ ਕੀਤੀ ਜਾਂਦੀ ਹੈ ਕਿ ਖਾਲਸਾ ਸਾਜਣਾ ਦੀ ਅਰੰਭਕ ਪ੍ਰਤੀਨਿਧਤਾ ਇਨ੍ਹਾਂ ਪੰਜ ਪਿਆਰਿਆਂ ਨੇ ਹੀ ਕੀਤੀ ਸੀ। ਇਥੋਂ ਹੀ ‘ਆਪੇ ਗੁਰ ਚੇਲਾ’ ਦੀ ਸਿਧਾਂਤਕ ਪਛਾਣ ਬਣੀ ਸੀ ਅਤੇ ਇਸ ਨਾਲ ਪੰਜ ਪਿਆਰੇ ਸਿੱਖ ਸਤਿਕਾਰ ਦੇ ਪਾਤਰ ਬਣ ਗਏ ਸਨ ਜੋ ਦਸਮ ਪਾਤਸ਼ਾਹ ਵਲੋਂ ਗੁਰੂ ਵਿਧੀ ਵਿਚ ਸਥਾਪਤ ਕੀਤੇ ਗਏ ਸਨ ਅਤੇ ਇਸ ਨਾਲ ਪੰਜ ਪਿਆਰਿਆਂ ਦਾ ਰੋਲ ਮਾਡਲ ਸਥਾਪਤ ਹੋ ਗਿਆ ਸੀ। ਯਾਦ ਰਹੇ ਕਿ ਇਨ੍ਹਾਂ ਪੰਜ ਪਿਆਰਿਆਂ ਵਿਚਕਾਰ ਗੁਰੂ ਜੀ ਖੁਦ ਵੀ ਹਾਜ਼ਰ ਸਨ ਅਤੇ ਪੰਥ ਸਥਾਪਤ ਪੰਜ ਪਿਆਰੇ ਗੁਰੂ ਨੂੰ ਹਾਜ਼ਰ ਨਾਜ਼ਰ ਪਰਵਾਨ ਕਰਦੇ ਆ ਰਹੇ ਹਨ।
ਵਰਤਮਾਨ ਪੰਜ ਪਿਆਰਿਆਂ ਦੇ ਫੈਸਲੇ ਨਾਲ ਜਿਹੋ ਜਿਹਾ ਪੁਲਸੀ ਪ੍ਰਭਾਵ ਪੈਦਾ ਹੋ ਗਿਆ ਹੈ, ਉਸੇ ਬਾਰੇ ਚਰਚਾ ਕੀਤੀ ਜਾ ਰਹੀ ਹੈ। ਇਹ ਠੀਕ ਹੈ ਕਿ ਤਖਤ ਜਥੇਦਾਰ ਜਿਸ ਤਰ੍ਹਾਂ ਹੁਕਮਨਾਮਾ ਵਾਪਸ ਲੈਣ ਨਾਲ ਸਿੱਖ ਭਾਈਚਾਰੇ ਦੇ ਗੁੱਸੇ ਦਾ ਸ਼ਿਕਾਰ ਹੋਏ ਹਨ, ਪਹਿਲਾਂ ਕਦੇ ਨਹੀਂ ਹੋਏ ਸਨ। ਇਸ ਨੂੰ ਵੇਖਦਿਆਂ ਤਖਤ ਜਥੇਦਾਰਾਂ ਨੂੰ ਪਦਵੀਆਂ ਛੱਡ ਦੇਣੀਆਂ ਚਾਹੀਦੀਆਂ ਸਨ। ਸਮਾਂ ਨਾ ਸਾਂਭ ਸਕਣ ਕਰ ਕੇ, ਮੌਜੂਦਾ ਤਖਤ ਜਥੇਦਾਰ ਅਪ੍ਰਸੰਗਕ ਹੋ ਗਏ ਹਨ। ਜੋ ਵਿਧੀ ਪੰਜ ਪਿਆਰਿਆਂ ਨੇ ਅਪਨਾਈ, ਇਸ ਨਾਲ ਸੰਵਰਿਆ ਕੁਝ ਵੀ ਨਹੀਂ, ਪਰ ਵਿਗੜ ਬਹੁਤ ਕੁਝ ਗਿਆ ਹੈ। ਤਖਤ ਜਥੇਦਾਰਾਂ ਦੇ ਪੈਰੋਂ ਵਿਗੜੇ ਹਾਲਾਤ ਤਾਂ ਸੰਭਲ ਜਾਣਗੇ, ਪਰ ਪੰਜ ਪਿਆਰਿਆਂ ਦੀ ਬੇਲੋੜੀ ਦਖਲਅੰਦਾਜ਼ੀ ਦੇ ਖਮਿਆਜ਼ੇ ਲਗਾਤਾਰ ਭੁਗਤਣੇ ਪੈ ਸਕਦੇ ਹਨ।
ਸਿੱਖ ਸਾਹਿਤ ਵਿਚ ਹੁਕਮਨਾਮਿਆਂ ਤੋਂ ਲੈ ਕੇ ਸੂਰਜ ਪ੍ਰਕਾਸ਼ ਤੱਕ ਪੰਜ ਪਿਆਰੇ ਲੋੜ ਪੈਣ ‘ਤੇ ਚੁਣੇ ਜਾਂਦੇ ਰਹੇ ਹਨ। ਰਹਿਤਨਾਮਾ ਭਾਈ ਦਯਾ ਸਿੰਘ ਦੇ ਇਸ ਹਵਾਲੇ, “ਪਾਂਚ ਸਿੰਘ ਮਿਲਕਰ ਰਹਿਤ ਬਿਬੇਕ ਕਾ ਗੁਰਮਤਾ ਕਰੇਂ” ਨਾਲ ਇਸ ਨਤੀਜੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਦਸਮ ਪਾਤਸ਼ਾਹ ਵਲੋਂ ਕੀਤੀ ਗਈ ਰੋਲ ਮਾਡਲ ਸਥਾਪਤੀ, ਪੰਥਕ ਚੋਣ ਵਜੋਂ ਲਗਾਤਾਰ ਨਿਭਦੀ ਰਹੀ ਹੈ। ਇਸ ਵਾਸਤੇ 1708 ਤੋਂ ਪਿਛੋਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਅੰਮ੍ਰਿਤ ਸੰਚਾਰ ਵੇਲੇ ਤਿਆਰ ਬਰ ਤਿਆਰ ਸਿੰਘਾਂ ਵਿਚੋਂ ਪੰਜ ਪਿਆਰੇ ਥਾਪ ਲਏ ਜਾਂਦੇ ਰਹੇ ਹਨ। ਗੁਰਦੁਆਰਾ ਸੰਸਥਾ ਦੀ ਸਥਾਪਤੀ ਨਾਲ ਪੰਜ ਪਿਆਰਿਆਂ ਦਾ ਸਬੰਧ ਗੁਰਦੁਆਰਾ ਸੰਸਥਾ ਨਾਲ ਜੁੜਿਆ ਆ ਰਿਹਾ ਹੈ ਅਤੇ ਸਥਾਨਕ ਪੰਜ ਪਿਆਰੇ ਲੋੜੀਂਦੀ ਭੂਮਿਕਾ ਪੰਥਕ ਸੁਰ ਵਿਚ ਨਿਭਾਉਂਦੇ ਰਹੇ ਹਨ।
ਪੰਜ ਦੇ ਗੁਰਮਤਿ ਪ੍ਰਸੰਗ ਦੀ ਪੁਸ਼ਟੀ ‘ਪੰਚ’ ਦੇ ਹਵਾਲੇ ਨਾਲ ਬਾਣੀ ਵਿਚੋਂ ਹੋ ਜਾਂਦੀ ਹੈ (ਮਹਾਨ ਕੋਸ਼ 781)। ਭਾਈ ਗੁਰਦਾਸ ਨੇ ਪੰਜ ਦਾ ਪ੍ਰਸੰਗ ਸਥਾਪਨ ਕਰਦਿਆਂ ਦੱਸਿਆ ਹੈ ਕਿ ਗੁਰਮਤਿ ਦਾ ‘ਪੰਚ ਪਰਧਾਨੇ’ (ਸਤਿ, ਸੰਤੋਖ, ਦਇਆ, ਧਰਮ ਅਤੇ ਧੀਰਜ); ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸਵਯਾ 29) ਦਾ ਸਿੱਖ ਬਦਲ ਹੈ ਅਤੇ ‘ਗੁਰਭਾਈ’ ਅਰਥਾਤ ਗੁਰਮੁਖ ਇਸ ਦਾ ਸਿੱਖ ਪ੍ਰਤੀਨਿਧ ਹੋ ਗਿਆ ਹੈ (ਵਾਰ 29)। ਨਿਰਸੰਦੇਹ ਇਨ੍ਹਾਂ ਹਵਾਲਿਆਂ ਦਾ ਪ੍ਰਸੰਗ ਅਧਿਆਤਮਕ ਹੈ। ਇਸੇ ਲਈ ਪੰਜ ਪਿਆਰਿਆਂ ਨੂੰ ਇਨ੍ਹਾਂ ਹਵਾਲਿਆਂ ਨਾਲ ਸਮਝਿਆ ਤਾਂ ਜਾ ਸਕਦਾ ਹੈ, ਪਰ ਸਥਾਪਤ ਨਹੀਂ ਕੀਤਾ ਜਾ ਸਕਦਾ। ਗ੍ਰੰਥ ਅਤੇ ਪੰਥ ਦੀ ਅਗਵਾਈ ਵਿਚ ਪੰਜ ਪਿਆਰਿਆਂ ਦੀ ਸੰਸਥਾ ਨੂੰ ਸਮਕਾਲੀ ਸਥਿਤੀਆਂ ਮੁਤਾਬਿਕ ਢਲਣਾ ਪੈਂਦਾ ਰਿਹਾ ਹੈ। ਇਸ ਨਾਲ ਪੰਜ ਪਿਆਰਿਆਂ ਦੀ ਸੰਸਥਾ ਨੂੰ ਸਿਧਾਂਤਕ ਪਵਿਤਰਤਾ ਨਾਲੋਂ ਵੱਧ, ਪੰਥਕ ਉਸਾਰ ਦੀਆਂ ਇਤਿਹਾਸਕ ਲੋੜਾਂ ਨਾਲ ਨਿਭਣਾ ਪੈਂਦਾ ਰਿਹਾ ਹੈ। ਇਸ ਨਾਲ ਇਸ ਸੰਸਥਾ ਦੇ ਸਿਧਾਂਤਕ ਅਮਲ ਨੂੰ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਸਮਝਣ-ਸਮਝਾਉਣ ਦੀ ਪਰੰਪਰਾ ਉਸਰਨੀ ਸ਼ੁਰੂ ਹੋ ਗਈ ਸੀ ਅਤੇ ਇਹੀ ਅੱਜ ਦੇ ਹਾਲਾਤ ਤੱਕ ਪਹੁੰਚ ਗਈ ਹੈ। ਮਿਸਲਾਂ ਵੇਲੇ ਪੰਜ ਪਿਆਰਿਆਂ ਦੀ ਵਰਤੋਂ ਅੰਮ੍ਰਿਤ ਛਕਾਉਣ ਤੱਕ ਹੀ ਮਹਿਦੂਦ ਸੀ। ਮਿਸਲ ਉਸਾਰੀ ਵਿਚ ਅਕਾਲ ਤਖਤ ਦੀ ਭੂਮਿਕਾ ਵਿਚ ਪੰਜ ਪਿਆਰਿਆਂ ਦਾ ਕੋਈ ਦਖਲ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਵਿਚ ਵੀ ਪੰਜ ਪਿਆਰਿਆਂ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਉਂਦੀ। ਸਿੰਘ ਸਭਾ ਲਹਿਰ ਨਾਲ ਪੰਜ ਪਿਆਰਿਆਂ ਦੀ ਸੰਸਥਾ ਸਥਾਪਤੀ, ਪੰਥਕ ਲੋੜਾਂ ਮੁਤਾਬਿਕ ਹੋਣੀ ਸ਼ੁਰੂ ਹੋ ਗਈ ਸੀ ਅਤੇ ਇਸ ਦਾ ਵਰਤਮਾਨ ਸਰੂਪ 1925 ਦੇ ਗੁਰਦੁਆਰਾ ਐਕਟ ਰਾਹੀਂ ਸਥਾਪਤ ਹੋਇਆ ਹੈ। ਪੰਥਕ ਸਹਿਮਤੀ ਦੀ ਸੁਰ ਵਿਚ ਪੰਜ ਪਿਆਰਿਆਂ ਦੀ ਚੋਣ ਦਾ ਹੱਕ ਸਿੱਖ ਭਾਈਚਾਰੇ ਕੋਲ ਸਦਾ ਹੀ ਰਿਹਾ ਹੈ ਅਤੇ ਇਹ ਪੰਥਕ ਸੰਸਥਾਵਾਂ ਰਾਹੀਂ ਨਿਭਦਾ ਵੀ ਰਿਹਾ ਹੈ। ਇਸ ਵੇਲੇ ਸਿੱਖ ਭਾਈਚਾਰਾ ਗੁਰੂ ਕਿਰਤਾਂ ਅਤੇ ਪੰਥਕ ਕਿਰਤਾਂ ਨੂੰ ਇਕ ਦੂਜੇ ਨਾਲੋਂ ਨਿਖੇੜ ਕੇ ਵੇਖਣ ਦੀ ਥਾਂ, ਇਕ ਦੂਜੇ ਨਾਲ ਉਲਝਾ ਕੇ ਵੇਖਣ ਵੱਲ ਤੁਰਦਾ ਨਜ਼ਰ ਆ ਰਿਹਾ ਹੈ। ਇਹ ਸੰਕਟ, ਧਰਮ ਅਤੇ ਸਿਆਸਤ ਨੂੰ ਇਕ ਦੂਜੇ ਦੀ ਬਿਹਤਰੀ ਵਾਸਤੇ ਵਰਤਣ ਦੀ ਥਾਂ, ਇਕ ਦੂਜੇ ਦੀ ਕੁਵਰਤੋਂ ਹੋਣ ਵੱਲ ਤੁਰਦਾ ਨਜ਼ਰ ਆ ਰਿਹਾ ਹੈ। ਤਖਤਾਂ ਦੇ ਜਥੇਦਾਰਾਂ ਦੇ ਫੈਸਲਿਆਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਲਏ ਗਏ ਫੈਸਲੇ ਨੂੰ ਸਿੱਖ ਸਿਧਾਂਤ, ਸਿੱਖ ਪਰੰਪਰਾ ਤੇ ਸਿੱਖ ਇਤਿਹਾਸ ਦੀ ਨਿਰੰਤਰਤਾ ਵਿਚ ਸਮਝਣਾ ਅਤੇ ਸਮਝਾਉਣਾ ਮੁਸ਼ਕਿਲ ਨਜ਼ਰ ਆਉਣ ਲੱਗ ਪਿਆ ਹੈ। ਧਿਆਨ ਵਿਚ ਰਹੇ ਕਿ ਪੰਜ ਪਿਆਰਿਆਂ ਦੀ ਸੰਸਥਾ, ਗੁਰੂ ਦੇ ਅੰਗ ਸੰਗ ਰਹਿ ਕੇ ਹੀ ਉਸਰਦੀ ਰਹੀ ਹੈ ਅਤੇ ਰਹਿ ਸਕਦੀ ਹੈ।
ਪੰਜ ਪਿਆਰਿਆਂ ਦੀ ਸੰਸਥਾ, ਪੰਥ ਪ੍ਰਤੀਨਿਧ ਹੋਣ ਦੇ ਬਾਵਜੂਦ ਸਿੱਖ ਸਿਧਾਂਤਕਤਾ ਦੇ ਬੰਧਨ ਵਿਚ ਹੈ। ਇਸੇ ਕਰ ਕੇ ਇਹ ਸੰਸਥਾ ਨੈਤਿਕ ਸੁਰ ਵਿਚ ਸਤਿਕਾਰਯੋਗ ਤਾਂ ਹੈ, ਪਰ ਸਿਧਾਂਤਕ ਸੁਰ ਵਿਚ ਪਵਿਤਰਤਾ ਪ੍ਰਤੀਨਿਧ ਨਹੀਂ ਹੋ ਸਕਦੀ। ਪਵਿੱਤਰ ਅਤੇ ਸਤਿਕਾਰ ਵਿਚ ਧਰਮ ਅਤੇ ਧਾਰਮਿਕਤਾ ਜਿੰਨਾ ਅੰਤਰ ਤਾਂ ਰਹਿਣਾ ਹੀ ਚਾਹੀਦਾ ਹੈ। 1925 ਦੇ ਗੁਰਦੁਆਰਾ ਐਕਟ ਦੀ ਰੌਸ਼ਨੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀ ਹੋਈ ਪੰਜ ਪਿਆਰਿਆਂ ਦੀ ਸੰਸਥਾ ਪੰਥਕਤਾ ਦੀ ਥਾਂ ਸੇਵਾ ਸ਼ਰਤਾਂ ਦੀ ਸੁਰ ਵਿਚ ਉਸਰਨੀ ਸ਼ੁਰੂ ਹੋ ਚੁੱਕੀ ਹੈ। 1925 ਦੇ ਐਕਟ ਮੁਤਾਬਕ ਅਕਾਲ ਤਖਤ ਸਾਹਿਬ ਦੀ ਸੰਸਥਾਈ ਅਹਿਮੀਅਤ ਨੂੰ ਧਿਆਨ ਵਿਚ ਰੱਖ ਕੇ ਕੇਵਲ ਤਖਤ ਜਥੇਦਾਰ ਸੇਵਾ ਸ਼ਰਤਾਂ ਦੇ ਘੇਰੇ ਵਿਚੋਂ ਬਾਹਰ ਰੱਖੇ ਗਏ ਸਨ। ਇਸ ਬਾਰੇ ਪੰਥਕ ਦ੍ਰਿਸ਼ਟੀ ਅਤੇ ਸਿੱਖ ਯਾਦ ਤਾਂ ਸਪਸ਼ਟ ਹੈ, ਪਰ ਸ਼੍ਰੋਮਣੀ ਕਮੇਟੀ ਨੇ ਕਦੇ ਸਪਸ਼ਟ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਥੋਂ ਤੱਕ ਕਿ ਤਖਤ ਜਥੇਦਾਰਾਂ ਨੇ ਵੀ 1925 ਵਾਲੇ ਐਕਟ ਦੀ ਵਿਧਾਨਕਤਾ ਤੋਂ ਮੁਕਤ ਹੋਣ ਦੀ ਕਦੇ ਉਤਸੁਕਤਾ ਨਹੀਂ ਵਿਖਾਈ। ਇਸ ਨਾਲ ਅੱਜ ਵਰਗੀ ਸਥਿਤੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਤੋਂ ਨਹੀਂ ਬਚਿਆ ਜਾ ਸਕਦਾ। ਪੰਜ ਪਿਆਰਿਆਂ ਵਲੋਂ ਲਏ ਗਏ ਫੈਸਲੇ ਨਾਲ ਅਜਿਹੇ ਪ੍ਰਸ਼ਨ ਪੈਦਾ ਹੋ ਗਏ ਹਨ ਜਿਨ੍ਹਾਂ ਨੇ ਸੰਵਾਰਿਆ ਕੁਝ ਨਹੀਂ, ਪਰ ਸੇਹ ਦਾ ਤੱਕਲਾ ਜ਼ਰੂਰ ਗੱਡਿਆ ਗਿਆ ਹੈ? ਇਹ ਵਿਵਾਦੀ ਫੈਸਲਾ ਕਰਨ ਲੱਗਿਆਂ ਧਿਆਨ ਵਿਚ ਨਹੀਂ ਰੱਖਿਆ ਗਿਆ ਕਿ ਪੰਜਾਬ ਦੇ ਤਿੰਨ ਤਖਤਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥ ਹੈ ਅਤੇ ਬਾਕੀ ਤਖਤਾਂ (ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ) ਦਾ ਪ੍ਰਬੰਧ ਸੁਤੰਤਰ ਬੋਰਡਾਂ ਦੇ ਹੱਥ ਹੈ। ਇਨ੍ਹਾਂ ਵਿਚੋਂ ਇਕ ਬੋਰਡ ਦਾ ਪ੍ਰਧਾਨ ਭਾਜਪਾ ਦਾ ਐਮæਐਲ਼ਏ ਹੈ। ਪੰਜਾਬ ਦੇ ਤਿੰਨਾਂ ਤਖਤਾਂ ਦੇ ਪ੍ਰਬੰਧਕੀ ਢਾਂਚੇ ਨੂੰ ਕੋਈ ਵੀ ਪੰਜ ਪਿਆਰੇ ਆਪਣੇ ਹੱਥ ਵਿਚ ਕਿਵੇਂ ਲੈ ਸਕਦੇ ਹਨ? ਇਸ ਵਿਚ ਕੋਈ ਸ਼ੱਕ ਨਹੀਂ ਕਿ ਤਖਤ ਜਥੇਦਾਰ, ਪੰਥਕਤਾ ਦੇ ਸਿੱਖ ਵਰਤਾਰੇ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਉਨ੍ਹਾਂ ਵਲੋਂ ਉਹੀ ਫੈਸਲਾ ਲਿਆ ਜਾਣਾ ਚਾਹੀਦਾ ਹੈ ਜਿਸ ਨਾਲ ਪੰਥਕ ਭਰੋਸੇ ਨੂੰ ਠੇਸ ਨਾ ਪਹੁੰਚੇ। ਸਿਰਸਾ ਡੇਰੇ ਦੇ ਮੁਖੀ ਬਾਰੇ ਫੈਸਲੇ ਨਾਲ ਪੰਥਕ ਭਰੋਸੇ ਨੂੰ ਜੋ ਠੇਸ ਪਹੁੰਚੀ ਹੈ, ਉਸ ਦਾ ਖਮਿਆਜ਼ਾ ਤਖਤ ਜਥੇਦਾਰ ਭੁਗਤ ਹੀ ਰਹੇ ਹਨ। ਇਸ ਵਿਚ ਪੰਜ ਪਿਆਰਿਆਂ ਦੇ ਦਖਲ ਨਾਲ ਅਗਲੇਰੇ ਫੈਸਲਿਆਂ ਤੱਕ ਪਹੁੰਚਣ ਵਾਸਤੇ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ। ਗ਼ਲਤ ਸਵਾਲਾਂ ਦੇ ਠੀਕ ਜਵਾਬ ਨਹੀਂ ਦਿੱਤੇ ਜਾ ਸਕਦੇ। ਤਖਤ ਜਥੇਦਾਰਾਂ ਪ੍ਰਤੀ ਪੰਥਕ ਭਰੋਸਾ ਹਿੱਲ ਜਾਣ ਨਾਲ ਪੈਦਾ ਹੋ ਗਏ ਹਾਲਾਤ ਵਿਚ ਹੋ ਰਹੀਆਂ ਆਪਾ-ਧਾਪੀਆਂ ਦੇ ਅਵਸਰ ਪੈਦਾ ਕਰਨ ਵਿਚ ਪੰਜ ਪਿਆਰਿਆਂ ਦੇ ਫੈਸਲੇ ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਸੀ ਅਪਮਾਨ ਵਾਲੀਆਂ ਸੰਭਾਵਤ ਘਟਨਾਵਾਂ ਤੋਂ ਬਚਣ ਲਈ ਪੈਦਾ ਹੋ ਗਈਆਂ ਮਜਬੂਰੀਆਂ ਕਰ ਕੇ ਸਿਆਸੀ ਰੋਟੀਆਂ ਸੇਕਣ ਦਾ ਢਾਹੂ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਸ ਨਾਲ ਮਸਲਿਆਂ ਦਾ ਅਜਿਹਾ ਘੜਮੱਸ ਪੈਦਾ ਹੋ ਗਿਆ ਹੈ ਜਿਸ ਦੀ ਕੀਮਤ ਸਿੱਖ ਭਾਈਚਾਰੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਚੁਕਾਉਣੀ ਪੈ ਰਹੀ ਹੈ। ਜੇ ਫੈਸਲਾ ਕਰਨ ਲੱਗਿਆਂ ਇਹੋ ਜਿਹੀ ਸਥਿਤੀ ਪੈਦਾ ਹੋ ਜਾਣ ਦਾ ਅਹਿਸਾਸ ਪੰਜ ਪਿਆਰਿਆਂ ਨੂੰ ਨਹੀਂ ਸੀ ਤਾਂ ਇਹ ਹੋਰ ਵੀ ਮਾੜੀ ਗੱਲ ਹੈ।
ਸਿੱਖ ਭਾਈਚਾਰਾ ਵਿਰੋਧੀਆਂ ਦੀਆਂ ਚੁਣੌਤੀਆਂ ਨਾਲ ਜੂਝ ਕੇ ਸਦਾ ਜਿੱਤਦਾ ਰਿਹਾ ਹੈ, ਪਰ ਆਪਣਿਆਂ ਵਲੋਂ ਪੈਦਾ ਕੀਤੀਆਂ ਮੁਸ਼ਕਿਲਾਂ ਅੱਗੇ ਸਦਾ ਹਾਰਦਾ ਰਿਹਾ ਹੈ। ਇਸ ਦੇ ਸਿਧਾਂਤਕ ਆਧਾਰ ਲੱਭਣੇ ਤਾਂ ਮੁਸ਼ਕਿਲ ਹਨ, ਪਰ ਇਸ ਦੀਆਂ ਮਿਸਾਲਾਂ ਇਤਿਹਾਸ ਵਿਚੋਂ ਬਹੁਤ ਮਿਲ ਸਕਦੀਆਂ ਹਨ। ਪੰਜ ਪਿਆਰਿਆਂ ਦਾ ਦਖਲ ਮੈਨੂੰ ਇਸੇ ਸੁਰ ਵਿਚ ਸਮਝ ਆਉਂਦਾ ਹੈ। ਇਸ ਨਾਲ ਨਜਿੱਠਣ ਵਾਸਤੇ ਢਿੱਡ ਕੁੱਟਣ ਵਰਗੀ ਬੇਲੋੜੀ ਸਥਿਤੀ ਵਿਚੋਂ ਕਿਸੇ ਨਾ ਕਿਸੇ ਰੂਪ ਵਿਚ ਸਭ ਨੂੰ ਗੁਜ਼ਰਨਾ ਪੈ ਰਿਹਾ ਹੈ। ਵਰਤਮਾਨ ਸਿੱਖ ਭਾਈਚਾਰੇ ਨਾਲ ਦੁਨੀਆਂ ਭਰ ਵਿਚ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜੁੜੀਆਂ ਹੋਈਆਂ ਹਨ। ਹਰ ਸਿੱਖ ਸੰਸਥਾ ਅੰਮ੍ਰਿਤ ਸੰਚਾਰ ਨਾਲ ਜੁੜੀ ਹੋਈ ਹੋਣ ਕਰ ਕੇ ਪੰਜ ਪਿਆਰਿਆਂ ਦੀ ਚੋਣ ਨਾਲ ਵੀ ਜੁੜੀ ਹੋਈ ਹੈ। ਜੇ ਇਸੇ ਤਰ੍ਹਾਂ ਪੰਜ ਪਿਆਰੇ ਹਾਲਾਤ ਦੇ ਵਹਿਣ ਵਿਚ ਵਹਿ ਕੇ ਫੈਸਲੇ ਕਰਨ ਲੱਗ ਪਏ ਤਾਂ ਕਿਸ ਕਿਸਮ ਦੀ ਸਥਿਤੀ ਪੈਦਾ ਹੋ ਜਾਵੇਗੀ, ਸੋਚ ਕੇ ਹੀ ਡਰ ਲੱਗਦਾ ਹੈ! ਇਸ ਕਰ ਕੇ ਪੰਜ ਪਿਆਰਿਆਂ ਦੇ ਵਰਤਮਾਨ ਫੈਸਲੇ ਨੂੰ ਵਰਤ ਕੇ ਆਪੋ-ਆਪਣੇ ਹਿਤਾਂ ਨਾਲ ਜੁੜੀ ਸੌੜੀ ਸਿਆਸਤ ਕਰ ਕੇ, ਘੜਮੱਸ ਪੈਦਾ ਕਰ ਸਕਣ ਵਾਲੇ ਉਲਾਰ ਅਨਸਰਾਂ ਨੂੰ ਸ਼ਹਿ ਨਹੀਂ ਦੇਣੀ ਚਾਹੀਦੀ। ਇਸ ਨਾਲ ਅਜਿਹੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਵਿਚ ਪੰਜ ਪਿਆਰਿਆਂ ਦੀ ਸੰਸਥਾ ਦੀਆਂ ਰੰਗ-ਬਰੰਗੀਆਂ ਪਰਤਾਂ ਸਾਹਮਣੇ ਆਉਣ ਲੱਗ ਪੈਣਗੀਆਂ। ਇਸ ਸੰਸਥਾ ਨੂੰ ਪੰਥਕ ਲੋੜ ਦੇ ਮਾਧਿਅਮ ਵਿਚੋਂ ਕੱਢ ਕੇ ਪੰਥਕ ਸ਼ਰੀਕੇ ਵੱਲ ਧੱਕੇ ਜਾਣ ਤੋਂ ਬਚਣ ਲਈ ਸੁਚੇਤ ਯਤਨਾਂ ਦੀ ਲੋੜ ਹੈ।
ਪੰਜ ਪਿਆਰਿਆਂ ਦੇ ਫੈਸਲੇ ਨੇ ਇਹ ਸਵਾਲ ਵੀ ਖੜਾ ਕਰ ਦਿਤਾ ਹੈ ਕਿ ਇਹ ਫੈਸਲਾ, ਗੁਰਮਤਾ ਕਿਵੇਂ ਹੋਇਆ? ਗੁਰਮਤਾ ਤਾਂ ਪਕਾਇਆ ਜਾਂਦਾ ਹੈ ਅਤੇ ਇਹ ਪੱਕਿਆ ਪਕਾਇਆ ਕਥਿਤ ਗੁਰਮਤਾ ਪੰਥਕ ਪ੍ਰਸੰਗ ਵਿਚ ਕਿਵੇਂ ਟਿਕਾਉਣਾ ਹੈ, ਇਸ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਸਿੱਖ ਧਰਮ ਨੇ ਬੰਦ ਧਰਮਾਂ ਦੇ ਇਤਿਹਾਸ ਵਿਚ ਖੁੱਲ੍ਹੇ ਧਰਮ ਵਜੋਂ ਪਰਵੇਸ਼ ਕੀਤਾ ਸੀ। ਬਿਨਾਂ ਧਰਮ ਪਰਿਵਰਤਨ ਸਭ ਨੂੰ ਨਾਲ ਲੈ ਕੇ ਤੁਰਨ ਦਾ ਜਜ਼ਬਾ, ਸਰਬੱਤ ਦੇ ਭਲੇ ਵਜੋਂ ਸਿੱਖ ਸਭਿਆਚਾਰ ਦਾ ਹਿੱਸਾ ਹੈ। ਵਿਚਾਰੇ ਜਾ ਰਹੇ ਫੈਸਲੇ ਦੀ ਰੌਸ਼ਨੀ ਵਿਚ ਤਾਂ ਇਸ ਸਿਰ ਜੋੜੂ ਭਾਵਨਾ ਨੂੰ ਸਿੱਖ ਭਾਈਚਾਰੇ ਵਿਚ ਵੀ ਕਾਇਮ ਰੱਖਣਾ ਔਖਾ ਹੋ ਜਾਵੇਗਾ। ਇਹ ਰੋਸ ਕਰਨ ਦਾ ਅਵਸਰ ਨਹੀਂ ਹੈ, ਸਗੋਂ ਇਸ ਨੂੰ ਅਪਹਰਣ ਦੀ ਸਿਆਸਤ ਤੋਂ ਬਚਾਉਣ ਦਾ ਹੈ। ਜਿਨ੍ਹਾਂ ਨੇ ਵਿਵਾਦੀ ਅਵਸਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦੇ ਹੱਥੋਂ ਵੀ ਸਥਿਤੀ ਨਿਕਲ ਚੁੱਕੀ ਹੈ। ਕਿਸ ਦੇ ਹੱਥ ਆ ਗਈ ਹੈ, ਇਹ ਫੈਸਲਾ ਵੀ ਸੌਖਾ ਨਹੀਂ। ਦੁਖਾਂਤ ਇਹ ਹੈ ਕਿ ਇਹ ਸਭ ਪੰਜ ਪਿਆਰਿਆਂ ਦੇ ਨਾਂ ਹੇਠ ਹੋਇਆ ਹੈ। ਇਸ ਨਾਲ ਸਿੱਖ ਧਰਮ ਦੇ ਖੁੱਲ੍ਹਾ ਧਰਮ ਹੋਣ ਦੇ ਦਾਅਵੇ ਨੂੰ ਵੀ ਠੇਸ ਪਹੁੰਚੀ ਹੈ। ਸਿੱਖ ਇਤਿਹਾਸ ਤਾਂ ਆਪਣਾ ਵਿਗਾੜ ਕੇ ਦੂਜਿਆਂ ਦਾ ਭਲਾ ਕਰਨ ਦੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਇਹ ਕਿਹੋ ਜਿਹੀ ਸਿੱਖੀ ਹੈ ਕਿ ਆਪਣੇ ਵਡੇਰਿਆਂ ਨਾਲ ਵਰਤਣ ਦਾ ਸਲੀਕਾ ਹੀ ਭੁੱਲ ਗਏ ਹਾਂ? ਜਥੇਦਾਰੀ ਸੰਸਥਾ ਦਾ ਇਹ ਹਸ਼ਰ ਕਰਾਂਗੇ ਤਾਂ ਇਹ ਦੂਸ਼ਣ ਫਿਰ ਸਾਬਤ ਹੋ ਜਾਵੇਗਾ ਕਿ ਅਸੀਂ ਹਾਥੀ ‘ਤੇ ਚੜ੍ਹਾ ਕੇ ਲਿਆਉਂਦੇ ਹਾਂ ਅਤੇ ਖੋਤੇ ‘ਤੇ ਚੜ੍ਹਾ ਕੇ ਭੇਜਦੇ ਹਾਂ। ਇਸ ਵਰਤਾਰੇ ਨੂੰ ਸਿੱਖੀ ਵਿਚ ਇੱਲਤੀ ਵਰਤਾਰਾ ਕਿਹਾ ਗਿਆ ਹੈ। ਇਹ ਸਾਊ ਭਾਈਚਾਰਿਆਂ ਦਾ ਸਲੀਕਾ ਨਹੀਂ।
ਸਿੱਖ ਦੀ ਅਸਫਲਤਾ ਸਿੱਖੀ ਦੀ ਅਸਫਲਤਾ ਨਹੀਂ ਹੁੰਦੀ, ਤਖਤ ਜਥੇਦਾਰਾਂ ਦੀ ਅਸਫਲਤਾ ਤਖਤ ਸਾਹਿਬਾਨ ਦੀ ਅਸਫਲਤਾ ਨਹੀਂ ਹੁੰਦੀ, ਤੇ ਪੰਜ ਪਿਆਰਿਆਂ ਦੀ ਅਸਫਲਤਾ ਨੂੰ ਸੰਸਥਾ ਦੀ ਅਸਫਲਤਾ ਨਹੀਂ ਕਹਿਣਾ ਚਾਹੀਦਾ। ਸਿੱਖੀ, ਅਕਾਲ ਤਖਤ ਅਤੇ ਪੰਜ ਪਿਆਰਿਆਂ ਦੀ ਸੰਸਥਾ ਦੀ ਧੁਰੋਹਰ ਗੁਰੂ ਗ੍ਰੰਥ ਸਾਹਿਬ ਹੈ। ਹੁਕਮਨਾਮੇ, ਅਕਾਲ ਤਖਤ ਤੋਂ ਹੋਣ ਦੇ ਬਾਵਜੂਦ ਅਕਾਲ ਤਖਤ ਦੇ ਪਰਥਾਏ ਤਾਂ ਕਹੇ ਜਾ ਸਕਦੇ ਹਨ, ਅਕਾਲ ਤਖਤ ਵਲੋਂ ਨਹੀਂ। ਫਿਰ ਵੀ ਸਾਰੀਆਂ ਸਿੱਖ ਸੰਸਥਾਵਾਂ ਵਿਚੋਂ ਕੇਵਲ ਅਕਾਲ ਤਖਤ ਹੀ ਹੈ ਜਿਸ ਉਤੇ ਸਿੱਖ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਭਰੋਸਾ ਕਰਦਾ ਹੈ। ਪੰਜ ਸਿੰਘਾਂ ਦੇ ਵਰਤਮਾਨ ਫੈਸਲੇ ਨਾਲ ਇਸ ਨੂੰ ਠੇਸ ਪਹੁੰਚੀ ਹੈ। ਇਹ ਜਥੇਦਾਰੀ ਸੰਸਥਾ ਦੇ ਅਪ੍ਰਸੰਗਕ ਹੋ ਜਾਣ ਕਰ ਕੇ ਵਾਪਰਿਆ ਹੈ ਅਤੇ ਇਸ ਦੇ ਬਹਾਲ ਹੋਣ ਨਾਲ ਹੀ ਸੰਕਟ ਮੁਕਤ ਹੋਣਾ ਹੈ। ਪੰਜ ਸਿੰਘਾਂ ਦੇ ਫੈਸਲੇ ਨਾਲ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਕਿਸੇ ਇਕ ਸੰਸਥਾ ਮੁਖੀ ਦੀ ਅਸਫਲਤਾ ਹੋਰ ਸੰਸਥਾਵਾਂ ਨੂੰ ਫੇਲ੍ਹ ਹੋਣ ਦੇ ਰਾਹ ਪਾ ਸਕਦੀ ਹੈ। ਇਹ ਚੇਤਨਾ ਪ੍ਰਚੰਡ ਹੋਣੀ ਚਾਹੀਦੀ ਹੈ ਕਿ ਪੰਥਕ ਸੰਸਥਾਵਾਂ ਨੂੰ ਇਕ ਦੂਜੇ ਦੀ ਸ਼ਰੀਕਾ ਦੌੜ ਵਿਚੋਂ ਕੱਢ ਕੇ ਸਿਆਸੀ ਅਗਵਾ ਦੇ ਰਾਹ ਪੈਣ ਤੋਂ ਰੋਕਿਆ ਜਾਵੇ। ਇਸ ਵਾਸਤੇ ਸੰਸਥਾ ਸਲੀਕੇ ਦੇ ਸਿਧਾਂਤਕ ਪਹਿਲੂਆਂ ਨੂੰ ਸਿੱਖ ਭਾਈਚਾਰੇ ਦੇ ਸਰਗਰਮ ਅਤੇ ਸਕਰਮਕ ਵਿਹਾਰ ਵਿਚ ਉਸਾਰਨਾ ਪਵੇਗਾ। ਇਸ ਵਾਸਤੇ ਚੇਤਨਾ ਲਹਿਰ ਚਲਾਏ ਜਾਣ ਦੀ ਲੋੜ ਹੈ ਅਤੇ ਇਹ ਭੂਮਿਕਾ ਬੁੱਧੀਜੀਵੀ ਵਰਗ ਨੂੰ ਨਿਭਾਉਣੀ ਪਵੇਗੀ। ਆਪਸੀ ਸੰਵਾਦ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਆਪਣੇ ਸੇਵਾ ਕਰਮੀਆਂ ਦੇ ਸਾਲਾਨਾ ਚੇਤਨਾ ਕੈਂਪ ਲਾਏ ਅਤੇ ਸੇਵਾ ਕਰਮੀਆਂ ਦੀਆਂ ਗਤੀਵਿਧੀਆਂ ਸੇਵਾ ਪੱਤਰੀਆਂ ਵਿਚ ਦਰਜ ਕੀਤੀਆਂ ਜਾਣ। ਸਿੱਖ ਅਕਾਦਮਿਕਤਾ ਨੂੰ ਸਿੱਖ ਸੰਸਥਾ ਵਜੋਂ ਲਏ ਜਾਣ ਨਾਲ ਹੀ ਇਸ ਪਾਸੇ ਤੁਰਿਆ ਜਾ ਸਕਦਾ ਹੈ। ਇੰਜ ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਸੁਲਝਾਈ ਜਾ ਸਕੇਗੀ। ਇਹ ਸਾਂਝੀ ਸਮਝ ਵੀ ਬਣਾਈ ਜਾ ਸਕੇਗੀ ਕਿ ਸੰਸਥਾ ਧਾਰੀਆਂ ਦੀ ਸਿੱਖ ਸੁਰ, ਪਦਵੀ ਦੇ ਅਧਿਕਾਰ ਵਰਗੀ ਨਹੀਂ ਹੋਣੀ ਚਾਹੀਦੀ, ਪਦਵੀ ਦੀ ਨੈਤਿਕਤਾ ਵਰਗੀ ਹੋਣੀ ਚਾਹੀਦੀ ਹੈ। ਜੇ ਅਜਿਹੀ ਚੇਤਨਾ ਪ੍ਰਚੰਡ ਕਰਨ ਦੇ ਰਾਹ ਤੁਰੇ ਹੁੰਦੇ ਤਾਂ ਇਨ੍ਹਾਂ ਪੰਜ ਪਿਆਰਿਆਂ ਵਰਗੇ ਜਜ਼ਬਾਤੀ ਫੈਸਲੇ ਕਰਨ ਦੀ ਲੋੜ ਨਹੀਂ ਸੀ ਪੈਣੀ।
ਸਿੱਖ ਸੰਸਥਾਵਾਂ ਨੂੰ ਮੁਕਤ ਮਾਡਲ ਵਜੋਂ ਸੰਕਲਪਿਆ ਗਿਆ ਸੀ ਅਤੇ ਇਸ ਦੀ ਪਹਿਲ-ਤਾਜ਼ਗੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੰਥ ‘ਤੇ ਹੈ। ਖਾਲਸਾ ਪੰਥ ਦੇ ਜੇਤੂ ਤਰਕ ਨੂੰ ਖੋਰਾ ਉਦੋਂ ਲੱਗਦਾ ਹੈ, ਜਦੋਂ ਪੰਥਕ ਹਿਤਾਂ ਦੇ ਸਹਿਜ ਦੀ ਥਾਂ ਨਿੱਜੀ ਹਿਤਾਂ ਦਾ ਉਲਾਰ ਹਾਵੀ ਹੋ ਜਾਂਦਾ ਹੈ। ਇਸ ਵੇਲੇ ਹਾਲਤ ਕੁਝ ਅਜਿਹੀ ਹੀ ਬਣੀ ਹੋਈ ਹੈ ਅਤੇ ਹਰ ਸਿੱਖ ਨੂੰ ਹਰ ਸਿੱਖ, ਗੁਰਭਾਈ ਦੀ ਥਾਂ ‘ਤੇ ਰਾਹ ਦੀ ਰੁਕਾਵਟ ਲੱਗਣ ਲੱਗ ਪਿਆ ਹੈ। ਸਿੱਖ ਭਾਈਚਾਰੇ ਨੂੰ ਪੈਰ ਰੋਕ ਕੇ ਆਪਣੀ ਵਿਰਾਸਤੀ ਵਚਨਬੱਧਤਾ ‘ਪੰਥ ਵੱਸੇ ਮੈਂ ਉਜੜਾਂ ਮਨ ਚਾਉ ਘਨੇਰਾ’ ਵੱਲ ਕੂਹਣੀ ਮੋੜ ਕੱਟਣਾ ਚਾਹੀਦਾ ਹੈ। ਆਉਣ ਵਾਲੀਆਂ ਬਾਹਰੀ ਰੁਕਾਵਟਾਂ ਨੂੰ ਭਾਈਚਾਰਕ ਇਕਜੁੱਟਤਾ ਨਾਲ ਰੋਕਿਆ ਜਾ ਸਕਦਾ ਹੈ। ਜ਼ਰੂਰੀ ਹੈ ਕਿ ਸੰਸਥਾ ਸੇਵਾਦਾਰੀ ਨੂੰ ਸੰਸਥਾ ਇਜਾਰੇਦਾਰੀ ਨਾ ਬਣਨ ਦਿੱਤਾ ਜਾਵੇ। ਸੰਸਥਾਈ ਸ਼ਕਤੀ, ਗੁਰੂ ਨੂੰ ਅੰਗ-ਸੰਗ ਰੱਖ ਕੇ ਹੀ ਕਾਇਮ ਰੱਖੀ ਜਾ ਸਕਦੀ ਹੈ। ਪੰਜ ਪਿਆਰਿਆਂ ਦੇ ਹਵਾਲੇ ਨਾਲ ਦੱਸਣਾ ਹੋਵੇ ਤਾਂ ਕਹਿਣਾ ਪਵੇਗਾ ਕਿ ਇਸ ਸੰਸਥਾ ਨੂੰ ਚੁਣੇ ਹੋਏ ਪੰਜ ਦੀ ਸੀਮਾ ਵਿਚੋਂ ਨਿਕਲ ਕੇ ‘ਦਾਗੇ ਹੋਏ’ ਵਰਤਾਰੇ ਦੇ ਪ੍ਰਤੀਨਿਧ ਬਣਨਾ ਪਵੇਗਾ। ਇਹ ਗੱਲ ‘ਏਕੋ ਧਰਮ ਦ੍ਰਿੜੈ ਸਚੁ ਸੋਈ॥ ਗੁਰਮਤਿ ਪੂਰਾ ਜੁਗ ਜੁਗ ਹੋਈ’ ਦੇ ਆਧਾਰ ‘ਤੇ ਕਹੀ ਜਾ ਰਹੀ ਹੈ। ਪੰਜ ਪਿਆਰੇ, ਪੁਜਾਰੀ ਸ਼੍ਰੇਣੀ (ਖਾਸ ਸਿੰਘ) ਦਾ ਹਿੱਸਾ ਕਦੇ ਵੀ ਨਹੀਂ ਸਨ ਕਿਉਂਕਿ ਇਹ ਆਮ ਸਿੰਘਾਂ ਵਿਚੋਂ ਚੁਣੇ ਜਾਂਦੇ ਰਹੇ ਹਨ। ਇਸੇ ਕਰ ਕੇ ਪੰਜ ਪਿਆਰਿਆਂ ਨੂੰ ਧੜਾ-ਪ੍ਰਤੀਨਿਧ ਜਾਂ ਵਰਗ-ਪ੍ਰਤੀਨਿਧ ਹੋਣ ਦੀ ਆਗਿਆ ਨਹੀਂ ਹੈ। ਪੰਜ ਪਿਆਰਿਆਂ ਦੀ ਵਿਰਾਸਤੀ ਸ਼ਾਨ, ਸਿਰ ਦੇਣ ਵਿਚ ਹੈ; ਸਿਰ ਲੈਣ ਵਿਚ ਨਹੀਂ। ਇਸ ਦੀ ਪੁਸ਼ਟੀ ‘ਜਉ ਤਉ ਪ੍ਰੇਮ ਖੇਲਨ ਕਾ ਚਾਉæææ’ ਵਾਲੇ ਸ਼ਬਦ ਨਾਲ ਹੋ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਪੰਜ ਪਿਆਰਿਆਂ ਦੇ ਫੈਸਲੇ ਨਾਲ ਪੰਜ ਪਿਆਰਿਆਂ ਦੇ ਪ੍ਰਾਪਤ ਸਿੱਖ ਪ੍ਰਸੰਗ ਨੂੰ ਠੇਸ ਪਹੁੰਚੀ ਹੈ। ਇਸ ਬਾਰੇ ਸਾਂਝੀ-ਸਮਝ ਬਣਾਉਣ ਵਾਸਤੇ ਸੰਵਾਦ ਰਚਾਏ ਜਾਣ ਦੀ ਲੋੜ ਹੈ।